ਜਗਦੀਪ ਦੀਆਂ ਅੱਜ ਅੱਖਾਂ ਬੂਹੇ ਵੱਲ ਹੀ ਸੀ। ਸੜਕ ਤੇ ਥੋੜੇ ਜਿਹੇ ਵੀ ਵਿੜਕ ਹੁੰਦੀ ਜਗਦੀਪ ਭੱਜ ਕੇ ਬੂਹੇ ਵੱਲ ਨੂੰ ਆਉਦਾ ਜਦੋਂ ਕੋਈ ਨਾ ਹੁੰਦਾ ਤਾਂ ਉਦਾਸ ਹੋ ਕੇ ਅੰਦਰ ਆ ਜਾਂਦਾ। ਅੱਜ ਰੱਖੜੀ ਦਾ ਤਿਉਹਾਰ ਸੀ ਜਗਦੀਪ ਨੂੰ ਇਸ ਤਿਉਹਾਰ ਦਾ ਬਹੁਤ ਚਾਅ ਹੁੰਦਾ। ਜਗਦੀਪ ਲਈ ਰੱਖੜੀ ਦਾ ਦਿਨ ਬਹੁਤ ਖਾਸ ਹੁੰਦਾ ਸੀ ਕਿਉਂਕਿ ਇਸ ਦਿਨ ਉਸਦੀ ਭੈਣ ਰੱਖੜੀ ਲੈ ਕੇ ਆਉਂਦੀ ਸੀ। ਜਗਦੀਪ ਨੂੰ ਇੰਨਾ ਖੁਸ਼ ਸੀ ਕੀ ਉਸ ਨੇ ਇੱਕ ਦਿਨ ਤੋਂ ਤਿਆਰੀ ਕੀਤੀ ਹੋਈ ਸੀ। ਜਗਦੀਪ ਨੇ ਆਪਣੀ ਘਰਵਾਲੀ ਤੀਰਥ ਨੂੰ ਆਵਾਜ਼ ਮਾਰ ਕੇ ਕਿਹਾ , “ਕੱਲ੍ਹ ਭੈਣ ਨੇ ਆਉਣਾ ਹੈ, ਤੂੰ ਐਂ ਕਰ ਜਲਦੀ ਨਾਲ ਤਿਆਰ ਹੋ ਜਾ ਆਪਾਂ ਸ਼ਹਿਰੋਂ ਕੁੱਝ ਖਾਣ-ਪੀਣ ਦਾ ਸਮਾਨ ਅਤੇ ਭੈਣਾਂ ਲਈ ਸੂਟ ਲੈ ਆਉਦੇ , ਪਿੰਡ ਹੈ ਕਿਤੇ ਕੱਲ ਕੁੱਝ ਖਾਣ ਪੀਣ ਮਿਲੇ ਜਾਂ ਨਾ”।
ਜਗਦੀਪ ਅਤੇ ਤੀਰਥ ਸ਼ਹਿਰ ਜਾਂਦੇ ਹਨ ਭੈਣ ਲਈ ਸੂਟ ਖਰੀਦਣ ਲੱਗਦੇ ਹਨ। ਤੀਰਥ ਆਪਣੀ ਹਾਲਤ ਦੇਖ ਕੁਝ ਹਲਕੇ ਸੂਟ ਲੈ ਲੈਂਦੀ ਹੈ , ਪਰ ਜਗਦੀਪ ਕਹਿੰਦਾ” ਤੂੰ ਭੈਣ ਲਈ ਵਧੀਆ ਸੂਟ ਲੈ, ਭੈਣ ਦੀਆਂ ਅਰਦਾਸਾਂ ਨਾਲ ਇਸ ਵਾਰ ਮੀਂਹ ਵਧੀਆ ਪੈਣ ਤੇ ਫਸਲ ਵਧੀਆ ਹੋਈ ਹੈ ਤੇ ਸੋਚਦਾਂ ਭੈਣ ਨੂੰ ਵਧੀਆ ਸੂਟ ਲੈ ਕੇ ਦੇਵਾ ਅਤੇ ੧੦੦ ਨਹੀਂ ੨੦੦ ਦੇਵਾਂ। ਇੰਨਾ ਕਹਿ ਕੇ ਉਸ ਨੇ ਭੈਣ ਲਈ ਵਧੀਆ ਸੂਟ ਲਿਆ, ਜਦੋਂ ਦੁਕਾਨਦਾਰ ਨੇ ਆਪਣੇ ਪੈਸੇ ਕੱਟ ਕੇ ਜਗਦੀਪ ਨੂੰ ਬਕਾਇਆ ਦੇਣ ਲੱਗਿਆ ਤਾਂ ਉਸ ਨੇ ਦੁਕਾਨ ਵਾਲੇ ਨੂੰ, ਕਿਹਾ “ਭਾਈ ਸਾਹਿਬ ੨੦੦ ੨੦੦ ਦੇ ਕੜਕਣੇ ਨੋਟ ਦੇ ਦਿਓ,ਮੈਂ ਭੈਣ ਨੂੰ ਦੇਣੇ। ਭੈਣ ਦੇ ਖਾਣ ਲਈ ਬਰਫੀ, ਰੁੱਸਗੁਲੇ , ਨਮਕੀਨ ਲੈ ਕੇ ਲਾਉਦਾ। ਘਰ ਆ ਕੇ ਤੀਰਥ ਨੂੰ ਕਹਿੰਦਾ ਹੈ ਕੀ ਸਵੇਰੇ ਤੂੰ ਐਂ ਕਰੀਂ ਖੀਰ ਬਣਾ ਲਵੀਂ, ਸਿੰਦੋ ਭੈਣ ਨੂੰ ਤੇਰੀ ਖੀਰ ਬਹੁਤ ਪਸੰਦ ਆ।
ਹੁਣ ਤਾਂ ਜਗਦੀਪ ਬਹੁਤ ਉਦਾਸ ਸੀ ਕਿਉਕਿ ਸਵੇਰ ਤੋਂ ਤਰਕਾਲਾ ਵੇਲਾ ਆ ਗਿਆ ਪਰ ਜਗਦੀਪ ਦੀਆਂ ਭੈਣਾਂ ਰੱਖੜੀ ਲੈ ਕੇ ਨਾ ਆਈਆਂ। ਜਗਦੀਪ ਨੂੰ ਬਹੁਤ ਬੁਰੇ ਬੁਰੇ ਖਿਆਲ ਆਉਣ ਲੱਗ ਪਏ “ਭੈਣ ਠੀਕ ਹੋਵੇ ਕਿਤੇ ਬਿਮਾਰ ਨਾ ਹੋਵੇ ਪਤਾ ਨਹੀ ਜਗਦੀਪ ਦੇ ਦਿਮਾਗ ਵਿੱਚ ਕੀ ਆਈ ਗਿਆ ਉਹ ਬਹੁਤ ਬੇਚੈਨ ਹੋ ਗਿਆ।ਆਪਣੀ ਬੇਚੈਨੀ ਦੂਰ ਕਰਨ ਲਈ ਜਗਦੀਪ ਨੇ ਭੈਣ ਨੂੰ ਫੋਨ ਕੀਤਾ ਪਰ ਉਸਨੇ ਫੋਨ ਨਾ ਚੁਕਿਆ। ਉਹ ਹੋਰ ਵੀ ਘਬਰਾ ਗਿਆ।
ਮਨ ਵਿੱਚ ਸੋਚਿਆ ਤੇ ਆਪਣੇ ਵੱਡੇ ਵੀਰ ਗੁਰਵਿੰਦਰ ਨੂੰ ਫੋਨ ਕੀਤਾ ਜੋ ਇੱਕ ਵੱਡੀ ਕੰਪਨੀ ਵਿੱਚ ਮੇਨੈਜਰ ਸੀ।“ਵੀਰ ਭੈਣ ਨੇ ਆਉਣਾ ਸੀ ਅੱਜ, ਹਲੇ ਤੀਕ ਆਈ ਨਹੀਂ, ਤੇਰੇ ਨਾਲ ਗੱਲ ਤਾਂ ਨਹੀਂ ਹੋਈ ਭੈਣ ਦੀ”, ਜਗਦੀਪ ਨੇ ਝਿਜਕਦੇ ਹੋਏ ਪੁੱਛਿਆ। ਉਹ ਹਾਂ ਆਹੋ ਮੈ ਤੇਰੀ ਭਰਜਾਈ ਅਤੇ ਸੁੰਦਰ ਸੂਟ ਲੈਣ ਬਜ਼ਾਰ ਆਏ ਹਾਂ, “ਆਹ ਲੈ ਸਿੰਦੋ ਨਾਲ ਗਲ ਕਰ ਲੈ”,
“ਸਤਿ ਸ਼੍ਰੀ ਅਕਾਲ ਵੀਰ”, ਸਿੰਦੋ ਨੇ ਕਿਹਾ।ਸਿੰਦੋ ਤੁਸੀਂ ਆਈਆ ਨਹੀਂ ਅਸੀਂ ਸਵੇਰ ਦੇ ਉਡੀਕਦੇ ਸੀ”, ਜਗਦੀਪ ਨੇ ਗੁੱਸਾ ਜਤਾਉਂਦੇ ਹੋਏ ਕਿਹਾ।“ਓ ਵੀਰ ਅਸੀਂ ਸ਼ਾਪਿੰਗ ਕਰਨੀ ਸੀ ਤੇ ਪਿੰਡ ਔਖਾ ਹੋ ਜਾਂਦਾ”, ਗੁਰਵਿੰਦਰ ਵੀਰਾ ਵੱਡੇ ਸ਼ਹਿਰ ਵਿੱਚ ਅਤੇ ਭਰਜਾਈ ਵੀ ਪੜੀ -ਲਿਖੀ ਹੈ ਸਭ ਕੁਝ ਜਾਣਦੀ ਸ਼ਹਿਰ ਵਿੱਚ ਸ਼ਾਪਿੰਗ ਕਿਵੇ ਹੁੰਦੀਂ ਤਾਂ ਕਰਨ ਵੀਰੇ ਕੋਲ ਆ ਗਈ , “ਸਿੰਦੋ ਨੇ ਕਿਨਾਰਾ ਕਰਦੇ ਹੋਏ ਕਿਹਾ।ਚੰਗਾ ਵੀਰੇ ਹੁਣ ਬਜ਼ਾਰ ਹਾਂ ਫਿਰ ਗੱਲ ਕਰਦੇ ਹਾਂ ਇਹ ਕਹਿ ਸਿੰਦੋ ਨੇ ਫੋਨ ਕੱਟ ਦਿੱਤਾ।
ਜਗਦੀਪ ਦੇ ਹੱਥੋ ਫੋਨ ਹੇਠਾਂ ਡਿੱਗ ਜਾਂਦਾ ਹੈ ਅਤੇ ਉਹ ਚੁੱਪ ਸੀ, ਬਿਲਕੁਲ ਚੁੱਪ ਤੇ ਆਪਣੀ ਸੁੰਨੀ ਕਲਾਈ ਵਲ ਵੇਖਦਾ ਹੋਇਆ ਹੇਠਾਂ ਧਰਤੀ ਤੇ ਹੀ ਬੈਠ ਜਾਂਦਾ ਹੈ। ਜਗਦੀਪ ਨੂੰ ਇਸ ਤਰਾਂ ਦੇਖ ਉਸ ਦੀ ਘਰਵਾਲੀ ਤੀਰਥ ਭੱਜ ਕੇ ਉਸ ਕੋਲ ਆਉਦੀ ਹੈ ਤਾਂ ਪੁੱਛਦੀ “ਜੀ ਕੀ ਗੱਲ ਹੋਈ ਸਿੰਦੋ ਭੈਣ ਕੀ ਕਹਿੰਦੀ “
ਜਗਦੀਪ ਧਾਹਾਂ ਮਾਰ ਕੇ ਰੋਣ ਲੱਗਿਆ ਤੇ ਕਹਿਣ ਲੱਗਿਆ ਤੀਰਥੇ “ਆਪਣੇ ਹਾਲਾਤ ਆਪਣੀ ਗਰੀਬੀ ਭੈਣ ਭਰਾ ਦੇ ਰਿਸ਼ਤੇ ਵਿੱਚ ਵੀ ਆ ਗਈ। ਸਾਡੇ ਗਰੀਬਾਂ ਦੇ ਕੀ ਰਿਸ਼ਤੇ । ਗਰੀਬ ਦਾ ਨਾ ਕੋਈ ਭੈਣ ਨਾ ਕੋਈ ਭਰਾ, ਗਰੀਬ ਗਰੀਬ ਹੀ ਹੁੰਦਾ ਹੈ। ਇਹ ਕਹਿ ਕੇ ਉਹ ਆਪਣੀ ਸੁੰਨੀ ਕਲਾਈ ਫੜ ਕੇ ਆਪਣੇ ਹਾਲਾਤ ਤੇ ਔਕਾਤ ਬਾਰੇ ਸੋਚਣ ਲੱਗ ਪਿਆ।

✍️✍️ ਰਵਨਜੋਤ ਕੌਰ ਸਿੱਧੂ “ਰਾਵੀ”
ਪਿੰਡ ਜੱਬੋਵਾਲ ਜ਼ਿਲ੍ਹਾ ਸ.ਭ.ਸ . ਨਗਰ
8283066125