ਪੰਜਾਬੀ ਬੋਲੀ ਦੇ ਨਾਂ ‘ਤੇ ਪੰਜਾਬੀ ਬੋਲੀ ਦੇ ਸਰਵਣ ਪੁੱਤ ਹੋਣ ਦੇ ਦਾਅਵੇ ਕਰਨ ਵਾਲ਼ੇ ਵੱਡੇ-ਵੱਡੇ ਵਿਦਵਾਨ ਜਾਂ ਵੱਡੀਆਂ-ਵੱਡੀਆਂ ਸਾਹਿਤਕ ਸੰਸਥਾਵਾਂ ਨੇ 21 ਸਤੰਬਰ ਨੂੰ ਪੰਜਾਬੀ ਬੋਲੀ ਦੇ ਨੰਨ੍ਹੇ ਦਲੇਰ ਯੋਧੇ ਨੂੰ ਯਾਦ ਕਰਦਿਆਂ ਕੋਈ ਵਿਸ਼ੇਸ਼ ਸਮਾਗਮ ਜਾਂ ਮਾਂ-ਬੋਲੀ ਦੇ ਹੱਕ ਵਿੱਚ ਨਾਅਰਾ ਬੁਲੰਦ ਕੀਤਾ ?
ਪੰਜਾਬ ਦੀ ਧਰਤੀ ‘ਤੇ ਰਹਿੰਦਿਆਂ ਪੰਜਾਬੀ ਬੋਲੀ ਨਾਲ਼ ਸੰਬੰਧਿਤ ਅੱਜ ਦੇ ਦਿਨ 21 ਸਤੰਬਰ ਦੇ ਇਤਿਹਾਸ ਦੀ ਮਹਾਨ ਘਟਨਾ ਤੁਹਾਡੇ ਦਿਮਾਗ਼ ਵਿੱਚ ਨਹੀਂ ਤਾਂ ਸਮਝੋ ਕਿ ਤੁਹਾਨੂੰ ਹਜੇ ਹੋਰ ਇਤਿਹਾਸ ਨੂੰ ਸਮਝਣ ਤੇ ਪੜ੍ਹਨ ਦੀ ਲੋੜ ਹੈ।
ਪੰਜਾਬ ਦੇ ਇਤਿਹਾਸ ਦੀ ਸਮਝ ਤਾਂ ਸਾਨੂੰ ਪੰਜਾਬ ਸ਼ਬਦ ਦੀ ਹੋਂਦ ਤੋਂ ਵੀ ਪਹਿਲਾਂ ਤੋਂ ਹੀ ਚਾਹੀਦੀ ਹੈ। ਅੱਜ ਦੀ ਗੱਲ ਆਪਾਂ 1947 ਤੋਂ 1966 ਦੇ ਪੰਜਾਬੀ ਸੂਬੇ ਦੇ ਇਤਿਹਾਸਕ ਸਫ਼ਰ ਵਿੱਚੋਂ ਇੱਕ ਵਿਸ਼ੇਸ਼ ਘਟਨਾ ‘ਤੇ ਕਰਾਂਗੇ। ਜਦ ਪੰਜਾਬੀ ਸੂਬਾ ਮੋਰਚੇ ਦੀ ਗੱਲ ਕਰਦੇ ਹਾਂ ਤਾਂ ਇਸ ਵਿੱਚ ਇੱਕ 10 ਸਾਲ ਦੇ ਬੱਚੇ ਦਾ ਨਾਂ ਵੀ ਆਉਂਦਾ ਹੈ,ਜੋ ਪੰਜਾਬੀ ਸੂਬੇ ਦੇ ਸੰਘਰਸ਼ ਦਾ ਸਭ ਤੋਂ ਛੋਟੀ ਉਮਰ ਦਾ ਸ਼ਹੀਦ ਹੈ। ਇਹ ਮਾਂ-ਬੋਲੀ ਪੰਜਾਬੀ ਦਾ ਦਲੇਰ ਪੁੱਤ ਕਾਕਾ ਇੰਦਰਜੀਤ ਸਿੰਘ ( ਭੁਪਿੰਦਰਾ ਹਾਈ ਸਕੂਲ, ਮੋਗਾ ਦਾ ਪੰਜਵੀਂ ਜਮਾਤ ਦਾ ਵਿਦਿਆਰਥੀ ) ਸੀ ਜੋ ਕਰਨਾਲ( ਮੌਜੂਦਾ ਹਰਿਆਣਾ ਜੋ ਕਿ ਉਸ ਸਮੇਂ ਪੰਜਾਬ ਦਾ ਹਿੱਸਾ ਹੀ ਸੀ) ਵਿੱਚ ਉਸ ਸਮੇਂ ਆਪਣੀ ਰਿਸ਼ਤੇਦਾਰੀ ਵਿੱਚ ਗਿਆ ਹੋਇਆ ਸੀ।
ਜਿਸ ਨੇ ‘ਪੰਜਾਬੀ ਬੋਲੀ ਜ਼ਿੰਦਾਬਾਦ’ ਦੇ ਨਾਅਰੇ ਬੁਲੰਦ ਕਰਦਿਆਂ ਸ਼ਹਾਦਤ ਦਾ ਜ਼ਾਮ ਪੀ ਲਿਆ ਸੀ। ਗੱਲ 21 ਸਤੰਬਰ 1960 ਦੀ ਹੈ ਉਦੋਂ ਪੰਜਾਬੀ ਸੂਬੇ ਦਾ ਮੋਰਚਾ ਜ਼ੋਰਾਂ ‘ਤੇ ਸੀ ਅਤੇ ਉਸ ਸਮੇਂ ਪੰਜਾਬੀ ਬੋਲੀ ਦੀ ਜੈ-ਜੈ ਕਾਰ ਦੇ ਬਣੇ ਨਾਅਰਿਆਂ ਅਤੇ ਖਾਲਸਾਈ ਚੜ੍ਹਦੀ ਕਲਾ ਦੇ ਜੈਕਾਰਿਆਂ ‘ਤੇ ਪੰਜਾਬ ਸਰਕਾਰ ਵੱਲੋਂ ਪਾਬੰਦੀ ਲਾਈ ਹੋਈ ਸੀ ਤੇ ਪੰਜਾਬ ਪੁਲਿਸ ਨੂੰ ਇਹ ਹੁਕਮ ਦਿੱਤੇ ਹੋਏ ਸਨ ਕਿ ‘ਪੰਜਾਬੀ ਸੂਬਾ ਜ਼ਿੰਦਾਬਾਦ’ ਦੇ ਨਾਅਰੇ ਲਗਾਉਣ ਵਾਲ਼ਿਆਂ ਨੂੰ ਮੌਕੇ ‘ਤੇ ਹੀ ਗ੍ਰਿਫ਼ਤਾਰ ਕੀਤਾ ਜਾਵੇ।
ਕਾਕਾ ਇੰਦਰਜੀਤ ਸਿੰਘ ਆਪਣੀ ਉਮਰ ਦੇ ਬੱਚਿਆਂ ਨਾਲ਼ ਖੇਡਦਿਆਂ ”ਪੰਜਾਬੀ ਬੋਲੀ ਜ਼ਿੰਦਾਬਾਦ’ ਤੇ ‘ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ’ ਦੇ ਜੈਕਾਰੇ ਲਗਾ ਰਿਹਾ ਸੀ। ਉਸ ਸਮੇਂ ਮੌਕੇ ‘ਤੇ ਉਸ ਇਲਾਕੇ ਵਿੱਚ ਤਾਇਨਾਤ ਪੁਲਿਸ ਦੇ ਕਰਮਚਾਰੀਆਂ ਨੇ ਇੰਦਰਜੀਤ ਸਿੰਘ ਤੇ ਉਸ ਦੇ ਸਾਥੀ ਬੱਚਿਆਂ ਨੂੰ ਜ਼ਿੰਦਾਬਾਦ ਦੇ ਨਾਅਰੇ ਤੇ ਜੈਕਾਰੇ ਲਗਾਉਣ ਤੋਂ ਜ਼ਬਰੀ ਰੋਕਣਾ ਚਾਹਿਆ,ਪਰ ਗੁੜ੍ਹਤੀ ਵਿੱਚ ਮਿਲ਼ੀਆਂ ਅਣਖਾਂ ਤੇ ਸ਼ਹਾਦਤਾਂ ਦੇ ਅਸ਼ੀਰਵਾਦ ਸਦਕਾ ਬੱਚਿਆਂ ਨੇ ਹੋਰ ਨਿਡਰਤਾ ਨਾਲ਼ ਜ਼ੋਰ-ਜ਼ੋਰ ਦੀ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਪੁਲਿਸ ਕਰਮਚਾਰੀਆਂ ਵੱਲੋਂ ਜ਼ਬਰੀ ਅਵਾਜ਼ ਦਬਾਉਣ ਦੀ ਕੋਸ਼ਸ਼ ‘ਤੇ ਕਾਕਾ ਇੰਦਰਜੀਤ ਸਿੰਘ ਨੇ ਬੁਲੰਦ ਇਰਾਦੇ ਨਾਲ਼ ਗੁਰੁਆਂ ਦੇ ਬਖ਼ਸ਼ੇ ਸਿੱਖੀ ਸਿਧਾਂਤਾਂ ਦੀ ਗੱਲ ਕਰਦਿਆਂ ਦਲੇਰੀ ਭਰਿਆ ਮੋੜਵਾਂ ਜਵਾਬ ਦਿੱਤਾ।
ਨਿੱਕੀ ਉਮਰ ਦੇ ਮਾਂ-ਬੋਲੀ ਦੇ ਇਸ ਦਲੇਰ ਪੁੱਤ ਦੀ ਇਹ ਲਲਕਾਰ ਸਮੇਂ ਦੀ ਹਕੂਮਤ ਦੇ ਪਾਬੰਦ ਪੁਲਿਸ ਕਰਮਚਾਰੀਆਂ ਵੱਲੋਂ ਸਹਿ ਨਾ ਹੋਈ। ਇਸੇ ਦਲੇਰੀ ਕਰਕੇ ਕਾਕਾ ਇੰਦਰਜੀਤ ਸਿੰਘ ਨੂੰ ਉਹਨਾਂ ਦੇ ਅਣਮਨੁੱਖੀ ਤਸ਼ੱਦਦ ਦਾ ਸ਼ਿਕਾਰ ਹੋਣਾ ਪਿਆ। ਨੰਨ੍ਹੀ ਜਾਨ ‘ਤੇ ਤਸੀਹੇ ਸਹਿਣ ਤੋਂ ਬਾਅਦ ਵੀ ਉਹ ਪੰਜਾਬੀ ਬੋਲੀ ਜ਼ਿੰਦਾਬਾਦ ਦੇ ਨਾਅਰੇ ਲਗਾਉਂਦਾ ਰਿਹਾ। ਡੰਡਿਆਂ ਦੀ ਮਾਰ ਮਾਰਦਿਆਂ ਵੀ ਜਦ ਇਸ ਦਲੇਰ ਪੁੱਤ ਦੀ ਅਵਾਜ਼ ਖਾਮੋਸ਼ ਨਾ ਹੋਈ ਤਾਂ ਉਸ ਦੇ ਸਰੀਰਕ ਅੰਗਾਂ ਨੂੰ ਕਸ਼ਟ ਦਿੱਤੇ ਗਏ। ਅਖ਼ੀਰ ‘ਤੇ ਇਹ ਸਭ ਕੁੱਝ ਕਰਨ ਦੇ ਬਾਵਜੂਦ ਵੀ ਜਦ ਕਾਕਾ ਇੰਦਰਜੀਤ ਸਿੰਘ ਦਾ ਹੌਂਸਲਾ ਬਿਲਕੁਲ ਵੀ ਡਾਵਾਂਡੋਲ ਨਾ ਹੋਇਆ ਤਾਂ ਉਸ ਨੂੰ ਗੋਲ਼ੀਆਂ ਨਾਲ਼ ਜ਼ਖ਼ਮੀ ਕਰਕੇ ਖੂਹ ਵਿੱਚ ਸੁੱਟ ਦਿੱਤਾ। 21 ਸਤੰਬਰ 1960 ਦਾ ਦਿਨ ਯੋਧਿਆਂ ਦੀਆਂ ਸ਼ਹਾਦਤਾਂ ਵਿੱਚ ਕਾਕਾ ਇੰਦਰਜੀਤ ਸਿੰਘ ਦਾ ਨਾਂ ਵੀ ਇਤਿਹਾਸ ਦੇ ਪੰਨਿਆਂ ‘ਤੇ ਸੁਨਿਹਰੀ ਅੱਖਰਾਂ ਵਿੱਚ ਉੱਕਰ ਗਿਆ।
ਪੰਜਾਬੀ ਮਾਂ-ਬੋਲੀ ਨਾਲ਼ ਰੂਹ ਤੋਂ ਜੁੜੀਆਂ ਸ਼ਖ਼ਸੀਅਤਾਂ ਅੱਜ ਵੀ ਸਤਿਕਾਰ ਵਜੋਂ ਕਾਕਾ ਇੰਦਰਜੀਤ ਸਿੰਘ ਦੀ ਸ਼ਹਾਦਤ ਅੱਗੇ ਸਿਰ ਝੁਕਾਉਦਿਆਂ ਆਪੋ-ਆਪਣੇ ਹਿੱਸੇ ਦਾ ਮਾਂ ਬੋਲੀ ਲਈ ਫ਼ਰਜ਼ ਨਿਭਾ ਰਹੀਆਂ ਹਨ। ਸਮੇਂ ਦੀਆਂ ਸਰਕਾਰਾਂ ਜਾਂ ਕੁਰਸੀਆਂ ਤੇ ਅਹੁਦਿਆਂ ਦੀ ਭੁੱਖ ਰੱਖਣ ਵਾਲਿਆਂ ਤੋਂ ਦੂਰ ਹੋਕੇ ਆਓ ਆਪਾਂ ਵੀ ਸਾਰੇ ਪੰਜਾਬੀ ਬੋਲੀ ਲਈ ਆਪੋ-ਆਪਣੇ ਹਿੱਸੇ ਦੀ ਜ਼ੁੰਮੇਵਾਰੀ ਨਿਭਾਈਏ।
ਸ. ਸੁਖਚੈਨ ਸਿੰਘ ਕੁਰੜ
(ਪੰਜਾਬੀ ਅਧਿਆਪਕ ਤੇ ਭਾਸ਼ਾ ਮੰਚ ਸਰਪ੍ਰਸਤ)
ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂੰਮ (ਬਰਨਾਲਾ)