
ਕੌਮਾਂਤਰੀ ਸੁਟਾਵਾ ਗੁਰਬਖਸ਼ ਸਿੰਘ ਸਿੱਧੂ
ਕੌਮਾਂਤਰੀ ਪੱਧਰ ਦੇ ਵੈਟਰਨ ਖੇਡ ਮੁਕਾਬਲਿਆਂ ਵਿੱਚ ਟਰੈਕ ਐਂਡ ਫ਼ੀਲਡ ਦੇ ਦੋ ਈਵੈਂਟਾਂ ਹੈਮਰ ਥਰੋ ਅਤੇ ਡਿਸਕਸ ਥਰੋ ਵਿੱਚ ਗੋਲ੍ਡ ਮੈਡਲ ਹਾਸਿਲ ਕਰ ਚੁੱਕਾ ਪੰਜਾਬੀ ਸੁਟਾਵਾ ਐਨ.ਆਰ. ਆਈ. ਗੁਰਬਖ਼ਸ਼ ਸਿੰਘ ਸਿੱਧ ਪਿੱਛਲੇ ਕਈ ਦਹਾਕਿਆਂ ਤੋਂ ਅਮਰੀਕਾ ਰਹਿੰਦਾ ਹੋਇਆ ਪੰਜਾਬੀ ਸਿੱਖ ਭਾਈਚਾਰੇ ਦਾ ਸਿਰ ਮਾਣ ਨਾਲ ਉੱਚਾ ਕਰ ਰਿਹਾ ਹੈ | ਇਹ ਗੱਲ ਆਮ ਹੀ ਸੁਣਦੇ ਹਾਂ ਕਿ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਕੋਲ ਡਾਲਰ ਕਮਾਉਣ ਤੋਂ ਵਿਹਲ ਨੀ | ਪਰ ਗੁਰਬਖ਼ਸ਼ ਸਿੰਘ ਸਿੱਧੂ ਆਪਣੀ ਰੁਝੇਵੇਂ ਭਰੀ ਜ਼ਿੰਦਗੀ ਵਿੱਚੋਂ ਖੇਡਾਂ ਲਈ ਸਮਾਂ ਕੱਢਕੇ ਜਿਥੇ ਆਪਣੀ ਜ਼ਿੰਦਗੀ ਵਿੱਚ ਖੇੜਾ ਭਰ ਰਿਹਾ ਹੈ ਉਥੇ ਉਹ ਬੇਗਾਨੀ ਧਰਤੀ ਤੇ ਅਮਰੀਕੀ ਖਿਡਾਰੀਆਂ ਨਾਲ ਮੁਕਾਬਲਾ ਕਰਦਾ ਹੋਇਆ ਜਿੱਤ ਮੰਚ ਤੇ ਚੜ੍ਹ ਸਮੁੱਚੀ ਸਿੱਖ ਕੌੌਮ ਅਤੇ ਪੰਜਾਬੀਆਂ ਨੂੰ ਫਖਰ ਮਹਿਸੂਸ ਕਰਵਾ ਦਿੱਤਾ |
ਬੀਤੇ ਸਾਲ 2024 ਦੇ ਜੁਲਾਈ ਮਹੀਨੇ ਚ ਮੈਕਸੀਕੋ ਸੂਬੇ ਦੇ ਸ਼ਹਿਰ ਐਲਬਾਕਰਕੀ ਵਿੱਚ ਹੋਈਆਂ 40 ਵੀਆਂ ਸੀਨੀਅਰ ਓਲੰਪਿਕ ਖੇਡਾਂ ਵਿੱਚ ਗੁਰਬਖ਼ਸ਼ ਸਿੰਘ ਸਿੱਧੂ ਨੇ ਹੈਮਰ ਥਰੋ ਵਿੱਚੋਂ ਗੋਲ੍ਡ ਮੈਡਲ ਅਤੇ ਡਿਸਕਸ ਥਰੋ ਵਿੱਚੋਂ ਸਿਲਵਰ ਮੈਡਲ ਜਿੱਤਕੇ ਕੁਲ ਸੰਸਾਰ ਵਿੱਚ ਪੰਜਾਬੀਆਂ ਦੀ ਬੱਲੇ ਬੱਲੇ ਕਰਵਾ ਦਿੱਤੀ | ਇਸ ਤੋਂ ਇਲਾਵਾ ਅਮਰੀਕਾ ਦੇ ਯੂੂਟਾ ਸੂਬੇ ਵਿੱਚ ਹੰਸਟਮੈੈਂਟ ਵਰਲਡ ਸੀਨੀਅਰ ਅਥਲੈਟਿਕ ਮੀਟ ਵਿੱਚ ਉਸਨੇ ਡਿਸਕਸ ਥਰੋ ਵਿੱਚੋਂ ਸੌਨ ਤਗਮਾ , ਹੈਮਰ ਥਰੋ ਵਿੱਚੋਂ ਚਾਂਦੀ ਅਤੇ ਸ਼ਾਟਪੁੱਟ ਵਿੱਚੋਂ ਕਾਂਸੀ ਦਾ ਤਗਮਾ ਜਿੱਤਕੇ ਇਹਨਾਂ ਈਵੈਂਟਾਂ ਵਿੱਚ ਆਪਣੀ ਝੰਡੀ ਹੋਰ ਉੱਪਰ ਕੀਤੀ |
ਗੁਰਬਖ਼ਸ਼ ਸਿੰਘ ਸਿੱਧੂ ਦਾ ਜਨਮ ਜਿਲ੍ਹਾ ਸੰਗਰੂਰ ਦੇ ਪਿੰਡ ਚੰਗਾਲ ਵਿਖੇ ਪਿਤਾ ਸ੍ਰ ਬਚਨ ਸਿੰਘ ਦੇ ਘਰ ਮਾਤਾ ਹਰਦੇਵ ਕੌਰ ਦੀ ਕੁੱਖੋਂ 15 ਜੂਨ 1955 ਨੂੰ ਹੋਇਆ | ਆਪਣੀ ਸਕੂਲੀ ਪੜ੍ਹਾਈ ਗੁਰੂ ਨਾਨਕ ਸਕੂਲ ਸੰਗਰੂਰ ਤੋਂ ਪੂਰੀ ਕਰਨ ਉਪਰੰਤ ਸਿੱਧੂ ਨੇ ਸਰਕਾਰੀ ਰਣਬੀਰ ਕਾਲਜ ਸੰਗਰੂਰ ਤੋਂ ਗਰੈਜ਼ੂਏਸ਼ਨ ਦੀ ਡਿਗਰੀ ਹਾਸਿਲ ਕੀਤੀ ਤੇ ਮੋਹਿੰਦਰਾ ਕਾਲਜ ਪਟਿਆਲਾ ਤੋਂ ਐਮ.ਏ. ਹਿਸਟਰੀ ਕੀਤੀ | ਕਾਲਜ ਦੀ ਪੜ੍ਹਾਈ ਦੌਰਾਨ ਗੁਰਬਖ਼ਸ਼ ਸਿੰਘ ਸਿੱਧੂ ਨੇ ਅਥਲੈਟਿਕ ਦੇ ਡਿਸਕਸ ਥਰੋ , ਹੈਮਰ ਥਰੋ ਅਤੇ ਸ਼ਾਟ ਪੁਟ ਈਵੈਂਟਾਂ ਵਿੱਚ ਅੰਤਰ ਕਾਲਜ ਮੁਕਾਬਲੇ ਜਿੱਤੇ ਤੇ ਉਜੈਨ ਵਿਖੇ 1979 ਵਿਚ ਹੋਈ ਆਲ ਇੰਡੀਆ ਅੰਤਰ ਯੂਨੀਵਰਸਿਟੀ ਮੁਕਾਬਲਿਆਂ ਵਿੱਚ ਭਾਗ ਲਿਆ | 1979 ਵਿੱਚ ਹੀ ਵਿਆਹ ਦੇ ਬੰਧਨ ਚ ਬੱਝ ਕੇ ਉਹ ਪੰਜਾਬ ਦੇ ਪਿੰਡ ਚੰਗਾਲ ਤੋਂ ਅਮਰੀਕਾ ਦੀ ਖੂਬਸੂਰਤ ਸਟੇਟ ਕੈਲੋਫੋਰਨੀਆਂ ਦੀਆਂ ਵਾਦੀਆਂ ਵਿੱਚ ਵਸੇ ਸ਼ਹਿਰ ਫਰਿਜ਼ਨੋ ਆ ਗਿਆ | ਜਿਥੇ ਉਸਨੇ ਆਪਣੇ ਕੰਮ-ਕਾਰ ਦੇ ਨਾਲ ਨਾਲ ਖੇਡਾਂ ਦੇ ਸੌਂਕ ਨੂੰ ਜਿੰਦਾ ਰੱਖਦੇ ਹੋਏ ਆਪਣੀਆ ਖੇਡ ਪ੍ਰਾਪਤੀਆਂ ਨਾਲ ਵੱਖਰੀ ਪਹਿਚਾਣ ਬਣਾਈ ਹੈ | ਸਿੱਧੂ ਨੇ ਸਮੇਂ ਸਮੇਂ ਤੇ ਕੈਲੋਫੋਰਨੀਆ ਸਟੇਟ ਦੀ ਪ੍ਰਤੀਨਿਧਤਾ ਕੀਤੀ | ਇਸ ਤੋਂ ਬਿਨਾਂ ਉਹ ਪਿੱਛਲੇ 23 ਸਾਲ ਤੋਂ ਇੰਡੀਅਨ ਐਸੋਸੀਏਸ਼ਨ ਵਲੋਂ ਯੂਐਸਏ ਦੇ ਵੱਖ ਵੱਖ ਖੇਡ ਕਲੱਬਾਂ ਵਿੱਚ ਸਿਰਕਤ ਕਰਦਾ ਆ ਰਿਹਾ ਹੈ | ਖੇਡਾਂ ਪ੍ਰਤੀ ਜਨੂੰਨ ਉਹਨੂੰ ਕਦੇ ਵੀ ਵਿਹਲਾ ਨੀ ਰਹਿਣ ਦਿੰਦਾ | ਉਹ ਜਦੋਂ ਵੀ ਕੰਮ ਤੋਂ ਫਰੀ ਹੁੰਦਾ ਹੈ ਤਾਂ ਕਿਸੇ ਜਿਮ ਜਾਂ ਟਰੈਕ ਵਿੱਚ ਕਸਰਤ ਕਰਨ ਪੁੱਜ ਜਾਂਦਾ ਹੈ | ਉਸਨੇ ਆਪਣੀ ਮਿਹਨਤ ਅਤੇ ਲਗਨ ਨਾਲ ਅਮਰੀਕਾ ਦੇ ਸੀਨੀਅਰ ਖਿਡਾਰੀਆਂ ਵਿੱਚ ਆਪਣਾ ਨਾਮ ਸ਼ੁਮਾਰ ਕਰਵਾ ਲਿਆ ਹੈ | ਅਮਰੀਕਾ ਦੀਆਂ ਰਾਸ਼ਟਰੀ ਖੇਡਾਂ ਵਿੱਚ ਉਸਦਾ ਕਈ ਵਾਰ ਸਨਮਾਨ ਹੋ ਚੁੱਕਾ ਹੈ |
ਜਿਵੇਂ ਉਹਦਾ ਨਾਮ ਗੁਰਬਖਸ਼ ਹੈ ਉਵੇਂ, ਗੁਰੂ ਦੀ ਬਖਸ਼ਿਸ ਵੀ ਪੂਰੀ ਹੈ ਉਸ ਤੇ, ਤਾਂਹੀ ਤਾਂ ਖੇਡ ਮੈਦਾਨ ਵਿੱਚ ਕੀਤੀ ਮਿਹਨਤ ਕਰਕੇ ਉਹ ਸਰੀਰਿਕ ਤੌਰ ਤੇ ਪੂਰਾ ਫਿੱਟ ਤੇ ਸੋਹਣੀ ਦਿੱਖ ਵਾਲਾ ਹੈ | ਸੱਤਰ ਸਾਲ ਢੁੱਕਿਆ ਉਹ ਪੰਤਾਲੀ- ਪੰਜਾਹ ਸਾਲ ਦਾ ਹੀ ਲੱਗਦੈ | ਸਾਢੇ ਛੇ ਫੁੱਟ ਲੰਬਾ ਕੱਦ , ਚੌੜੀ ਛਾਤੀ, ਤਾਕਤਵਰ ਡੌਲੇ ਤੇ ਖੁੱਲੀ ਡੀਲ-ਡੌਲ ਨਾਲ ਉਹ ਪਹਿਲੀ ਹੀ ਦਿੱਖ ਵਿੱਚ ਇੱਕ ਤਕੜਾ ਖਿਡਾਰੀ ਨਜ਼ਰ ਆਉਂਦੈ | ਉਹਦੀ ਇਸ ਦਰਸ਼ਨੀ ਦਿੱਖ ਕਰਕੇ ਮਹਿਫ਼ਿਲ ਵਿੱਚ ਹਰ ਕੋਈ ਉਹਦੇ ਵੱਲ ਖਿੱਚਿਆ ਜਾਂਦੈ ਤੇ ਹਰੇਕ ਦਾ ਮਨ ਕਰਦੈ ਵੀ ਇਹਦੇ ਨੇੜੇ ਬੈਠਿਆ ਜਾਵੇ ਤੇ ਗੱਲਾਂ ਕੀਤੀਆਂ ਜਾਣ | ਜਦੋਂ ਗੁਰਬਖਸ਼ ਸਿੰਘ ਸਿੱਧੂ ਹੌਲੀ-ਹੌਲੀ ਤੇ ਮਿੱਠੀ ਆਵਾਜ਼ ਵਿੱਚ ਗੱਲਾਂ ਕਰਦੈ ,ਤਾਂ ਕੋਲ ਬੈਠੇ ਬੰਦੇ ਦਾ ਮਨ ਕਰਦੈ ਵੀ ਹੁਣ ਇਹਦੇ ਕੋਲੋਂ ਉੱਠਿਆ ਨਾ ਜਾਵੇ | ਉਹ ਠੇਠ ਪੰਜਾਬੀ ਬੋਲਦਾ ਬੋਲਦਾ ਜਦੋਂ ਅੰਗਰੇਜ਼ੀ ਚ ਗੱਲਾਂ ਕਰਨ ਲੱਗਦੈ ਤਾਂ ਇਉਂ ਜਾਪਦੈ ਜਿਉਂ ਕੋਈ ਗੋਰਾ ਅੰਗਰੇਜ ਪੱਗ ਬੰਨ ਸਰਦਾਰ ਬਣ ਗਿਆ ਹੋਵੇ | ਉਹਦੇ ਕੋਲ ਪਿੰਡਾਂ ਦੀਆਂ ਸੱਥਾਂ ਤੋਂ ਅਮਰੀਕਾ ਦੇ ਵ੍ਹਾਈਟ ਹਾਊਸ ਤੱਕ ਦੇ ਕਿੱਸੇ ਨੇ | ਉਹਨੂੰ ਚਿੱਬੜਾਂ ਦੀ ਚਟਨੀ ਦੇ ਸਵਾਦ ਦਾ ਵੀ ਪਤੈ ਤੇ ਅਮਰੀਕੀ ਡਿਸ਼ ਐੱਪਲ ਪਾਈ ਦਾ ਵੀ | ਉਹ ਪੰਜਾਬ ਦੇ ਖੇਡ ਸਭਿਆਚਾਰ ਤੋਂ ਅਮਰੀਕੀ ਸਪੋਰਟਸ ਕਲਕਰ ਤੱਕ ਦਾ ਜਾਣੂ ਹੈ | ਉਹਨੇ ਪੰਜਾਬ ਦੇ ਪਿੰਡ ਚੰਗਾਲ ਤੋਂ ਖੇਡਾਂ ਦੀ ਮਸਕ ਸ਼ੁਰੂ ਕੀਤੀ ਤੇ ਅਮਰੀਕਾ ਦੇ ਉਸ ਖੇਡ ਸਟੇਡੀਅਮ ਜਾ ਅਭਿਆਸ ਕੀਤਾ ਜਿਥੇ 1960 ਦੀਆਂ ਰੋਮ ਓਲੰਪਿਕ ਖੇਡਾਂ ਦੇ ਡਕੈਥਲਿਨ ਈਵੈਂਟ ਦੇ ਸੋਂਨ ਤਗਮਾ ਜੇਤੂ ਅਥਲੀਟ ਰਾਫਰ ਜੋਹਨਸ਼ਨ ਅਤੇ ਕਈ ਹੋਰ ਉੱਘੇ ਅਮਰੀਕੀ ਖਿਡਾਰੀ ਖੇਡ ਮਸਕ ਕਰਕੇ ਖੇਡ ਜਗਤ ਦੇ ਹੀਰੇ ਬਣੇ |
ਅਥਲੈਟਿਕ ਦੇ ਸਭ ਤੋਂ ਤਕਨੀਕੀ ਗਿਣੇ ਜਾਂਦੇ ਥਰੋੋਇੰਗ ਈਵੈਂਟਾਂ ਵਿੱਚ ਨਾਮਨਾ ਖੱਟਣਾ ਕਿੱਸੇ ਹਾਰੀ-ਸਾਰੀ ਦੇ ਵੱਸ ਦੀ ਗੱਲ ਨੀਂ ਹੁੰਦੀ ਪਰ ਗੁਰਬਖ਼ਸ਼ ਸਿੰਘ ਸਿੱਧੂ ਨੇ ਆਪਣੇ ਕੰਮ-ਕਾਰ ਦੇ ਨਾਲ ਨਾਲ ਅਤੇ ਆਪਣੀਆਂ ਪਰਿਵਾਰਿਕ ਜਿੰਮੇਵਾਰੀਆਂ ਨੂੰ ਵੀ ਨਿਭਾਉਂਦੇ ਹੋਏ ਖੇਡਾਂ ਦੇ ਖੇਤਰ ਵਿੱਚ ਵਿਦੇਸ਼ੀ ਧਰਤੀ ਤੇ ਆਪਣੀ ਜਿੱਤ ਦੇ ਝੰਡੇ ਗੱਡੇ ਨੇ | ਜਦੋਂ ਉਹ ਦਸਤਾਰ ਸਜਾਕੇ ਕੈਲੀਫੋਰਨੀਆ ਦਾ ਝੰਡਾ ਚੁੱਕ ਖੇਡ ਮੈਦਾਨ ਦਾ ਸ਼ਿੰਗਾਰ ਬਣਦਾ ਹੈ ਤਾਂ ਸਾਰੀ ਸਿੱਖ ਅਤੇ ਪੰਜਾਬੀ ਕੌਮ ਦਾ ਸਿਰ ਮਾਣ ਨਾਲ ਉੱਚਾ ਹੋ ਜਾਂਦਾ ਹੈ | ਸਮੁੱਚਾ ਸਿੱਖ ਅਤੇ ਪੰਜਾਬੀ ਭਾਈਚਾਰਾ ਉਸਦੀ ਹੋਰ ਤਰੱਕੀ ਅਤੇ ਚੜ੍ਹਦੀ ਕਲਾ ਲਈ ਉਸਨੂੰ ਸੁਭ ਇੱਛਾਵਾਂ ਦਿੰਦਾ ਹੈ |

ਪ੍ਰੋ ਹਰਦੀਪ ਸਿੰਘ ਸੰਗਰੂਰ
9417665241