ਮਹਿੰਦਰ ਸਿੰਘ ਮਾਨ ਪੰਜਾਬੀ ਸਾਹਿਤਕ ਹਲਕਿਆਂ ਵਿੱਚ ਜਾਣਿਆਂ ਪਛਾਣਿਆਂ ਨਾਂ ਹੈ। ਮਾਂ ਬੋਲੀ ਪੰਜਾਬੀ ਲਈ ਸਮਰਪਿਤ ‘ਮਾਨ’ ਹੁਣ ਤੱਕ ਚੜ੍ਹਿਆ ਸੂਰਜ, ਫੁੱਲ ਖ਼ਾਰ, ਸੂਰਜ ਦੀਆਂ ਕਿਰਨਾਂ, ਖ਼ਜ਼ਾਨਾ, ਸੂਰਜ ਹਾਲੇ ਡੁੱਬਿਆ ਨਹੀਂ ਕਾਵਿ ਸੰਗ੍ਰਹਿ ਅਤੇ ਮਘਦਾ ਸੂਰਜ ਗ਼ਜ਼ਲ ਸੰਗ੍ਰਹਿ ਰਚ ਕੇ ਪੰਜਾਬੀ ਸਾਹਿਤ ਵਿੱਚ ਵੱਡਮੁੱਲਾ ਵਾਧਾ ਕਰ ਚੁੱਕਾ ਹੈ। ਉਸ ਦੇ ਸੱਜਰੇ ਕਾਵਿ ਸੰਗ੍ਰਹਿ ‘ਜ਼ਿੰਦਗੀ ਦੀ ਪੂੰਜੀ’ ਵਿੱਚ 54 ਕਵਿਤਾਵਾਂ, 49 ਬੋਲੀਆਂ ਅਤੇ 26 ਗ਼ਜ਼ਲਾਂ ਸ਼ਾਮਲ ਹਨ। ਉਸ ਪਾਸ ਡੂੰਘੀ ਸੰਵੇਦਨਾ ਹੈ। ਅਨੁਭਵਾਂ ਦਾ ਅਣਮੁੱਲ ਜ਼ਖੀਰਾ ਹੈ। ਨਿਵੇਕਲਾ ਕਾਵਿ ਮੁਹਾਂਦਰਾ ਹੈ। ਉਹ ਪਲ ਪ੍ਰਤੀ ਪਲ ਜ਼ਿੰਦਗੀ, ਸਮਾਜ, ਦੇਸ਼-ਕਾਲ ਵਿੱਚ ਹੋ ਰਹੀ ਹਲਚਲ, ਆ ਰਹੇ ਬਦਲਾਅ, ਸੋਚ ਦੀ ਊਚ-ਨੀਚ, ਅਨੈਤਿਕ ਨਿਘਾਰ ਨਾਲ ਹਰ ਸਮੇਂ ਵਾਬਸਤਾ ਹੈ। ਇਸੇ ਲਈ ਉਸ ਦੀ ਕਲਮ ਦੇਸ਼-ਸਮਾਜ ਦੇ ਭਖਵੇਂ ਮਸਲਿਆਂ ਦਾ ਨਿਰੰਤਰ ਨੋਟਿਸ ਲੈਂਦੀ ਹੈ। ਉਸ ਦੇ ਦਿਲ-ਦਿਮਾਗ-ਜ਼ਹਿਨ ਅੰਦਰ ਪੈਂਦੇ ਪ੍ਰਭਾਵ ਅਤੇ ਜ਼ਜਬ ਕੀਤੇ ਸਕਾਰਾਤਮਕ-ਨਕਾਰਾਤਮਕ ਅਸਰ ਨੂੰ ਕਾਵਿ ਰੂਪ ਵਿੱਚ ਪੇਸ਼ ਕਰਕੇ ਆਪਣਾ ‘ਕੈਥਾਰਸਿਸ ਕਰਕੇ ਤਨਾਅ ਮੁਕਤ ਹੋ ਜਾਂਦੇ ਨੇ ਤੇ ਆਪਣੇ ਪਾਠਕਾਂ ਨੂੰ ਹਲੂਣਾ ਦੇ ਕੇ ਸੋਚਣ ਲਈ ਮਜਬੂਰ ਕਰ ਦਿੰਦੇ ਹਨ।
‘ਜ਼ਿੰਦਗੀ ਦੀ ਪੂੰਜੀ’ ਦਰਅਸਲ ਉਸ ਦੀ ਅੰਤਰ-ਦ੍ਰਿਸ਼ਟੀ ਤੋਂ ਉਪਜੀ ਉਹ ਜਮ੍ਹਾਂ ਪੂੰਜੀ ਹੈ ਜਿਹੜੀ ਉਹ ਆਪਣੀਆਂ ਕਵਿਤਾਵਾਂ ਰਾਹੀਂ ਆਪਣੇ ਪਾਠਕਾਂ ਤੱਕ ਪੁੱਜਦੀ ਕਰ ਰਿਹਾ ਹੈ।
ਹੱਥਲੇ ਸੰਗ੍ਰਹਿ ਵਿੱਚ ਧਰਤੀ, ਪਾਣੀ, ਬਸੰਤ, ਸਾਉਣ, ਨਸ਼ਿਆਂ, ਧੀਆਂ, ਮਜ਼ਦੂਰ ਏਕਤਾ,ਵੋਟ ਤੰਤਰ, ਗੁਰੂ ਅਰਜਨ ਦੇਵ, ਗੁਰੂ ਤੇਗ ਬਹਾਦਰ, ਮਾਤਾ ਗੁਜਰੀ, ਗੁਰੂ ਨਾਨਕ, ਅਮਨ,ਅਜੋਕੇ ਲੀਡਰ, ਪਦਾਰਥਵਾਦ, ਨੈਤਿਕਤਾ, ਕਿਸਾਨ, ਬਿਰਧ ਅਵਸਥਾ, ਆਮ ਬੰਦੇ ਦਾ ਸੋਸ਼ਣ ,ਅਨਿਆਂ, ਲੁੱਟ-ਘਸੁੱਟ, ਪਿਆਰ, ਵਿਛੋੜਾ ਆਦਿ ਵਿਸ਼ਿਆਂ ਨੂੰ ਆਧਾਰ ਬਣਾ ਕੇ ਕਵਿਤਾਵਾਂ/ਬੋਲੀਆਂ ਅਤੇ ਗ਼ਜ਼ਲਾਂ ਸਿਰਜੀਆਂ ਗਈਆਂ ਹਨ। ਉਹ ਅਸੰਵੇਦਨਸ਼ੀਲ ਹੁੰਦੇ ਜਾ ਰਹੇ ਮਨੁੱਖ ਤੇ ਕਟਾਖਸ਼ ਕਰਦਾ ਹੈ। ਮਿਸਾਲ ਵਜੋਂ ਕੁਝ ਬੋਲੀਆਂ ਪੇਸ਼ ਹਨ :-
ਮਾਂ ਨੂੰ ਬਿਰਧ ਆਸ਼ਰਮ ਛੱਡ ਕੇ
ਪੁੱਤ ਨੂੰਹ ਦੇ ਚਿਹਰੇ ਖਿੜ ਗਏ।
ਨੂੰਹ ਸੱਸ ਦੀ ਗੱਲ ਨਾ ਮੰਨੇ
ਬਾਬੇ ਦਾ ਕਿਹਾ ਝੱਟ ਮੰਨ ਜਾਵੇ।
ਤੜਕੇ ਉੱਠ ਕੇ ਡੇਰਿਆਂ ਨੂੰ ਜਾਂਦੀਆਂ
ਬੀਬੀਆਂ ਸਵਰਗਾਂ ਨੂੰ ਜਾਣ ਦੇ ਲਈ।
ਜਿਹੜੀਆਂ ਘਰੀਂ ਡੱਕਾ ਨਾ ਤੋੜਨ
ਉਹ ਡੇਰਿਆਂ ‘ਚ ਜੂਠੇ ਭਾਂਡੇ ਧੋਂਦੀਆਂ।
ਆਪ ਮਾਇਆ ਬਿਨਾਂ ਪੈਰ ਨਾ ਪੁੱਟਦੇ
ਸਾਨੂੰ ਬਾਬੇ ਕਹਿੰਦੇ ਮਾਇਆ ਨਾਗਣੀ।
ਸਾਦਾ, ਸਰਲ,ਸਪੱਸ਼ਟ, ਸਹਿਜ ਭਰੀ ਭਾਸ਼ਾ ਵਿੱਚ, ਬਿਨਾਂ ਵਧੇਰੇ ਪ੍ਰਤੀਕਾਂ, ਅਲੰਕਾਰਾਂ, ਬਿੰਬਾਂ ਦੇ ਮੋਹ ਵਿੱਚ ਫਸਿਆਂ,ਆਪਣੇ ਵਿਚਾਰਾਂ ਨੂੰ ਰਵਾਨੀ ਰਾਹੀਂ ਪਾਠਕ-ਮਨਾਂ ‘ਚ ਉਤਾਰਨ ਵਿੱਚ ਸਫਲ ਹਨ। ਕਾਵਿ ਸੰਗ੍ਰਹਿ ‘ਜ਼ਿੰਦਗੀ ਦੀ ਪੂੰਜੀ’
ਸਾਡੇ ਸਮੇਂ ਦਾ ਵੱਡਮੁੱਲਾ ਸਰਮਾਇਆ ਹੈ।

ਡਾਕਟਰ ਧਰਮ ਪਾਲ ਸਾਹਿਲ
ਪੰਚਵਟੀ,ਏਕਤਾ ਇਨਕਲੇਵ-2
ਬੂਲਾਂ ਬਾੜੀ, ਹੁਸ਼ਿਆਰਪੁਰ