ਦਿਲੀ-ਜਜ਼ਬਾਤ ਅਸੀਂ ਲਿਖੀਏ ਨਿਝੱਕ ਹੋ ਕੇ,
ਕਲਮਾਂ ਤੇ ਲਫ਼ਜ਼ਾਂ ਦੇ ਕਹਿਣ ਲੋਕੀਂ ਹਾਣੀ ਜੀ।
ਸੱਚੀ-ਸੁੱਚੀ ਭਾਵਨਾ ਹੈ ਵਲ਼ ਛਲ਼ ਰੱਖੀਏ ਨਾ,
ਸ਼ਬਦਾਂ ‘ਚ ਦੱਸਦੇ ਹਾਂ ਆਪਣੀ ਕਹਾਣੀ ਜੀ।
ਕੁੜੀਆਂ ਤੇ ਚਿੜੀਆਂ ਨੇ ਰੱਬ ਦੇ ਹੀ ਜੀਵ ਸਾਰੇ,
ਧਰਤੀ ਬਚਾਉਣੀ, ਨਾਲ਼ੇ ਰੁੱਖ, ਪੌਣ, ਪਾਣੀ ਜੀ।
ਹਿੰਮਤਾਂ ਦੇ ਨਾਲ਼ ਸਾਰੇ ਕੱਖ ਕੰਡੇ ਹੂੰਝ ਦੇਣੇ,
ਉਲ਼ਝੀ ਪਈ ਹੈ ਮੇਰੇ ਦੇਸ਼ ਦੀ ਜੋ ਤਾਣੀ ਜੀ।
ਦੱਸਿਆ ਗੁਰਾਂ ਨੇ ਸਾਨੂੰ ਹੌਸਲੇ ਦੇ ਵਿੱਚ ਰਹਿਣਾ,
ਪੜ੍ਹਦੇ ਹਾਂ ਸ਼ਰਧਾ ਦੇ ਨਾਲ਼ ਗੁਰਬਾਣੀ ਜੀ।
ਈਰਖਾ ਤੇ ਚੁਗ਼ਲੀ ਤੋਂ ਬਚ ਕੇ ਹੀ ਰਹੀਏ ਸਦਾ,
ਵੱਡਿਆਂ ਨੇ ਦੱਸੀ ਸਾਨੂੰ ਗੱਲ ਜੋ ਸਿਆਣੀ ਜੀ।
ਬੱਚਿਆਂ ਨੂੰ ਦੱਸੀਏ ਪਿਆਰ ਨਾਲ ਸਭ ਕੁਝ,
ਚੂੰਕਿ ਮੱਤ ਹੁੰਦੀ ਹੈਗੀ ਇਨ੍ਹਾਂ ਦੀ ਨਿਆਣੀ ਜੀ।
ਰਾਜਾ ਅਤੇ ਪਰਜਾ ‘ਚ ਰਿਹਾ ਨਾ ਫ਼ਰਕ ਜਦੋਂ,
ਮੁੱਕ ਜਾਣਾ ਝੇੜਾ ਨਾਲੇ ਵੰਡ ਜਿਹੜੀ ਕਾਣੀ ਜੀ।
ਧਨੀ ਤੇ ਗ਼ਰੀਬ ਵਾਲਾ ਭੇਦ ਜਦੋਂ ਮੁੱਕ ਜਾਊ,
ਬੰਦਾ ਹੋਊ ਰਾਜਾ ਅਤੇ ਤੀਵੀਂ ਬਣੂ ਰਾਣੀ ਜੀ।
ਇੱਕ ਦਿਨ ਮਹਿਲਾਂ ਉੱਤੇ ਝੰਡੇ ਗੱਡ ਦੇਣੇ ਉਨ੍ਹਾਂ,
ਗਲ਼ੀਆਂ ਦੀ ਖ਼ਾਕ ਹੈ ਹਮੇਸ਼ਾ ਜਿਨ੍ਹਾਂ ਛਾਣੀ ਜੀ।
ਖ਼ਾਬ ਸਾਰੇ ਪੂਰੇ ਹੋਣੇ ਏਸੇ ਸਾਲ ਸਭਨਾਂ ਦੇ,
ਕਹਿੰਦਾ ਹੈ ‘ਸੰਗੀਤ ਨਵ’ ਗੱਲ ਸੱਚੀ ਜਾਣੀ ਜੀ।
~ ਪ੍ਰੋ. ਨਵ ਸੰਗੀਤ ਸਿੰਘ
1, ਲਤਾ ਗਰੀਨ ਐਨਕਲੇਵ, ਪਟਿਆਲਾ-147002.