ਯਾਦਾਂ ਵਿੱਚ ਵੱਸਦਾ ਰਹੇਗਾ ਪੰਜਾਬੀ ਨਾਵਲ ਦਾ ਰੌਸ਼ਨ ਮੀਨਾਰ ਪ੍ਰੋ: ਨਰਿੰਜਨ ਤਸਨੀਮ
ਪੌਣੀ ਸਦੀ ਤੋਂ ਨਾਵਲ ਸਿਰਜਣਾ ਦੇ ਖੇਤਰ ਵਿਚ ਕਰਮਸ਼ੀਲ ਰਹੇ ਸਾਡੇ ਵੱਡੇ ਵਡੇਰੇ ਨਾਵਲਕਾਰ ਪ੍ਰੋਫ਼ੈਸਰ ਨਿਰੰਜਨ ਤਸਨੀਮ ਦੇ ਦਸ ਨਾਵਲਾਂ ਕਸਕ, ਪਰਛਾਵੇਂ, ਤਰੇੜਾਂ ਤੇ ਰੂਪ, ਰੇਤ ਛਲ, ਹਨੇਰਾ ਹੋਣ ਤੱਕ, ਇੱਕ ਹੋਰ ਨਵਾਂ ਸਾਲ, ਜਦੋਂ ਸਵੇਰ ਹੋਈ, ਜੁਗਾਂ ਤੋਂ ਪਾਰ, ਗੁਆਚੇ ਅਰਥ ਅਤੇ ਤਲਾਸ਼ ਕੋਈ ਸਦੀਵੀ ਨੂੰ ਇੱਕੋ ਸਮੇਂ ਪੰਜਾਬੀ ਭਵਨ ਦੇ ਵਿਹੜੇ ਲੁਧਿਆਣਾ ਵਿਖੇ ਲੋਕ ਅਰਪਣ ਕੀਤਾ ਸੀ ਅਸਾਂ ਜਸਵੰਤ ਸਿੰਘ ਕੰਵਲ ਦੀ ਸਦਾਰਤ ਥੱਲੇ। ਹੁਣ ਦੋਵੇਂ ਉੱਤੋੜਿੱਤੀ 2019 ਵਿੱਚ ਸਾਨੂੰ ਫ਼ਤਹਿ ਬੁਲਾ ਗਏ। ਦੋਵੇਂ ਸਾਡੇ ਸਿਰ ਤੇ ਘਣਛਾਵੇਂ ਬਿਰਖ ਸਨ।
ਪ੍ਰੋਫ਼ੈਸਰ ਨਿਰੰਜਨ ਤਸਨੀਮ ਅੰਮ੍ਰਿਤਸਰ ਵਿੱਚ ਪਹਿਲੀ ਮਈ 1929 ਪੈਦਾ ਹੋਏ ਤੇ 17 ਅਗਸਤ 2019 ਨੂੰ ਸ਼ਾਮੀ ਚਾਰ ਵਜੇ ਆਖਰੀ ਸਲਾਮ ਕਹਿ ਗਏ। 30 ਅਪਰੈਲ ਨੂੰ ਸ: ਜਗਦੇਵ ਸਿੰਘ ਜੱਸੋਵਾਲ ਜੀ ਦਾ ਜਨਮ ਦਿਨ ਹੁੰਦਾ ਸੀ, ਪਹਿਲੀ ਮਈ ਨੂੰ ਤਸਨੀਮ ਜੀ ਦੀ ਤੇ ਦੋ ਮਈ ਨੂੰ ਮੇਰਾ। ਦੋ ਤਿੰਨ ਵਾਰ ਅਸਾਂ ਜਨਮ ਦਿਨ ਇਕੱਠਿਆਂ ਵੀ ਮਨਾਇਆ। ਉਹ ਕੁਲੀਨ ਵਰਗ ਦੇ ਪ੍ਰਤੀਨਿਧ ਸਨ। ਹਰ ਗੱਲ ਬਹੁਤ ਸਲੀਕੇ ਨਾਲ ਲਿਖਦੇ ਪੜ੍ਹਦੇ ਤੇ ਬੋਲਦੇ। ਇੱਕ ਹੋਰ ਨਵਾਂ ਸਾਲ ਨਾਵਲ ਕਈ ਸਾਲ ਲਗਾਤਾਰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਸਵੀਂ ਜਮਾਤ ਲਈ ਸਿਲੇਬਸ ਦਾ ਹਿੱਸਾ ਰਿਹਾ। ਆਮ ਲੋਕਾਂ ਚ ਬਹੁਤ ਹਰਮਨ ਪਿਆਰੇ ਹੋਏ ਇਸ ਨਾਲ ਉਹ। ਪੰਜਾਬੀ ਕਵੀ ਈਸ਼ਵਰ ਚਿਤਰਕਾਰ ਚ ਉਨ੍ਹਾਂ ਦੀ ਵਿਸ਼ੇਸ਼ ਦਿਲਚਸਪੀ ਰਹੀ ਉਮਰ ਭਰ। ਦੋਵੇਂ ਕਿਸੇ ਵੇਲੇ ਸ਼ਿਮਲੇ ਇਕੱਠੇ ਰਹੇ ਸਨ ਨੌਕਰੀ ਕਾਰਨ। ਉਨ੍ਹਾਂ ਦਾ ਨਾਵਲ ਜੁਗਾਂ ਤੋਂ ਪਾਰ ਈਸ਼ਵਰ ਚਿਤਰਕਾਰ ਜੀ ਬਾਰੇ ਹੀ ਹੈ। ਪੁਰਦਮਨ ਸਿੰਘ ਬੇਦੀ ਨਾਲ ਮਿਲ ਕੇ ਉਨ੍ਹਾਂ ਈਸ਼ਵਰ ਚਿਤਰਕਾਰ ਸਿਮਰਤੀ ਗਰੰਥ ਵੀ ਸੰਪਾਦਿਤ ਕੀਤਾ ਸੀ। ਆਪਣੇ ਪਰਿਵਾਰਕ ਮੁਖੀਆਂ ਤਾਇਆ ਜੀ ਉਰਦੂ ਸ਼ਾਇਰ ਪੂਰਨ ਸਿੰਘ ਹੁਨਰ ਅਤੇ ਮਹਿੰਦਰ ਸਿੰਘ ਕੌਸਰ ਪਾਸੋਂ ਅਦਬੀ ਚਿਣਗ ਹਾਸਿਲ ਕਰਕੇ ਆਪ ਨੇ ਉਰਦੂ ਅਤੇ ਪੰਜਾਬੀ ਵਿੱਚ ਸਾਹਿਤ ਸਿਰਜਣਾ ਆਰੰਭੀ। 1929 ਵਿੱਚ ਪੈਦਾ ਹੋਏ ਇਸ ਲੰਮੇ ਕੱਦ ਕਾਠ ਵਾਲੇ ਗੱਭਰੂ ਨੇ 1945-46 ਵਿੱਚ ਅੰਮ੍ਰਿਤਸਰ ਦੇ ਕਾਲਜਾਂ ਵਿੱਚ ਪੜ੍ਹਦਿਆਂ ਹੀ ਉਰਦੂ ਵਿੱਚ ਲਿਖਣਾ ਸ਼ੁਰੂ ਕਰ ਦਿੱਤਾ ਪਰ ਇਨ੍ਹਾਂ ਦੀ ਸਾਹਿਤਕ ਜੀਵਨੀ ਦਾ ਆਰੰਭ 1959 ਨੂੰ ਹੋਇਆ ਜਦ ਉਨ੍ਹਾਂ ਨੇ ਉਰਦੂ ਵਿੱਚ ਪਹਿਲਾ ਨਾਵਲ ‘ਸੋਗਵਾਰ’ ਲਿਖਿਆ ।ਇਹ ਨਾਵਲ 1960 ਵਿੱਚ ਪ੍ਰਕਾਸ਼ਿਤ ਹੋਇਆ। 1962 ਵਿੱਚ ਉਨ੍ਹਾਂ ਦਾ ਦੂਸਰਾ ਉਰਦੂ ਨਾਵਲ ‘ਮੋਨਾਲੀਜ਼ਾ’ ਛਪ ਕੇ ਹਿੰਦ ਪਾਕਿ ਦੇ ਅਦਬੀ ਹਲਕਿਆਂ ਕੋਲ ਪੁੱਜਾ।
ਪ੍ਰੋ: ਨਰਿੰਜਨ ਤਸਨੀਮ ਨੇ ਪੰਜਾਬੀ ਵਿੱਚ ਸਾਹਿਤ ਸਿਰਜਣਾ ‘ਪਰਛਾਵੇਂ’ ਨਾਵਲ ਨਾਲ ਸ਼ੁਰੂ ਕੀਤੀ ਅਤੇ 1966 ਵਿੱਚ ਉਹਨਾਂ ਦਾ ਪਹਿਲਾ ਪੰਜਾਬੀ ਨਾਵਲ ਕਸਕ ਛਪ ਕੇ ਆਇਆ। ਸਾਲ 2000 ਤੀਕ ਉਨ੍ਹਾਂ ਦੇ ਦਸ ਨਾਵਲ ਪਾਠਕਾਂ ਕੋਲ ਪਹੁੰਚੇ ਅਤੇ ਸ਼ਹਿਰੀ ਪਿਛੋਕੜ ਦੇ ਬਾਵਜੂਦ ਉਨ੍ਹਾਂ ਦੀ ਲਿਖਤ ਪੇਂਡੂ ਅਤੇ ਸ਼ਹਿਰੀ ਹਲਕਿਆਂ ਵਿੱਚ ਇੱਕੋ ਜਿੰਨੀ ਸਲਾਹੀ ਗਈ। ਪੰਜਾਬ ਦੀਆਂ ਲਗਪਗ ਸਾਰੀਆਂ ਯੂਨੀਵਰਸਿਟੀਆਂ ਅਤੇ ਸਕੂਲ ਸਿੱਖਿਆ ਬੋਰਡ ਨੇ ਉਨ੍ਹਾਂ ਦੇ ਨਾਵਲਾਂ ਨੂੰ ਸਿਲੇਬਸ ਦਾ ਹਿੱਸਾ ਬਣਾਇਆ ਜਿਸ ਕਾਰਨ ਨਵੀਂ ਪੀੜ੍ਹੀ ਦੀ ਰੂਹ ਨਾਲ ਉਨ੍ਹਾਂ ਦੀ ਸਿਰਜਣਾਤਮਕ ਸਾਂਝ ਪੈ ਗਈ। ਪ੍ਰੋ. ਨਰਿੰਜਨ ਤਸਨੀਮ ਪੰਜਾਬ ਭਾਸ਼ਾ ਵਿਭਾਗ ਦੇ ਸਾਹਿਤ ਰਤਨ ਪੁਰਸਕਾਰ ਨਾਲ ਸਨਮਾਨਿਤ ਲੇਖਕ ਸਨ। ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ ਵੱਲੋਂ ਵੀ ਬਹੁਤ ਪਹਿਲਾਂ ਉਨ੍ਹਾਂ ਨੂੰ 1993 ਸ. ਕਰਤਾਰ ਸਿੰਘ ਧਾਲੀਵਾਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ ਪੰਜਾਬ ਦੇ ਸਿੱਖਿਆ ਮੰਤਰੀ ਸ. ਲਖਮੀਰ ਸਿੰਘ ਰੰਧਾਵਾ ਨੇ ਉਨ੍ਹਾਂ ਨੂੰ 1995 ਵਿੱਚ ਸ਼੍ਰੋਮਣੀ ਪੰਜਾਬੀ ਸਾਹਿਤਕਾਰ ਵਜੋਂ ਆਦਰ ਮਾਣ ਦਿੱਤਾ।
ਭਾਰਤੀ ਸਾਹਿਤ ਅਕੈਡਮੀ ਵੱਲੋਂ ਤਸਨੀਮ ਜੀ ਨੂੰ 1999 ਵਿੱਚ ਭਾਰਤੀ ਸਾਹਿਤ ਅਕੈਡਮੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ।ਸਾਹਿਤ ਸੰਸਥਾਨ ਲੁਧਿਆਣਾ ਨੇ ਉਨ੍ਹਾਂ ਨੂੰ ਸਰਵੋਤਮ ਪੰਜਾਬੀ ਗਲਪਕਾਰ ਪੁਰਸਕਾਰ ਨਾਲ 1994 ਵਿੱਚ ਨਿਵਾਜਿਆ। ਇੰਡੀਅਨ ਇੰਸਟੀਚਿਊਟ ਆਫ ਐਡਵਾਂਸ ਸਟੱਡੀ ਦੇ ਆਪ 1998-99ਦੌਰਾਨ ਫੈਲ ਰਹੇ। ਗੌਰਮਿੰਟ ਕਾਲਿਜ ਟਾਂਡਾ, ਕਪੂਰਥਲਾ , ਫ਼ਰੀਦਕੋਟ , ਲੁਧਿਆਣਾ ਤੇ ਗੁਰੂ ਹਰਗੋਬਿੰਦ ਖਾਲਸਾ ਕਾਲਿਜ ਗੁਰੂਸਰ ਸਧਾਰ (ਲੁਧਿਆਣਾ) ਵਿੱਚ ਸਾਰੀ ਜ਼ਿੰਦਗੀ ਅੰਗਰੇਜ਼ੀ ਪੜ੍ਹਾਉਣ ਵਾਲੇ ਪ੍ਰੋ ਤਸਨੀਮ ਨੇ ਪੰਜਾਬੀ ਆਲੋਚਨਾ ਦੇ ਖੇਤਰ ਵਿੱਚ ਵੀ ਦਸ ਮਹੱਤਵਪੂਰਨ ਪੁਸਤਕਾਂ ਦਿੱਤੀਆਂ ਪੰਜਾਬੀ ਨਾਵਲ ਦਾ ਮੁਹਾਂਦਰਾ ‘ਮੇਰੀ ਨਾਵਲ ਨਿਗਾਰੀ’, ਨਾਵਲ ਕਲਾ ਅਤੇ ਮੇਰਾ ਅਨੁਭਵ, ਆਈਨੇ ਦੇ ਰੂ-ਬਰੂ, ਆਧੁਨਿਕ ਪ੍ਰਵਿਰਤੀਆਂ ਅਤੇ ਪੰਜਾਬੀ ਨਾਵਲ’ ਤੋਂ ਇਲਾਵਾ ਸਮਕਾਲੀ ਸਾਹਿਤਕ ਸੰਦਰਭ ਯੂਨੀਵਰਸਿਟੀ ਅਧਿਆਪਕਾਂ ਲਈ ਮਾਰਗ ਦਰਸ਼ਕ ਪੁਸਤਕਾਂ ਹਨ ।
ਅੰਗਰੇਜ਼ੀ ਵਿੱਚ ਵੀ ਉਨ੍ਹਾਂ ਨੇ ਪੰਜਾਬੀ ਸਾਹਿਤ ਬਾਰੇ ਪੰਜ ਕਿਤਾਬਾਂ ਲਿਖੀਆਂ ਜਿਨ੍ਹਾਂ ਵਿੱਚੋਂ ਕਾਦਰ ਯਾਰ ਬਾਰੇ ਲਿਖੀ ਪੁਸਤਕ ਨੂੰ ਭਾਰਤੀ ਸਾਹਿਤ ਅਕੈਡਮੀ ਨੇ ਪ੍ਰਕਾਸ਼ਿਤ ਕੀਤਾ। ਉਹ ਪੰਜਾਬੀ ਤੋਂ ਅੰਗਰੇਜ਼ੀ ਚ ਬਹੁਤ ਚੰਗੇ ਅਨੁਵਾਦਕ ਸਨ। ਮੈਨੂੰ ਮਾਣ ਹੈ ਕਿ ਉਨ੍ਹਾਂ ਮੇਰੀਆਂ ਵੀ ਕੁਝ ਕਵਿਤਾਵਾਂ ਅਨੁਵਾਦ ਕਰਕੇ ਸੋਵੀਅਤ ਲੈਂਡ ਮੈਗਜ਼ੀਨ ਚ ਛਪਵਾਈਆਂ।
ਅੰਗਰੇਜ਼ੀ ਅਖ਼ਬਾਰਾਂ ਵਿੱਚ ਲਗਾਤਾਰ ਕਾਲਮ ਲਿਖਣ ਵਾਲੇ ਪ੍ਰੋ. ਨਰਿੰਜਨ ਤਸਨੀਮ ਨੇ ਅਨੇਕਾਂ ਮਹੱਤਵਪੂਰਨ ਪੁਸਤਕਾਂ ਨੂੰ ਪੰਜਾਬੀ ਤੋਂ ਅੰਗਰੇਜ਼ੀ ਅਤੇ ਅੰਗਰੇਜ਼ੀ ਤੋਂ ਪੰਜਾਬੀ ਵਿੱਚ ਉਲਥਾਇਆ ਹੈ। ਆਪਣੀ ਸਿਰਜਣਾਤਮਕ ਸਿਖ਼ਰ ਉਹ ਫਰੀਦਕੋਟ ਨੂੰ ਹੀ ਮੰਨਦੇ ਸਨ। ਪਿਛਲੇ ਸਾਢੇ ਤਿੰਨ ਦਹਾਕਿਆਂ ਤੋਂ ਲੁਧਿਆਣਾ ਸ਼ਹਿਰ ਦੇ ਪੱਖੋਵਾਲ ਰੋਡ ਸਥਿਤ ਵਿਸ਼ਾਲ ਨਗਰ ਇਲਾਕੇ ਵਿੱਚ ਵੱਸਦੇ ਪ੍ਰੋ. ਨਰਿੰਜਨ ਤਸਨੀਮ ਉਮਰ ਦੇ 89ਵੇੰ ਡੰਡੇ ਤੀਕ ਸਿੱਧੇ ਸਤੋਰ ਖੜ੍ਹੇ ਰਹੇ ਪਰ 90ਵਾਂ ਚੜ੍ਹਨ ਸਾਰ ਡੋਲ ਗਏ। ਆਪਣੇ ਇਕਲੌਤੇ ਪੁੱਤਰ ਡਾ: ਗੁਰਿੰਦਰਜੀਤ ਸਿੰਘ ਤੇ ਧੀਆਂ ਪੁੱਤਰਾਂ ਤੋਂ ਇਲਾਵਾ ਵਿਸ਼ਾਲ ਪਾਠਕ ਵਰਗ ਤੇ ਮਿੱਤਰ ਮੰਡਲ ਉਨ੍ਹਾਂ ਨੂੰ 17 ਅਗਸਤ ਨੂੰ ਪੰਜਵੀਂ ਬਰਸੀ ਤੇ ਅੱਜ ਚੇਤੇ ਕਰੇਗਾ।
ਪ੍ਰੋ. ਨਰਿੰਜਨ ਤਸਨੀਮ ਹੋਰਾਂ ਦੇ ਜਾਣ ਤੇ ਪੁਰਾਣੇ ਬਜ਼ੁਰਗ ਲੇਖਕ ਡਾ: ਭਾਈ ਜੋਧ ਸਿੰਘ, ਪ੍ਰੋਫੈਸਰ ਮੋਹਨ ਸਿੰਘ, ਸੰਤ ਸਿੰਘ ਸੇਖੋਂ, ਕੁਲਵੰਤ ਸਿੰਘ ਵਿਰਕ, ਸੋਹਣ ਸਿੰਘ ਸੀਤਲ, ਸ. ਸ. ਨਰੂਲਾ, ਅਜਾਇਬ ਚਿਤਰਕਾਰ, ਸ: ਜੀਵਨ ਸਿੰਘ ਲਾਹੌਰ ਬੁੱਕ ਸ਼ਾਪ, ਪ੍ਰਿੰ: ਪ ਸ ਬਜਾਜ , ਡਾ: ਪਰਮਿੰਦਰ ਸਿੰਘ, ਕ੍ਰਿਸ਼ਨ ਅਦੀਬ ਤੇ ਕਈ ਹੋਰ ਚਿਹਰੇ ਯਾਦ ਆ ਰਹੇ ਹਨ ਜਿਨ੍ਹਾਂ ਦੇ ਹੁੰਦਿਆਂ ਲੁਧਿਆਣਾ ਕਿੰਨਾ ਭਰਿਆ ਭਰਿਆ ਤੇ ਅਮੀਰ ਹੁੰਦਾ ਸੀ। ਪ੍ਰੋਫੈਸਰ ਮੋਹਨ ਸਿੰਘ ਦੇ ਇਸ ਸ਼ੇਅਰ ਨਾਲ ਗੱਲ ਮੁਕਾਵਾਂਗਾ।
ਫੁੱਲ ਹਿੱਕ ਵਿੱਚ ਜੰਮੀ ਪਲੀ ਖੁਸ਼ਬੂ ਜਾਂ ਉੱਡ ਗਈ,
ਅਹਿਸਾਸ ਹੋਇਆ ਫੁੱਲ ਨੂੰ ਰੰਗਾਂ ਦੇ ਭਾਰ ਦਾ।

◾️ਗੁਰਭਜਨ ਗਿੱਲ
