ਫ਼ੁਰਸਤ ਮਿਲੇ ਤੇ
ਪੜ੍ਹ ਕੇ ਵੇਖੀਂ ਮੈਨੂੰ ਤੂੰ
ਮੇਰੀਆਂ ਅੱਖਾਂ ਨੂੰ ਪੜ੍ਹ ਕੇ ਵੇਖੀਂ
ਤੈਨੂੰ ਹੰਝੂ ਤੈਰਦੇ ਮਿਲਣਗੇ
ਹੰਝੂਆਂ ਨੂੰ ਧਿਆਨ ਨਾਲ ਦੇਖੀਂ
ਉਸ ਵਿੱਚ ਤੇਰਾ ਹੀ ਅਕਸ ਹੋਏਗਾ
ਫ਼ੁਰਸਤ ਮਿਲੇ ਤੇ
ਪੜ੍ਹ ਕੇ ਵੇਖੀਂ ਮੈਨੂੰ ਤੂੰ
ਮੇਰੇ ਮਨ ਨੂੰ ਪੜ੍ਹ ਕੇ ਵੇਖੀਂ
ਉਦਾਸੀ ਦੀਆਂ ਅਨੇਕ ਪਰਤਾਂ
ਹੇਠ ਦਬੇ ਮੇਰੇ ਮਨ ਮੰਦਿਰ ਵਿਚ
ਤੂੰ ਹੀ ਤੂੰ ਰਮਿਆ ਹੋਇਆਂ ਹੈਂ
ਫ਼ੁਰਸਤ ਮਿਲੇ ਤੇ
ਪੜ੍ਹ ਕੇ ਵੇਖੀਂ ਮੈਨੂੰ ਤੂੰ
ਮੇਰੀ ਮੁਹੱਬਤ ਨੂੰ ਪੜ੍ਹ ਕੇ ਵੇਖੀਂ
ਤੂੰ ਕਿਹਾ ਮੈਂ ਤੈਨੂੰ ਮੁਹੱਬਤ ਕਰਦਾ ਹਾਂ
ਮੈਂ ਝੱਲੀ ਨੇ ਉਸ ਦਿਨ ਤੋਂ ਤੈਨੂੰ
ਆਪਣਾ ਰੱਬ ਸਮਝ ਲਿਆ
ਫ਼ੁਰਸਤ ਮਿਲੇ ਤੇ
ਪੜ੍ਹ ਕੇ ਵੇਖੀਂ ਮੈਨੂੰ ਤੂੰ
ਮੇਰੇ ਅੰਦਰ ਨੂੰ ਪੜ੍ਹ ਕੇ ਵੇਖੀਂ
ਮੈਂ ਆਪਣੇ ਧੁਰ ਅੰਦਰ
ਤੇਰੀ ਹੀ ਸੁਗੰਧੀ ਨੂੰ
ਹਰ ਪੱਲ ਮਹਿਸੂਸ ਕਰਦੀ ਹਾਂ
ਮੇਰੇ ਅੰਦਰ ਹੁਣ ਤੇਰਾ ਵਾਸ ਹੈ
ਫ਼ੁਰਸਤ ਮਿਲੇ ਤੇ
ਪੜ੍ਹ ਕੇ ਵੇਖੀਂ ਮੈਨੂੰ ਤੂੰ
ਮੇਰੀਆਂ ਨਜ਼ਮਾਂ ਨੂੰ ਪੜ੍ਹ ਕੇ ਵੇਖੀਂ
ਮੇਰੀ ਹਰ ਨਜ਼ਮ ਵਿਚ ਤੂੰ ਹੀ ਤੂੰ ਹੈਂ
ਮੇਰੀਆਂ ਨਜ਼ਮਾਂ ਵਿਚਲੇ ਸ਼ਬਦਾਂ ਨੂੰ
ਪੜ੍ਹ ਕੇ ਵੇਖੀਂ , ਸ਼ਬਦਾਂ ਦੇ ਅਹਿਸਾਸਾਂ
ਵਿਚ ਤੂੰ ਹੀ ਤੂੰ ਹੈਂ ਹੁਣ
ਫ਼ੁਰਸਤ ਮਿਲੇ ਤੇ
ਪੜ੍ਹ ਕੇ ਵੇਖੀਂ ਮੈਨੂੰ ਤੂੰ
ਮੇਰੇ ਮੂੰਦੇ ਹੋਏ ਨੈਣਾਂ ਨੂੰ
ਕਦੀ ਪੜ੍ਹ ਕੇ ਵੇਖੀਂ
ਮੇਰੀਆਂ ਦੁਆਵਾਂ ਵਿਚ
ਤੂੰ ਹੀ ਤੂੰ ਹੈਂ ਤੇ ਮੈਂ ਸਦਾ ਲਈ
ਤੈਨੂੰ ਆਪਣੀਆਂ ਦੁਆਵਾਂ ਵਿਚ
ਸਜਾ ਲਿਆ ਹੈ ।

ਰਮਿੰਦਰ ਰੰਮੀ
