ਸਾਡੇ ਵਿਹੜੇ ਚਿੜੀਆਂ ਆ ਕੇ,
ਖੂਬ ਰੌਣਕਾਂ ਲਾਉਂਦੀਆਂ ਨੇ।
ਨਿੰਮ ਦੇ ਹੇਠੋਂ ਦਾਣੇ ਚੁੱਗ ਕੇ,
ਪਾਣੀ ਵਿੱਚ ਨਹਾਉਂਦੀਆਂ ਨੇ।
ਦਾਦੀ ਮੇਰੀ ਬੱਠਲ ਦੇ ਵਿੱਚ,
ਪਾਣੀ ਪਾ ਕੇ ਰੱਖਦੀ ਹੈ।
ਚੋਗ ਚੁਗਣ ਲਈ ਚਿੜੀਆਂ ਨੂੰ,
ਚੁਟਕੀ ਮਾਰ ਕੇ ਸੱਦਦੀ ਹੈ।
ਹੋਰ ਵੀ ਪੰਛੀ ਬਹੁਤ ਨੇ ਆਉਂਦੇ,
ਘੁੱਗੀਆਂ ਨਾਲ ਗਟਾਰਾਂ ਨੇ,
ਚਿੜੀਆਂ ਦੀ ਗਿਣਤੀ ਕੋਈ ਨਾ,
ਆਉਂਦੀਆਂ ਬਣ ਕੇ ਡਾਰਾਂ ਨੇ।
ਮੰਜੀ, ਕੋਲੇ ਡਾਹ ਮੇਰੀ ਦਾਦੀ,
ਰਾਖੀ ਉਹਨਾਂ ਦੀ ਕਰਦੀ ਹੈ।
ਦਾਦੀ ਕੋਲੇ ਪਈ ਸੋਟੀ ਵੇਖ ਕੇ,
ਬਿੱਲੀ ਆਉਣ ਤੋਂ ਡਰਦੀ ਹੈ।
ਆਉਣ ਗੁਆਂਢੋਂ ਬੱਚੇ ਵੇਖਣ
ਉਹ ਬੜੇ ਨਜ਼ਾਰੇ ਲੈਂਦੇ ਨੇ।
ਪੱਤੋ, ਦੀ ਦਾਦੀ ਨੂੰ ਪੁੱਛਦੇ,
ਇਹ ਪੰਛੀ ਕਿੱਥੇ ਰਹਿੰਦੇ ਨੇ।
ਹਰਪ੍ਰੀਤ ਪੱਤੋ (ਮੋਗਾ)
94658-21417
harpreetpatto992@gmail.com