

ਜਦੋਂ ਕੋਈ ਵੀ ਲੇਖਕ ਆਪਣੀ ਕਿਤਾਬ ਛਪਾਉਂਦਾ ਹੈ ਤਾਂ ਉਸ ਦਾ ਉਦੇਸ਼ ਆਪਣੀ ਕਲਮ ਰਾਹੀਂ ਆਪਣੇ ਵਿਚਾਰ ਜਾਂ ਆਪਣੀ ਸੋਚ ਜਾਂ ਆਪਣੀ ਹਕੀਕਤ ਨੂੰ ਪਾਠਕਾਂ ਸਾਹਮਣੇ ਉਜਾਗਰ ਕਰਣਾ ਹੁੰਦਾ ਹੈ। ਕੁਝ ਲੇਖਕਾਂ ਦੀਆਂ ਕਲਮਾਂ ਨੂੰ ਪਾਠਕ ਇਸ ਕਦਰ ਪਸੰਦ ਜਾਂ ਨਾ-ਪਸੰਦ ਕਰਦੇ ਹਨ ਕਿ ਉਨਾਂ ਦੀ ਲਿਖੀ ਕਿਤਾਬ ਸਮਾਜ ਅਤੇ ਪਾਠਕਾਂ ਵਿੱਚ ਚਰਚਾ ਦਾ ਵਿਸ਼ਾ ਬਣ ਜਾਂਦੀ ਹੈ। ਜਿਸ ਨਾਲ ਲੇਖਕ ਨੂੰ ਜਾਂ ਤਾਂ ਪ੍ਰਸ਼ੰਸਾ ਹਾਂਸਿਲ ਹੁੰਦੀ ਹੈ ਜਾਂ ਵਿਰੋਧਤਾ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ ਲੇਖਕ ਦੇ ਨਾਲ-ਨਾਲ ਕਿਤਾਬ ਦੇ ਪਬਲਿਸ਼ਰ ਨੂੰ ਵੀ ਚਰਚਾ ਦਾ ਵਿਸ਼ਾ ਜਾਂ ਵਿਰੋਧ ਦਾ ਨਿਸ਼ਾਨਾ ਬਨਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕਈ ਵਾਰ ਦੇਖਣ ਵਿੱਚ ਆਉਂਦਾ ਹੈ ਕਿ ਪਬਲਿਸ਼ਰ ਨਾਲ ਕਿਤਾਬ ਪਿੱਛੇ ਨਿੱਜੀ ਦੁਸ਼ਮਣੀ ਤੱਕ ਪੈਦਾ ਕੀਤੀ ਜਾਂਦੀ ਹੈ। ਜਦਕਿ ਕਿਤਾਬ ਦੇ ਪਬਲਿਸ਼ਰ ਦੀ ਭੂਮਿਕਾ ਕਨੂੰਨੀ ਤੌਰ ‘ਤੇ ਸਿਰਫ ਕਿਤਾਬ ਨੂੰ ਡਿਜ਼ਾਈਨ ਕਰਨਾ, ਪ੍ਰਿੰਟ ਕਰਨਾ ਅਤੇ ਵਿਕਰੀ ਕਰਨਾ ਹੀ ਹੁੰਦਾ ਹੈ। ਜਿਸ ਲਈ ਪਬਲਿਸ਼ਰ ਆਪਣੀ ਇੱਛਾ ਅਨੁਸਾਰ ਅਲੱਗ-ਅਲੱਗ ਪਲੇਟਫਾਰਮ ਵਰਤ ਸਕਦਾ ਹੈ। (Transfer of Copyright: In many subscription-based journals or traditional book publishing, authors transfer their copyright to the publisher, meaning the publisher owns the rights to reproduce, distribute, and sell the work.) ਪੀਂਘਾਂ ਸੋਚ ਦੀਆਂ ਪਬਲਿਸ਼ਰ ਦੀ ਸੰਸਥਾਪਕ ਹੋਣ ਦੇ ਨਾਤੇ ਮੈਂ ਖੁਦ ਕਿਤਾਬ “ਸੰਘਰਸ਼ ਦਾ ਦੌਰ” ਕਰਕੇ ਚਰਚਾ ਦਾ ਵਿਸ਼ਾ ਬਣੀ ਹੋਈ ਹਾਂ। ਜਿੱਥੇ ਕਿਤਾਬ “ਸੰਘਰਸ਼ ਦਾ ਦੌਰ” ਨੇ ਮੈਨੂੰ ਪੰਥਕ ਸਫਾ ਵਿੱਚ ਇੱਕ ਸਤਿਕਾਰਤ ਦਰਜਾ ਪ੍ਰਧਾਨ ਕੀਤਾ। ਉੱਥੇ ਹੀ ਇਸ ਕਿਤਾਬ ਦੀ ਵਿਰੋਧਤਾ ਕਰਣ ਵਾਲਿਆਂ ਨੇ ਮੇਰੇ ਲਈ ਚਰਚਾ ਦੀ ਜੰਗ ਛੇੜ ਦਿੱਤੀ। “ਸੰਘਰਸ਼ ਦਾ ਦੌਰ” ਕਿਤਾਬ ਦੇ ਹੁਣ ਤੱਕ ਦੋ ਐਡੀਸ਼ਨ ਆ ਚੁੱਕੇ ਹਨ। ਪਹਿਲਾ ਐਡੀਸ਼ਨ 2024 ਵਿੱਚ ਅਤੇ ਦੂਸਰਾ ਐਡੀਸ਼ਨ 2025 ਵਿੱਚ ਆਇਆ। ਜਿਸ ਦੀਆਂ ਤਕਰੀਬਨ 2000 ਕਿਤਾਬਾਂ ਛੱਪ ਚੁੱਕੀਆਂ ਹਨ। ਲੇਖਕ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਜੀ ਦੀ ਇੱਛਾ ਅਨੁਸਾਰ ਵੱਖ-ਵੱਖ ਸਮਾਗਮਾਂ ਅਤੇ ਵੱਖ-ਵੱਖ ਉੱਘੀਆਂ ਸ਼ਖਸਿਅਤਾਂ ਨੂੰ ਇਹ ਕਿਤਾਬ ਮੈਂ ਖੁਦ ਭੇਂਟ ਕੀਤੀ ਹੈ। “ਸੰਘਰਸ਼ ਦਾ ਦੌਰ” ਕਿਤਾਬ ਹੁਣ ਤੱਕ ਯੂ.ਕੇ, ਜਰਮਨੀ, ਕਨੇਡਾ, ਯੂ.ਐਸ.ਏ, ਪਾਕਿਸਤਾਨ, ਇਟਲੀ ਅਤੇ ਪੰਜਾਬ ਵਿਖੇ ਸਿੱਖ ਜੱਥੇਬੰਦੀਆਂ ਦੇ ਉੱਘੇ ਜੱਥੇਦਾਰਾਂ ਵੱਲੋਂ ਵੱਖ-ਵੱਖ ਗੁਰਦੁਆਰਾ ਸਾਹਿਬ ਵਿਖੇ ਰਿਲੀਜ ਕੀਤੀ ਗਈ। ਮੈਨੂੰ ਇਸ ਕਿਤਾਬ ਦੀ ਪਬਲਿਸ਼ਰ ਹੋਣ ਦੇ ਨਾਤੇ ਦੇਸ਼ਾਂ-ਵਿਦੇਸ਼ਾਂ ਤੋਂ ਅਣਗਿਣਤ ਫੋਨ ਅਕਸਰ ਆਉਂਦੇ ਰਹਿੰਦੇ ਹਨ। ਤਕਰੀਬਨ ਹਰ ਮਹੀਨੇ “ਸੰਘਰਸ਼ ਦਾ ਦੌਰ” ਕਿਤਾਬ ਦਾ ਪਾਰਸਲ ਤਿਆਰ ਹੁੰਦਾ ਹੈ ਅਤੇ ਦੇਸ਼ਾਂ ਵਿਦੇਸ਼ਾਂ ਵਿੱਚ ਪਹੁੰਚਦਾ ਕਰਵਾਇਆ ਜਾਂਦਾ ਹੈ। ਪਬਲਿਸ਼ਰ ਦੀ ਮਨਸ਼ਾ ਉਸ ਦੀ ਕਿਤਾਬ ਦੀ ਵੱਧ ਤੋਂ ਵੱਧ ਪਬਲਿਸਿਟੀ ਅਤੇ ਵਿਕਰੀ ਹੁੰਦੀ ਹੈ। ਪਰ ਕਿਸੇ ਵਿਅਕਤੀ ਦੀ ਲੇਖਕ ਨਾਲ ਨਿੱਜੀ ਰੰਜਿਸ਼ ਕਰਕੇ ਪਬਲਿਸ਼ਰ ਨੂੰ ਨਿਸ਼ਾਨਾ ਬਣਾਉਣ ਦਾ ਕਾਰਣ ਸਿਰਫ ਇਹ ਹੀ ਮੰਨਿਆ ਜਾ ਸਕਦਾ ਹੈ ਕਿ ਲੇਖਕ ਨਾਲ ਸਿੱਧੇ ਤੌਰ ‘ਤੇ ਉਹ ਵਿਅਕਤੀ ਵਿਚਾਰ ਚਰਚਾ ਕਰਣ ਤੋਂ ਡਰਦਾ ਹੈ। ਇਸ ਲਈ ਪਬਲਿਸ਼ਰ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਜਦਕਿ ਇਹ ਵੀ ਸੱਚਾਈ ਹੈ ਕਿ ਪਬਲਿਸ਼ਰ ਨੂੰ ਨਿਸ਼ਾਨਾ ਬਨਾਉਣ ਨਾਲ ਲੇਖਕ ਦੀ ਕਲਮ ਚੱਲਣ ਤੋਂ ਰੋਕੀ ਨਹੀਂ ਜਾ ਸਕਦੀ। ਪਰ ਪਬਲਿਸ਼ਰ ਜੇਕਰ ਇੱਕ ਸਿਆਸੀ ਪਾਰਟੀ ਨਾਲ ਜੁੜਿਆ ਹੋਵੇ ਤਾਂ ਦਬਾਅ ਹੋਰ ਵੀ ਵੱਧ ਜਾਂਦਾ ਹੈ। ਜੋ ਕਿ ਮੇਰੇ ਨਾਲ ਹੋਇਆ। ਮੈਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪਾਰਟੀ ਵਿੱਚ ਬਤੌਰ ਜਨਰਲ ਸਕੱਤਰ ਪੰਜਾਬ ਇਸਤਰੀ ਵਿੰਗ ਸੇਵਾ ਨਿਭਾ ਰਹੀ ਹਾਂ। “ਸੰਘਰਸ਼ ਦਾ ਦੌਰ” ਕਿਤਾਬ ਮੇਰੇ ਵੱਲੋਂ ਪੀਂਘਾਂ ਸੋਚ ਦੀਆਂ ਪਬਲਿਸ਼ਰ ਦੇ ਨਾਮ ਨਾਲ ਛਾਪੀ ਗਈ ਹੈ। “ਸੰਘਰਸ਼ ਦਾ ਦੌਰ” ਕਿਤਾਬ ਵਿੱਚ ਲੇਖਕ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਜੀ ਨੇ ਉਨਾਂ ਖਾੜਕੂ ਸਿੰਘਾਂ ਦਾ ਜ਼ਿਕਰ ਕੀਤਾ ਹੈ। ਜਿੰਨਾਂ ਨੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਵੱਲੋਂ ਚਲਾਏ ਗਏ ਸਿੱਖ ਸੰਘਰਸ਼ ਵਿੱਚ ਆਪਣਾ ਯੋਗਦਾਨ ਪਾਇਆ ਅਤੇ ਸ਼ਹਾਦਤਾਂ ਦਿੱਤੀਆਂ। ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਜੀ ਨੇ ਇਸ ਕਿਤਾਬ ਵਿੱਚ ਬਿਆਨ ਕੀਤਾ ਹੈ ਕਿ ਕਿਸ ਤਰਾਂ ਕਿਹੜੇ ਜੁਝਾਰੂ ਸਿੰਘ ਨੇ ਐਕਸ਼ਨਾਂ ਨੂੰ ਅੰਜਾਮ ਦਿੱਤਾ। ਚਮਕੀਲੇ ਅਤੇ ਹਰਮਿੰਦਰ ਸੰਧੂ ਦਾ ਕਤਲ ਕਿਹੜੇ ਜੁਝਾਰੂ ਸਿੰਘਾਂ ਵੱਲੋਂ ਅੰਜਾਮ ਦਿੱਤਾ ਗਿਆ। ਉਸਨੂੰ ਵੀ ਸਪੱਸ਼ਟ ਤੌਰ ਤੇ ਲਿਖਿਆ ਗਿਆ। ਲੇਖਕ ਅਨੁਸਾਰ ਜੋ ਕਾਰਣ ਸਨ ਉਨਾਂ ਨੂੰ ਵੀ ਸਪੱਸ਼ਟ ਤੌਰ ‘ਤੇ ਲਿਖਿਆ ਗਿਆ। ਪਰ ਹਰਮਿੰਦਰ ਸੰਧੂ ਦੇ ਪਰਿਵਾਰ ਵੱਲੋਂ ਇਸ ਕਿਤਾਬ ਉੱਤੇ ਇਤਰਾਜ਼ ਜਤਾਇਆ ਗਿਆ। ਕਾਇਦੇ ਅਨੁਸਾਰ ਜੇਕਰ ਕਿਸੇ ਵੀ ਪਰਿਵਾਰ ਨੂੰ ਇਸ ਕਿਤਾਬ ਉੱਤੇ ਇਤਰਾਜ਼ ਹੈ ਤਾਂ ਉਸਨੂੰ ਲੇਖਕ ਨਾਲ ਸਿੱਧਾ ਸੰਪਰਕ ਕਰਨਾ ਚਾਹਿਦਾ ਹੈ। ਪਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਅਹੁੱਦੇਦਾਰ ਹੋਣ ਕਰਕੇ ਮੈਨੂੰ ਸਿੱਧੇ ਤੌਰ ‘ਤੇ ਇਸ ਪਰਿਵਾਰ ਵੱਲੋਂ ਨਿਸ਼ਾਨਾ ਬਣਾਇਆ ਗਿਆ। ਇਸ ਪਰਿਵਾਰ ਵੱਲੋਂ ਮੈਨੂੰ ਅੱਪਸ਼ਬਦ ਬੋਲੇ ਗਏ, ਮੇਰੇ ਖਿਲਾਫ ਕੂੜ ਪ੍ਰਚਾਰ ਕੀਤਾ ਗਿਆ ਅਤੇ ਮੇਰੇ ਉੱਤੇ ਹਰ ਰੋਜ਼ ਦਬਾਅ ਬਣਾਇਆ ਜਾ ਰਿਹਾ ਹੈ ਕਿ ਮੈਂ ਮੰਨਾਂ ਕਿ ਮੈਂ ਹਰਮਿੰਦਰ ਸੰਧੂ ਦੇ ਖਿਲਾਫ ਕਿਤਾਬ ਵਿੱਚ ਲਿਖਿਆ ਹੈ। ਜਦਕਿ ਇਹ ਕਿਤਾਬ ਨਾ ਤਾਂ ਮੈਂ ਲਿਖੀ ਹੈ ਅਤੇ ਨਾ ਹੀ ਮੈਂ ਕਦੇ ਵੀ ਹਰਮਿੰਦਰ ਸੰਧੂ ਦਾ ਨਾਮ ਲੈ ਕੇ ਉਨਾਂ ਦੇ ਖਿਲਾਫ ਕਿਸੇ ਵੀ ਅਖ਼ਬਾਰ, ਕਿਸੇ ਵੀ ਲੇਖ ਜਾਂ ਕਿਸੇ ਵੀ ਸਟੇਜ ਉੱਤੇ ਕਿਸੇ ਤਰਾਂ ਦੀ ਕੋਈ ਬਿਆਨਬਾਜ਼ੀ ਕੀਤੀ ਹੈ। ਸ. ਸਿਮਰਨਜੀਤ ਸਿੰਘ ਮਾਨ ਜੋ ਕਿ ਸਾਡੇ ਪਾਰਟੀ ਪ੍ਰਧਾਨ ਹਨ, ਮੇਰੇ ਲਈ ਬਹੁਤ ਸਤਿਕਾਰਤ ਹਨ। ਮੈਂ ਉਨਾਂ ਨਾਲ ਕੰਮ ਕਰਕੇ ਆਪਣੇ ਕੰਮ ਲਈ ਦ੍ਰਿੜ ਹੋਣਾ ਸਿੱਖਿਆ ਹੈ। ਸ. ਇਮਾਨ ਸਿੰਘ ਮਾਨ ਜੋ ਕਿ ਸਾਡੀ ਪਾਰਟੀ ਦੇ ਕਾਰਜਕਾਰਨੀ ਪ੍ਰਧਾਨ ਹਨ, ਉਨਾਂ ਨਾਲ ਕੰਮ ਕਰਕੇ ਮੈਂ ਸਹਿਨਸ਼ੀਲ ਹੋਣਾ ਸਿੱਖਿਆ ਹੈ ਅਤੇ ਸ. ਗੋਬਿੰਦ ਸਿੰਘ ਸੰਧੂ ਨਾਲ ਕੰਮ ਕਰਕੇ ਮੈਂ ਹਲੀਮੀ ਨਾਲ ਰਹਿਣਾ ਸਿੱਖਿਆ ਹੈ। ਮੇਰੀ ਕਲਮ ਇਸ ਤਰਾਂ ਦੇ ਲੇਖ ਨਹੀਂ ਲਿਖਦੀ, ਪਰ ਮੇਰੇ ਉੱਤੇ ਇਹ ਲੇਖ ਲਿਖਣ ਲਈ ਬਾਰ-ਬਾਰ ਦਬਾਅ ਪਾਇਆ ਜਾ ਰਿਹਾ ਹੈ। ਮੈਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਿੱਚ ਕੰਮ ਕਰਕੇ ਇਹ ਸਿੱਖਿਆ ਹੈ ਕਿ ਜੇਕਰ ਮੇਰੇ ਵੱਲੋਂ ਖਿਮਾ ਮੰਗਣ ਨਾਲ ਸਮਾਜਿਕ ਪੱਧਰ ਉੱਤੇ ਚੱਲ ਰਹੀ ਹੱਲਚਲ ਸ਼ਾਂਤ ਹੋ ਸਕਦੀ ਹੈ ਤਾਂ ਮੈਂ ਸਮੂਹ ਸਾਧ ਸੰਗਤ ਤੋਂ ਖਿਮਾ ਦੀ ਜਾਚਕ ਹਾਂ। ਪੀਂਘਾਂ ਸੋਚ ਦੀਆਂ ਪਬਲਿਸ਼ਿੰਗ ਮੇਰਾ ਕਾਰੋਬਾਰ ਹੈ ਅਤੇ ਬਤੌਰ ਪੀਂਘਾਂ ਸੋਚ ਦੀਆਂ ਪਬਲਿਸ਼ਰ ਹੁਣ ਤੱਕ ਮੈਂ 13 ਕਿਤਾਬਾਂ ਛਾਪ ਕੇ ਪਾਠਕਾਂ ਦੇ ਰੂਬਰੂ ਕਰ ਚੁੱਕੀ ਹਾਂ। ਬਹੁਤ ਜਲਦ 5 ਹੋਰ ਕਿਤਾਬਾਂ ਪਾਠਕਾਂ ਦੇ ਰੂਬਰੂ ਹੋਣ ਜਾ ਰਹੀਆਂ ਹਨ। ਮੈਂ ਬਤੌਰ “ਪੀਂਘਾਂ ਸੋਚ ਦੀਆਂ ਮੈਗਜ਼ੀਨ” ਦੀ ਸੰਪਾਦਕ ਵਜੋਂ ਵੀ ਨਿਰਸਵਾਰਥ ਸੇਵਾ ਪਿਛਲੇ 6 ਸਾਲਾਂ ਤੋਂ ਨਿਭਾ ਰਹੀ ਹਾਂ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਮੈਗਜ਼ੀਨ “ਬਾਗ਼ੀ” ਦੀ ਵੀ ਮੈਂ ਬਤੌਰ ਸੰਪਾਦਕ ਪਿਛਲੇ 2 ਸਾਲ ਤੋਂ ਨਿਸਵਾਰਥ ਸੇਵਾ ਨਿਭਾ ਰਹੀ ਹਾਂ। ਬਤੌਰ ਲੇਖਕ ਮੇਰੀ ਖ਼ੁਦ ਦੀ ਕਿਤਾਬ “ਦਿਲ ਦੇ ਕਰੀਬ” ਵੀ ਛੱਪ ਚੁੱਕੀ ਹੈ। ਜਿਸ ਦਾ ਪਹਿਲਾ ਐਡੀਸ਼ਨ 2020 ਵਿੱਚ ਅਤੇ ਦੂਸਰਾ ਐਡੀਸ਼ਨ 2025 ਵਿੱਚ ਪ੍ਰਕਾਸ਼ਿਤ ਹੋਇਆ ਹੈ। ਬਤੌਰ ਪੀਂਘਾਂ ਸੋਚ ਦੀਆ ਸਾਹਿਤ ਮੰਚ ਦੀ ਸੰਸਥਾਪਕ ਅਤੇ ਪ੍ਰਧਾਨ ਵਜੋਂ ਵੀ ਮੈਂ ਪਿਛਲੇ 6 ਸਾਲਾਂ ਤੋਂ ਨਿਰਸਵਾਰਥ ਸੇਵਾ ਨਿਭਾ ਰਹੀ ਹਾਂ। ਮੇਰੇ ਨਾਲ ਦੇਸ਼-ਵਿਦੇਸ਼ ਤੋਂ ਲੇਖਕ ਜੁੜੇ ਹੋਏ ਹਨ। ਜੋ ਸਮੇਂ-ਸਮੇਂ ‘ਤੇ ਆਪਣੀਆਂ ਕਿਤਾਬਾਂ ਮੇਰੇ ਤੋਂ ਛਪਾਉਂਦੇ ਰਹਿੰਦੇ ਹਨ। ਪੀਂਘਾਂ ਸੋਚ ਦੀਆਂ ਸਾਹਿਤ ਮੰਚ ਦੀ ਬਤੌਰ ਪ੍ਰਧਾਨ ਮੈਂ ਹੁਣ ਤੱਕ ਕਈ ਸਕੂਲਾਂ ਵਿੱਚ ਬੱਚਿਆਂ ਦੇ ਕਵਿਤਾ ਮੁਕਾਬਲੇ ਕਰਵਾ ਚੁੱਕੀ ਹਾਂ। ਪੰਜਾਬ ਦੇ ਅਲਗ-ਅਲਗ ਜ਼ਿਲਿਆਂ ਵਿੱਚ ਕਈ ਕਵੀ ਸੰਮੇਲਨ ਕਰਵਾ ਚੁੱਕੀ ਹਾਂ। ਪੰਜਾਬ ਦੇ ਅਲਗ-ਅਲਗ ਜ਼ਿਲਿਆਂ ਵਿੱਚ ਕਈ ਲੇਖਕਾਂ ਦੇ ਸਨਮਾਨ ਸਮਾਰੋਹ ਕਰਵਾ ਚੁੱਕੀ ਹਾਂ। ਪੀਂਘਾਂ ਸੋਚ ਦੀਆਂ ਸਾਹਿਤ ਮੰਚ ਦੀ ਟੀਮ ਹਰ ਜ਼ਿਲੇ ਵਿੱਚ ਬਹੁਤ ਉੱਚ ਪੱਧਰ ‘ਤੇ ਕਾਰਜਸ਼ੀਲ ਹੈ। ਸਾਡਾ ਲੇਖਕਾਂ ਦਾ ਗਰੁੱਪ ਬਹੁਤ ਹੀ ਸਤਿਕਾਰਤ ਹੈ। ਸਾਡੇ ਇਸ ਲੇਖਕ ਗਰੁੱਪ ਵਿੱਚ ਸਭ ਸ਼ਖਸਿਅਤਾਂ ਬੁੱਧੀਜੀਵੀ ਹਨ। ਜੋ ਕਿ ਇੱਕ ਦੂਸਰੇ ਲੇਖਕਾਂ ਦਾ ਬਹੁਤ ਸਨਮਾਨ ਕਰਦੇ ਹਨ। ਇੱਥੇ ਇਹ ਸਭ ਦੱਸਣਾ ਇਸ ਲਈ ਜਰੂਰੀ ਸੀ ਕਿ ਮੇਰੇ ਖਿਲਾਫ ਕੂੜ ਪ੍ਰਚਾਰ ਕਰਣ ਵਾਲਿਆਂ ਨੂੰ ਇਹ ਦੱਸਿਆ ਜਾਏ ਕਿ ਮੈਂ ਬਤੌਰ ਲੇਖਕ, ਬਤੌਰ ਪਬਲਿਸ਼ਰ ਅਤੇ ਬਤੌਰ ਸਿਆਸਤਦਾਨ ਆਪਣੀ ਜ਼ਿੰਮੇਵਾਰੀ ਨੂੰ ਬਾਖੂਬੀ ਸਮਝਦੀ ਹਾਂ ਅਤੇ ਗੁਰੂ ਪਾਤਸ਼ਾਹ ਦੀ ਮਹਿਰ ਸਦਕਾ ਹਮੇਸ਼ਾਂ ਚੜਦੀਕਲਾ ਵਿੱਚ ਰਹਿ ਕੇ ਅੱਗੇ ਵੀ ਕਾਰਜ ਕਰਦੀ ਰਹਾਂਗੀ।
ਰਸ਼ਪਿੰਦਰ ਕੌਰ ਗਿੱਲ
ਪੀਂਘਾਂ ਸੋਚ ਦੀਆਂ ਪਬਲਿਸ਼ਰ, ਅੰਮ੍ਰਿਤਸਰ
+91-9888697078

