
ਪੰਜਾਬ ਤੋਂ ਬਾਹਰ ਜਿੱਥੇ ਕਿੱਥੇ ਵੀ ਸਿੱਖ ਸੰਗਤਾਂ ਵੱਸਦੀਆਂ ਹਨ, ਪੋਹ ਦੇ ਸ਼ਹੀਦੀ ਮਹੀਨੇ ਨੂੰ ਯਾਦ ਕਰਕੇ ਗੁਰੂ ਸਾਹਿਬ ਨੂੰ ਸਿਜਦਾ ਕਰਦੀਆਂ ਹਨ। ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਮਾਤਾ ਗੁਜਰੀ ਜੀ, ਗੁਰੂ ਸਾਹਿਬ ਜੀ ਦੇ ਚਾਰ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜੋਰਾਵਰ ਸਿੰਘ ਜੀ, ਬਾਬਾ ਫ਼ਤਹਿ ਸਿੰਘ ਜੀ, ਅਤੇ ਸਮੂਹ ਸ਼ਹੀਦਾਂ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਜਰਮਨ ਦੇ ਸ਼ਹਿਰ ਜੋਸਟ ਵਿਖੇ ਸਥਿਤ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਵਿਖੇ ਸ਼ਹੀਦੀ ਸਮਾਗਮ ਕਰਵਾਇਆ ਗਿਆ। ਮਿਤੀ 24/12/24 ਨੂੰ ਗੁਰਦੁਆਰਾ ਗੁਰੂ ਨਾਨਕ ਦੇਵ ਜੀ ਵਿਖੇ ਸਮੂਹ ਸਾਧ ਸੰਗਤ, ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਤਰਸੇਮ ਸਿੰਘ ਢਿੱਲੋ ਅਤੇ ਸਮੂਹ ਪ੍ਰਬੰਧਕ ਕਮੇਟੀ, ਗੁਰੂ ਘਰ ਦੇ ਬਹੁਤ ਸੁਲਝੇ ਹੋਏ ਤੇ ਨੇਕ ਸੁਭਾਅ ਦੇ ਹੈੱਡ ਗ੍ਰੰਥੀ ਭਾਈ ਅਵਿਨਾਸ਼ ਸਿੰਘ ਜੀ ਹੋਰਾ ਨੇ ਸ਼ਹੀਦੀ ਪੁਰਬ ਦੇ ਸੰਬੰਧ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਅਰੰਭਤਾ ਕੀਤੀ। ਸਾਰੇ ਇਲਾਕੇ ਦੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੇ ਰਲ ਮਿਲ ਕੇ ਦਿਨ ਰਾਤ ਆਪਣੇ ਰੁਝੇਵਿਆਂ ਵਿੱਚੋਂ ਆਪਣਾ ਕੀਮਤੀ ਵਕਤ ਕੱਢ ਕੇ ਗੁਰੂ ਘਰ ਵਿਖੇ ਹਾਜ਼ਰੀ ਲਗਵਾਈ। ਮਿਤੀ 26/12/24 ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਸਿੱਖ ਮਰਿਯਾਦਾ ਅਨੁਸਾਰ ਪਾਏ ਗਏ। ਭੋਗ ਪਾਉਣ ਉਪਰੰਤ ਢਾਡੀ ਜਥਾ ਭਾਈ ਸਾਹਿਬ ਭਾਈ ਸੱਤਪਾਲ ਸਿੰਘ ਜੀ ਗਰਚਾ( ਨਵਾਂ ਸ਼ਹਿਰ) ਆਸਟਰੀਆ ਵਾਲਿਆਂ ਨੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੁਆਰਾ ਅਨੰਦ ਪੁਰ ਸਾਹਿਬ ਜੀ ਦਾ ਕਿਲ੍ਹਾ ਛੱਡਣ ਤੋਂ ਲੈ ਕੇ, ਗੜੀ ਚਮਕੋਰ ਸਾਹਿਬ ਵਿੱਚ ਵੱਡੇ ਸਾਹਿਬਜ਼ਾਦਿਆਂ ਅਤੇ ਸਿੰਘਾ ਦੀ ਸ਼ਹੀਦੀ, ਗੰਗੂ ਪਾਪੀ ਦਾ ਉੰਨੀ ਸਾਲ ਗੁਰੂ ਘਰ ਦਾ ਨਮਕ ਖਾ ਕੇ ਹਰਾਮ ਕਰਨਾ ਤੇ ਮੁਗਲਾਂ ਨੂੰ ਮਾਤਾ ਗੁਜਰੀ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਫੜਾਉਣ ਲਈ ਪਤਾ ਟਿਕਾਣਾ ਦੱਸਣਾ, ਸੂਬਾ ਸਰਹੰਦ ਵਜ਼ੀਰ ਖਾਨ ਦਾ ਮਾਤਾ ਗੁਜਰੀ ਜੀ ਨੂੰ ਛੋਟੇ ਸਾਹਿਬਜ਼ਾਦਿਆਂ ਨਾਲ ਠੰਡੇ ਬੁਰਜ ਵਿੱਚ ਕੈਦ ਕਰਨਾ, ਸੂਬਾ ਸਰਹੰਦ ਦੀ ਕਚਹਿਰੀ ਵਿਖੇ ਸਾਹਿਬਜ਼ਾਦਿਆਂ ਦਾ ਬੇਖੋਫ, ਸਿੱਖੀ ਸਿਦਕ ਭਰੋਸੇ ਨਾਲ ਪੇਸ਼ ਹੋਣਾ, ਠੰਡੇ ਬੁਰਜ ਵਿੱਚ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਬਾਬਾ ਮੋਤੀ ਰਾਮ ਮਹਿਰਾ ਜੀ ਦਾ ਗਰਮ ਦੁੱਧ ਪਿਲਾਉਣ ਦੀ ਪਵਿੱਤਰ ਸੇਵਾ ਕਰਨਾ, ਦਾਦੇ ਪੜਦਾਦਿਆਂ ਵੱਲੋਂ ਪਾਏ ਸਿੱਖੀ ਦੇ ਪੂਰਨਿਆਂ ਤੇ ਕਾਇਮ ਰਹਿੰਦੇ ਹੋਏ ਆਖ਼ਰ ਨੀਂਹਾਂ ਵਿੱਚ ਚਿਣਾਏ ਜਾਣਾ, ਦੀਵਾਨ ਟੋਡਰ ਮੱਲ ਜੀ ਦੁਆਰਾ ਮੋਹਰਾਂ ਖੜੀਆਂ ਕਰਕੇ ਜ਼ਮੀਨ ਖਰੀਰਦਾ ਤੇ ਸਤਿਕਾਰ ਸਾਹਿਤ ਸਾਹਿਬਜ਼ਾਦਿਆਂ ਦਾ ਤੇ ਮਾਤਾ ਗੁਜਰੀ ਜੀ ਦਾ ਸਸਕਾਰ ਕਰਨਾ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਪਰਿਵਾਰ ਵਾਰ ਕੇ ਵੀ ਚੜ੍ਹਦੀ ਕਲਾ ਵਿੱਚ ਰਹਿਣਾ ਤੇ ਆਪਣੇ ਪਿਆਰੇ ਖ਼ਾਲਸੇ ਨੂੰ ਹਰ ਵਕਤ ਚੜ੍ਹਦੀ ਕਲਾ ਵਿੱਚ ਰਹਿਣ ਦਾ ਸੰਦੇਸ਼ ਦੇਣਾ ਆਦਿ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ।
ਢਾਡੀ ਜਥੇ ਦੁਆਰਾ ਗੁਰੂ ਸਾਹਿਬ ਜੀ ਦੀਆਂ ਵਾਰਾਂ ਸੁਣਾਉਂਦੇ ਹੋਏ ਐਸਾ ਰੰਗ ਬੰਨ੍ਹਿਆ ਗਿਆ ਕਿ ਸਾਰੀ ਸਾਧ ਸੰਗਤ ਵਿੱਚ ਬੈਠਾ ਹਰ ਜੀਅ ਚੁੱਪ ਸੀ ਤੇ ਵੈਰਾਗ ਵਿੱਚ ਸੀ। ਸਾਰੀ ਸਾਧ ਸੰਗਤ ਢਾਡੀ ਜਥੇ ਪਾਸੋਂ ਵਾਰਾਂ ਸੁਣ ਕੇ ਰੁਹਾਨੀਅਤ ਦੇ ਰੰਗ ਵਿੱਚ ਰੰਗੀ ਜਾ ਚੁੱਕੀ ਸੀ। ਢਾਡੀ ਜਥੇ ਦੇ ਇਤਿਹਾਸ ਸੁਣਾਉਣ ਸਮਾਪਤੀ ਤੋਂ ਬਾਅਦ ਭਾਈ ਅਵਿਨਾਸ਼ ਸਿੰਘ ਜੀ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬ ਜੀ ਹੋਰਾ ਨੇ ਅਰਦਾਸ ਕੀਤੀ, ਬਾਅਦ ਵਿੱਚ ਭਾਈ ਸਾਹਿਬ ਜੀ ਨੇ ਪੰਜਵੇਂ ਪਾਤਸ਼ਾਹ ਜੀ ਦਾ ਸੂਹੀ ਰਾਗ ਚ ਹੁਕਮਨਾਮਾ ਸਾਹਿਬ ਸੁਣਾਇਆ ਅਤੇ ਹੁਕਮਨਾਮਾ ਸਾਹਿਬ ਜੀ ਦੀ ਕਥਾ ਵਿਚਾਰ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ।
ਵਾਹਿਗੁਰੂ ਜੀ ਮਿਹਰ ਕਰਨ ਤੇ ਅਸੀਂ ਸਾਰੇ ਰਲ ਮਿਲ ਕੇ ਹਮੇਸ਼ਾ ਗੁਰੂ ਸਾਹਿਬ ਜੀ ਦੀਆਂ ਸਾਡੀ ਖ਼ਾਤਰ ਕੀਤੀਆਂ ਲਾਸਾਨੀ ਸ਼ਹਾਦਤਾਂ ਨੂੰ ਯਾਦ ਕਰਦੇ ਰਹੀਏ ਤੇ ਸਿਜਦਾ ਕਰਦੇ ਰਹੀਏ।
ਸਰਬਜੀਤ ਸਿੰਘ ਜਰਮਨੀ