ਦੀਵਾਲੀ ਦੇ ਤਿਉਹਾਰ ਨੂੰ ਰੌਸ਼ਨੀਆਂ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ ਤੇ ਇਸ ਦਿਨ ਲੋਕ ਅਪਣੇ ਘਰਾਂ ’ਚ ਸਦੀਆਂ ਤੋਂ ਇਸ ਨੂੰ ਦੀਵੇ ਜਗਾਉਣ ਅਤੇ ਦੀਪਮਾਲਾ ਕਰ ਕੇ ਮਨਾਇਆ ਜਾਂਦਾ ਹੈ।
ਦੀਵਾਲੀ ਦੇ ਤਿਉਹਾਰ ਦੌਰਾਨ ਵਰਤੋਂ ਕੀਤੇ ਜਾਂਦੇ ਪਟਾਕਿਆਂ ਨਾਲ ਪੈਦਾ ਹੋਣ ਵਾਲੇ ਪ੍ਰਦੂਸ਼ਣ ਦੀ ਮਾਤਰਾ ਵੀ ਬੇਹਿਸਾਬੀ ਹੁੰਦੀ ਹੈ। ਅੱਜਕਲ ਸਿਰਫ਼ ਦੀਵਾਲੀ ’ਤੇ ਹੀ ਪਟਾਕੇ ਨਹੀਂ ਚਲਾਏ ਜਾਂਦੇ ਬਲਕਿ ਹੋਰ ਤਿਉਹਾਰਾਂ ਸਮੇਂ ਵੀ ਇਨ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ, ਇਸ ਨਾਲ ਚਾਰ ਚੁਫ਼ੇਰੇ ਵਾਤਾਵਰਣ ਪ੍ਰਦੂਸ਼ਤ ਹੁੰਦਾ ਹੈ। ਦੀਵਾਲੀ ’ਤੇ ਹੋਣ ਵਾਲੇ ਪ੍ਰਦੂਸ਼ਣ ਦੀ ਸਭ ਤੋਂ ਵੱਡੀ ਕਿਸਮ ਹਵਾ ਪ੍ਰਦੂਸ਼ਣ ਹੈ।
ਦੀਵਾਲੀ ਦੌਰਾਨ ਸ਼ੋਰ ਪ੍ਰਦੂਸ਼ਣ ਇਕ ਹੋਰ ਅਹਿਮ ਅਤੇ ਵੱਡੀ ਸਮੱਸਿਆ ਹੈ। ਪਟਾਕਿਆਂ ਕਾਰਨ ਬਹੁਤ ਜ਼ਿਆਦਾ ਆਵਾਜ਼ ਪ੍ਰਦੂਸ਼ਣ ਹੁੰਦਾ ਹੈ। ਸਭ ਤੋਂ ਵੱਧ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਇਹ ਆਵਾਜ਼ ਪ੍ਰਦੂਸ਼ਣ ਸੁਣਨ ਦੀ ਸਮਰੱਥਾ ਲਈ ਕਾਫ਼ੀ ਨੁਕਸਾਨਦਾਇਕ ਹੈ। ਇਸ ਤੋਂ ਇਲਾਵਾ ਸ਼ੋਰ ਪ੍ਰਦੂਸ਼ਣ ਪਸ਼ੂਆਂ, ਬਜ਼ੁਰਗਾਂ, ਵਿਦਿਆਰਥੀਆਂ ਤੇ ਬਿਮਾਰ ਲੋਕਾਂ ਲਈ ਵੀ ਵੱਡੀ ਸਮੱਸਿਆ ਹੈ। ਦਿਵਾਲੀ ਵਾਲੇ ਦਿਨ ਆਵਾਜ਼ ਪ੍ਰਦੂਸ਼ਣ ਨਾਲ ਬਹੁਤ ਸਾਰੇ ਪੰਛੀਆਂ ਨੂੰ ਬੜਾ ਵੱਡਾ ਨੁਕਸਾਨ ਹੁੰਦਾ ਹੈ ਕਿਉਂਕਿ ਉਹ ਆਵਾਜ਼ ਦੇ ਧਮਾਕਿਆਂ ਨੂੰ ਨਹੀਂ ਜਰ ਸਕਦੇ
ਦੀਵਾਲੀ ਤਿਉਹਾਰ ਹੈ ਪਰ ਅਸੀਂ ਕਈ ਵਾਰ ਆਪਣੀਆਂ ਅਣਗਹਿਲੀਆਂ ਨਾਲ ਖੁਸ਼ੀ ਦੇ ਪਲਾਂ ਨੂੰ ਗਮੀ ਵਿਚ ਤਬਦੀਲ ਕਰ ਲੈਂਦੇ ਹਾਂ ਕਿਉਂਕਿ ਪਟਾਕਿਆਂ ਦੀ ਉੱਚੀ ਆਵਾਜ਼ ਤੇ ਧੂੰਆਂ ਮਨੁੱਖੀ ਸਿਹਤ ਤੇ ਮਾਨਸਿਕਤਾ ‘ਤੇ ਮਾੜਾ ਪ੍ਰਭਾਵ ਪਾਉਂਦਾ ਹੈ।
ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਪਟਾਕੇ ਛੱਡਕੇ ਇਸ ਦਿਨ ਵੱਧ ਤੋਂ ਵੱਧ ਬੂਟੇ ਲਾ ਕੇ ਵਾਤਾਵਰਣ ਨੂੰ ਦੂਸ਼ਿਤ ਹੋਣ ਤੋਂ ਬਚਾਈਏ ਕਿਉਂਕਿ ਪ੍ਰਦੂਸ਼ਣ ਨਾਲ ਦਿਲ ਤੇ ਸਾਹ ਦੀਆਂ ਕਈ ਬੀਮਾਰੀਆਂ ਹੋ ਜਾਂਦੀਆਂ ਹਨ। ਇਸ ਲਈ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣਾ ਹੀ ਸਮੇਂ ਦੀ ਸਭ ਤੋਂ ਵੱਡੀ ਮੰਗ ਹੈ।ਆਉ ਪ੍ਰਣ ਕਰੀਏ ਕਿ ਆਪਾਂ ਸਾਰੇ ਰਲ ਕੇ ਇਸ ਦੀਵਾਲੀ ਨੂੰ ‘ਹਰ ਮਨੁੱਖ ਲਾਵੇ ਇੱਕ ਰੁੱਖ’ ਤੇ ਪਹਿਰਾ ਦੇਈਏ।
ਪ੍ਰੇਮ ਸਰੂਪ ਛਾਜਲੀ
9417134982
