ਬਠਿੰਡਾ,17 ਅਗਸਤ (ਗੁਰਪ੍ਰੀਤ ਚਹਿਲ/ਵਰਲਡ ਪੰਜਾਬੀ ਟਾਈਮਜ਼)
ਪੱਤਰਕਾਰਾਂ, ਲੋਕ ਹਿੱਤਾਂ ਅਤੇ ਹੱਕਾਂ ਦੀ ਪਹਿਰੇਦਾਰੀ ਕਰਨ ਵਾਲਾ ਪ੍ਰੈੱਸ ਕਲੱਬ ਬਠਿੰਡਾ ਦਿਹਾਤੀ ਆਪਣੀ ਦੂਰ ਅੰਦੇਸ਼ੀ ਸੋਚ ਕਾਰਨ ਵਾਤਾਵਰਨ ਪ੍ਰਤੀ ਵੀ ਡੂੰਘਾ ਚਿੰਤਤ ਹੈ। ਦਿਨ ਬ ਦਿਨ ਹਵਾ ਤੇ ਪਾਣੀ ਪ੍ਰਦੂਸ਼ਤ ਹੁੰਦੇ ਜਾ ਰਹੇ ਹਨ, ਧਰਤੀ ਹੇਠਲਾ ਪਾਣੀ ਆਏ ਦਿਨ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ ਇਸ ਤੋਂ ਬਿਨਾਂ ਲੋੜੀਂਦੀ ਵਰਖਾ ਦਾ ਨਾ ਹੋਣਾ ਵੀ ਰੁੱਖਾਂ ਦੀ ਕਮੀ ਕਾਰਨ ਹੀ ਹੈ। ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖਦੇ ਹੋਏ ਪ੍ਰੈੱਸ ਕਲੱਬ ਬਠਿੰਡਾ ਦਿਹਾਤੀ ਵੱਲੋਂ ਵਾਤਾਵਰਣ ਨੂੰ ਸ਼ੁੱਧ ਰੱਖਣ ਵਿੱਚ ਆਪਣਾ ਯੋਗਦਾਨ ਪਾਉਂਦੇ ਹੋਏ ਵੱਧ ਤੋਂ ਵੱਧ ਪੇੜ ਪੌਦੇ ਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਹੋਈ ਹੈ। ਕਲੱਬ ਵੱਲੋਂ ਲੰਬੀ ਉਮਰ ਵਾਲ਼ੇ ਅਤੇ ਰਵਾਇਤੀ ਪੇੜ ਪੌਦੇ ਜਿਸ ਤਰ੍ਹਾਂ ਨਿੰਮ, ਪਿੱਪਲ,, ਬੋਹੜ , ਟਾਹਲੀ ਆਦਿ ਲਾਉਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਪ੍ਰੈੱਸ ਕਲੱਬ ਸਿਰਫ ਪੇੜ ਪੌਦੇ ਲਾਉਣ ਦਾ ਹੀ ਨਹੀਂ ਬਲਕਿ ਉਹਨਾ ਦੀ ਲੰਬੇ ਸਮੇਂ ਤੱਕ ਸਾਂਭ ਸੰਭਾਲ ਕਰਨ ਦਾ ਵੀ ਟੀਚਾ ਮਿੱਥ ਕੇ ਚੱਲ ਰਿਹਾ ਹੈ। ਜ਼ਿਕਰਯੋਗ ਹੈ ਕਿ ਇਸ ਕਲੱਬ ਵੱਲੋਂ ਹੁਣ ਤੱਕ ਕਈ ਪਿੰਡਾਂ ਵਿੱਚ ਸੈਂਕੜੇ ਪੇੜ ਲਗਾਏ ਜਾ ਚੁੱਕੇ ਹਨ।
ਇਸੇ ਲੜੀ ਨੂੰ ਅੱਗੇ ਤੋਰਦਿਆਂ ਅੱਜ ਪ੍ਰੈੱਸ ਕਲੱਬ ਬਠਿੰਡਾ ਦਿਹਾਤੀ ਵੱਲੋਂ ਭਾਈ ਆਸਾ ਸਿੰਘ ਗਰਲਜ਼ ਕਾਲਜ, ਗੋਨਿਆਣਾ ਵਿਖੇ ਵੱਖ-ਵੱਖ ਤਰ੍ਹਾਂ ਦੇ ਫ਼ਲਦਾਰ ਤੇ ਛਾਦਾਰ ਵਿਰਾਸਤੀ ਰੁੱਖ ਲਾਏ ਗਏ। ਇਸ ਮੌਕੇ ਕਾਲਜ ਦੇ ਪ੍ਰਿੰਸੀਪਲ ਡਾ. ਰਾਜਵਿੰਦਰ ਕੌਰ ਵੱਲੋਂ ਸਮੂਹ ਕਲੱਬ ਅਹੁਦੇਦਾਰਾਂ ਨੂੰ ਜੀ ਆਇਆ ਆਖਿਆ ਤੇ ਕਾਲਜ ਵਿੱਚ ਰੁੱਖ ਲਾਉਣ ਦੀ ਸੇਵਾ ਲਈ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਵਾਤਾਵਰਨ ਨੂੰ ਸਾਫ ਸੁਥਰਾ ਰੱਖਣ ਲਈ ਰੁੱਖਾਂ ਦਾ ਅਹਿਮ ਸਥਾਨ ਹੈ, ਇਸ ਲਈ ਸਾਨੂੰ ਵੱਧ ਤੋਂ ਵੱਧ ਸਾਂਝੀਆਂ ਥਾਵਾਂ ਤੇ ਰੁੱਖ ਲਾਉਣੇ ਚਾਹੀਦੇ ਹਨ।ਇਸ ਮੌਕੇ ਕਲੱਬ ਦੇ ਸਰਪ੍ਰਸਤ ਭਾਈ ਜਸਕਰਨ ਸਿੰਘ ਸਿਵੀਆਂ ਨੇ ਦੱਸਿਆ ਕਿ ਕਲੱਬ ਵੱਲੋਂ ਲਗਾਤਾਰ ਰੁੱਖ ਲਾਉਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਤਾਂ ਜੋ ਵਾਤਾਵਰਨ ‘ਚ ਪਏ ਵਿਗਾੜ ਨੂੰ ਠੀਕ ਕੀਤਾ ਜਾ ਸਕੇ।ਇਸ ਮੌਕੇ ਕਲੱਬ ਪ੍ਰਧਾਨ ਗੁਰਜੀਤ ਖਾਨ ਚੌਹਾਨ, ਸੀਨੀਅਰ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਚਹਿਲ, ਖਜਾਨਚੀ ਰਾਜਦੀਪ ਜੋਸ਼ੀ, ਮੈਂਬਰ ਜ਼ਸਨਦੀਪ ਸਿੰਘ ਆਦਿ ਤੋਂ ਇਲਾਵਾ ਕਾਲਜ ਦਾ ਸਮੂਹ ਸਟਾਫ਼ ਹਾਜ਼ਰ ਸੀ।
