ਸਭ ਧਰਮਾਂ ਦੇ ਚੜ੍ਹਣ ਸਿਤਾਰੇ ਫੇਰ ਦਿਵਾਲੀ ਹੋਵੇਗੀ |
ਇਕ ਅੰਬਰ ਵਿਚ ਹੋਵਣ ਸਾਰੇ ਫੇਰ ਦਿਵਾਲੀ ਹੋਵੇਗੀ |
ਸੂਰਜ ਦੀ ਲੋਅ, ਚੰਦਾ ਦੀ ਲੋਅ, ਦੀਵੇ ਦੀ ਲੋਅ, ਜੁਗਣੂੰ ਦੀ ਲੋਅ |
ਛੋਟੇ ਵੱਡੇ ਆਦਰ ਨੂੰ ਇਕ ਹੀ ਮਾਲਾ ਵਿਚ ਪਿਰੋ |
ਹਾਕਮ ਸਭ ਦੇ ਹਿੱਤ ਵਿਚਾਰੇ ਫੇਰ ਦਿਵਾਲੀ ਹੋਵੇਗੀ |
ਸਭ ਧਰਮਾਂ ਦੇ ਚੜ੍ਹਦ ਸਿਤਾਰੇ ਫੇਰ ਦਿਵਾਲੀ ਹੋਵੋਗੀ |
ਟਹਿਣੀ-ਟਹਿਣੀ ਖਿੜ੍ਹੀਆਂ ਕਲੀਆਂ ਨੂੰ ਕੋਈ ਮਾਲੀ ਤੋੜੇ ਨਾ |
ਫੁੱਲ ਗੁਲਾਬੀ ਦੇ ਨਾਲ ਥੋਰ੍ਹਾਂ ਵਰਗੇ ਰਿਸ਼ਤੇ ਜੋੜੇ ਨਾ |
ਨਿਰਧਨ ਨੂੰ ਰਾਜਾ ਸਤਿਕਾਰੇ ਫੇਰ ਦਿਵਾਲੀ ਹੋਵੇਗੀ |
ਸਭ ਧਰਮਾਂ ਦੇ ਚੜ੍ਹਣ ਸਿਤਾਰੇ ਫੇਰ ਦਿਵਾਲੀ ਹੋਵੇਗੀ |
ਬੇਰੁਜ਼ਗਾਰੀ, ਰਿਸ਼ਵਤਖੋਰੀ, ਨਸ਼ਿਆਂ ‘ਤੇ ਕਾਬੂ ਕੌਣ ਕਰੇ |
ਇਸ ਗੰਦਲੇ ਮਾਹੌਲ ਦੇ ਅੰਦਰ ਸੀਸ ਤਲੀ ‘ਤੇ ਕੌਣ ਧਰੇ |
ਬੇੜੀ ਤਾਰਨ ਖੋਹਵਣਹਾਰੇ ਫੇਰ ਦਿਵਾਲੀ ਹੋਵੇਗੀ |
ਸਭ ਧਰਮਾਂ ਦੇ ਚੜ੍ਹਦ ਸਿਤਾਰੇ ਫੇਰ ਦਿਵਾਲੀ ਹੋਵੋਗੀ |
ਉਨਤੀ ਯੁਕਤ ਵਿਦੇਸ਼ਾਂ ਵਾਂਗੂੰ ਨੀਅਤ, ਨੀਤੀ, ਪ੍ਰੀਤ ਬਣੇ |
ਵੱਖ-ਵੱਖ ਸਾਜਾਂ ਦੀ ਇਕ ਧੁਨ ਦਾ ਫਿਰ ਉਤਮ ਸੰਗੀਤ ਬਣੇ |
ਸ਼ੁੱਧਤਾ, ਬੁੱਧਤਾ ਨਾਲ ਨਜ਼ਾਰੇ ਫੇਰ ਦਿਵਾਲੀ ਹੋਵੇਗੀ |
ਸਭ ਧਰਮਾਂ ਦੇ ਚੜ੍ਹਦ ਸਿਤਾਰੇ ਫੇਰ ਦਿਵਾਲੀ ਹੋਵੋਗੀ |
ਫੁੱਲਦੀ-ਫੁੱਲਦੀ ਰੋਟੀ ਲੱਬੇ, ਮੱਖਣ ਸਾਗ ਸਰ੍ਹੋਂ ਦੇ ਨਾਲ |
ਵੱਖ-ਵੱਖ ਭੋਜਨ ਕੌਲੀਆਂ ਦੇ ਵਿਚ, ਭਰਿਆ ਭਰਿਆ ਹੋਵੇ ਥਾਲ |
ਝੁੱਲ੍ਹੇ ਦੇ ਵਿਚ ਹੋਣ ਸ਼ਰਾਰੇ ਫੇਰ ਦਿਵਾਲੀ ਹੋਵੇਗੀ
ਸਭ ਧਰਮਾਂ ਦੇ ਚੜ੍ਹਦ ਸਿਤਾਰੇ ਫੇਰ ਦਿਵਾਲੀ ਹੋਵੋਗੀ |
ਨਾਲ ਮੁਹੱਬਤ ਦੀਵੇ ਹੋਵਣ ਏਧਰ ਵੀ ਤੇ ਓਧਰ ਵੀ |
ਤਪਦੀਆਂ ਮਾਵਾਂ ਫਿਰ ਨਾ ਰੋਵਣ ਏਧਰ ਵੀ ਤੇ ਓਧਰ ਵੀ |
ਜਗਮਗ-ਜਮਮਗ ਜਗਣ ਕਿਨਾਰੇ ਫੇਰ ਦਿਵਾਲੀ ਹੋਵੇਗੀ |
ਸਭ ਧਰਮਾਂ ਦੇ ਚੜ੍ਹਦ ਸਿਤਾਰੇ ਫੇਰ ਦਿਵਾਲੀ ਹੋਵੋਗੀ |
ਮਾਨਵਤਾ ਦੇ ਹਿਰਦੇ ਅੰਦਰ ਪਿਆਰ ਰਵੇ, ਸਤਿਕਾਰ ਰਵੇ |
ਚੜ੍ਹਦੇ ਸੂਰਜ ਦੀ ਲਾਲੀ ਦਾ ਘਰ-ਘਰ ਵਿਚ ਦੀਦਾਰ ਰਵੇ |
ਨਾ ਕੋਈ ਜਿੱਤੇ ਨਾ ਕੋਈ ਹਾਰੇ ਫੇਰ ਦਿਵਾਲੀ ਹੋਵੇਗੀ |
ਸਭ ਧਰਮਾਂ ਦੇ ਚੜ੍ਹਣ ਸਿਤਾਰੇ ਫੇਰ ਦਿਵਾਲੀ ਹੋਵੋਗੀ |
ਸਾਝੀਵਾਲ ਸੁਨੇਹਾ ਦੋਵੇ ਹਰਿਮੰਦਿਰ ਦੇ ਸ਼ਬਦਾਂ ‘ਚੋਂ |
ਝਿਲਮਿਲ-ਝਿਲਮਿਲ ਦੀਵੇ ਜਗਦੇ ਗੁਰਬਾਣੀ ਦੇ ਅਰਥਾਂ ‘ਚੋਂ |
ਸ਼ੀਤਲਤਾ ਹੈ ਸਗਲ ਦੁਆਰੇ ਫੇਰ ਦਿਵਾਲੀ ਹੋਵੇਗੀ |
ਸਭ ਧਰਮਾਂ ਦੇ ਚੜ੍ਹਦ ਸਿਤਾਰੇ ਫੇਰ ਦਿਵਾਲੀ ਹੋਵੋਗੀ |
ਭਾਰਤ ਦੀ ਖੁਸ਼ਹਾਲੀ ਅੰਦਰ ਏਕਮ ਵਾਲੇ ਚਮਕਣ ਤਾਰੇ |
ਖੰਡੇ ਬਾਟੇ ਵਾਲਾ ਅੰਮਿ੍ਤ ਆਨੰਦਪੁਰੇ ਵਿਚ ਗੋਬਿੰਦ ਪਿਆਰੇ |
ਲੈ ਕੇ ਆਵਣ ਪੰਜ ਪਿਆਰੇ ਫੇਰ ਦਿਵਾਲੀ ਹੋਵੇਗੀ |
ਸਭ ਧਰਮਾਂ ਦੇ ਚੜ੍ਹਦ ਸਿਤਾਰੇ ਫੇਰ ਦਿਵਾਲੀ ਹੋਵੋਗੀ |
ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਮਾਨਵਤਾ ਵਡਿਆਈ |
ਉਨ੍ਹਾਂ ਦੀ ਮਰਿਆਦਾ ਦੀ ਅੱਜ ਵੀ ਸੁਣਦੀ ਹੈ ਸ਼ਹਿਨਾਈ |
ਬੰਦੀ ਰਾਜੇ ਪਾਰ ਉਤਾਰੇ ਫੇਰ ਦਿਵਾਲੀ ਹੋਵੇਗੀ |
ਸਭ ਧਰਮਾਂ ਦੇ ਚੜ੍ਹਦ ਸਿਤਾਰੇ ਫੇਰ ਦਿਵਾਲੀ ਹੋਵੋਗੀ |
ਭਰਤ ਜਿਹੇ ਫਿਰ ਨਿੱਸ-ਸਵਾਰਥ ਦਿਵਾਲੀ ਦੇ ਅਰਥ ਬਣਨ |
ਹਾਲਾਤਾਂ ਦੇ ਗਰਭ ‘ਚੋਂ ‘ਬਾਲਮ’ ਨੀਤੀ-ਪਰਿਵਰਤਨ ਜਣਨ |
ਮੋਹ-ਮਮਤਾ ਹਿਰਦੇ ਨੂੰ ਠਾਰੇ ਫੇਰ ਦਿਵਾਲੀ ਹੋਵੇਗੀ |
ਸਭ ਧਰਮਾਂ ਦੇ ਚੜ੍ਹਣ ਸਿਤਾਰੇ ਫੇਰ ਦਿਵਾਲੀ ਹੋਵੇਗੀ |
ਬਲਵਿੰਦਰ ‘ਬਾਲਮ’ ਗੁਰਦਾਸਪੁਰ
ਓਾਕਾਰ ਨਗਰ, ਗੁਰਦਾਸਪੁਰ (ਪੰਜਾਬ)
ਮੋ: 98156-25409
ਐਡਮਿੰਟਨ, ਕਨੇਡਾ-98156-25409 ਵਟਸਐਪ