ਕੌਮਾਂਤਰੀ ਪੁਲਾੜ ਸਟੇਸ਼ਨ ‘ਤੇ 178 ਦਿਨ ਬਿਤਾਉਣ ਤੋਂ ਬਾਅਦ ਪੁਲਾੜ ਯਾਤਰੀ ਰੌਨ ਗੈਰਨ ਧਰਤੀ ‘ਤੇ ਉੱਤਰਣ ਵੇਲੇ ਅਪਣੇ ਨਾਲ ਅਪਣੇ ਪੁਲਾੜੀ ਸਾਜੋ ਸਮਾਨ ਅਤੇ ਇਸ ਪੁਲਾੜੀ ਮਿਸ਼ਨ ਨਾਲ ਸਬੰਧਤ ਅਹਿਮ ਅੰਕੜਿਆਂ ਤੋਂ ਵੀ ਵੱਧ ਮਹੱਤਵਪੂਰਨ ਕੁੱਝ ਖਾਸ, ਵਾਪਸ ਲੈਕੇ ਮੁੜੇ ਹਨ | ਉਹ ਮਾਨਵ ਜਾਤੀ ਬਾਰੇ ਅਪਣੀ ਬਦਲੀ ਹੋਈ ਸੋਚ ਲੈਕੇ ਇੱਥੇ ਵਾਪਸ ਆਏ ਹਨ |
ਅਪਣੇ ਗ੍ਰਹਿ ਪੱਥ ਤੋਂ ਵੇਖਿਆਂ ਸਾਡੀ ਧਰਤੀ ਵੱਖੋ ਵੱਖਰੇ ਦੇਸਾਂ ਪ੍ਰਦੇਸਾਂ, ਕੌਮਾਂਤਰੀ ਸਰਹੱਦਾਂ ਜਾਂ ਟਕਰਾਵੇਂ ਹਿਤਾਂ ਦਾ ਕੋਈ ਸਮੂਹ ਨਹੀਂ ਲੱਗਦਾ | ਸਗੋਂ ਇਹ ਹਨੇਰੇ ‘ਚ ਲਟਕਿਆ ਇੱਕ ਇਕਲੌਤਾ ਤੇ ਜਗਮਗਾਉਂਦਾ ਨੀਲਾ ਗੋਲਾ ਲੱਗਦਾ ਹੈ | ਮਹਾਂਦੀਪਾਂ ਨੂੰ ਵਖਰਿਆਉਂਦੀ ਕੋਈ ਰੇਖਾ ਵੀ ਨਹੀਂ ਦਿਸਦੀ | ਵੱਖ ਵੱਖ ਰਾਜ ਖੇਤਰਾਂ ਨੂੰ ਦਰਸਾਉਂਦਾ ਕੋਈ ਝੰਡਾ ਵੀ ਨਜ਼ਰ ਨਹੀਂ ਪੈਂਦਾ | ਧਰਤੀ ਦੀ ਉੱਪਰੀ ਸਤਿਹ ਤੋਂ ਕੋਈ 250 ਮੀਲ ਉੱਪਰੋਂ ਹਰ ਮਨੁੱਖੀ ਟਕਰਾਅ ਅਚਾਨਕ ਨਿਗੂਣਾ ਲੱਗਣ ਲੱਗਦਾ ਹੈ ਅਤੇ ਹਰ ਮਨੁੱਖੀ ਰਿਸ਼ਤਾ ਬੇਹੱਦ ਲਾਜ਼ਮੀ |
ਗੈਰਨ ਉੱਪਰੋਂ ਦਿਸਦੇ ਦ੍ਰਿਸ਼ ਦਾ ਚਿਤਰਣ ਕਰਦਾ ਦੱਸਦਾ ਹੈ ਕਿ ਕਿਵੇਂ ਇੱਥੇ ਸਮੁੱਚੇ ਮਹਾਂਦੀਪਾਂ ਉੱਪਰ ਅਸਮਾਨੀ ਬਿਜਲੀ ਦੇ ਝੱਖੜ ਝੂਲਦੇ ਹਨ, ਧਰੂ-ਜੋਤੀਆਂ ਕਿਵੇਂ ਧਰਤੀ ਦੇ ਧਰੁਵਾਂ ਉੱਪਰ ਜੀਵੰਤ ਪਰਦਿਆਂ ਵਾਂਗ ਲਹਿਰਾਉਂਦੀਆਂ ਪ੍ਰਤੀਤ ਹੁੰਦੀਆਂ ਹਨ ਅਤੇ ਧਰਤੀ ਉੱਪਰ ਵਸਦੇ ਸ਼ਹਿਰਾਂ ਦੀ ਬਿਜਲਈ ਰੌਸ਼ਨੀ ਕਿਵੇਂ ਸਾਡੇ ਗ੍ਰਹਿ ਦੇ ਹਨੇਰੇ ਪਾਸੇ ਬੜੀ ਸਹਿਜਤਾ ਨਾਲ ਦਮਕਦੀ ਹੈ | ਜਿਸ ਗੱਲ ਨੇ ਉਸ ਨੂੰ ਸੱਭ ਤੋਂ ਵੱਧ ਪ੍ਰਭਾਵਿਤ ਕੀਤਾ, ਓਹ ਧਰਤੀ ਦੀ ਤਾਕਤ ਨਹੀਂ ਬਲ ਕਿ ਇਸਦੀ ਨ-ਤਾਕਤ ਸੀ | ਧਰਤੀ ਉੱਪਰ ਸਮੁੱਚੇ ਜੀਵਨ ਦੀ ਰੱਖਿਆ ਕਰਨ ਵਾਲਾ ਵਾਯੂ ਮੰਡਲ ਬਸ ਮਸੀਂ ਦਿਖਦਾ ਕਾਗਜ ਵਰਗਾ ਪਤਲਾ ਇੱਕ ਨੀਲਾ ਆਭਾ ਮੰਡਲ ਦਿਖਾਈ ਦਿੰਦਾ ਹੈ | ਪਰ ਫਿਰ ਵੀ ਜੋ ਹਰ ਜੀਵੰਤ ਸੈਅ ਦੇ ਸਾਹਾਂ ਨੂੰ ਨਿਰੰਤਰ ਚੱਲਦਾ ਰੱਖਣ, ਇਨ੍ਹਾਂ ਨੂੰ ਜਿਊਂਦੇ ਵਸਦੇ ਰੱਖਣ ਅਤੇ ਇਨ੍ਹਾਂ ਦੇ ਉਗਮਣ ਲਈ ਜਿੰਮੇਵਾਰ ਹੈ |
ਗੈਰਨ ਦੀ ਇਹ ਨਿਰਖ - ਜਿਸਨੂੰ ਪੁਲਾੜ ਯਾਤਰੀ "ਉੱਚ ਦ੍ਰਿਸ਼ ਪ੍ਰਭਾਵ" ਦਾ ਨਾਮ ਦਿੰਦੇ ਹਨ - ਬੌਧ ਗਿਆਨ ਵਿੱਚ ਇੱਕ ਅਹਿਮ ਅਹਿਸਾਸ ਦਾ ਕਾਰਨ ਹੋ ਨਿੱਬੜੀ | ਜਿਸ ਨੂੰ ਪੁਲਾੜ ਵਿੱਚੋਂ ਧਰਤੀ ਨੂੰ ਦੇਖਣ ਵਾਲੇ ਬਹੁਤੇ ਪੁਲਾੜ ਯਾਤਰੀਆਂ ਨੇ ਅਪਣੇ ਤਜ਼ਰਬੇ ਚੋਂ ਵੀ ਬਿਲਕੁਲ ਇੰਝ ਹੀ ਮਹਿਸੂਸਿਆ | ਇਹ ਇਸ ਤੱਥ ਦਾ ਅਚਾਨਕ ਹੋਇਆ ਸਹਿਜ ਗਿਆਨ ਹੈ ਕਿ ਮਨੁੱਖਤਾ ਕੋਲ ਸਿਰਫ ਇਹੋ ਹੀ ਇੱਕੋ ਇੱਕ ਤੇ ਚਾਰੇ ਪਾਸਿਓਂ ਬੰਦ ਪ੍ਰਬੰਧ (ਗ੍ਰਹਿ-ਅਨੁਵਾਦਕ) ਹੈ, ਕੋਈ ਹੋਰ ਬਦਲਵੀਂ ਥਾਂ ਨਹੀਂ, ਕੋਈ ਬਚਾਅ ਰਸਤਾ ਨਹੀਂ, ਕੋਈ ਦੂਸਰਾ ਘਰ ਨਹੀਂ |
ਗੈਰਨ ਮਨੁੱਖ ਵੱਲੋਂ ਘੜੀਆਂ ਅਪਣੀਆਂ ਸੌੜੀਆਂ ਪ੍ਰਾਥਮਿਕਤਾਵਾਂ 'ਤੇ ਸੁਆਲ ਖੜੇ ਕਰਦਾ ਹੈ | ਕਿਉਂਕਿ ਆਰਥਿਕ ਵਿਕਾਸ ਨੂੰ ਹੀ ਸਾਡੀ ਧਰਤੀ ਦੀ ਮੂਲ ਪ੍ਰਾਪਤੀ ਮੰਨ ਲਿਆ ਗਿਆ ਹੈ | ਪ੍ਰੰਤੂ ਪੁਲਾੜ ਚੋਂ ਦੇਖਿਆਂ ਮਨੁੱਖੀ ਉਦੇਸਾਂ ਦੀ ਇਹ ਦਰਜੇਬੰਦੀ ਫਾਲਤੂ ਦੀ ਚੀਜ ਵਿਖਾਈ ਦਿੰਦੀ ਹੈ | ਗੈਰਨ ਅਨੁਸਾਰ ਮਨੁੱਖ ਦੀਆਂ ਪ੍ਰਾਥਮਿਕਤਾਵਾਂ ਦਾ ਸਹੀ ਕ੍ਰਮ ਇਸ ਪ੍ਰਕਾਰ ਹੋਣਾ ਚਾਹੀਦਾ ਹੈ- ਪਹਿਲੋਂ ਧਰਤੀ, ਫਿਰ ਸਮਾਜ ਤੇ ਅਖੀਰ 'ਚ ਅਰਥਚਾਰਾ | ਕਿਉਂਕਿ ਇੱਕ ਸਾਫ ਸੁਥਰੇ ਗ੍ਰਹਿ ਤੋਂ ਬਿਨਾਂ ਨਾਂ ਤਾਂ ਸਮਾਜ ਦੀ ਅਤੇ ਨਾਂ ਹੀ ਇਸ ਅਰਥਚਾਰੇ ਦੀ ਕੋਈ ਹੋਂਦ ਬਾਕੀ ਬਚਣੀ ਹੈ |
ਗੈਰਨ ਅਕਸਰ ਇਸ ਧਰਤੀ ਦੀ ਤੁਲਨਾ ਇੱਕ ਚਲਦੇ ਪੁਲਾੜੀ ਜਹਾਜ ਨਾਲ ਕਰਦਾ ਹੈ | ਇੱਕ ਅਜਿਹਾ ਜਹਾਜ ਜਿਸ ਵਿੱਚ ਅਰਬਾਂ ਮਨੁੱਖ ਸਵਾਰ ਹਨ | ਸਾਰੇ ਸਵਾਰ ਸਿਰਫ ਇੱਕੋ ਤਰਾਂ ਦੇ ਜੀਵਨ ਰੱਖਿਅਕ ਪ੍ਰਬੰਧਾਂ 'ਤੇ ਨਿਰਭਰ ਹਨ | ਤਾਂ ਵੀ ਬਹੁਤੇ ਅਪਣੇ ਆਪ ਨੂੰ ਮਹਿਜ਼ ਇੱਕ ਯਾਤਰੀ ਵੱਜੋਂ ਦੇਖਦੇ ਹਨ ਨਾ ਕਿ ਇਸ ਜਹਾਜ ਦੇ ਰਖਵਾਲੇ ਵੱਜੋਂ | ਓਹ ਇਹੋ ਮੰਨੀ ਬੈਠੇ ਹਨ ਕਿ ਜਹਾਜ ਨੂੰ ਸਹੀ ਸਲਾਮਤ ਚੱਲਦਾ ਰੱਖਣ ਦੀ ਜਿੰਮੇਵਾਰੀ ਕਿਸੇ ਹੋਰ ਦੀ ਹੈ |
ਉੱਪਰੋਂ ਦੇਖਿਆਂ ਪ੍ਰਦੂਸ਼ਣ ਦੀ ਕੋਈ ਕੌਮੀਅਤ ਨਹੀਂ | ਵਾਯੂ ਮੰਡਲੀ ਕੁਦਰਤੀ ਪ੍ਰਬੰਧ ਹੱਦਾਂ ਸਰਹੱਦਾਂ ਤੋਂ ਮੁਕਤ ਹਨ | ਧਰਤੀ ਦੇ ਕਿਸੇ ਇੱਕ ਹਿੱਸੇ ‘ਚ ਹੋ ਰਹੀ ਵਾਤਾਵਰਣਕ ਤਬਾਹੀ ਪੂਰੇ ਦੇ ਪੂਰੇ ਭੂ-ਮੰਡਲ ਨੂੰ ਪ੍ਰਭਾਵਿਤ ਕਰਦੀ ਹੈ | ਮਨੁੱਖੀ ਵੰਡੀਆਂ ਜਿਨ੍ਹਾਂ ਨੂੰ ਅਸੀਂ ਇੱਥੇ ਇੰਨੀ ਭਿਆਨਕਤਾ ਨਾਲ ਬਚਾਈਂ ਰੱਖਣ ‘ਚ ਮਸ਼ਰੂਫ ਹਾਂ, ਉੱਪਰੋਂ ਦੇਖਿਆਂ ਇਹ ਕਿਤੇ ਨਹੀਂ ਲੱਭਦੀਆਂ |
ਗੈਰਨ ਦਾ ਮਨੁੱਖਤਾ ਨੂੰ ਇਹ ਸੁਨੇਹਾ ਕੋਈ ਅਮੂਰਤਨ ਜਾਂ ਆਦਰਸ਼ਵਾਦੀ ਨਹੀ, ਇਹ ਵਿਹਾਰਕ ਹੈ | ਜੇ ਮਨੁੱਖਤਾ ਨੇ ਇਸ ਧਰਤੀ ਨੂੰ ਹਾਲੇ ਵੀ ਇੱਕ ਸਰਵ ਸਾਂਝੇ ਪ੍ਰਬੰਧ ਵੱਜੋਂ ਨਹੀਂ ਸਗੋਂ ਇੱਕ ਅਸੀਮਤ ਸ੍ਰੋਤ ਵਜੋਂ ਵੇਖਣਾ ਜਾਰੀ ਰੱਖਿਆ ਤਾਂ ਇਸਦੇ ਸਿੱਟੇ ਸਰਬਵਿਆਪਕ ਹੋਣਗੇ |
ਧਰਤੀ ਨੂੰ ਉੱਪਰੋਂ ਦੇਖਣ ਨੇ ਉਸ ਨੂੰ ਕੋਈ ਛੋਟਾ ਮਹਿਸੂਸ ਨਹੀਂ ਕਰਵਾਇਆ ਸਗੋਂ ਇਸ ਨੇ ਉਸ ਨੂੰ ਇੱਕ ਜਿੰਮੇਵਾਰੀ ਦਾ ਅਹਿਸਾਸ ਕਰਵਾਇਆ |
ਕਿਉਂਕਿ ਜਦੋਂ ਤੁਸੀਂ ਸੱਚੇ ਦਿਲੋਂ ਇਹ ਜਾਣ ਲੈਂਦੇ ਹੋ ਕਿ ਅਸੀਂ ਸਾਰੇ ਇਸ ਬ੍ਰਹਿਮੰਡ ਵਿੱਚ ਇੱਕੋ ਹੀ ਨਾਜੁਕ ਪੁਲਾੜੀ ਜਹਾਜ (ਗ੍ਰਹਿ) ਦੇ ਸਾਂਝੇ ਸਵਾਰ ਹਾਂ ਤਾਂ "ਸਾਡੇ ਤੁਹਾਡੇ ਦਾ ਭੇਦ ਭਾਵ" ਚੁੱਪ ਚੁਪੀਤੇ ਖਤਮ ਹੋ ਜਾਂਦਾ ਹੈ ਅਤੇ ਇਸ ਦੀ ਥਾਂ ਇੱਕੋ ਹੀ ਅਟੱਲ ਸੱਚ ਦਾ ਅਹਿਸਾਸ ਹੋਣ ਲੱਗਦਾ ਹੈ ਕਿ -
ਉੱਥੇ ਸਾਡੀ ਹੋਂਦ ਦਾ ਪ੍ਰਗਟਾਅ ਸਿਰਫ ਅਸੀਂ ਹੋ ਜਾਣ ਵਿੱਚ ਹੀ ਹੈ |
{ਭਾਵ “ਸੱਭੇ ਸਾਂਝੀਵਾਲ ਸਦਾਇਨ, ਕੋਇ ਨਾ ਦੀਸੈ ਬਾਹਰਾ ਜੀਓ”}
ਅੰਗਰੇਜ਼ੀ ਤੋਂ ਪੰਜਾਬੀ ਅਨੁਵਾਦ….. ਡਾ. ਦਰਸ਼ਨ ਖੇੜੀ
