ਅਜਿਹੇ ਬਹੁਤ ਘੱਟ ਖੁਸ਼ਕਿਸਮਤ ਕਲਾਕਾਰ ਹੁੰਦੇ ਹਨ ਜਿਨ੍ਹਾਂ ਦੀ ਅਦਾਕਾਰੀ ਅਤੇ ਉਹਨਾਂ ਦੁਆਰਾ ਨਿਭਾਏ ਰੋਲ ਉਹਨਾਂ ਦੀ ਪਛਾਣ ਬਣ ਜਾਂਦੇ ਹਨ। ਕੁੱਝ ਖ਼ਾਸ ਅਦਾਕਾਰ ਹੀ ਹੁੰਦੇ ਹਨ ਜੋ ਆਪਣੀ ਅਦਾਕਾਰੀ ਦੀ ਛਾਪ ਦਰਸ਼ਕਾਂ ਦੇ ਦਿਲਾਂ ਵਿੱਚ ਇਸ ਕ਼ਦਰ ਛੱਡ ਦਿੰਦੇ ਹਨ ਕਿ ਦਰਸ਼ਕ ਉਹਨਾਂ ਦੇ ਅਸਲ ਨਾਂ ਨੂੰ ਭੁੱਲ ਕੇ ਉਹਨਾਂ ਦੇ ਅਦਾਕਾਰੀ ਵਾਲੇ ਨਾਮ ਨੂੰ ਸਦਾ ਲਈ ਜ਼ਿਹਨ ਵਿੱਚ ਵਸਾ ਲੈਂਦੇ ਹਨ।ਚਾਚੀ ਅਤਰੋ ਨਾਲ ਮਸ਼ਹੂਰ ਸਰੂਪ ਪਰਿੰਦਾ,ਨਿਰਮਲ ਰਿਸ਼ੀ ਗੁਲਾਬੋ ਮਾਸੀ ਵਜੋਂ ਅਤੇ ਇਸੇ ਹੀ ਲੜੀ ਨੂੰ ਅੱਗੇ ਤੋਰਦਿਆਂ ਅਜੋਕੇ ਸਮੇਂ ਵਿੱਚ ਸੱਸ ਦੇ ਰੂਪ ਵਿੱਚ ਅਨੀਤਾ ਦੇਵਗਨ ਨੇ ਦਰਸ਼ਕਾਂ ਨਾਲ ਡੂੰਘੀ ਸਾਂਝ ਬਣਾ ਲਈ ਹੈ।
18 ਮਾਰਚ 1975 ਨੂੰ ਅਮ੍ਰਿਤਸਰ ਵਿੱਚ ਜਨਮੀ ਅਨੀਤਾ ਦੇਵਗਨ ਨੂੰ ਸਕੂਲੀ ਸਮੇਂ ਤੋਂ ਹੀ ਐਕਟਿੰਗ ਦਾ ਬਹੁਤ ਸ਼ੌਕ ਸੀ।ਸਕੂਲ ਵਿੱਚ ਹੁੰਦੇ ਸੱਭਿਆਚਾਰ ਪ੍ਰੋਗਰਾਮ ਅਤੇ ਉਸ ਤੋਂ ਬਾਅਦ ਕਾਲਜ਼ ਦੇ ਸੱਭਿਆਚਾਰ ਮੁਕਾਬਲਿਆਂ ਨੇ ਉਸ ਦੀ ਅਦਾਕਾਰੀ ਨੂੰ ਥੀਏਟਰ ਵੱਲ ਆਉਣ ਲਈ ਪ੍ਰੇਰਿਤ ਕੀਤਾ।1990 ਦੇ ਦਹਾਕੇ ਵਿੱਚ ਥੀਏਟਰ ਤੋਂ ਆਪਣੀ ਅਦਾਕਾਰੀ ਦੀ ਸ਼ੁਰੂਆਤ ਕਰਨ ਵਾਲੀ ਅਨੀਤਾ ਦੇਵਗਨ ਨੇ ਜਲੰਧਰ ਦੂਰਦਰਸ਼ਨ ਤੇ ਆਪਣਾ ਪਹਿਲਾ ਸੀਰੀਅਲ ਪੰਚਨੀ ਕੀਤਾ ਜਿਸਨੂੰ ਦਰਸ਼ਕਾਂ ਨੇ ਭਰਪੂਰ ਪਿਆਰ ਦਿੱਤਾ।ਇਸ ਤੋਂ ਬਾਅਦ ਜਲੰਧਰ ਦੂਰਦਰਸ਼ਨ ਤੇ ਹੋਰ ਸੀਰੀਅਲ ਜਿਵੇਂ ਲੋਰੀ ਅਤੇ ਹਕੀਮ ਤਾਰਾ ਚੰਦ ਕਰਦੇ ਹੋਏ 2008 ਵਿੱਚ ਪੰਜਾਬੀ ਫ਼ਿਲਮ ਹਸ਼ਰ ਏ ਲਵ ਸਟੋਰੀ ਵਿੱਚ ਅਦਾਕਾਰੀ ਨਾਲ ਦਰਸ਼ਕਾਂ ਦੇ ਮਨਾਂ ਤੇ ਡੂੰਘੀ ਛਾਪ ਛੱਡੀ।ਇਸ ਤੋਂ ਬਾਅਦ ਅਨੀਤਾ ਦੇਵਗਨ ਦੀ ਅਦਾਕਾਰੀ ਦੀਆਂ ਧੂੰਮਾਂ ਚਾਰੇ ਪਾਸੇ ਪੈ ਗਈਆਂ ਅਤੇ ਪੰਜਾਬੀ ਸਿਨੇਮਾ ਵਿੱਚ ਇੱਕ ਤੋਂ ਬਾਅਦ ਇੱਕ ਬਿਹਤਰੀਨ ਫ਼ਿਲਮਾਂ ਦਿੱਤੀਆਂ। ਅਨੀਤਾ ਦੇਵਗਨ ਨੇ ਪੰਜਾਬਣ ਲਵ ਰੂਲਜ ਹਾਰਟਸ,ਜੱਟ ਐਂਡ ਜੂਲੀਅਟ, ਜੱਟ ਐਂਡ ਜੂਲੀਅਟ 2, ਫੇਰ ਮਾਮਲਾ ਗੜਬੜ ਗੜਬੜ, ਰੋਂਦੇ ਸਾਰੇ ਵਿਆਹ ਪਿੱਛੋਂ,ਪਰੋਪਰ ਪਟੋਲਾ,ਜੱਜ ਸਿੰਘ ਐੱਲ. ਐੱਲ. ਬੀ, ਕਪਤਾਨ,ਬੰਬੂਕਾਟ,ਠੱਗ ਲਾਈਫ,ਗੋਲਕ ਬੁਗਨੀ ਬੈਂਕ ਤੇ ਬਟੂਆ,ਕਾਲਾ ਸ਼ਾਹ ਕਾਲਾ,ਜੱਦੀ ਸਰਦਾਰ,ਪੁਆੜਾ, ਮੈਰਿਜ਼ ਪੈਲੇਸ,ਜੀ ਵਾਈਫ਼ ਜੀ,ਤੀਜਾ ਪੰਜਾਬ,ਮਿਸਟਰ ਐਂਡ ਮਿਸਿਜ਼ 420 ਰਿਟਰਨਜ,ਨੀ ਮੈਂ ਸੱਸ ਕੁੱਟਣੀ ਅਤੇ ਨੀ ਮੈਂ ਸੱਸ ਕੁੱਟਣੀ -2 ਰਾਹੀਂ ਆਪਣੀ ਅਦਾਕਾਰੀ ਦਾ ਲੋਹਾ ਪੂਰੇ ਸਿਨੇਮਾ ਜਗਤ ਨੂੰ ਮਨਵਾਇਆ।ਨੀ ਮੈਂ ਸੱਸ ਕੁੱਟਣੀ ਭਾਗ ਪਹਿਲਾ ਅਤੇ ਭਾਗ ਦੂਜੇ ਵਿੱਚ ਕੀਤੇ ਸੱਸ ਦੇ ਰੋਲ ਨੂੰ ਤਾਂ ਦਰਸ਼ਕਾਂ ਨੇ ਇਸ ਕ਼ਦਰ ਪਸੰਦ ਕੀਤਾ ਕਿ ਅਜੋਕੇ ਸਮੇਂ ਵਿੱਚ ਉਹ ਸੱਚ ਮੁੱਚ ਹੀ ਪੰਜਾਬੀ ਫ਼ਿਲਮਾਂ ਦੀ ਸੱਸ ਬਣ ਚੁੱਕੀ ਹੈ। ਆਪਣੇ ਪਤੀ ਹਰਦੀਪ ਗਿੱਲ ਨਾਲ ਮਿਲਕੇ ਉਸਨੇ ਸਾਫ਼ ਸੁਥਰੀ ਅਤੇ ਪਰਿਵਾਰਕ ਕਮੇਡੀ ਰਾਹੀਂ ਸਮਾਜ਼ ਦੀਆਂ ਬੁਰਾਈਆਂ ਤੇ ਚੋਟ ਕਰਕੇ ਇੱਕ ਜੁੱਟ ਹੋਣ ਦਾ ਹੋਕਾ ਦਿੱਤਾ।ਨੀ ਮੈਂ ਸੱਸ ਕੁੱਟਣੀ ਭਾਗ ਪਹਿਲੇ ਅਤੇ ਭਾਗ ਦੂਜੇ ਵਿੱਚ ਸੱਸ ਬਣ ਕੇ ਉਸਨੇ ਸੰਦੇਸ਼ ਦਿੱਤਾ ਕਿ ਜ਼ਰੂਰੀ ਨਹੀਂ ਕਿ ਸੱਸ ਹਮੇਸ਼ਾ ਬੁਰੀ ਹੀ ਹੋਵੇ ਜ਼ੇਕਰ ਸੱਸ ਅਤੇ ਨੂੰਹ ਇੱਕ ਦੂਜੇ ਨੂੰ ਸਮਝਣ ਤਾਂ ਮਾਂ ਧੀ ਬਣ ਕੇ ਵੀ ਰਹਿ ਸਕਦੀਆਂ ਹਨ। ਅਨੀਤਾ ਦੇਵਗਨ ਦੀ ਅਦਾਕਾਰੀ ਦੇਖਦੇ ਹੋਏ ਕਦੇ ਇਹ ਲੱਗਦਾ ਹੀ ਨਹੀਂ ਕਿ ਉਹ ਐਕਟਿੰਗ ਕਰ ਰਹੇ ਹਨ। ਉਹ ਮਿਲੇ ਕਿਰਦਾਰ ਵਿੱਚ ਆਪਣੇ ਆਪ ਨੂੰ ਪੂਰੀ ਤਰ੍ਹਾਂ ਢਾਲ ਲੈਂਦੇ ਹਨ।ਅਨੀਤਾ ਦੇਵਗਨ ਦੇ ਡਾਇਲਾਗ ਬੋਲਣ ਦਾ ਫਲੋਅ ਜਸਵਿੰਦਰ ਭੱਲੇ ਵਰਗਾ ਹੈ। ਬਿਨਾਂ ਕਿਸੇ ਅੜਚਣ ਅਤੇ ਰੋਕ ਟੋਕ ਦੇ ਇਸ ਕ਼ਦਰ ਬੋਲਦੇ ਹਨ ਕਿ ਹੱਸ ਹੱਸ ਕੇ ਦਰਸ਼ਕਾਂ ਦੇ ਢਿੱਡੀਂ ਪੀੜਾਂ ਅਤੇ ਅੱਖਾਂ ਵਿੱਚ ਹੰਝੂ ਆ ਜਾਂਦੇ ਹਨ।ਆਪਣੀ ਬਿਹਤਰੀਨ ਅਦਾਕਾਰੀ ਲਈ ਅਨੀਤਾ ਦੇਵਗਨ ਨੂੰ ਕਈ ਪੁਰਸਕਾਰਾਂ ਨਾਲ ਵੀ ਨਿਵਾਜਿਆ ਜਾ ਚੁੱਕਾ ਹੈ ਜਿਸ ਵਿੱਚ 2020 ਦਾ ਪੀ ਟੀ ਸੀ ਪੰਜਾਬੀ ਫ਼ਿਲਮ ਐਵਾਰਡ ਸਭ ਤੋਂ ਵਧੀਆ ਸਹਾਇਕ ਅਦਾਕਾਰਾ ਲਈ ਅਤੇ ਸਭ ਤੋਂ ਵਧੀਆ ਅਦਾਕਾਰਾ ਲਈ ਵਿਰਾਸਤ ਇੰਟਰਨੈਸ਼ਨਲ ਪੰਜਾਬੀ ਫ਼ਿਲਮ ਐਵਾਰਡ ਸ਼ਾਮਿਲ ਹਨ। ਅਨਿਤਾ ਦੇਵਗਨ ਦੀ ਅਦਾਕਾਰੀ ਤੋਂ ਬਿਨਾਂ ਪੰਜਾਬੀ ਫ਼ਿਲਮਾਂ ਅਧੂਰੀਆਂ ਹਨ।ਥੀਏਟਰ ਅਤੇ ਨੁੱਕੜ ਨਾਟਕਾਂ ਤੋਂ ਸ਼ੁਰੂ ਕਰਕੇ ਇੱਕ ਲੰਮਾਂ ਪੈਂਡਾ ਤੈਅ ਕਰਨ ਵਾਲੀ ਅਨੀਤਾ ਦੇਵਗਨ ਉਹਨਾਂ ਨੌਜਵਾਨਾਂ ਲਈ ਰਾਹ ਦਸੇਰਾ ਹਨ ਜ਼ੋ ਰਾਤੋਂ ਰਾਤ ਸਟਾਰ ਬਣ ਦਾ ਸੋਚਦੇ ਹਨ। ਅਨੀਤਾ ਦੇਵਗਨ ਦੀ ਸਫ਼ਲਤਾ ਇਹ ਸ਼ਾਹਦੀ ਭਰਦੀ ਹੈ ਕਿ ਸਫ਼ਲਤਾ ਇੱਕ ਦਿਨ ਵਿੱਚ ਨਹੀਂ ਮਿਲਦੀ ਪ੍ਰੰਤੂ ਇੱਕ ਨਾ ਇੱਕ ਦਿਨ ਜ਼ਰੂਰ ਮਿਲਦੀ ਹੈ।ਕੋਈ ਵੀ ਪਗਡੰਡੀ ਰਾਤੋਂ ਰਾਤ ਸ਼ਾਹ ਰਾਹ ਨਹੀਂ ਬਣ ਜਾਂਦੀ। ਸਫ਼ਲ ਹੋਣ ਦਾ ਕੋਈ ਸਾਹਟਕੱਟ ਨਹੀਂ, ਲਗਾਤਾਰ ਮਿਹਨਤ ਅਤੇ ਜਜ਼ਬੇ ਨਾਲ ਹੀ ਸਫ਼ਲਤਾ ਹਾਸਿਲ ਹੁੰਦੀ ਹੈ।ਆਪਣੀ ਅਦਾਕਾਰੀ ਨਾਲ ਛਾਪ ਛੱਡਣ ਵਾਲੀ ਅਨੀਤਾ ਦੇਵਗਨ ਦੀ ਲੰਮੀ ਉਮਰ ਅਤੇ ਚੰਗੀ ਸਿਹਤ ਦੀ ਅਰਦਾਸ ਕਰਦੇ ਹੋਏ ਸਮੁੱਚੇ ਦਰਸ਼ਕ ਵਰਗ ਨੂੰ ਭਵਿੱਖ ਵਿੱਚ ਵੀ ਉਹਨਾਂ ਤੋਂ ਕਾਮੇਡੀ ਅਤੇ ਸਮਾਜ਼ ਨੂੰ ਸੇਧ ਦੇਣ ਵਾਲੀਆਂ ਅਜਿਹੀਆਂ ਹੋਰ ਬਿਹਤਰੀਨ ਫ਼ਿਲਮ ਦੀ ਉਡੀਕ ਰਹੇਗੀ।
ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ
ਡਾਕਖਾਨਾ ਚੱਕ ਅਤਰ ਸਿੰਘ ਵਾਲਾ
ਤਹਿ ਅਤੇ ਜ਼ਿਲ੍ਹਾ ਬਠਿੰਡਾ
7087367969
