
ਦੇਵ ਥਰੀਕਿਆਂ ਵਾਲਾ ਆਪਣੀ 82-83 ਸਾਲਾਂ ਦੀ ਉਮਰ ਹੰਢਾ ਪਿਛਲੇ ਸਾਲਾਂ ਵਿਚ ਇਸ ਦੁਨੀਆਂ ਤੋਂ ਰੁਖ਼ਸਤ ਹੋ ਚੁੱਕਾ ਹੈ। ਪਰ ਉਹ ਅੱਜ ਵੀ ਸਾਡੇ ਵਿੱਚ ਸਰੀਰਕ ਤੌਰ ਤੇ ਨਾਂ ਹੁੰਦਾ ਹੋਇਆ ਵੀ ਆਪਣੀ ਸ਼ਾਹਕਾਰ ਲਿਖਤ ਦੇ ਜ਼ਰੀਏ ਭਰਵੀਂ ਹਾਜ਼ਰੀ ਲਗਵਾ ਰਿਹਾ ਹੈ। ਦੇਵ ਬਾਰੇ ਲਿਖਣ ਲੱਗਿਆਂ ਕਾਗਜ਼ ਥੁੜ, ਕਲਮ ਥਕਾਵਟ ਤੇ ਸ਼ਬਦ ਘਾਟ ਮਹਿਸੂਸ ਕਰਦੇ ਹਨ, ਕਿਉਂਕਿ ਦੇਵ ਥਰੀਕਿਆਂ ਵਾਲਾ ਗੀਤਕਾਰੀ ਦੇ ਉਹ ਬਾਬਾ ਬੋਹੜ ਹੈ ਜਿਸ ਨੇ ਇੱਕ ਨਹੀਂ,ਦੋ ਨਹੀਂ,ਪੰਜ ਜਾ ਪੰਜਾਹ ਨਹੀਂ ਬਲਕਿ ਹਜ਼ਾਰਾਂ ਦੀ ਤਾਦਾਦ ਵਿਚ ਗੀਤਾਂ ਦੀ ਸਿਰਜਣਾ ਕੀਤੀ ਹੈ। ਦੇਵ ਥਰੀਕਿਆਂ ਵਾਲੇ ਦੀ ਗੀਤਕਾਰੀ ਦਾ ਸਫ਼ਰ ਇੰਨ੍ਹਾਂ ਲੰਮੇਰਾ ਹੈ ਕਿ ਉਨ੍ਹਾਂ ਨੂੰ ਇੱਕ ਪਲ ਦੇ ਵਿਚ ਕਾਗਜ਼ ਦੀ ਹਿੱਕ ਤੇ ਝਰੀਟਣਾ ਮੁਸ਼ਕਿਲ ਹੀ ਨਹੀਂ ਬਲਕਿ ਨਾਮੁਮਕਿਨ ਹੈ। ਦੇਵ ਥਰੀਕਿਆਂ ਬਾਰੇ ਸ਼ਬਦਾਂ ਵਿਚ ਵਧਾ ਚੜਾ ਕੇ ਲਿਖਣਾ ਸੂਰਜ਼ ਨੂੰ ਦੀਵਾ ਦਿਖਾਉਣ ਵਾਲੀ ਗੱਲ ਹੋਵੇਗੀ।
ਦੇਵ ਥਰੀਕਿਆਂ ਵਾਲਾ ਗੀਤਕਾਰੀ ਦਾ ਪਹਿਲਾ ਅਜਿਹਾ ਨਿਵੇਕਲਾ ਪੰਜਾਬੀ ਗੀਤਕਾਰ ਹੈ ਜਿਸ ਨੇ ਆਪਣੇ ਨਾਂ ਦੇ ਨਾਲ ਨਾਲ ਆਪਣੇ ਪਿੰਡ ਦੇ ਨਾਂ ਨੂੰ ਵੀ ਗੀਤਕਾਰੀ ਦੇ ਇਤਿਹਾਸ ਵਿੱਚ ਸੁਨਹਿਰੀ ਹਰਫ਼ਾਂ ਵਿਚ ਲਿਖਿਆ। ਮੋਗੇ ਤੋਂ ਲੁਧਿਆਣੇ ਜਾ ਲੁਧਿਆਣੇ ਤੋਂ ਮੋਗਾ ਜਾਂਦਿਆਂ ਜਾ ਫਿਰ ਗਾਇਕਾ ਦੇ ਗੜ੍ਹ ਲੁਧਿਆਣਾ ਸ਼ਹਿਰ ਦੇ ਬੱਸ ਸਟੈਂਡ ਪਹੁੰਚਦਿਆਂ ਹੀ ਥਰੀਕੇ ਪਿੰਡ ਦਾ ਨਾਂ ਆਪ ਮੁਹਾਰੇ ਜ਼ਹਿਨ ਵਿਚ ਆ ਜਾਂਦਾ ਹੈ, ਜਿੱਥੇ ਦੇਵ ਨੇ ਬਾਲ ਰੂਪ ਵਿਚ 19 ਸਤੰਬਰ, 1939 ਨੂੰ ਪਿਤਾ ਰਾਮ ਸਿੰਘ ਦੇ ਘਰ ਤੇ ਮਾਤਾ ਅਮਰ ਕੌਰ ਦੀ ਕੁੱਖੋਂ ਪਹਿਲੀ ਵਾਰੀ ਕਿਲਕਾਰੀ ਮਾਰੀ ਸੀ।
ਦੇਵ ਨੇ ਮੁੱਢਲੀ ਪੜ੍ਹਾਈ ਪਿੰਡ ਦੇ ਪ੍ਰਾਇਮਰੀ ਸਕੂਲ ਤੋਂ ਪ੍ਰਾਪਤ ਕਰਨ ਤੋਂ ਬਾਅਦ ਜਗਰਾਉ ਤੋਂ ਜੇ. ਬੀ. ਟੀ. ਦੀ ਪ੍ਰੀਖਿਆ ਪਾਸ ਕਰਕੇ ਅਧਿਆਪਕ ਵਜੋਂ ਨੌਕਰੀ ਕੀਤੀ। ਅਧਿਆਪਕ ਦੀ ਨੌਕਰੀ ਕਰਦਿਆਂ ਉਸਨੇ ਪਹਿਲਾ ਪਹਿਲ ਬਾਲ ਗੀਤ ਲਿਖਣੇ ਸ਼ੁਰੂ ਕੀਤੇ ਫਿਰ ਉਸਨੇ ਆਪਣੇ ਸੀਨੀਅਰ ਅਧਿਆਪਕ ਹਰੀ ਸਿੰਘ ਦਿਲਬਰ ਦੀ ਪ੍ਰੇਰਨਾ ਸਦਕੇ ਕਹਾਣੀਆਂ ਹਰਦੇਵ ਦਿਲਗੀਰ ਦੇ ਨਾਂ ਨਾਲ ਲਿਖਣੀਆਂ ਸ਼ੁਰੂ ਕੀਤੀਆਂ। ਰੋਹੀ ਦੇ ਫੁੱਲ ਵਰਗੀਆਂ ਕਹਾਣੀ ਦੀਆਂ ਕੁਝ ਪੁਸਤਕਾਂ ਵੀ ਪ੍ਰਕਾਸ਼ਿਤ ਹੋਈਆਂ।
ਪਿੰਡਾਂ ਵਿੱਚ ਵਿਆਹਾਂ ਸ਼ਾਦੀਆਂ ਤੇ ਹੋਰ ਖੁਸ਼ੀਆਂ ਦੇ ਮੌਕਿਆਂ ਤੇ ਲਾਊਡ ਸਪੀਕਰਾਂ ਤੇ ਵੱਜਦੇ ਗੀਤਾਂ ਨੂੰ ਸੁਣਕੇ ਕਹਾਣੀਕਾਰ ਮਾਸਟਰ ਹਰਦੇਵ ਦਿਲਗੀਰ ਨੂੰ ਵੀ ਗੀਤ ਲਿਖਣ ਦੀ ਲਾਲਸਾ ਜਾਗੀ। ਆਪਣੇ ਲਾਲਸਾ ਦੀ ਪੂਰਤੀ ਲਈ ਦੇਵ ਨੇ ਉਸ ਸਮੇਂ ਦੇ ਪ੍ਰਸਿੱਧ ਗੀਤਕਾਰ ਸ੍ਰ: ਗੁਰਦੇਵ ਸਿੰਘ ਮਾਨ ਜੀ ਨੂੰ ਆਪਣਾ ਉਸਤਾਦ/ਗੁਰੂ ਧਾਰ ਕੇ ਗੀਤਕਾਰੀ ਦੀ ਵਿਧਾ ਦੀ ਬਰੀਕੀਆਂ ਨੂੰ ਸਿੱਖਿਆ। ਦੇਵ ਜਦੋਂ ਗੀਤਕਾਰੀ ਦੀ ਪ੍ਰਪੱਕਤਾ ਦੀ ਰਾਹ ਤੁਰਿਆ ਤਾਂ ਉਸਨੇ ਸਭ ਤੋਂ ਪਹਿਲਾ ਆਪਣੇ ਅਤੀਤ ਸਮੇਂ ਦੇ ਪ੍ਰਚਾਲਿਤ ਗਾਇਕ ਪ੍ਰੇਮ ਸ਼ਰਮਾ ਸਿਹੋੜੇ ਵਾਲਾ ਦੀ ਆਵਾਜ਼ ਵਿੱਚ ‘ਹੌਲੀ ਹੌਲੀ ਨੱਚ ਪਤਲੋ, ਤੇਰੀ ਗੁੱਤ ਗਿੱਟਿਆਂ ਵਿੱਚ ਵੱਜਦੀ’ ਤੇ ‘ਭਾਬੀ ਤੇਰੀ ਧੌਣ ਦੇ ਉੱਤੇ ਗੁੱਤ ਮੇਲ੍ਹਦੀ ਨਾਗ ਬਣਾ ਕਾਲਾ’ ਦੋ ਗੀਤ ਨੂੰ ਐੱਚ.ਐੱਮ.ਵੀ.ਕੰਪਨੀ ਵਿੱਚ ਰਿਕਾਰਡ ਕਰਵਾਇਆ।
ਜਦੋਂ ਦੇਵ ਥਰੀਕੇ ਵਾਲੇ ਦਾ ਨਾਂ ਲਾਊਡ ਸਪੀਕਰਾਂ ਦੇ ਰਾਹੀਂ ਗੀਤਕਾਰੀ ਦੇ ਖੇਤਰ ਵਿਚ ਦੂਰ ਤੱਕ ਰੁਮਕਦੀਆਂ ਸੰਗੀਤਕ ਫਿਜ਼ਾਵਾਂ ਵਿੱਚ ਗੂੰਜਣ ਲੱਗਾ ਤਾਂ ਮਿਲੀ ਹੌਸਲੇ ਦੀ ਉਡਾਰੀ ਨੇ ਹੋਰ ਵੀ ਦ੍ਰਿੜਤਾ ਦੇ ਨਾਲ ਗੀਤ ਸਿਰਜਣਾ ਲਈ ਪ੍ਰੇਰਿਤ ਕੀਤਾ।ਇਸ ਤੋਂ ਬਾਅਦ ਦੇਵ ਥਰੀਕਿਆਂ ਵਾਲੇ ਨੇ ਸਮੇਂ ਦੀ ਪ੍ਰਚਾਲਿਤ ਗਾਇਕੀ ਅਨੁਸਾਰ ਆਪਣੀ ਕਲਮ ਦੁਆਰਾ ਹੋਰ ਵੀ ਗੀਤ ਉਪਜੈ ਜਿਨ੍ਹਾਂ ਨੂੰ ਉਸ ਸਮੇਂ ਦੀਆਂ ਅਮਰ ਆਵਾਜ਼ਾਂ ਜਿਵੇਂ ਕਿ:-ਸਵਰਨ ਲਤਾ, ਨਰਿੰਦਰ ਬੀਬਾ, ਜਗਮੋਹਨ ਕੌਰ, , ਮੁਹੰਮਦ ਸਦੀਕ, ਚਾਂਦੀ ਰਾਮ ਚਾਂਦੀ, ਸ਼ਾਂਤੀ ਦੇਵੀ, ਪ੍ਰਕਾਸ਼ ਕੌਰ, ਕਰਨੈਲ ਗਿੱਲ ,ਆਸਾ ਸਿੰਘ ਮਸਤਾਨਾ, ਰੰਗੀਲਾ ਜੱਟ, ਕਰਮਜੀਤ ਧੂਰੀ, ਹਰਚਰਨ ਗਰੇਵਾਲ, ਸੁਰਿੰਦਰ ਕੌਰ ਵਰਗੀਆਂ ਹੋਰ ਵੀ ਨਾਮਵਰ ਆਵਾਜਾਂ ਨੇ ਗਾ ਕੇ ਆਪਣੇ ਨਾਂ ਦੀ ਮਕਬੂਲੀਅਤ ਦੇ ਨਾਲ ਨਾਲ ਦੇਵ ਦੀ ਪ੍ਰਸਿੱਧੀ ਨੂੰ ਵੀ ਵਧਾਇਆ। ਪਰ ਦੇਵ ਨੇ ਛੇਤੀ ਹੀ ਪ੍ਰਚੱਲਤ ਦੋਹਰੇ ਅਰਥਾਂ ਵਾਲੀ ਦੋਗਾਣਾ ਗਾਇਕੀ ਤੋਂ ਕਿਨਾਰਾ ਕਰ ਸਮੇਂ ਦੀ ਧੂੜ ਵਿਚ ਅਲੋਪ ਹੋ ਰਹੀਆਂ ਲੋਕ ਗਾਥਾਵਾਂ, ਢਾਡੀ ਵਾਰਾਂ, ਤੇ ਕਿੱਸਿਆਂ ਨੂੰ ਇੱਕ ਨਵੇਂ ਰੂਪ ਵਿਚ ਤਿਆਰ ਕਰਕੇ ਇੱਕ ਨਵੀਂ ਆਵਾਜ਼ ਦਾ ਆਗਾਜ਼ ਕੀਤਾ ਜੋਂ ਬਾਅਦ ਵਿੱਚ ਲੋਕ ਗਾਥਾਵਾਂ/ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਦੇ ਨਾਂ ਨਾਲ ਮਸ਼ਹੂਰ ਹੋਇਆ।
ਦੇਵ ਥਰੀਕਿਆਂ ਵਾਲੇ ਦੀਆਂ ਲਿਖਤਾਂ ਤੇ ਕੁਲਦੀਪ ਮਾਣਕ ਦੀ ਆਵਾਜ਼ ਨੇ ਪੰਜਾਬੀ ਗਾਇਕੀ ਨੂੰ ਇੱਕ ਨਵਾਂ ਮੌੜ ਦਿੱਤਾ। ਜਿਸ ਨੂੰ ਸਰੋਤਿਆਂ ਵੱਲੋਂ ਭਰਵਾਂ ਹੁੰਗਾਰਾ ਦੇ ਕੇ ਪ੍ਰਵਾਨ ਕੀਤਾ ਗਿਆ ਅਤੇ ਦੇਵ ਥਰੀਕਿਆਂ ਵਾਲਾ ਆਪਣੇ ਸਮਕਾਲੀ ਗੀਤਕਾਰ ਇੰਦਰਜੀਤ ਹਸਨਪੁਰੀ, ਨੰਦ ਲਾਲ ਨੂਰਪਰੀ, ਬਾਬੂ ਸਿੰਘ ਮਾਨ ਮਰਾੜਾਂ ਵਾਲਾ, ਚਰਨ ਸਿੰਘ ਸਫ਼ਰੀ ਅਤੇ ਸਾਜਨ ਰਾਏਕੋਟੀ ਵਰਗਿਆਂ ਗੀਤਕਾਰਾਂ ਦੀ ਕਤਾਰ ਦਾ ਇੱਕ ਪ੍ਰਸਿੱਧ ਗੀਤਕਾਰ ਕਹਾਉਣ ਲੱਗਾ । ਵੰਨ-ਸੁਵੰਨੇ ਵਿਸ਼ਿਆਂ ਦੀ ਚੋਣ ਨਾਲ ਗੀਤਕਾਰੀ ’ਚ ਵਿਲੱਖਣ ਮੁਕਾਮ ਹਾਸਲ ਕਰ ਚੁੱਕੇ ਦੇਵ ਦੇ ਮਿਆਰੀ ਸ਼ਬਦਾਵਲੀ ਵਾਲੇ ਗੀਤ ਲੋਕ ਮਨਾਂ ਵਿੱਚ ਸਦੀਵੀ ਤੌਰ ’ਤੇ ਘਰ ਕਰ ਗਏ। ਉਸ ਦੇ ਗੀਤਾਂ, ਗਾਥਾਵਾਂ ਅਤੇ ਕਲੀਆਂ ਦੀ ਲਿਸਟ ਲੰਮੀ ਹੈ ਜਿਨ੍ਹਾਂ ਦੀਆਂ ਤੁਕਾਂ ਲੋਕਾਂ ਦੀ ਜ਼ਬਾਨ ਉੱਤੇ ਲੋਕ ਗੀਤਾਂ ਵਾਂਗ ਉੱਕਰੀਆਂ ਹੋਈਆਂ ਹਨ।ਸੈਂਕੜੇ ਗਾਇਕ ਨੇ ਉਸ ਦੇ ਗੀਤਾਂ ਨੂੰ ਆਵਾਜ਼ ਦਿੱਤੀ । ਪਰ ਮਾਣਕ ਦੀ ਆਵਾਜ਼ ਵਿੱਚ ਗਾਈਆ ਲੋਕ ਗਾਥਾਵਾਂ,ਕਲੀਆਂ, ਕਿੱਸੇ ਅਤੇ ਸੱਭਿਆਚਾਰ ਦੀ ਤਰਜਮਾਨੀ ਕਰਦੇ ਹੋਏ ਸੱਭਿਅਕ ਗੀਤ ਨੇ ਅਜਿਹਾ ਕੰਮ ਕਰ ਦਿਖਾਇਆ ਕਿ ਸੱਭਿਆਚਾਰ ਦੇ ਮੁਦੱਈਆਂ ਤੇ ਸੁਹਿਰਦ ਲੋਕਾਂ ਨੇ ਭਰਵੀਂ ਦਾਦ ਦਿੱਤੀ ਇਸ ਲਈ ਇਸ ਜੋੜੀ ਨੂੰ ਸਮਾਜਿਕ ਪਿੜ ਅੰਦਰ ਕਦੇ ਵੀ ਵੱਖ ਕਰਕੇ ਨਹੀਂ ਵੇਖਿਆ ਜਾ ਸਕਦਾ। ਦੇਵ ਥਰੀਕਿਆਂ ਵਾਲਾ ਪੰਜਾਬੀ ਗੀਤਕਾਰੀ ਦਾ ਇੱਕ ਅਜਿਹਾ ਸਿਰਨਾਵਾਂ ਹੈ ਜਿਸਨੇ ਕਦੇ ਵੀ ਸਮਝੌਤੇ ਨਾਲ ਜਾਂ ਕਿਸੇ ਦੇ ਕਹਿਣ ’ਤੇ ਗੀਤ ਨਹੀਂ ਲਿਖਿਆ ਬਲਕਿ ਮਨ ਦੀ ਆਵਾਜ਼ ਤੇ ਲਿਖਿਆ ਜਾਂ ਆਪਣੀ ਰੂਹ ਦੇ ਰੱਜ ਲਈ ਲਿਖਿਆ। ਦੇਵ ਦੇ ਗੀਤ ਪੰਜਾਬੀ ਲੋਕ ਧਾਰਾ ਤੇ ਸੱਭਿਆਚਾਰਕ ਵਿਰਾਸਤ ਦੀ ਖੂਬਸੂਰਤ ਨੂੰ ਪੇਸ਼ ਕਰਦੇ ਹਨ ਜਿਸਤੇ ਪੂਰੀ ਪੰਜਾਬੀਅਤ ਮਾਣ ਮਹਿਸੂਸ ਕਰਦੀ ਹੈ। 1973-74 ਦੇ ਦਹਾਕੇ ਤੋਂ ਲੈ ਕੇ 21ਵੀਂ ਸਦੀ ਦੇ ਸਾਲ 2022 ਦੇ ਅੰਤ ਤੱਕ ਦੇਵ ਦੇ ਲਿਖੇ ਗੀਤਾਂ ਨੂੰ ਨਵੇਂ ਪੁਰਾਣੇ ਹਰ ਇੱਕ ਗਾਇਕ ਜਿਵੇਂ ਕਿ:- ਪ੍ਰੇਮ ਸ਼ਰਮਾ, ਸਵਰਨ ਲਤਾ, ਨਰਿੰਦਰ ਬੀਬਾ, ਜਗਮੋਹਨ ਕੌਰ, ਮੁਹੰਮਦ ਸਦੀਕ, ਚਾਂਦੀ ਰਾਮ ਚਾਂਦੀ, ਸ਼ਾਂਤੀ ਦੇਵੀ, ਪ੍ਰਕਾਸ਼ ਕੌਰ, ਕਰਨੈਲ ਗਿੱਲ ,ਆਸਾ ਸਿੰਘ ਮਸਤਾਨਾ, ਰੰਗੀਲਾ ਜੱਟ, ਕਰਮਜੀਤ ਧੂਰੀ, ਹਰਚਰਨ ਗਰੇਵਾਲ, ਕਰਤਾਰ ਰਮਲਾ, ਸੁਰਿੰਦਰ ਕੌਰ, ਗੁਲਸ਼ਨ ਕੋਮਲ, ਕੁਲਦੀਪ ਮਾਣਕ , ਕੁਲਦੀਪ ਕੌਰ, ਸੁਖਵੰਤ ਸੁੱਖੀ,ਸੁਰਿੰਦਰ ਛਿੰਦਾ,ਪਾਲੀ ਦੇਤਵਾਲੀਆ, ਜਸਵੰਤ ਸੰਦੀਲਾ, ਰਣਜੀਤ ਮਣੀ, ਕੁਲਦੀਪ ਪਾਰਸ, ਸੁਖਵਿੰਦਰ ਸੁੱਖੀ, ਮਲਕੀਤ ਸਿੰਘ ਕਰਮਜੀਤ ਰੰਧਾਵਾ ਪਰਮਿੰਦਰ ਸਿੱਧੂ ਪੰਮੀ ਬਾਈ ਯੁਧਵੀਰ ਮਾਣਕ, ਰਵਿੰਦਰ ਗਰੇਵਾਲ ਸੁਖਵਿੰਦਰ ਪੰਛੀ, ਵੀਤ ਬਲਜੀਤ, ਗੁਰਮੀਤ ਮੀਤ ਅਤੇ ਜੈਜ਼ੀ ਬੀ ਵਰਗਿਆਂ ਅਨੇਕਾਂ ਹੀ ਹੋਰ ਗਾਇਕਾਂ ਨੇ ਗਾ ਕੇ ਮਾਣ ਮਹਿਸੂਸ ਕੀਤਾ।
ਦੇਵ ਥਰੀਕਿਆਂ ਵਾਲੇ ਨੇ ਕਦੇ ਵੀ ਗੀਤਾਂ ਦਾ ਵਰਗੀਕਰਨ ਨਹੀਂ ਬਲਕਿ ਬੜੀ ਸੁਹਿਰਦਤਾ ਨਾਲ ਲੋਕ ਮਨਾਂ ਦੀ ਮਾਨਸਿਕਤਾ ਨੂੰ ਨੇੜਿਓਂ ਸਮਝਕੇ ਸੱਭਿਆਚਾਰਕ ਵਿਰਾਸਤ ਨੂੰ ਪੇਸ਼ ਕਰਨ ਵਾਲੇ ਸੱਭਿਅਕ ਗੀਤਾਂ ਦੇ ਵਿਸ਼ਿਆਂ ਦੀ ਚੋਣ ਕਰਕੇ ਖੂਬਸੂਰਤੀ ਨਾਲ ਕੀਤੀ।ਦੇਵ ਦੀ ਕਲਮ ਨੇ ਸੈਂਕੜਿਆਂ ਦੀ ਤਾਦਾਦ ਵਿੱਚ ਲੋਕ ਗਾਥਾਵਾਂ,ਕਲੀਆਂ ਸੱਭਿਆਚਾਰਕ ਤੇ ਸਮਾਜਿਕ ਗੀਤਾਂ ਤੋਂ ਇਲਾਵਾ ਤੇ ਧਾਰਮਿਕ ਸਾਕਿਆਂ ਅਤੇ ਉਪੇਰਿਆ ਨੂੰ ਸਿਰਜਿਆ ਹੈ ਜਿਵੇਂ ਕਿ :- ਮੱਸਾ ਰੰਘੜ, ਸਿੰਘ ਸੂਰਮੇ, ਅਡੋਲ ਖ਼ਾਲਸਾ, ਅੰਮ੍ਰਿਤ ਦੀ ਦਾਤ, ਬੰਦਾ ਸਿੰਘ ਬਹਾਦਰ,ਸ਼ਹੀਦੇ ਆਜ਼ਮ ਸ੍ਰ: ਭਗਤ ਸਿੰਘ, ਜਿਊਣਾ ਮੌੜ, ਜੱਗਾ ਡਾਕੂ, ਮਿਰਜ਼ਾ ਖਰਲਾਂ ਦਾ ਆਦਿ ਹੋਰ ਕਿੱਸੇ ਜਿਨ੍ਹਾਂ ਨੂੰ ਪੰਜਾਬ ਦੇ ਸਿਰਮੌਰ ਕਲਾਕਾਰ ਕੁਲਦੀਪ ਮਾਣਕ ਤੇ ਸੁਰਿੰਦਰ ਛਿੰਦਾ ਨੇ ਗਾ ਕੇ ਦੇਵ ਦੇ ਨਾਂ ਨੂੰ ਗੀਤਕਾਰੀ ਦੇ ਇਤਿਹਾਸ ਵਿਚ ਸੁਨਹਿਰੀ ਹਰਫ਼ਾਂ ਵਿਚ ਲਿਖਿਆ ਹੈ।
ਦੇਵ ਗੀਤਕਾਰੀ ਦਾ ਉਹ ਸੁਨਹਿਰੀ ਇਤਿਹਾਸ ਹੈ ਜਿਹਨੂੰ ਲਿਖਣ ਲਈ ਆਸਮਾਨ ਜਿੱਡਾ ਕਾਗਜ਼ ਤੇ ਸੁਮੰਦਰ ਜਿੰਨੀ ਸਿਆਹੀ ਚਾਹੀਦੀ ਹੈ।ਦੇਵ ਦਾ ਸਭ ਤੋਂ ਵੱਡਾ ਗੁਣ ਇਹ ਰਿਹਾ ਕਿ ਉਸ ਨੇ ਆਪਣੇ ਅੰਦਰਲੇ ਸ਼ਾਇਰ ਹਮੇਸ਼ਾ ਜਿਊਂਦਾ ਉਸਨੂੰ ਪੜ੍ਹਨ ਦਾ ਬਹੁਤ ਸ਼ੌਕ ਸੀ। ਉਸਨੂੰ ਜੀਵਨ ਦੇ ਅੰਤ ਤੱਕ ਹਮੇਸ਼ਾ ਹੀ ਕਿਤਾਬਾਂ, ਰਸਾਲੇ ਅਤੇ ਅਖਬਾਰ ਹੀ ਪੜਦਿਆਂ ਦੇਖਿਆ ਗਿਆ।ਇਸੇ ਕਰਕੇ ਉਸ ਦੇ ਗੀਤਾਂ ਵਿਚ ਇਤਿਹਾਸਕ ਹਵਾਲੇ ਮਿਲਦੇ ਰਹਿੰਦੇ ਹਨ। ਦੇਵ ਆਪਣੇ ਗੀਤਾਂ ਵਿਚ ਹਮੇਸ਼ਾ ਹੀ ਸਮੇਂ ਦੇ ਹਾਣ ਦੀ ਗੱਲ ਕਰਦਾ ਰਿਹਾ।
ਦੇਵ ਬੜਾ ਮੁਹੱਬਤੀ ਇਨਸਾਨ ਸੀ। ਦਿਲ ਦਾ ਨਰਮ ਹਰ ਇੱਕ ਨੂੰ ਆਪਣੇ ਕਲਾਵੇ ਵਿਚ ਲੈਣ ਵਾਲਾ। ਹਮੇਸ਼ਾ ਹਾਸੇ ਠੱਠੇ ਅਤੇ ਚੜ੍ਹਦੀ ਕਲਾ ਵਿਚ ਰਹਿਣ ਵਾਲਾ ਪੰਜਾਬੀ ਦਾ ਇਹ ਬਾਦਸ਼ਾਹੀ ਗੀਤਕਾਰ ਸੀ। ਦੇਵ ਕੋਲ ਬੈਠਦਿਆ ਹੀ ਸਾਹਿਤ ਦੀ ਗੱਲ ਕਰਦਾ, ਸੰਗੀਤ ਦੀ ਗੱਲ ਕਰਦਾ ਜੀਅ ਨਾਲ ਜਹਾਨ ਆ ਵਾਲੀ ਫਿਤਰਤ ਸੀ ਉਸ ਦੀ। ਸਾਹਿਤਕ ਰੂਹ ਦੇ ਰੱਜੇ ਦੇਵ ਨੂੰ ਦੁਨੀਆ ਭਰ ਦੇ ਮਾਣ-ਸਨਮਾਨ ਨਾਲ ਨਿਵਾਜਿਆ ਗਿਆ ਉਹ ਕਦੇ ਵੀ ਸਨਮਾਨਾਂ ਦੀ ਦੌੜ ਵਿਚ ਨਹੀਂ ਭੱਜਿਆ ।ਹਮੇਸ਼ਾ ਹੀ ਉਹ ਲੋਕਾਂ ਦੇ ਪਿਆਰ ਨੂੰ ਵੱਡਾ ਸਨਮਾਨ ਸਮਝਦਾ ਸੀ।ਦੇਵ ਥਰੀਕਿਆਂ ਵਾਲੇ ਦੀ ਇਹ ਸਿਫਤ ਰਹੀ ਹੈ ਕਿ ਉਸ ਨੇ ਹੁਣ ਤੱਕ ਜੋਂ ਵੀ ਕਾਵਿ ਗੀਤ ਸਿਰਜਿਆ ਹੈ ਉਸ ਵਿੱਚ ਪਰਿਵਾਰਿਕ ਰਿਸਤਿਆਂ ਤੇ ਸੱਭਿਆਚਾਰ ਦੀ ਮਹਿਕ ਆਉਂਦੀ ਹੈ। ਉਸ ਦੇ ਸਿਰਜੇ ਗਏ ਸੈਂਕੜੇ/ਹਜ਼ਾਰਾਂ ਗੀਤ ਲੋਕ ਗੀਤਾਂ ਦੀ ਤਰਜਮਾਨੀ ਕਰਦੇ ਸਦਾ ਲਈ ਅਮਰ ਹੋ ਗਏ ਜਿਵੇਂ ਕਿ:-ਮਾਂ ਹੁੰਦੀ ਏ ਮਾਂ,ਛੇਤੀ ਕਰ ਸਰਵਣ ਬੱਚਾ, ਤੇਰੇ ਟਿੱਲੇ ਤੋਂ, ਮਾਂ ਮਿਰਜ਼ੇ ਦੀ ਬੋਲਦੀ, ਜਦ ਭੈਣਾਂ ਹੋ ਜਵਾਨ, ਇੱਕ ਯੋਗੀ ਟਿੱਲਿਓ ਆ ਗਿਆ,ਯਾਰਾਂ ਦਾ ਟਰੱਕ ਬੱਲੀਏ, ਪੁੱਤ ਜੱਟਾਂ ਦੇ,ਸਾਹਿਬਾਂ ਦਾ ਖਿਆਲ, ਮਾਣ ਕਰੀ ਨਾ ਜੱਟੀਏ, ਤੇਰੀ ਖਾਤਰ ਹੀਰੇ, ਆਖੇ ਅਕਬਰ ਬਾਦਸ਼ਾਹ,ਦੁੱਲਿਆ ਵੇ ਟੋਕਰਾ ਚੁਕਾਈ ਆਣ ਕੇ, ਮਿਰਜ਼ਾ ਯਾਰ, ਯਾਰ ਮੇਰਾ ਛੱਡ ਗਿਆ,ਗੱਡੀ ਵਿੱਚ ਜਾਣ ਵਾਲੀਏ, ਮਾਂ ਮਿਰਜ਼ੇ ਦੀ ਬੋਲੀ, ਕੌਲਾਂ ਭਗਤਨੀ, ਦੋ ਤੇਰੇ ਨੱਕ ਦਾ ਕੋਕਾ,ਉੱਠਾਂ ਵਾਲੇ ਨੀਂ, ਪੂਰਨ ਭਗਤ, ਜਿਊਂਦੀ ਮਾਂ ਨੂੰ ਮਾਰ ਗਿਆ,ਉੱਚਾ ਬੁਰਜ ਲਾਹੋਰ ਦਾ, ਲੈ ਗਈ ਕੁੰਜੀਆਂ ਚੁਬਾਰਿਆਂ ਵਾਲੀ, ਜੱਗਾ ਜੰਮਿਆ, ਜੁਗਨੀ, ਸੁੱਚੇ ਯਾਰ ਬਿਨਾਂ, ਸੁੱਚਿਆ ਵੇ ਭਾਬੀ ਤੇਰੀ, ਦਾਤਾ ਤੇ ਭਗਤ ਸੂਰਮਾ, ਸ਼ਹੀਦ ਭਗਤ ਸਿੰਘ ,ਭਾਈ ਮਤੀ ਦਾਸ ਗੁਰੂ ਦਾ ਪਿਆਰਾ ਅਤੇ ਬੰਦਾ ਸਿੰਘ ਬਹਾਦਰ ਵਰਗੇ ਹਾਜ਼ਰਾ ਹੀ ਹੋਰ ਗੀਤ।
ਦੇਵ ਲਈ ਇਹ ਸਭ ਤੋਂ ਵੱਡਾ ਮਾਣ ਰਿਹਾ ਕਿ ਉਸਨੇ ਆਪਣੀ ਕਲਮ ਰਾਹੀਂ ਨਾ ਸਿਰਫ਼ ਰਿਸ਼ਤਿਆਂ ਦੀ ਪਵਿੱਤਰਤਾ ਕਾਇਮ ਰੱਖੀ, ਸਗੋਂ ਸਮਾਜਿਕ ਕਦਰਾਂ-ਕੀਮਤਾਂ ਨੂੰ ਵੀ ਨਵਾਂ-ਨਰੋਆ ਰੱਖਿਆ। ਦੁਨੀਆਂ ਭਰ ਵਿੱਚ ਸਾਹਿਤ, ਕਲਾ ਤੇ ਗੀਤ-ਸੰਗੀਤ ਪ੍ਰੇਮੀ ਉਸ ਨੂੰ ਜਨੂੰਨ ਦੀ ਹੱਦ ਤਕ ਪਿਆਰ ਕਰਦੇ ਨੇ। ਉਦਾਹਰਣ ਦੇ ਤੌਰ ਤੇ ਇੰਗਲੈਂਡ ਵਿਚ ਵਸਦੇ ਸੁਖਦੇਵ ਸਿੰਘ ਅਟਵਾਲ ਉਧੋਪੁਰੀਏ ਨੇ ਦੇਵ ਥਰੀਕਿਆਂ ਵਾਲੇ ਦੇ ਨਾਂ ਤੇ ਦੇਵ ਥਰੀਕੇ ਵਾਲਾ ਐਪ੍ਰੀਸੀਏਸ਼ਨ ਸੁਸਾਇਟੀ ਬਣਾਈ ਹੋਈ ਹੈ, ਜੋਂ ਦੇਵ ਅਤੇ ਪੰਜਾਬੀ ਸੰਗੀਤ ਨਾਲ ਜੁੜੀ ਪੰਜਾਬੀਅਤ ਲਈ ਪੂਰੇ ਮਾਣ ਵਾਲੀ ਗੱਲ ਹੈ।
ਦੇਵ ਨੇ ਆਪਣੇ ਜੀਵਨ ਦੇ ਅੰਤ ਤੱਕ ਹਰ ਖੇਤਰ ਵਿੱਚ ਬੁਲੰਦੀਆਂ ਛੂਹਣ ਦੇ ਬਾਵਜੂਦ ਵੀ ਪੈਰ ਧਰਤੀ ’ਤੇ ਹੀ ਰੱਖੇ। ਸਾਧਾਰਨ ਰਾਮਗੜ੍ਹੀਆ ਪਰਿਵਾਰ ਵਿੱਚ ਜੰਮਿਆ-ਪਲਿਆ ਵਿਲੱਖਣ ਸ਼ਖ਼ਸੀਅਤ ਦਾ ਮਾਲਕ ਥਰੀਕਿਆਂ ਵਾਲਾ ਦੇਵ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੀ ਰੰਗਤ ਚ ਰੰਗਿਆ ਆਪਣੇ ਵਤਨ ਪੰਜਾਬ ਦੀ ਮਿੱਟੀ ਦੀਆਂ ਗੱਲਾਂ ਕਰਦਾ ਹੋਇਆ ਆਖਰਕਾਰ 25 ਜਨਵਰੀ 2022 ਨੂੰ ਪਿੰਡ ਥਰੀਕੇ ਦੀ ਮਿੱਟੀ ਚ ਹਮੇਸ਼ਾ ਲਈ ਸਮਾ ਗਿਆ। ਦੇਵ ਨੇ ਆਪਣੀ ਕਲਮ ਨਾਲ ਸੱਭਿਆਚਾਰਕ ਸਾਂਝ ਪਾਈ ਕੇ ਹਮੇਸ਼ਾ ਹੀ ਪਾਕ ਮੁਹੱਬਤ ਦੀ ਗੱਲ ਕੀਤੀ। ਸਾਫ਼-ਸੁਥਰੇ ਤੇ ਪਰਿਵਾਰਕ ਸ਼ਬਦਾਂ ਨਾਲ ਸੁੱਖਾਂ ਦੇ ਸੁਨੇਹੇ ਦੇਣ ਵਾਲੇ ਦੇਵ ਦੇ ਗੀਤਾਂ ਦੀ ਉਮਰ ਸਦੀਆਂ ਤਕ ਲਮੇਰੀ ਰਹੇਗੀ ।
ਦੇਵ ਥਰੀਕਿਆਂ ਵਾਲਾ ਪੰਜਾਬੀ ਗੀਤਕਾਰੀ ਦਾ ਮੁਕੰਮਲ ਸਿਰਨਾਵਾਂ ਹੈ। ਜਿਸਨੇ ਪੰਜਾਬੀ ਸੰਗੀਤ ਅਤੇ ਫਿਲਮਾਂ ਦੇ ਲਈ ਬੇਸ਼ੁਮਾਰ ਅਥਾਹ ਗੀਤਾਂ ਦੀ ਸਿਰਜਣਾ ਕੀਤੀ ਜਿਸ ਵਿਚ ਪਤਾ ਨਹੀਂ ਕਿੰਨੇ ਗੀਤਾਕਰ ਤੇ ਗਾਇਕਾਂ ਦੇ ਸਿਰਨਾਵੇਂ ਦਰਜ ਹਨ। ਮਾਂ ਬੋਲੀ ਪੰਜਾਬੀ ਹਮੇਸ਼ਾ ਹੀ ਇਸ ਗੱਲ ਦਾ ਮਾਣ ਕਰਦੀ ਰਹੇਗੀ ਕਿ ਉਸ ਨੇ ਯੁੱਗ ਗੀਤਕਾਰ ਥਰੀਕਿਆਂ ਵਾਲੇ ਦੇਵ ਦੀ ਬਾਦਸ਼ਾਹੀ ਕਲਮ ਦਾ ਵੀ ਨਿੱਘ ਮਾਣਿਆ।
=================
ਸਰੂਪ ਸਿੰਘ,ਚੌਧਰੀ ਮਾਜਰਾ (ਨਾਭਾ)
99886-27880