ਪੰਜਾਬੀ ਸਾਹਿਤ ਜਗਤ ਵਿੱਚ ਪਿਛਲੀ ਅੱਧੀ ਸਦੀ ਤੋਂ ਨਿਰੰਤਰ ਦਸਤਕ ਦੇ ਰਹੇ ਕੈਨੇਡੀਆਈ ਲੇਖਕ ਸੁਖਿੰਦਰ ਨੇ 1974 ਵਿੱਚ ‘ਸ਼ਹਿਰ, ਧੁੰਦ ਤੇ ਰੌਸ਼ਨੀਆਂ’ ਕਾਵਿ ਸੰਗ੍ਰਹਿ ਰਾਹੀਂ ਪ੍ਰਵੇਸ਼ ਕੀਤਾ ਸੀ। ਉਂਜ ਉਹਦੀ ਪਹਿਲੀ ਕਿਤਾਬ ‘ਪੁਲਾੜ, ਸਮਾਂ ਤੇ ਪਦਾਰਥ’ 1972 ਵਿੱਚ ਛਪੀ ਸੀ, ਜੋ ਵਿਗਿਆਨ ਜਗਤ ਨਾਲ ਸੰਬੰਧਿਤ ਸੀ। ਵਿਦਿਅਕ ਪੱਖੋਂ ਵਿਗਿਆਨ ਦੇ ਵਿਦਿਆਰਥੀ ਰਹੇ ਸੁਖਿੰਦਰ ਨੇ ਸਿਰਫ਼ ਤਿੰਨ ਕਿਤਾਬਾਂ ਹੀ ਵਿਗਿਆਨ ਨਾਲ ਸੰਬੰਧਿਤ ਲਿਖੀਆਂ ਹਨ, ਜਦਕਿ ਉਹ ਬਤੌਰ ਕਵੀ ਵਧੇਰੇ ਚਰਚਿਤ ਰਿਹਾ ਹੈ। ਇਸ ਵਿਧਾ ਵਿੱਚ ਉਹਦੀਆਂ 24 ਕਿਤਾਬਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਆਲੋਚਨਾ (4), ਵਾਰਤਕ (5), ਸੰਪਾਦਨਾ (8), ਨਾਵਲ (2), ਬਾਲ ਸਾਹਿਤ (1) ਦੇ ਨਾਲ ਨਾਲ ਉਹਨੇ ਅੰਗਰੇਜ਼ੀ ਵਿੱਚ ਵੀ ਲਿਖਿਆ ਹੈ। ਇਸ ਸਾਲ ਉਹਦੀਆਂ ਉੱਤੋੜੁਤੀ 4 ਕਿਤਾਬਾਂ ਛਪ ਚੁੱਕੀਆਂ ਹਨ, ਜਿਨ੍ਹਾਂ ਵਿੱਚ ਕਵਿਤਾ, ਸੰਪਾਦਨਾ ਤੇ ਅੰਗਰੇਜ਼ੀ ਦੀਆਂ ਕਿਤਾਬਾਂ ਸ਼ਾਮਲ ਹਨ। ਸੰਪਾਦਨਾ ਦੀ ਇਸ ਸਾਲ ਛਪਣ ਵਾਲੀ ਉਹਦੀ ਇਹ ਦੂਜੀ ਕਿਤਾਬ ਹੈ – ‘ਪੰਜਾਬੀ ਗ਼ਜ਼ਲ ਦੇ ਨਕਸ਼’ (ਸਪਤਰਿਸ਼ੀ ਪ੍ਰਕਾਸ਼ਨ ਚੰਡੀਗੜ੍ਹ, ਪੰਨੇ 114, ਮੁੱਲ 100/-)। ਪੰਜਾਬੀ ਗ਼ਜ਼ਲਾਂ ਦੀ ਇਸ ਕਿਤਾਬ ਵਿੱਚ 73 ਕਵੀਆਂ ਦੀਆਂ 100 ਗ਼ਜ਼ਲਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਨ੍ਹਾਂ ਦੀ ਤਰਤੀਬ ੳ, ਅ, ੲ ਮੁਤਾਬਕ ਰੱਖੀ ਗਈ ਹੈ। ਸਭ ਤੋਂ ਵੱਧ ਲੇਖਕ ‘ਸ’ ਅੱਖਰ ਵਾਲੇ ਹਨ। ਇਨ੍ਹਾਂ 73 ਕਵੀਆਂ ਵਿੱਚੋਂ ਕੁਝ ਇੱਕ ਦੀਆਂ ਦੋ ਦੋ ਗ਼ਜ਼ਲਾਂ ਵੀ ਛਪੀਆਂ ਹਨ। ਦੋ ਦੋ ਗ਼ਜ਼ਲਾਂ ਵਾਲੇ ਕਵੀ ਹਨ – ਓਂਕਾਰਪ੍ਰੀਤ, ਅਰਤਿੰਦਰ ਸੰਧੂ, ਆਦੇਸ਼ ਅੰਕੁਸ਼, ਸੁਰਜੀਤ ਪਾਤਰ, ਸੰਤ ਰਾਮ ਉਦਾਸੀ, ਸੁਖਵਿੰਦਰ ਅੰਮ੍ਰਿਤ, ਸ.ਸ.ਮੀਸ਼ਾ, ਸੁਸ਼ੀਲ ਦੁਸਾਂਝ, ਸਾਇਮਾ ਅਲਮਾਸ ਮਸਰੂਰ, ਡਾ. ਹਰਿਭਜਨ ਸਿੰਘ, ਹਰਦਿਆਲ ਕੇਸ਼ੀ, ਕਮਲਜੀਤ ਕੰਵਰ, ਗੁਰਭਜਨ ਗਿੱਲ, ਡਾ. ਗੁਰਮਿੰਦਰ ਸਿੱਧੂ, ਜਗਤਾਰ, ਜਗਦੀਸ਼ ਰਾਣਾ, ਤਖ਼ਤ ਸਿੰਘ, ਤਰਲੋਚਨ ਮੀਰ, ਦਰਸ਼ਨ ਖਟਕੜ, ਪ੍ਰੋ. ਨਵ ਸੰਗੀਤ ਸਿੰਘ, ਬਾਬਾ ਨਜਮੀ, ਪ੍ਰੋ. ਮੋਹਨ ਸਿੰਘ, ਡਾ. ਮੇਹਰ ਮਾਣਕ, ਲੋਕਰਾਜ, ਲਾਲ ਸਿੰਘ ਦਿਲ ਅਤੇ ਸ਼ਿਵ ਕੁਮਾਰ ਬਟਾਲਵੀ। ਉਲਫ਼ਤ ਬਾਜਵਾ ਤੋਂ ਸ਼ਿਵ ਕੁਮਾਰ ਬਟਾਲਵੀ ਤੱਕ ਹਰ ਰੰਗ ਦੇ ਨਵੇਂ/ਪੁਰਾਣੇ ਕਵੀ ਨੂੰ ਇਸ ਕਿਤਾਬ ਦਾ ਸ਼ਰਫ਼ ਹਾਸਲ ਹੈ।
ਇਨ੍ਹਾਂ ਗ਼ਜ਼ਲਾਂ ਦੀ ਚੋਣ ਬਾਰੇ ਸੰਪਾਦਕ ਸੁਖਿੰਦਰ ਦਾ ਮਤਿ ਹੈ, “ਸਾਡਾ ਇਹ ਕੋਈ ਦਾਹਵਾ ਨਹੀਂ ਕਿ ਪੰਜਾਬੀ ਦੀਆਂ ਬਸ ਇਹ ਹੀ 100 ਬੇਹਤਰੀਨ ਗ਼ਜ਼ਲਾਂ ਹਨ ਅਤੇ ਇਸ ਪੁਸਤਕ ਵਿੱਚ ਸ਼ਾਮਿਲ ਕੀਤੇ ਗਏ 73 ਪੰਜਾਬੀ ਕਵੀ ਹੀ ਬੇਹਤਰੀਨ ਗ਼ਜ਼ਲਾਂ ਲਿਖਦੇ ਹਨ। ਸਾਨੂੰ ਪੂਰਾ ਯਕੀਨ ਹੈ ਕਿ ਪੰਜਾਬੀ ਵਿੱਚ ਵਧੀਆ ਗ਼ਜ਼ਲਾਂ ਲਿਖਣ ਵਾਲੇ ਹੋਰ ਵੀ ਅਨੇਕਾਂ ਵਧੀਆ ਪੰਜਾਬੀ ਕਵੀ ਹੋਣਗੇ ਜਿਨ੍ਹਾਂ ਨੇ ਬੇਹਤਰੀਨ ਗ਼ਜ਼ਲਾਂ ਲਿਖੀਆਂ ਹਨ। ਫਿਰ ਵੀ ਸਾਨੂੰ ਯਕੀਨ ਹੈ ਕਿ ਪੰਜਾਬੀ ਗ਼ਜ਼ਲ ਦੀ ਤਕਨੀਕੀ ਜਾਣਕਾਰੀ ਨ ਹੋਣ ਦੇ ਬਾਵਜੂਦ ਵੀ ਅਸੀਂ ਤੁਹਾਨੂੰ ‘ਪੰਜਾਬੀ ਗ਼ਜ਼ਲ ਦੇ ਨਕਸ਼’ ਪੁਸਤਕ ਦੇ ਰੂਪ ਵਿੱਚ ਪੰਜਾਬੀ ਗ਼ਜ਼ਲਾਂ ਦੀ ਇੱਕ ਵਧੀਆ ਪੁਸਤਕ ਪੇਸ਼ ਕਰ ਰਹੇ ਹਾਂ।” (ਪੰਨਾ 12)। ਗ਼ਜ਼ਲਾਂ ਦੀ ਚੋਣ ਵੇਲੇ ਇਸ ਗੱਲ ਦਾ ਖ਼ਾਸ ਧਿਆਨ ਰੱਖਿਆ ਗਿਆ ਹੈ ਕਿ ਸਮਾਜਕ, ਸਭਿਆਚਾਰਕ, ਨੈਤਿਕ, ਸਾਹਿਤਕ, ਰਾਜਨੀਤਕ ਪੱਖੋਂ ਉੱਚ ਪਾਏ ਦੀਆਂ ਨਰੋਈ ਸੇਧ ਦੇਣ ਵਾਲੀਆਂ ਗ਼ਜ਼ਲਾਂ ਹੀ ਇਸ ਪੁਸਤਕ ਦੀ ਜ਼ੀਨਤ ਬਣਨ।
ਪੁਸਤਕ ਦੀ ਭੂਮਿਕਾ ਲਿਖਦੇ ਸਮੇਂ ਸੁਖਿੰਦਰ ਨੇ ਆਪਣੀ ਸੀਮਾ ਦਾ ਵੀ ਬੋਧ ਕਰਵਾਇਆ ਹੈ – ਜਿਹਾ ਕਿ ਉਹ ਗ਼ਜ਼ਲਾਂ ਪੜ੍ਹਦਾ/ਸੁਣਦਾ ਤਾਂ ਜ਼ਰੂਰ ਹੈ, ਪਰ ਖ਼ੁਦ ਗ਼ਜ਼ਲ ਨਹੀਂ ਲਿਖਦਾ; ਉਹ ਗ਼ਜ਼ਲ ਵਿਧਾ ਦਾ ਵਿਦਵਾਨ ਨਹੀਂ ਹੈ; ਉਹਨੂੰ ਗ਼ਜ਼ਲ ਦੇ ਤਕਨੀਕੀ ਪੱਖ ਦਾ ਗਿਆਨ ਨਹੀਂ ਹੈ; ਇਤਿਆਦਿ। ਸੁਖਿੰਦਰ ਨੇ ਭੂਮਿਕਾ ਵਿੱਚ ਕਰਤਾ ਵਜੋਂ ਦੋ ਰੂਪਾਂ ਦਾ ਜ਼ਿਕਰ ਕੀਤਾ ਹੈ – ਮੈਂ ਅਤੇ ਅਸੀਂ। ਹਾਲਾਂਕਿ ਪੁਸਤਕ ਦਾ ਸੰਪਾਦਕ ਉਹ ਇਕੱਲਾ ਹੀ ਹੈ, ਫਿਰ ਵੀ ਉਹਨੇ 4 ਥਾਂਵਾਂ ਤੇ ਖ਼ੁਦ ਨੂੰ ਬਹੁਵਚਨ (ਸਾਡਾ, ਸਾਨੂੰ, ਅਸੀਂ) ਵਿੱਚ ਪਤਾ ਨਹੀਂ ਕਿਉਂ ਵਰਤਿਆ ਹੈ? ਮੈਨੂੰ ਜਾਪਦਾ ਹੈ ਕਿ ਇਹ ਪਰੂਫ਼ ਰੀਡਿੰਗ ਕਰਦੇ ਸਮੇਂ ਉਕਾਈ ਰਹਿ ਗਈ ਹੈ। ਬਹਿਰਹਾਲ…
‘ਪੰਜਾਬੀ ਗ਼ਜ਼ਲ ਦੇ ਨਕਸ਼’ ਵਿੱਚ, ਜਿਵੇਂ ਕਿ ਸੰਪਾਦਕ ਨੇ ਵਿਸ਼ਵਾਸ ਪ੍ਰਗਟ ਕੀਤਾ ਹੈ, ਵਾਕਈ ਬਹੁਤ ਯਾਦਗਾਰੀ ਗ਼ਜ਼ਲਾਂ ਸੰਕਲਿਤ ਕੀਤੀਆਂ ਹਨ ਤੇ ਇਨ੍ਹਾਂ ਦੀ ਚੋਣ ਉਹਦੀ ਆਪਣੀ ਹੈ। ਇਸ ਚੋਣ ਵਿੱਚ ਉਹਦੇ ਯਤਨਾਂ ਦੀ ਸੀਮਾ ਵੀ ਹੋ ਸਕਦੀ ਹੈ ਕਿਉਂਕਿ ਕੁਝ ਇੱਕ ਮਰਹੂਮ ਕਵੀਆਂ ਦੀਆਂ ਗ਼ਜ਼ਲਾਂ ਲਈਆਂ ਗਈਆਂ ਹਨ ਤੇ ਕੁਝ ਇੱਕ ਅਸਲੋਂ ਨਵਾਂ ਸ਼ਾਇਰਾਂ ਦੀਆਂ। ਜੋ ਵੀ ਗ਼ਜ਼ਲਾਂ ਸੁਖਿੰਦਰ ਨੂੰ ਆਪਣੀ ਕੋਸ਼ਿਸ਼ ਨਾਲ ਮਿਲੀਆਂ/ਪ੍ਰਾਪਤ ਹੋਈਆਂ, ਉਨ੍ਹਾਂ ਨੂੰ ਪੁਸਤਕ ਦਾ ਸ਼ਿੰਗਾਰ ਬਣਾਇਆ ਗਿਆ ਹੈ। ਗ਼ਜ਼ਲਾਂ ਦੇ ਨਾਲ ਸਾਰੇ ਕਵੀਆਂ ਦੀਆਂ ਫੋਟੋਆਂ ਅਤੇ ਐਡਰੈੱਸ ਵੀ ਦਿੱਤੇ ਗਏ ਹਨ। ਅੰਤਿਕਾ ਵਿੱਚ 38 ਕਵੀਆਂ ਦੇ ਈਮੇਲ ਪਤੇ ਦਿੱਤੇ ਗਏ ਹਨ। ਮਰਹੂਮ ਕਵੀਆਂ ਦੀਆਂ ਗ਼ਜ਼ਲਾਂ ਨਾਲ ਸਿਰਫ਼ ਉਨ੍ਹਾਂ ਦੇ ਦੇਸ਼ ਦਾ ਜ਼ਿਕਰ ਕੀਤਾ ਗਿਆ ਹੈ, ਜਿਸ ਤੋਂ ਸਪਸ਼ਟ ਹੈ ਕਿ ਇਨ੍ਹਾਂ ਦੀਆਂ ਗ਼ਜ਼ਲਾਂ ਸੰਪਾਦਕ ਨੇ ਖ਼ੁਦ ਆਪਣੀਆਂ ਕੋਸ਼ਿਸ਼ਾਂ ਨਾਲ ਲੱਭੀਆਂ ਹਨ।
ਪੁਸਤਕ ਵਿੱਚ ਸਿਰਫ਼ ਪੰਜਾਬ (ਭਾਰਤ) ਦੇ ਹੀ ਨਹੀਂ ਸਗੋਂ ਕੈਨੇਡਾ, ਪਾਕਿਸਤਾਨ, ਯੂਕੇ, ਆਸਟ੍ਰੇਲੀਆ, ਅਮਰੀਕਾ, ਇਟਲੀ ਦੇ ਕਵੀਆਂ ਨੂੰ ਵੀ ਯਥਾਯੋਗ ਥਾਂ ਮਿਲੀ ਹੈ। 100 ਬਿਹਤਰੀਨ ਗ਼ਜ਼ਲਾਂ ਨੂੰ ਇੱਕ ਥਾਂ ਇਕੱਤਰ ਕਰਨਾ ਬੜਾ ਮੁਸ਼ਕਿਲ ਕਾਰਜ ਹੈ, ਜਿਸ ਤੋਂ ਸੰਪਾਦਕ ਦੀ ਮਿਹਨਤ ਝਲਕਦੀ ਹੈ। ਖ਼ੁਸ਼ੀ ਦੀ ਗੱਲ ਹੈ ਕਿ ਕਿਤਾਬ ਵਿੱਚ ਅਰਤਿੰਦਰ ਸੰਧੂ, ਸੁਖਵਿੰਦਰ ਅੰਮ੍ਰਿਤ, ਸਿਮਰਤ ਸੁਮੈਰਾ, ਸਾਇਮਾ ਅਲਮਾਸ ਮਸਰੂਰ, ਸੁਰਿੰਦਰ ਗੀਤ, ਡਾ. ਗੁਰਮਿੰਦਰ ਸਿੱਧੂ, ਤਾਹਿਰਾ ਸਰਾ, ਦੇਵਿੰਦਰ ਕੌਰ, ਨਿਰਮਲਾ ਗਰਗ ਨਿਮੋ ਜਿਹੀਆਂ ਪ੍ਰਤੀਨਿਧ ਨਾਰੀ-ਗ਼ਜ਼ਲਗੋਆਂ ਨੂੰ ਵੀ ਪ੍ਰਤੀਨਿਧਤਾ ਮਿਲੀ ਹੈ। ਇਹ ਇੱਕ ਅਜਿਹੀ ਹਵਾਲਾ ਪੁਸਤਕ (reference book) ਹੈ, ਜਿਸ ਦੇ ਆਧਾਰ ਤੇ ਬਿਹਤਰੀਨ ਗ਼ਜ਼ਲਾਂ ਬਾਰੇ ਖੋਜ ਕਾਰਜ ਕੀਤਾ ਜਾ ਸਕਦਾ ਹੈ। ਮੇਰੇ ਖ਼ਿਆਲ ਵਿੱਚ ਸੁਖਿੰਦਰ ਵੱਲੋਂ ਕੀਤਾ ਗਿਆ ਇਹ ਸੰਪਾਦਨਾ ਕਾਰਜ ਬੜਾ ਮੁੱਲਵਾਨ ਹੈ, ਜਿਸਦੇ ਲਈ ਉਹਨੂੰ ਦਾਦ ਦੇਣੀ ਬਣਦੀ ਹੈ। ਕਿਤਾਬ ਦੀ ਪ੍ਰਕਾਸ਼ਨਾ ਪਿੱਛੋਂ ਸੰਪਾਦਕ ਨੇ ਬਹੁਤ ਸਾਰੇ ਵਿਦਵਾਨਾਂ/ਲੇਖਕਾਂ ਨੂੰ ਕਿਤਾਬ ਦੀ ਪੀਡੀਐਫ਼ ਤੇ ਪ੍ਰਿੰਟ ਕਾਪੀ ਮੁਹੱਈਆ ਕਰਵਾ ਕੇ ਆਪਣੀ ਜ਼ਿੰਮੇਵਾਰੀ ਨਿਭਾਈ ਹੈ। ਸਪਤਰਿਸ਼ੀ ਪ੍ਰਕਾਸ਼ਨ ਨੇ ਬੜੀ ਸੁਹਜਤਾ ਨਾਲ ਕਿਤਾਬ ਪ੍ਰਕਾਸ਼ਿਤ ਕੀਤੀ ਹੈ, ਜਿਸਦਾ ਸਰਵਰਕ ਕਾਫੀ ਆਕਰਸ਼ਕ ਹੈ। ਜ਼ਿਆਦਾ ਪੰਨਿਆਂ ਅਤੇ ਘੱਟ ਕੀਮਤ ਵਾਲੀ ਇਸ ਪੁਸਤਕ ਦਾ ਮੈਂ ਖ਼ੈਰ ਮਕਦਮ ਕਰਦਾ ਹਾਂ।

~ ਪ੍ਰੋ. ਨਵ ਸੰਗੀਤ ਸਿੰਘ
# 1, ਲਤਾ ਗ੍ਰੀਨ ਐਨਕਲੇਵ, ਪਟਿਆਲਾ-147002
9417692015.

