
ਸ਼ਬਦਾਂ ਦੇ ਜਾਦੂਗਰ ਗੁਰਬਖਸ਼ ਸਿੰਘ ਪ੍ਰੀਤਲੜੀ ਦੁਆਰਾ ਅੰਮ੍ਰਿਤਸਰ ਲਾਹੌਰ ਦੇ ਵਿਚਕਾਰ ਵਸਾਇਆ ਪ੍ਰੀਤ ਨਗਰ ਦੇਖਣ ਦਾ ਸਬੱਬ ਬਣਿਆ ਜਿਸ ਬਾਰੇ ਮੈਂ ਗੁਰਬਖਸ਼ ਸਿੰਘ ਪ੍ਰੀਤਲੜੀ ਦੀਆਂ ਕਿਤਾਬਾਂ ਵਿੱਚ ਪੜ੍ਹਦਾ ਰਿਹਾ ਸੀ। ਵਰਣਨਯੋਗ ਹੈ ਕਿ ਮੇਰੀ ਸਾਹਿਤ ਪੜ੍ਹਨ ਦੀ ਲਗਨ ਵਧਾਉਣ ਵਿੱਚ ਗੁਰਬਖਸ਼ ਸਿੰਘ ਪ੍ਰੀਤਲੜੀ ਦੀਆਂ ਲਿਖਤਾਂ ਦਾ ਕਾਫੀ ਅਹਿਮ ਯੋਗਦਾਨ ਹੈ।
ਬਹੁਪੱਖੀ ਸਖਸ਼ੀਅਤ ਜਨਮੇਜਾ ਸਿੰਘ ਜੌਹਲ ਅਤੇ ਲੈਕਚਰਾਰ ਅਮਰਜੀਤ ਸਿੰਘ ਚੀਮਾ ਨਾਲ ਪ੍ਰੋਗਰਾਮ ਬਣਿਆ ਤਾਂ ਮੇਰਾ ਚਿਰਾਂ ਤੋਂ ਪ੍ਰੀਤ ਨਗਰ ਦੇਖਣ ਦਾ ਸੁਪਨਾ ਸਾਕਾਰ ਹੋਇਆ।
ਜਦੋਂ ਅਸੀਂ ਅੰਮ੍ਰਿਤਸਰ ਹੁੰਦੇ ਹੋਏ ਲੋਪੋਕੇ ਪਿੰਡ ਵਿੱਚ ਦੀ ਪ੍ਰੀਤ ਨਗਰ ਪਹੁੰਚੇ ਤਾਂ ਸਾਨੂੰ ਇੱਕ ਫਲ਼ਦਾਰ ਬਾਗ ਵਾਲ਼ੇ ਘਰ ਵਿੱਚ ਮੈਡਮ ਪੂਨਮ ਸਿੰਘ ਮਿਲੇ ਜਿਹਨਾਂ ਨੇ ਸਾਡਾ ਬੜੇ ਅਦਬ ਨਾਲ ਸਵਾਗਤ ਕੀਤਾ। ਸਾਥੀਆਂ ਨਾਲ ਜਾਣ ਪਹਿਚਾਣ ਹੋਈ।
ਹੁਣ ਪ੍ਰੀਤਲੜੀ ਦੇ ਸੰਪਾਦਕ ਪੂਨਮ ਸਿੰਘ ਜੀ ਹਨ ਚਾਹ ਪੀਂਦਿਆਂ ਉਹਨਾਂ ਨਾਲ ਅਤੇ ਉਹਨਾਂ ਦੇ ਪਤੀ ਰੱਤੀਕਾਂਤ ਜੀ ਨਾਲ ਪ੍ਰੀਤ ਨਗਰ ਬਾਰੇ ਕਾਫੀ ਗੱਲਾਂ ਬਾਤਾਂ ਹੋਈਆਂ। ਉਹਨਾਂ ਨੇ ਲੇਖਕਾਂ ਦੀਆਂ ਯਾਦਗਾਰਾਂ ਦਿਖਾ ਕੇ ਪੁਰਾਣੀਆਂ ਯਾਦਾਂ ਤਾਜ਼ਾ ਕਰਵਾਈਆਂ। ਪ੍ਰੀਤ ਨਗਰ ਵਿੱਚ ਇਹਨਾਂ ਲੇਖਕਾਂ ਦੀ ਯਾਦ ਵਿੱਚ ਇੱਕ ਅਜਾਇਬ ਘਰ ਅਤੇ ਲਾਇਬ੍ਰੇਰੀ ਹੈ, ਨਾਟਕਕਾਰਾਂ ਲਈ ਥੀਏਟਰ ਬਣਾਇਆ ਗਿਆ ਹੈ।
ਪੁਰਾਣੇ ਪੰਜਾਬ ਦੀ ਵੰਡ ਕਾਰਨ ਪੰਜਾਬ ਦਾ ਵੱਡੇ ਪੱਧਰ ‘ਤੇ ਸਾਹਿਤਕ,ਇਤਿਹਾਸਕ,ਸੱਭਿਆਚਾਰਕ ਨੁਕਸਾਨ ਹੋਇਆ। ਇਸ ਅਣਚਾਹੀ ਵੰਡ ਕਾਰਨ ਪ੍ਰੀਤ ਨਗਰ ਨੂੰ ਜਿਹੜੇ ਸੁਪਨੇ ਸੰਜੋ ਕੇ ਬਣਾਇਆ ਗਿਆ ਸੀ ਉਹ ਸੁਪਨੇ ਅਧੂਰੇ ਰਹਿ ਗਏ ਫੇਰ ਵੀ ਇਹਨਾਂ ਮਹਾਨ ਲੇਖਕਾਂ ਦੇ ਘਰਾਂ ਨੂੰ ਚੰਗੀ ਹਾਲਤ ਵਿੱਚ ਸੰਭਾਲਿਆ ਹੋਇਆ ਦੇਖ ਕੇ ਚੰਗਾ ਲੱਗਿਆ। ਗੁਰਬਖਸ਼ ਸਿੰਘ ਪ੍ਰੀਤ ਲੜੀ ,ਨਾਵਲਕਾਰ ਨਾਨਕ ਸਿੰਘ, ਨਾਟਕਕਾਰ ਬਲਵੰਤ ਗਾਰਗੀ ਵਰਗੇ ਲੇਖਕਾਂ ਦੀ ਰਿਹਾਇਸ਼ਗਾਹ ਬਣਿਆ ਪ੍ਰੀਤ ਨਗਰ ਅਜੇ ਵੀ ਪੰਜਾਬੀ ਪਿਆਰਿਆਂ ਨੂੰ ਅਵਾਜ਼ਾਂ ਮਾਰਦਾ ਹੈ। ਪ੍ਰੀਤ ਨਗਰ ਵਿੱਚ ਪ੍ਰੀਤ ਲੜੀ ਰਸਾਲਾ ਲੰਬੇ ਸਮੇਂ ਤੋਂ ਛਪਦਾ ਰਿਹਾ ਜੋ ਹੁਣ ਪੂਨਮ ਸਿੰਘ ਦੁਆਰਾ ਛਾਪਿਆ ਜਾ ਰਿਹਾ ਹੈ ਅਤੇ ਪੰਜਾਬ ਦੇ ਅਹਿਮ ਰਸਾਲੇ ਵਜੋਂ ਪਾਠਕਾਂ ਵੱਲੋਂ ਪੜ੍ਹਿਆ ਜਾ ਰਿਹਾ ਹੈ। ਪੰਜਾਬੀਅਤ ਨੂੰ,ਸਾਹਿਤ ਨੂੰ ਪਿਆਰ ਕਰਨ ਵਾਲੇ ਲੋਕਾਂ ਨੂੰ ਪ੍ਰੀਤ ਨਗਰ ਵਰਗੇ ਵਿਲੱਖਣ ਸਥਾਨਾਂ ਦੀ ਯਾਤਰਾ ਜਰੂਰ ਕਰਨੀ ਚਾਹੀਦੀ ਹੈ ਅਤੇ ਪ੍ਰੀਤ ਲੜੀ ਮੈਗਜ਼ੀਨ ਨਾਲ ਜੁੜ ਕੇ ਸਾਹਿਤ ਦੀ ਸਾਂਝ ਨੂੰ ਹੋਰ ਪਕੇਰਾ ਕਰਨ ਦੀ ਲੋੜ ਹੈ
ਲੇਖਕ- ਰਣਜੀਤ ਸਿੰਘ ਹਠੂਰ
ਪੰਜਾਬੀ ਬਾਗ ਜਗਰਾਉਂ
9915513137