ਸੁੰਦਰ ਸੁਪਨੇ ਜਿੰਨਾ ਛੋਟਾ ਹੁੰਦਾ ਹੈ
ਘੱਟ ਰੁਕਦਾ ਹੈ ਕੈਲੰਡਰ ਜਿਸਦੇ ਬਨੇਰੇ ਤੇ
ਜਿਵੇਂ ਸਾਮਰਾਊ ਸਟੇਸ਼ਨ ਤੇ ਦਿੱਲੀ-ਜੈਸਲਮੇਰ ਇੰਟਰਸਿਟੀ।
ਫ਼ਰਵਰੀ ਤੋਂ ਸ਼ੁਰੂ ਹੋ ਜਾਂਦੀ ਸੀ ਰੰਗਬਾਜ਼ੀ
ਹੋਲੀ ਭਾਵੇਂ ਕਿੰਨੀ ਵੀ ਦੂਰ ਹੋਵੇ।
ਸੀਬੀਐੱਸਈ ਨੇ ਸਭ ਤੋਂ ਪਹਿਲਾਂ ਸਕੂਲ ਤੋਂ ਰੰਗਾਂ ਨੂੰ ਬੇਦਖ਼ਲ ਕੀਤਾ ਹੈ।
ਇਸੇ ਮਹੀਨੇ ਤੋਂ ਸ਼ੁਰੂ ਹੁੰਦੀ ਸੀ ਸ਼ੀਤਲਾ ਸਪਤਮੀ ਦੀ ਉਡੀਕ
ਕਾਗ਼ਾ ਵਿੱਚ ਭਰਨ ਵਾਲੇ ਮੇਲੇ ਅਤੇ ਆਉਣ ਵਾਲੇ ਮਹਿਮਾਨਾਂ ਦੀ
ਅਮੇਜ਼ੋਨ ਦੇ ਮੇਲਿਆਂ ਵਿੱਚ ਉਹ ਗੱਲਾਂ ਕਿੱਥੇ?
ਪਰ ਕਾਲਜ ਦੇ ਦਿਨਾਂ ਵਿੱਚ ਬਹੁਤ ਉਦਾਸ ਕਰਦੀ ਸੀ ਫ਼ਰਵਰੀ
ਦਿਨ-ਭਰ ਦੀ ਸਕਰੀਨ ਤੋਂ ਗ਼ਾਇਬ ਹੋ ਜਾਂਦੀਆਂ ਸਨ ਸੀਮਾ ਸੁਰਾਣਾ ਦੀਆਂ ਅੱਖਾਂ
ਪੂਰਾ ਕੈਂਪਸ ਪੀਲੇ ਪੱਤਿਆਂ ਨਾਲ ਭਰ ਜਾਂਦਾ ਸੀ।
ਘਾਟੂ ਦੇ ਉਦਾਸ ਪੱਥਰਾਂ ਨਾਲ ਬਣੀ ਲਾਇਬ੍ਰੇਰੀ
ਬਹੁਤ ਠੰਡੀ, ਬਹੁਤ ਉਦਾਸ ਅਤੇ ਬਹੁਤ ਡਰਾਉਣੀ ਲੱਗਦੀ
ਜਿਵੇਂ ਨੇੜੇ ਦੀ ਹਾਸੇ ਵਾਲੀ ਮਾਸੀ ਅਚਾਨਕ ਹੋ ਜਾਂਦੀ ਹੈ ਵਿਧਵਾ।
ਨੌਕਰੀ ਦੇ ਦਿਨਾਂ ਵਿੱਚ ਇਹ ਮਹੀਨਾ
ਮਾਰਚ ਦਾ ਪਾਏਦਾਰ ਹੁੰਦਾ ਹੈ : ਬਜਟ, ਪੈਸਾ ਅਤੇ ਖਰਚ-ਬਚਿਆ ਪੈਸਾ।
ਇੱਛਾ ਤਾਂ ਇਹ ਹੁੰਦੀ ਹੈ
ਹੈੱਡਫੋਨ ਤੇ ਕਵਿਤਾ ਸ਼ਰਮਾ ਦੀ ਆਵਾਜ਼ ਵਿੱਚ
ਬਾਬੁਸ਼ਾ ਕੋਹਲੀ ਦੀਆਂ ਪ੍ਰੇਮ ਕਵਿਤਾਵਾਂ ਸੁਣਦੇ-ਸੁਣਦੇ
ਟਾਵਰੀ ਦੇ ਫ਼ਾਰੈਸਟ ਗੈੱਸਟ ਹਾਊਸ ਵਾਲੀ ਰੋਡ ਤੇ ਨਿਕਲ ਜਾਵਾਂ
ਪਰ ਉਹ ਰੋਡ ਵੀ ਤਾਂ ਫ਼ਰਵਰੀ ਵਾਂਗ ਛੋਟੀ ਹੈ।
ਕਈ ਵਾਰੀ ਇਹ ਮੈਨੂੰ ਸੁਖ ਦਾ ਹਮਸ਼ਕਲ ਲੱਗਦਾ ਹੈ
ਵੇਖੋ, ਪਹਿਚਾਣੋ, ਗ਼ਾਇਬ।
***

~ ਮੂਲ : ਵਿਨੋਦ ਵਿੱਠਲ
~ ਅਨੁ : ਪ੍ਰੋ. ਨਵ ਸੰਗੀਤ ਸਿੰਘ
(9417692015)
