ਇੱਕ ਇੱਕ ਅੱਖਰ ਪੈਂਤੀ ਅੱਖਰੀ ਦਾ।
ਮਾਣ ਵਧਾਵੇ ਮਾਂ ਬੋਲੀ ਪੰਜਾਬੀ ਦਾ।।
ਓ ਉਸਤਤ ਸੱਚੇ ਰੱਬ ਦੀ ਹੈ ਕਰਦਾ।
ਅ ਅਣਖ ਦੇ ਨਾਲ ਜਿਉਣਾ ਦੱਸਦਾ।।
ੲ ਇਸ਼ਕ ਹਕੀਕੀ ਵਿਰਲਾ ਹੀ ਕਰਦਾ।
ਸ ਸਾਂਝੇ ਪੰਜਾਬ ਦੀ ਅਰਦਾਸ ਹੈ ਕਰਦਾ।।
ਹ ਹੱਕ ਹਕੂਕ ਲੈਣੇ ਸਭ ਨੂੰ ਦੱਸਦਾ।
ਕ ਕਰਜ਼ਾ ਮੁਕਤ ਪੰਜਾਬ ਹੈ ਮੰਗਦਾ।।
ਖ ਖਰੇ ਖੋਟੇ ਦੀ ਸਹੀ ਪਰਖ ਦੱਸਦਾ।
ਗ ਗੂੜ੍ਹੇ ਗਿਆਨ ਵਾਲੀ ਹੈ ਕਰਦਾ।।
ਘ ਘਰ ਦੀ ਖੈਰ ਦੂਆ ਹੈ ਮੰਗਦਾ।
ਙ ਠਹਿਰਾਓ ਜਰੂਰੀ ਸੱਭ ਨੂੰ ਦਸਦਾ।।
ਚ ਚੰਗੇ ਵਿਚਾਰਾਂ ਦੀ ਸਾਂਝ ਰੱਖਦਾ।
ਛ ਛੱਤ ਸਭ ਲਈ ਹੈ ਜਰੂਰੀ ਦੱਸਦਾ।।
ਜ ਜਲ ਸਭ ਨੂੰ ਜਿਉਂਦਾ ਹੈ ਰੱਖਦਾ।
ਝ ਝੀਲ ਵਾਂਗ ਸ਼ਾਂਤ ਰਹਿਣਾ ਦੱਸਦਾ।।
ਞ ਵਿਸ਼ਰਾਮ ਦੀ ਅਹਿਮੀਅਤ ਦੱਸਦਾ।
ਟ ਟਰ ਟਰ ਕਰਨੋਂ ਸਭ ਨੂੰ ਵਰਜਦਾ।।
ਠ ਠਰਮੇ ਨਾਲ ਚੱਲਣਾ ਹੈ ਦੱਸਦਾ।
ਡ ਡਰ ਰੱਬ ਦਾ ਮਨ ਵਿੱਚ ਰੱਖਦਾ।।
ਢ ਢੋਲ ਡਗੇ ਵਗੈਰ ਨਾ ਕਦੇ ਫੱਬਦਾ।
ਣ ਖਾਲੀ ਥਾਂ ਦੀ ਵਿਸ਼ੇਸ਼ਤਾ ਹੈ ਦੱਸਦਾ।।
ਤ ਤੁਰ ਜਾਣਾ ਏਸ ਜਹਾਨੋਂ ਹੈ ਦੱਸਦਾ।
ਥ ਥੱਕਣਾ ਜਵਾਨੀ ਵੇਲੇ ਨਹੀਂ ਫੱਬਦਾ।।
ਦ ਦਰ ਓਹਦਾ ਜੰਨਤ ਤੋਂ ਸੋਹਣਾ ਦੱਸਦਾ।
ਧ ਧਰਤ ਨੂੰ ਸਿੱਜਦਾ ਸੋ ਵਾਰ ਹੈ ਕਰਦਾ।।
ਨ ਨੀਂਹ ਮਜ਼ਬੂਤ ਰੱਖਣ ਦੀ ਗੱਲ ਦੱਸਦਾ।
ਪ ਪਤੰਗ ਦੀ ਡੋਰ ਨਾ ਹੱਥ ਸਾਡੇ ਦੱਸਦਾ।।
ਫ ਫੁੱਲਾਂ ਵਾਂਗ ਖ਼ੁਸ਼ਬੋ ਵੰਡਣਾ ਹੈ ਦੱਸਦਾ।
ਬ ਬੋਲਾਂ ਚ ਮਿਠਾਸ ਰੱਖਣ ਬਾਰੇ ਦੱਸਦਾ।।
ਭ ਭੇਤ ਦਿਲ ਵਾਲਾ ਨਾ ਕਿਸੇ ਨੂੰ ਦੱਸਦਾ।
ਮ ਮਾਂ ਬੋਲੀ ਨੂੰ ਪਿਆਰ ਕਰੋ ਹੈ ਦੱਸਦਾ।।
ਯ ਯਾਰੀ ਰੂਹ ਵਾਲੀ ਕਰੋ ਹੈ ਦੱਸਦਾ।
ਰ ਰੁੱਤਬਾ ਪੰਜਾਬੀ ਦਾ ਉੱਚਾ ਰੱਖਦਾ।।
ਲ ਲਾਜ਼ ਗਰੀਬਾਂ ਦੀ ਰੱਬ ਖੁੱਦ ਰੱਖਦਾ।
ਵ ਵਿਰਸਾ ਪੰਜਾਬ ਦਾ ਅਮੀਰ ਹੈ ਦੱਸਦਾ।।
ੜ ਰੁਕਣਾ ਕੁੱਝ ਪਲ ਦਾ ਜਰੂਰੀ ਦੱਸਦਾ।
ਸੂਦ ਵਿਰਕ ਪੈਂਤੀ ਅੱਖਰੀ ਨੂੰ ਕਰੇ ਸਿਜਦਾ।
ਲੇਖਕ -ਮਹਿੰਦਰ ਸੂਦ ਵਿਰਕ
ਜਲੰਧਰ
ਸੰਪਰਕ -9876666381
