
Plato ਕਵਿਤਾ ਬਾਰੇ ਲਿਖਦਾ ਹੈ :-
“Poetry comes reared to vital truth then history.”
ਪਰ Wallace Stevens ਨੇ ਤਾਂ ਇਥੋਂ ਤੱਕ ਕਿਹਾ ਸੀ ਕਿ:-
“The poet is the Priest of the invisible.”
ਉਪਰੋਤਕ ਦੋਹਾਂ ਕਵੀਆਂ ਦੇ ਵਿਚਾਰ ਬਿੰਦੂ ਦੀ ਕਵਿਤਾ ਤੇ ਬਿਲਕੁਲ ਢੁਕਦੇ ਹਨ। ਹਰਫ ਇਲਾਹੀ ਬਿੰਦੂ ਦਲਵੀਰ ਦਾ ਦੂਸਰਾ ਗਜ਼ਲ ਸੰਗ੍ਰਹਿ ਹੈ। ਇਸ ਨੂੰ ਪੜ੍ਹਦੇ ਪੜ੍ਹਦੇ ਤੁਸੀਂ ਇਹ ਸੋਚਣ ਲਈ ਮਜਬੂਰ ਹੋ ਜਾਂਦੇ ਹੋ ਕਿ ਗ਼ਜ਼ਲ ਸੰਗ੍ਰਹਿ ਨੂੰ ਸਾਡੇ ਸ਼ਾਇਰਾਂ ਨੇ ਮਹਿਬੂਬ ਦੀਆਂ ਗਜ਼ਲਾਂ ਦੇ ਵਿੱਚੋਂ ਪੇਚੋ-ਖਮ ਤੋਂ ਕੱਢ ਕੇ ਅਧਿਆਤਮਵਾਦ ਦੇ ਮੰਦਰਾਂ ਤੱਕ ਲੈ ਆਂਦਾ ਹੈ। ਕਿਸੇ ਉਰਦੂ ਸ਼ਾਇਰ ਨੇ ਵੀ ਇਸ ਵਾਰੀ ਠੀਕ ਹੀ ਕਿਹਾ ਹੈ :-
“ਗ਼ਜ਼ਲ ਕੇ ਅਹਿਸਾਸ ਕੋ ਸ਼ੇਅਰੋ-ਸੁਖਨ ਤਕ ਲੈ ਚਲੋ,
ਯਾ ਅਦਬ ਕੋ ਮੁਸਲਿਫੋ ਕੀ ਅੰਜੂ ਮਨ ਤੱਕ ਲੈ ਚਲੋ,
ਜੋ ਗ਼ਜ਼ਲ ਮਹਿਬੂਬ ਕੇ ਜਲਵੋਂ ਸੇ ਵਾਕਿਫ ਹੋ ਗਈ,
ਅਬ ਉਸੇ ਬੇਵਾ ਕੇ ਮਾਥੇ ਕੀ ਸਿਕਨ ਤਕ ਲੈ ਚਲੋ। “
ਮੈਨੂੰ ਦਲਵੀਰ ਕੌਰ ਚਿੱਤਰਕਾਰ ਵੀ ਹੈ। ਬਿੰਦੂ ਨੇ ਚਿੱਤਰਕਾਰੀ ਚਿਤਰਦਿਆਂ ਕਦ ਗ਼ਜ਼ਲ ਦੀ ਦੁਨੀਆਂ ਵਿੱਚ ਪ੍ਰਵੇਸ਼ ਕੀਤਾ ਉਹ ਵੀ ਪੱਕੇ ਪੈਰੀ, ਇਸ ਤਰਾਂ ਲੱਗਦਾ ਹੈ ਕਿ ਗ਼ਜ਼ਲ ਦਾ ਵਿਧੀ-ਵਿਧਾਨ ਪਹਿਲਾਂ ਹੀ ਉਸ ਦੇ ਚੇਤਿਆਂ ਵਿੱਚ ਉਕਰਿਆ ਹੋਇਆ ਸੀ। ਉਸਦੀਆਂ ਗ਼ਜ਼ਲਾਂ ਵਿੱਚ ਬੁੱਲੇ ਸ਼ਾਹ ਵਾਲੀ ਸੂਫੀ ਰੰਗਤ ਵੀ ਹੈ ਜਦੋਂ ਉਹ ਲਿਖਦੀ ਹੈ:-
“ਇਕੋ ਨਗਮਾ ਰਾਹੀ ਦਾ ਏ,
ਰਗ ਰਗ ਵਾਸ ਇਲਾਹੀ ਦਾ ਏ।
ਆਪੇ ਆਪਣੀ ਖੋਜ ਦੇ ਅੰਦਰ,
ਮੈਂ ਦਾ ਬੁਰਕਾ ਲਾਹੀ ਦਾ ਏ।”
ਉਹਦੀਆਂ ਬਹੁਤੀਆਂ ਗ਼ਜ਼ਲਾਂ ਮਾਨਵਵਾਦੀ ਵਿਚਾਰਾਂ ਨਾਲ ਓਤ -ਪੋਤ ਹਨ। ਗੁਰਬਾਣੀ ਦਾ ਉਸ ਉੱਪਰ ਬਹੁਤ ਪ੍ਰਭਾਵ ਹੈ ਤੇ ਇਹੀ ਰੰਗਤ ਉਸਦੀਆਂ ਗਜ਼ਲਾਂ ਵਿੱਚ ਆਮ ਦੇਖੀ ਜਾ ਸਕਦੀ ਹੈ। ਬਿੰਦੂ ਜਿੱਥੇ ਆਪ ਇੱਕ ਸੁਲਝੀ ਹੋਈ ਅਤੇ ਸੰਵੇਦਨਸ਼ੀਲ ਸ਼ਖਸ਼ੀਅਤ ਦੀ ਮਾਲਕ ਹੈ ਉਥੇ ਉਸਦੀਆਂ ਗ਼ਜ਼ਲਾਂ ਉਸੇ ਤਰ੍ਹਾਂ ਸਲੀਕੇਦਾਰ ਤੇ ਜ਼ਿੰਦਗੀ ਦੀਆਂ ਸੰਗਤੀਆਂ ਵਿਸੰਗਤੀਆਂ ਤੋਂ ਪੂਰੀ ਤਰਾਂ ਵਾਕਫ ਹਨ। ਉੱਥੇ ਜਿੱਥੇ ਉਹਦੀ ਸੂਝਵਾਨ ਅਤੇ ਦਿਖਣ ਦ੍ਰਿਸ਼ਟੀ ਚਿੱਤਰ ਉਲੀਕਣ ਵਿੱਚ ਪ੍ਰਵੀਨਤਾ ਰੱਖਦੀ ਹੈ ਉਥੇ ਗ਼ਜ਼ਲ ਵਿੱਚ ਵੀ ਉਹ ਆਪਣੇ ਵਿਸ਼ਾਲ ਦ੍ਰਿਸ਼ਟੀਕੋਣ ਨਾਲ ਮਾਨਵੀ ਭਾਵਨਾਵਾਂ ਤੇ ਬੇਝਿਜਕ ਪਹਿਰਾ ਦਿੰਦੀ ਹੈ :-
“ਸਭ ਤੋਂ ਪਹਿਲਾਂ ਆਪਣੇ ਹੀ ਆਪੇ ਤੇ ਇਤਵਾਰ ਕਰੀਏ
ਦਿਲ ਨਿਵਾ ਸਕਦਾ ਏ ਜੇਕਰ ਸੋਚ ਕੇ ਇਕਰਾਰ ਕਰੀਏ।”
“ਝਲਕਦਾ ਵੱਖਰਾ ਕੁਦਰਤ ਚ ਉਸ ਦਾ ਨੂਰ ਦਿਸਦਾ ਹੈ,
ਜੋ ਵੇਖੀ ਜਾ ਸਕੇ ਵੱਖਰੀ ਉਸ ਪਹਿਚਾਣ ਬਾਰੇ ਦੱਸ।”
ਬਿੰਦੂ ਨਿਰੰਤਰਸ਼ੀਲਤਾ ਵਿੱਚ ਵਿਸ਼ਵਾਸ ਰੱਖਦੀ ਹੈ। ਉਸਨੂੰ ਕਾਦਰ ਦੇ ਜ਼ਰ੍ਹੇ ਜ਼ਰ੍ਹੇ ਵਿੱਚ ਵੀ ਜਿੰਦਗੀ ਧੜਕਦੀ ਦਿਖਾਈ ਦਿੰਦੀ ਹੈ ਇਸੇ ਲਈ ਉਸ ਨੇ ਕੁਦਰਤ ਦਾ ਮਾਨਵੀਕਰਨ (Personification) ਕੀਤਾ ਹੈ:-
“ਫੁੱਲ ਹੱਸਦੇ ਨੇ ਜਦੋਂ ਸ਼ਰਮਾਉਣ ਪੌਣਾ,
ਮਹਿਕ ਦੀ ਭਾਸ਼ਾ ਚ’ ਹੈ ਗੱਲਬਾਤ ਹੋਈ।”
ਸ਼ਬਦਾਂ ਦੀ ਚਿਤਰਕਾਰੀ ਤੋਂ ਬਿਨਾਂ ਬਿੰਦੂ ਸੱਚ ਮੁੱਚ ਹੀ ਤਸਵੀਰਾਂ ਦੀ ਚਿੱਤਰਕਾਰੀ ਕਰਦੀ ਹੈ। ਉਸ ਦੀਆਂ ਬਣੀਆਂ ਤਸਵੀਰਾਂ ਜ਼ਿੰਦਗੀ ਦੇ ਸਾਰੇ ਰੰਗ ਸਮੋਈ ਬੈਠੀਆਂ ਹਨ। ਇਸੇ ਲਈ ਉਸ ਦੀਆਂ ਗ਼ਜ਼ਲਾਂ ਵਿੱਚ ਅੰਤਾਂ ਦੀ ਮੰਜ਼ਰਕਸੀ ਹੈ ਉਸ ਨੇ ਆਪਣੀਆਂ ਬਹੁਤੀਆਂ ਗ਼ਜ਼ਲਾਂ ਵਿੱਚ ਛੰਦ, ਤੋਲ, ਲੈਅ, ਰਦੀਫ਼ ਤੇ ਤੁਕਾਂਤ ਨੂੰ ਪੂਰੀ ਤਰ੍ਹਾਂ ਨਿਭਾਇਆ ਹੈ।
ਗ਼ਜ਼ਲ ਦੀ ਪਰਿਭਾਸ਼ਾ ਅਨੁਸਾਰ ਗ਼ਜ਼ਲ ਸ਼ੇਅਰਾਂ ਦਾ ਸਮੂਹ ਹੈ ਅਤੇ ਗ਼ਜ਼ਲ ਦਾ ਇਹੀ ਤੱਤ ਸੰਖੇਪਤਾ ਅਖਵਾਉਂਦਾ ਹੈ ਜੋ ਬਿੰਦੂ ਦੀਆਂ ਪੱਕੀ ਬਹਿਰ ਦੀਆਂ ਗ਼ਜ਼ਲਾਂ ਵਿੱਚ ਆਮ ਦੇਖਿਆ ਜਾ ਸਕਦਾ ਹੈ। ਗ਼ਜ਼ਲ ਦਾ ਨਿੱਜੀ ਗੁਣ ਇਸ ਦੇ ਜਰੂਰੀ ਤੱਤਾਂ ਵਿੱਚੋਂ ਮੰਨਿਆ ਜਾਂਦਾ ਹੈ ਜਿਸ ਵਿੱਚ ਸ਼ਾਇਰਾ ਗੱਲ ਆਪਣੀ ਕਰਦਾ ਹੈ ਪਰ ਪਾਠਕ ਤੇ ਇਹ ਪ੍ਰਭਾਵ ਪੈਂਦਾ ਹੈ ਕਿ ਸ਼ਾਇਰ ਸਾਡੀ ਹੀ ਗੱਲ ਕਰ ਰਿਹਾ ਹੈ।ਇਸ ਦੀ ਉਦਾਹਰਨ ਬਿੰਦੂ ਦੀਆਂ ਕੁਝ ਕੁ ਗਜ਼ਲਾਂ ਵਿੱਚ:-
“ਰਿਸ਼ਤੇ ਨਾਤੇ ਮੂੰਹ ਦੇ ਧਾਗੇ ਨਾਲ ਹੀ ਬੱਧੇ ਨੇ,
ਮਨ ਸਮਝੇ ਨਾ ਦੋ ਚੇਤੀ ਦੇ ਕੇ ਹੇ ਘੇਰੇ ਨੇ।”
“ਖੁਦ ਗਵਾ ਕੇ ਆਪ ਨੂੰ ਪਾਇਆ ਹੈ ਇਦਾਂ,
ਬਰਸਦੀ ਹੈ ਦਿਲ ਚ ਜਿ ਬਰਸਾਤ ਕੋਈ।”
“ਤੇਰੇ ਬੂਹੇ ਆ ਕੇ ਜਿੰਦ, ਕਾਹਤੋਂ ਥਿੜਕੀ ਏ ਇੰਜ,
ਪਾਕ ਰੂਹ ਵਾਲਾ ਰਿਸ਼ਤਾ ਨਿਭਾਉਣਾ ਵੀ ਨਾ ਆਇਆ।”
ਬਿੰਦੂ ਨੇ ਸੰਗੀਤਆਤਮਕ ਜੋ ਗ਼ਜ਼ਲ ਦਾ ਸਭ ਤੋਂ ਮਹੱਤਵਪੂਰਨ ਤੱਤ ਹੈ ਦਾ ਪੱਲਾ ਵੀ ਘੁੱਟ ਕੇ ਫੜੀ ਰੱਖਿਆ ਹੈ। ਇਹ ਗ਼ਜ਼ਲ ਨੂੰ ਇੱਕੋ ਬਹਿਰ ਵਿੱਚ ਰਚਨ, ਰਦੀਫ, ਕਾਫੀਏ ਦੇ ਸੁਮੇਲ ਤੋਂ ਬਿਨਾਂ ਸ਼ਬਦਾਂ ਦੇ ਆਪਣੇ ਸੰਗੀਤ ਨਾਲ ਵੀ ਪੈਦਾ ਹੁੰਦਾ ਹੈ। ਗਜ਼ਲ ਵਿੱਚ ਕੋਮਲਤਾ ਅਰਥਾਤ Delicacy ਹੋਣੀ ਵੀ ਅਤੀ ਜਰੂਰੀ ਹੈ। ਭਾਵ ਅਤੇ ਅਰਥ ਦੋਵਾਂ ਦੀ ਕੋਮਲਤਾ ਪਾਠਕਾਂ ਦੇ ਕੰਨਾਂ ਲਈ ਸੁਖਾਵੀਂ ਅਤੇ ਸਮਝਣ ਵਿੱਚ ਸਹਾਇਕ ਹੁੰਦੀ ਹੈ ਇਸੇ ਲਈ ਤਾਂ Edmund Clarence Stedmon ਲਿਖਦੇ ਹਨ
“Poetry is rhythmical imaginative language expressing the invention, taste, thought, passion and insight of the human soul.”
ਬਿੰਦੂ ਦੀ ਗ਼ਜ਼ਲ ਅਰਥਾਤ ਸ਼ਾਇਰੀ ਦਾ ਕੈਨਵਸ ਬੜਾ ਵਿਸ਼ਾਲ ਹੈ। ਉਹ ਮਿੱਟੀ ਦੇ ਜਰਿਆਂ ਤੋਂ ਲੈ ਕੇ ਅਸਮਾਨ ਦੀਆਂ ਉਚਾਈਆਂ ਤੱਕ ਨੂੰ ਆਪਣੀ ਸ਼ਾਇਰੀ ਵਿੱਚ ਸਮੋ ਲੈਂਦੀ ਹੈ। ਉਸ ਦੀ ਸਮੁੱਚੀ ਗ਼ਜ਼ਲ ਮਨੁੱਖੀ ਦਰਦ ਨਾਲ ਲਵਰੇਜ਼ ਹੈ ਉਹ ਨਿੱਜ ਤੋਂ ਸ਼ੁਰੂ ਕਰਕੇ ਪਾਰ ਦੀ ਗੱਲ ਕਰਦੀ ਹੈ।
ਜੀਵਨ ਦੀ ਅਰਥਕਤਾਂ ਉਸ ਦਾ ਮੁੱਖ ਉਦੇਸ਼ ਹੈ ਉਹ ਕਵਿਤਾ ਨੂੰ ਨਾਅਰਾ ਨਹੀਂ ਬਣਨ ਦਿੰਦੀ। ਬਿੰਦੂ ਥਾਂ ਪਰ ਥਾਂ ਆਪਣੀਆਂ ਗ਼ਜ਼ਲਾਂ ਵਿੱਚ ਜੀਵਨ ਦੀ ਛਿਣਭੰਗਰਤਾ ਦੀ ਗੱਲ ਵੀ ਕਰਦੀ ਹੈ:-
“ਮਹਿਲ ਮਾੜੀਆਂ ਨਾਲ ਕਿਸੇ ਦੇ ਜਾਣੇ ਨਹੀਂ,
ਮੌਤ ਬਹਾਨਾ ਭਾਲੇ ਤੂੰ ਅਨਭੋਲ ਨਹੀਂ ਜਿੰਦੇ।”
“ਚਾਰ ਦਿਨ ਦਾ ਜੀਵ ਮਹਿਮਾਨ ਇਥੇ
ਪਾ ਲਵੇ ਜੇ ਜਿੰਦਗੀ ਤੇ ਝਾਤ ਕੋਈ।”
ਮਨੁੱਖ ਦੀ ਹਸਤੀ ਏਨੀ ਵਿਸ਼ਾਲ ਤੇ ਇੱਕੋ ਭਤੀ ਹੈ ਉਹਦੀਆਂ ਡੂੰਘਾਣਾਂ ਅਤੇ ਬਰੀਕੀਆਂ ਤਾਈ ਅੱਪੜਦਾ ਅੱਪੜਦਾ ਸਹਿਜ ਅਵੱਸਥਾ ਤੱਕ ਅੱਪੜ ਜਾਂਦਾ ਹੈ ਜਿਨਾਂ ਦਾ ਆਮ ਸਿਖਾਤੀਆਂ ਨੂੰ ਪਤਾ
ਤੋ ਵੀ ਨਹੀਂ ਲੱਗਦਾ। ਮਨੁੱਖੀ ਸੁਭਾ ਦੇ ਸਿਧਾਂਤ ਵੀ ਅਜੀਬ ਹਨ। ਮਨੁੱਖ ਦੀਆਂ ਤਿੰਨ ਹਾਲਾਤਾਂ ਮੰਨੀਆਂ ਗਈਆਂ ਹਨ। ਇੱਕ ਵਿਅਕਤੀਗਤ ਦੂਜੀ ਸਮਾਜਿਕ ਤੇ ਤੀਜੀ ਸਰਵਜਨਕ। ਰੰਗਾਂ ਦੀ ਚਿਤੇਰੀ ਬਿੰਦੂ ਨੇ ਇਹਨਾਂ ਤਿੰਨਾਂ ਅਵਸਥਾਵਾਂ ਦਾ ਧਿਆਨ ਰੱਖਿਆ ਹੈ ਜਿਹੜਾ ਕਿ ਆਪਣੇ ਆਪ ਚ’ ਬਹੁਤ ਹੀ ਸਲਾਹੁਣ ਯੋਗ ਉਪਰਾਲਾ ਹੈ।
ਬਿੰਦੂ ਨੇ ਆਪਣੀਆਂ ਗਜ਼ਲਾਂ ਵਿੱਚ ਗੁਰਬਾਣੀ ਦਾ ਸੁਨੇਹਾ ਵੀ ਸਿੱਧੇ ਤੌਰ ਤੇ ਪਾਠਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਵੀ ਕੀਤੀ ਹੈ:-
“ਖਿਜ਼ਾਂ ਅੰਦਰ ਮਿਲੇ ਮੌਸਮ ਬਹਾਰਾਂ ਦੇ,
ਇਹ ਜੀਵਨ ਹੁਕਮ ਅਨੁਸਾਰ ਕਿੰਨਾ ਹੈ”
“ਮੂਲ ਵੀ ਨਾ ਕੋਈ ਪਛਾਣੇ ਭੇਤ ਵੀ ਨ ਜਾਣਦਾ,
ਫੜ ਨਾ ਸਕਿਆ ਕੋਈ ਹੁਣ ਤੀਕਰ ਸਮੇਂ ਦੀ ਤੰਦ ਨੂੰ”
“ਸਾਹਾਂ ਦੀ ਇੱਕ ਸਰਗਮ ਸੁਣਦੀ ਜਦ ਵੀ ਆਪਣੇ ਅੰਦਰ ਵੇਖਾਂ,
ਤੂੰ ਹੀ ਤੂੰ ਦਾ ਤੂੰਬਾ ਵੱਜਦਾ ਜਦ ਵੀ ਨਿੱਜ ਦਾ ਮੰਦਰ ਵੇਖਾਂ”
ਬਿੰਦੂ ਦੀਆਂ ਗ਼ਜ਼ਲਾਂ ਚੜ੍ਹਦੀ ਕਲਾ ਅਰਥਾਤ ਆਸ਼ਾਵਾਦ ਦਾ ਸੁਨੇਹਾ
ਦਿੰਦੀਆਂ, ਰੂਪਕ ਪੱਖ ਤੋਂ ਵੀ ਉਹਨਾਂ ਨੂੰ ਸਾਰਥਕ ਤੇ ਪਰਪੱਕ ਕਿਹਾ ਜਾ ਸਕਦਾ ਹੈ ਉਸ ਦੀ ਸ਼ੈਲੀ ਨੇ ਕਿਸੇ ਦਾ ਪ੍ਰਭਾਵ ਨਹੀਂ ਕਬੂਲਿਆ, ਇਸੇ ਲਈ Baffor ਨੇ ਕਿਹਾ ਸੀ,
“Style is the moon.”
ਬਿੰਦੂ ਦੀਆਂ ਗ਼ਜ਼ਲਾਂ ਦੀ ਸ਼ਬਦ ਦਾ ਚੋਣ ਬਹੁਤ ਹੀ ਸਲੀਕੇਦਾਰ ਤੇ ਤੇ ਬਿਲਕੁਲ ਉਸਦੀ ਸ਼ਖਸੀਅਤ ਵਾਂਗਰਾਂ ਨਿਰਸੰਦੇਹ ਬਿੰਦੂ ਦੀਆਂ ਗ਼ਜ਼ਲਾਂ ਦੇ ਵਿਸ਼ੇ ਅਤੇ ਸ਼ੈਲੀ ਦੇ ਪੱਖ ਤੋਂ ਬਿੰਦੂ ਨੂੰ ਸਰਲ ਸ਼ਾਇਰਾ ਹੀ ਕਿਹਾ ਜਾ ਸਕਦਾ ਹੈ। ਉਹਨੇ ਸ਼ਬਦਾਂ ਦੀ ਚੋਣ ਬਹੁਤ ਹੀ ਸੰਜਮ, ਸੰਜੀਦਗੀ, ਸਹਿਜਤਾ, ਸੂਖਮਤਾ ਅਤੇ ਸੰਵੇਦਨਸ਼ੀਲਤਾ ਨਾਲ ਕੀਤੀ ਹੈ। ਅੰਤ ਵਿੱਚ ਮੈਂ ਉਸਦੇ ਦੂਸਰੇ ਗ਼ਜ਼ਲ ਸੰਗ੍ਰਹਿ “ਹਰਫ ਇਲਾਹੀ” ਨੂੰ ਪੰਜਾਬੀ ਸਾਹਿਤ ਵਿੱਚ ਜੀ ਆਇਆ ਆਖਦੀ ਹਾਂ ਅਤੇ ਉਮੀਦ ਕਰਦੀ ਹਾਂ ਕਿ ਉਹ ਇਸੇ ਤਰ੍ਹਾਂ ਦੇ ਹੋਰ ਗ਼ਜ਼ਲ ਸੰਗ੍ਰਹਿ ਜੇ ਹੋ ਸਕੇ ਤਾ ਕਾਵਿ ਸੰਗ੍ਰਹਿ ਨੂੰ ਵੀ ਪੰਜਾਬੀ ਸਾਹਿਤ ਦੀ ਝੋਲੀ ਵਿੱਚ ਪਾਵੇ। ਕਹਿਲੀਲ Gibran ਦੇ ਸ਼ਬਦਾਂ ਵਿੱਚ:-
“Poetry is a deal of joy and pain and wonder with a dash of the dictionary “

ਪ੍ਰਿੰ: ਸੁਰਿੰਦਰ ਪਾਲ ਕੌਰ ਬਰਾੜ
