ਸੁਖਿੰਦਰ ਨੇ 13 ਮਾਰਚ 2025 ਦੇ ਹਲਫ਼ਨਾਮੇ ਵਿੱਚ ਲਿਖਿਆ ਹੈ ਕਿ ਉਹ ਕੈਨੇਡਾ ਵਿੱਚ ਪਿਛਲੇ 50 ਵਰ੍ਹਿਆਂ ਤੋਂ ਰਹਿ ਰਿਹਾ ਹੈ। ਉਹਨੇ ਹੁਣ ਤੱਕ 50 ਕਿਤਾਬਾਂ ਪ੍ਰਕਾਸ਼ਿਤ ਕੀਤੀਆਂ ਹਨ। ਉਹ 1975 ਵਿੱਚ ਕੈਨੇਡਾ ਆ ਗਿਆ ਸੀ। ਉਹਦਾ ਮਤਿ ਹੈ ਕਿ ਜੇ ਉਹ 1975 ਵਿੱਚ ਕੈਨੇਡਾ ਨਾ ਆਉਂਦਾ ਤਾਂ ਉਹ ਕਦੇ ਵੀ ਪੰਜਾਬੀ ਦਾ ਸਾਹਿਤਕਾਰ ਨਾ ਬਣਦਾ, ਸਗੋਂ ਕਿਸੇ ਭਾਰਤੀ ਕਾਲਜ/ਯੂਨੀਵਰਸਿਟੀ ਵਿੱਚ ਅੰਗਰੇਜ਼ੀ ਦਾ ਪ੍ਰੋਫ਼ੈਸਰ ਹੋਣਾ ਸੀ। ਕੈਨੇਡਾ ਆ ਕੇ ਵੀ ਪਹਿਲੇ 10 ਕੁ ਵਰ੍ਹੇ ਉਹਦਾ ਧਿਆਨ ਅੰਗਰੇਜ਼ੀ ਸਾਹਿਤ, ਅੰਗਰੇਜ਼ੀ ਸਾਹਿਤ ਆਲੋਚਨਾ, ਅੰਗਰੇਜ਼ੀ ਸੰਗੀਤ, ਅੰਗਰੇਜ਼ੀ ਫ਼ਿਲਮਾਂ, ਅੰਗਰੇਜ਼ੀ ਨਾਟਕਾਂ, ਅੰਗਰੇਜ਼ੀ ਖਾਣਪੀਣ ਵੱਲ ਹੀ ਰਿਹਾ ਸੀ। ਇਸ ਦੌਰਾਨ ਉਹ ਵਧੇਰੇ ਕਰਕੇ ਅੰਗਰੇਜ਼ੀ ਦੇ ਲੇਖਕਾਂ ਨੂੰ ਹੀ ਮਿਲਦਾ ਰਿਹਾ ਤੇ ਅੰਗਰੇਜ਼ੀ ਮੈਗਜ਼ੀਨਾਂ ਵਿੱਚ ਹੀ ਛਪਿਆ। ਉਹ ਉਦੋਂ ਅੰਗਰੇਜ਼ੀ ਸਾਹਿਤ ਸਭਾਵਾਂ ਵਿੱਚ ਹੀ ਜਾਂਦਾ ਸੀ ਤੇ ਰਾਈਟਰਜ਼ ਯੂਨੀਅਨ ਆਫ਼ ਕੈਨੇਡਾ ਦਾ ਮੈਂਬਰ ਹੁੰਦਾ ਹੋਇਆ ਇਸਦੀਆਂ ਕਾਨਫਰੰਸਾਂ ਵਿੱਚ ਹੀ ਹਿੱਸਾ ਲੈਂਦਾ ਸੀ।
ਮੇਰੇ ਸਨਮੁੱਖ ਸੁਖਿੰਦਰ ਦੀ 25ਵੀਂ ਕਾਵਿ-ਕਿਤਾਬ ਹੈ – ‘ਗਿਰਗਟਾਂ ਦਾ ਮੌਸਮ’ (ਪ੍ਰਕਾਸ਼ਕ ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ, ਪੰਨੇ 184, ਮੁੱਲ 150/- ₹)। ਕਿਤਾਬ ਵਿਚਲੀਆਂ ਕਵਿਤਾਵਾਂ ਦੀ ਚਰਚਾ ਕਰਨ ਤੋਂ ਪਹਿਲਾਂ ਸੁਖਿੰਦਰ ਵੱਲੋਂ ਪ੍ਰਕਾਸ਼ਿਤ ਪੁਸਤਕਾਂ ਵੇਖੀਏ ਤਾਂ ਇਨ੍ਹਾਂ ਦੀ ਗਿਣਤੀ (ਕਵੀ ਦੇ ਸਵੈਕਥਨ ਅਨੁਸਾਰ) 50 ਹੀ ਬਣਦੀ ਹੈ। ਜਿਸ ਵਿੱਚ ਵਿਗਿਆਨ (3), ਕਵਿਤਾ (24), ਆਲੋਚਨਾ (4), ਵਾਰਤਕ (5), ਸੰਪਾਦਨ (8), ਨਾਵਲ (3), ਬੱਚਿਆਂ ਲਈ (1) ਅਤੇ ਅੰਗਰੇਜ਼ੀ (2) ਕਿਤਾਬਾਂ ਸ਼ਾਮਲ ਹਨ। ‘ਗਿਰਗਟਾਂ ਦਾ ਮੌਸਮ’ ਵਿੱਚ 83 ਕਵਿਤਾਵਾਂ ਹਨ ਤੇ ਲੱਗਭੱਗ ਸਾਰੀਆਂ ਹੀ ਵਿਅੰਗ ਦੀ ਚਾਸ਼ਣੀ ਵਿੱਚ ਡੁਬੋ ਕੇ ਲਿਖੀਆਂ ਗਈਆਂ ਹਨ। ਇਸ ਸੰਗ੍ਰਹਿ ਦੀਆਂ ਮੁੱਢਲੀਆਂ ਕੁਝ ਕਵਿਤਾਵਾਂ (21) ਪਿਛਲੇ ਵਰ੍ਹੇ (2024) ਦੀ ਰਚਨਾ ਹਨ ਜਦਕਿ ਬਾਕੀ ਦੀਆਂ (62) ਕਵਿਤਾਵਾਂ ਏਸੇ ਸਾਲ (2025) ਵਿੱਚ ਰਚੀਆਂ ਗਈਆਂ ਹਨ।
ਕਵੀ ਦਾ ਮੰਨਣਾ ਹੈ ਕਿ ਕਵਿਤਾ ਵਿੱਚ ਆਪਣੇ ਸ਼ਹਿਰ/ਪ੍ਰਾਂਤ ਦੇ ਲੋਕਾਂ ਦੀਆਂ ਸੰਵੇਦਨਾਵਾਂ ਨੂੰ ਪ੍ਰਗਟ ਕੀਤਾ ਜਾਣਾ ਚਾਹੀਦਾ ਹੈ; ਸਭਿਆਚਾਰ, ਵਿਰਸਾ, ਭਾਈਚਾਰਾ, ਸੰਘਰਸ਼ ਕਰਦੇ ਲੋਕਾਂ, ਨਸ਼ੇ ‘ਚ ਡੁੱਬੇ ਲੋਕਾਂ ਦਾ ਜ਼ਿਕਰ ਕਰਨਾ ਵੀ ਕਵਿਤਾ ਦੇ ਵਿਸ਼ੇ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। ਕਵਿਤਾ ਨੂੰ ਪਰਿਭਾਸ਼ਿਤ ਕਰਦਿਆਂ ਸੁਖਿੰਦਰ ਖੁੱਲ੍ਹੇਆਮ ਐਲਾਨ ਕਰਦਾ ਹੈ:
ਕਵਿਤਾ ਮਹਿਜ਼
ਸ਼ਬਦਾਂ ਨੂੰ ਜੋੜ ਕੇ
ਟੀਨ-ਕਨਸਤਰ ਵਾਲਾ
ਸ਼ੋਰ ਪਾਉਣਾ ਹੀ ਨਹੀਂ ਹੁੰਦਾ
ਕਵਿਤਾ ਤੁਹਾਡੇ
ਧਰਤੀ, ਹਵਾ, ਪਾਣੀ ਨਾਲ
ਜੁੜੇ ਹੋਣ ਦਾ ਪ੍ਰਤੱਖ
ਇੱਕ ਪ੍ਰਮਾਣ ਹੁੰਦੀ ਹੈ
ਕਵਿਤਾ ਤਾਂ
ਤੁਹਾਡੇ ਦਿਲ, ਦਿਮਾਗ਼, ਰੂਹ
ਤੁਹਾਡੇ ਸਮੁੱਚੇ ਜਿਸਮ ਦੀ
ਆਵਾਜ਼ ਹੁੰਦੀ ਹੈ
ਕਵਿਤਾ ਤਾਂ
ਤਾਜ਼ਾ ਹਵਾ ਦਾ ਬੁੱਲਾ ਹੁੰਦੀ ਹੈ
ਸਾਂਝੀਵਾਲਤਾ, ਅਮਨ ਦਾ ਸੁਨੇਹਾ ਹੁੰਦੀ ਹੈ
ਬਾਗਾਂ ‘ਚ ਉਡ ਰਹੀਆਂ ਤਿਤਲੀਆਂ ਦਾ ਅਹਿਸਾਸ ਹੁੰਦੀ ਹੈ
ਗੁਲਾਬ ਦੀ ਫੈਲ ਰਹੀ ਮਹਿਕ ਦਾ ਅਨੁਭਵ ਹੁੰਦੀ ਹੈ (77)
ਸੰਗ੍ਰਹਿ ਦੀਆਂ ਜ਼ਿਆਦਾਤਰ ਕਵਿਤਾਵਾਂ ਸਮਕਾਲੀ/ਤਤਕਾਲੀ ਘਟਨਾਵਾਂ ਨੂੰ ਆਧਾਰ ਬਣਾ ਕੇ ਹੋਂਦ ਵਿੱਚ ਆਈਆਂ ਹਨ, ਪਰ ਇਨ੍ਹਾਂ ਵਿੱਚ ਸਰਬਕਾਲੀ ਹੋਣ ਦੀ ਸੰਭਾਵਨਾ ਹੈ। ਅਜਿਹੀਆਂ ਕਵਿਤਾਵਾਂ ਵਿੱਚ ਇੱਕ ਚਪੇੜ ਦੀ ਗੂੰਜ (66), ਚਿੱਟਾ ਕੁਈਨ (80), ਪਹਿਲਗਾਮ (111), ਬਲਾਤਕਾਰੀਆਂ ਦਾ ਦੇਸ (45), ਤੰਦੂਰ ਓਪਰੇਸ਼ਨ (130), ਜੁਮਲਾ ਰਾਜਨੀਤੀ (95) ਆਦਿ ਨੂੰ ਰੱਖਿਆ ਜਾ ਸਕਦਾ ਹੈ। ਕ੍ਰਾਂਤੀ ਦੀ ਭਾਸ਼ਾ ਵਰਤਦਿਆਂ ਕਵੀ ਲਿਖਦਾ ਹੈ :
ਇੱਕ ਚਪੇੜ ਦੀ ਗੂੰਜ ਵੀ
ਕਈ ਵੇਰ ਦੇਸ਼-ਦੇਸ਼ਾਂਤਰਾਂ ਤੱਕ
ਇੰਜ ਧਮਕ ਪਾ ਦਿੰਦੀ ਹੈ
ਜਿਵੇਂ ਕਦੀ ਭਗਤ ਸਿੰਘ, ਬੀ ਕੇ ਦੱਤ ਵੱਲੋਂ
ਦਿੱਲੀ ਅਸੈਂਬਲੀ ਵਿੱਚ ਮਹਿਜ਼
ਧੂੰਆਂ ਅਤੇ ਆਵਾਜ਼ ਪੈਦਾ ਕਰਨ ਵਾਲੇ
ਸੁੱਟੇ ਗਏ ਬੰਬਾਂ ਨੇ ਲੰਡਨ ਤੱਕ
ਬੋਲ਼ੇ ਕੰਨਾਂ ਵਾਲੀਆਂ ਬੇਰਹਿਮ, ਕਠੋਰ, ਘੁਮੰਡੀ
ਹਕੂਮਤੀ ਸ਼ਕਤੀਆਂ ਨੂੰ ਥਰ ਥਰ
ਕੰਬਣ ਲਗਾ ਦਿੱਤਾ ਸੀ (66)
ਵਿਸ਼ਵ ਰਾਜਨੀਤੀ ਤੋਂ ਵੀ ਕਵੀ ਅਣਭਿੱਜ ਨਹੀਂ ਰਿਹਾ। ਉਹਨੇ ਰੂਸ-ਯੂਕਰੇਨ ਜੰਗ, ਭਾਰਤ-ਪਾਕਿ ਜੰਗ ਦੇ ਨਾਲ ਨਾਲ ਹੋਰ ਮੁਲਕਾਂ ਵਿੱਚ ਚੱਲਦੀ ਜੰਗ ਨਾਲ ਸੰਬੰਧਿਤ ਸਿੱਧੇ ਤੌਰ ਤੇ ਕਰੀਬ 15 ਕੁ ਕਵਿਤਾਵਾਂ ਲਿਖੀਆਂ ਹਨ। ਕੁਝ ਕਵਿਤਾਵਾਂ ਦੇ ਸਿਰਲੇਖਾਂ ਤੋਂ ਹੀ ਜੰਗ ਦਾ ਬੋਧ ਹੋ ਜਾਂਦਾ ਹੈ – ਚਲੋ ਜੰਗ ਲੜੀਏ (120), ਜੰਗ ਵੀ ਇੱਕ ਧੰਦਾ ਹੈ (122), ਜੰਗ ਦਾ ਮਾਹੌਲ (124), ਜੰਗ ਦਾ ਅਹਿਸਾਸ (128), ਜੰਗਬੰਦੀ (138), ਜੰਗ ਇੱਕ ਖੇਡ (144), ਜੰਗ ਦੀ ਬੋਲੀ (147) ਆਦਿ। ਇਸੇ ਤਰ੍ਹਾਂ ਦਹਿਸ਼ਤ (126), ਚਾਬੀ ਵਾਲੇ ਖਿਡੌਣੇ ਬਾਂਦਰ (136), ਦੋ ਗੁਆਂਢੀ ਦੇਸ਼ (142), ਸ਼ੀਸ਼ੇ ਦਾ ਘਰ (148) ਆਦਿ ਕਵਿਤਾਵਾਂ ਵੀ ਜੰਗ ਦੀ ਭਿਆਨਕਤਾ ਨਾਲ ਜੁੜੀਆਂ ਹੋਈਆਂ ਹਨ। ਹਕੂਮਤ ਵੱਲੋਂ ਰਚੀ ਜਾਂਦੀ ਰਾਜਨੀਤੀ ਨੂੰ ਬੇਪਰਦ ਕਰਦਾ ਹੋਇਆ ਕਵੀ ਲਿਖਦਾ ਹੈ :
ਹਕੂਮਤ ਹਮੇਸ਼ਾ
ਆਪਣੇ ਪਿਛਲੱਗ ਅੰਧਭਗਤਾਂ ਦੇ
ਦਿਮਾਗ਼ਾਂ ਦੀ ਬ੍ਰੇਨ ਵਾਸ਼ਿੰਗ ਕਰਕੇ
ਉਨ੍ਹਾਂ ਦੇ ਦਿਮਾਗ਼ਾਂ ਵਿੱਚ
ਹਿਜ਼ ਮਾਸਟਰਜ਼ ਵਾਇਸ ਦਾ ਸੰਦੇਸ਼
ਦੇਣ ਵਾਲੇ ਤਿੰਨ ਬਾਂਦਰਾਂ ਦੀਆਂ
ਆਵਾਜ਼ਾਂ ਭਰ ਦਿੰਦੀ ਹੈ –
- ਵਿਸ਼ਵ ਅਮਨ ਦੀ ਗੱਲ ਨ ਸੁਣੋ
- ਵਿਸ਼ਵ ਅਮਨ ਦੀ ਗੱਲ ਨ ਵੇਖੋ
- ਵਿਸ਼ਵ ਅਮਨ ਦੀ ਗੱਲ ਨ ਬੋਲੋ (154) ਕਵੀ ਨੇ ਧਾਰਮਿਕ ਮੁਖੌਟੇ ਪਹਿਨੀ ਲੋਕਾਂ ਨੂੰ ਬੇਪਰਦ ਕੀਤਾ ਹੈ। ਧਰਮ ਦੇ ਠੇਕੇਦਾਰ (61) ਕਿਸੇ ਵੀ ਔਰਤ ਨੂੰ ਬੇਪੱਤ ਕਰ ਸਕਦੇ ਹਨ। ਬੂਬਨਿਆਂ ਨੂੰ ਮਹਾਂਨਾਇਕ ਬਣਾ ਕੇ ਪੇਸ਼ ਕਰ ਸਕਦੇ ਹਨ। ਇਹ ਲੋਕ ਚਾਹੁਣ ਤਾਂ ਕਿਸੇ ਨੂੰ ਵੀ ਟੀਸੀ ਤੇ ਚੜ੍ਹਾ ਦਿੰਦੇ ਹਨ ਤੇ ਅਗਲੇ ਹੀ ਪਲ ਉਹਨੂੰ ਡੂੰਘੀ ਖਾਈ ਵਿੱਚ ਸੁੱਟ ਦਿੰਦੇ ਹਨ।
ਸੁਖਿੰਦਰ ਨੇ ਸਾਹਿਤਕਾਰਾਂ ਦੇ ਇੱਕ ਵਰਗ ਨੂੰ ਗੈਂਗਸਟਰ ਸਾਹਿਤਕਾਰ (59) ਦਾ ਨਾਂ ਦਿੱਤਾ ਹੈ, ਜੋ ਸਾਹਿਤ-ਸੇਵਾ ਦੀ ਥਾਂ ਸਾਹਿਤ ਸਭਾਵਾਂ ਵਿੱਚ ਦਹਿਸ਼ਤ ਫੈਲਾਉਣ ਆਉਂਦੇ ਹਨ। ਕਵੀ ਨੇ ਅਜਿਹੇ ਬਹੁਤ ਸਾਰੇ ਸਾਹਿਤਕ ਸਮਾਗਮਾਂ ਵਿੱਚ ਸ਼ਿਰਕਤ ਕਰਨ ਪਿੱਛੋਂ ਨਤੀਜਾ ਕੱਢਿਆ ਹੈ ਕਿ ਆਮ ਕਰਕੇ ਇਨ੍ਹਾਂ ਸਾਹਿਤਕ ਸਭਾਵਾਂ/ਸਮਾਰੋਹਾਂ/ਕਾਨਫਰੰਸ ਵਿੱਚ ਸਾਹਿਤਕ ਗੈਗਸਟਰਾਂ ਦੀ ਭਰਮਾਰ/ਕਤਾਰ/ਦਰਬਾਰ ਹੈ :
ਗੈਂਗਸਟਰ ਸਾਹਿਤਕਾਰ ਨੇ
ਆਖਿਆ :
ਅਸੀਂ ਸਾਹਿਤ ਤੋਂ ਕੀ ਲੈਣਾ-
ਅਸੀਂ ਤਾਂ ਸਾਹਿਤ ਸਭਾਵਾਂ ਵਿੱਚ
ਆਪਣੀ ਧੌਂਸ ਦਿਖਾਉਣ ਆਉਂਦੇ ਹਾਂ
ਆਪਣੀ ਸਾਹਿਤਕ ਦਹਿਸ਼ਤ ਫੈਲਾਉਣ ਆਉਂਦੇ ਹਾਂ (59)
ਕਵੀ ਨੇ ਰਾਜਸੀ ਦਲ ਬਦਲੂਆਂ ਤੇ ਵੀ ਵਿਅੰਗ ਕਸਿਆ ਹੈ ਕਿ ਅਜਿਹੇ ਲੋਕ ਆਮ ਕਰਕੇ ਚੋਣਾਂ ਨੇੜੇ ਆਉਣ ਤੇ ਲੋਕਪ੍ਰਿਯ ਹੁੰਦੀ ਜਾ ਰਹੀ ਪਾਰਟੀ ਵਿੱਚ ਦਾਖ਼ਲ ਹੋ ਕੇ ਆਪਣੀ ਪਹਿਲੀ ਪਾਰਟੀ ਨੂੰ ਗੱਦਾਰ ਸਿੱਧ ਕਰਦੇ ਹੋਏ ਗਿਰਗਟ ਵਾਂਗ ਰੰਗ ਬਦਲ ਲੈਂਦੇ ਹਨ।
ਕਵੀ ਆਸਵੰਦ ਹੈ ਪੰਜਾਬ ਲਈ, ਪੰਜਾਬੀਆਂ ਲਈ। ਉਹ ਝੰਜੋੜਦਾ ਹੈ ਕਿ ਜੇਕਰ ਪੰਜਾਬੀਆਂ ਨੇ ਆਪਣੀ ਹੋਂਦ ਬਰਕਰਾਰ ਰੱਖਣੀ ਹੈ ਤਾਂ ਇਹਨੂੰ ਗੈਂਗਸਟਰ ਪੰਜਾਬੀ ਗਾਇਕਾਂ, ਗੋਲਕ ਚੋਰਾਂ, ਭ੍ਰਿਸ਼ਟ ਰਾਜਨੈਤਿਕਾਂ, ਠੱਗ ਟ੍ਰੈਵਲ ਏਜੰਟਾਂ, ਬਲਾਤਕਾਰੀ ਬਾਬਿਆਂ, ਮਿਲਾਵਟਖੋਰਾਂ ਤੋਂ ਸਾਵਧਾਨ/ਸੁਚੇਤ ਹੋਣ ਦੀ ਲੋੜ ਹੈ। ਕਵੀ ਦੀ ਚਿੰਤਾ ਜਾਇਜ਼ ਹੈ ਕਿ ਪੰਜਾਬੀ ਗਾਇਕੀ ਵਿੱਚ ਹੁਣ ਉਹ ਸੋਹਜ ਨਹੀਂ ਰਿਹਾ ਜਿਸਨੂੰ ਕਦੇ ਪੂਰਾ ਪਰਿਵਾਰ ਮਿਲ ਬੈਠ ਕੇ ਸੁਣ ਸਕਦਾ ਸੀ (14)। ਇਸ ਲੱਚਰ ਕਿਸਮ ਦੀ ਗਾਇਕੀ ਨੇ ਸਾਰੇ ਰਿਸ਼ਤੇ, ਮਿਆਰ, ਮਾਣ-ਸਤਿਕਾਰ ਨੂੰ ਇੰਨੀ ਢਾਹ ਲਾਈ ਹੈ ਕਿ ਸੱਸ, ਸਹੁਰਾ, ਨੂੰਹ, ਧੀ, ਮਾਂ, ਜਵਾਈ ਸ਼ਰਮ-ਹਯਾ ਦੇ ਪਰਦੇ ਲਾਹ ਕੇ “ਤੂੰ ਨੀ ਬੋਲਦੀ ਰਕਾਨੇ ਤੂੰ ਨੀ ਬੋਲਦੀ, ਤੇਰੇ ‘ਚੋਂ ਤੇਰਾ ਯਾਰ ਬੋਲਦਾ” ਜਾਂ “ਮੈਨੂੰ ਚੱਟ ਲੈ ਮੇਰਿਆ ਯਾਰਾ, ਮੈਂ ਸਾਰੀ ਖੰਡ ਬਣ ਗਈ” ਜਿਹੇ ਘਟੀਆ ਗੀਤਾਂ ਉੱਤੇ ਆਮ ਥਿਰਕਦੇ ਨਜ਼ਰ ਆਉਂਦੇ ਹਨ। (24)
ਕਵੀ ਸਾਨੂੰ ਸਾਵਧਾਨ/ਸੁਚੇਤ ਕਰਦਾ ਹੈ ਕਿ ਮੌਜੂਦਾ ਸਮੇਂ ਵਿੱਚ ਸੰਭਲ ਕੇ ਚੱਲਣ ਦੀ ਭਾਰੀ ਜ਼ਰੂਰਤ ਹੈ, ਕਿਉਂਕਿ :
ਇਹ
ਚਮਚਿਆਂ, ਕੜਛੀਆਂ,ਅੰਧਭਗਤਾਂ ਦਾ ਯੁਗ ਹੈ
ਕਦ ਕਿਸੀ ਅਦਾਰੇ ਦੀ
ਕੰਧ ਪਿੱਛੇ ਲੁਕੇ ਮੁਖੌਟਾਧਾਰੀ
ਕਿਸੀ ਘੜੰਮ ਚੌਧਰੀ ਦੇ ਗੜਵੱਈਏ
ਤੇਰੀ ਪਿੱਠ ‘ਚ ਖੰਜਰ ਖੋਭ ਦੇਣ
ਜ਼ਰਾ, ਸੰਭਲ ਕੇ ਚੱਲ (40)
ਪਰਵਾਸ ਅੱਜਕੱਲ੍ਹ ਇੱਕ ਵਿਸ਼ਵ ਵਿਆਪੀ ਵਰਤਾਰਾ ਹੈ। ਕੋਈ ਵਿਅਕਤੀ ਮਜਬੂਰੀ-ਵੱਸ ਹੀ ਪਰਵਾਸ ਧਾਰਨ ਕਰਦਾ ਹੈ। ਇਹ ਉਹਦੇ ਲਈ ਕੋਈ ਸ਼ੌਕ ਜਾਂ ਦਿਲਚਸਪੀ ਘੱਟ ਹੀ ਹੁੰਦਾ ਹੈ। ਪਰਵਾਸੀ ਆਦਮੀ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਵੇਂ ਕਿ ਭਾਸ਼ਾ, ਸਭਿਆਚਾਰ, ਖਾਣ-ਪੀਣ, ਰਹਿਣ-ਸਹਿਣ ਆਦਿ। ਅਜਿਹੀਆਂ ਹੋਰ ਬਹੁਤ ਸਾਰੀਆਂ ਮੁਸ਼ਕਿਲਾਂ ਨੂੰ ਆਤਮਸਾਤ ਕਰਦਾ ਹੋਇਆ ਪਰਵਾਸੀ ਵਿਅਕਤੀ ਕਿਵੇਂ ਤੰਗੀਆਂ-ਤੁਰਸ਼ੀਆਂ ਨਾਲ ਦੋ-ਚਾਰ ਹੁੰਦਾ ਹੈ। ਉਹ ਜਿਸ ਤਰ੍ਹਾਂ ਦੇ ਕਾਨੂੰਨੀ/ਗੈਰ ਕਾਨੂੰਨੀ, ਪਸੰਦੀਦਾ/ਨਾ ਪਸੰਦ ਧੰਦਿਆਂ ਨੂੰ ਕਰਦਾ ਹੈ, ਅਜਿਹੇ ਤੱਥਾਂ ਦੀ ਨਿਸ਼ਾਨਦੇਹੀ ਵੀ ਇਸ ਸੰਗ੍ਰਹਿ ਵਿੱਚ ਹੋਈ ਹੈ, ਜਿਨ੍ਹਾਂ ਵਿੱਚ ਆਪਣੇ ਲੋਕ (161), ਬਰੈਂਪਟਨ ਵੀ ਪੰਜਾਬ ਵਰਗਾ ਹੀ ਲੱਗਦਾ (163), ਭੱਈਏ (166), ਡਿਪ੍ਰੈਸ਼ਨ (168) ਜਿਹੀਆਂ ਕਵਿਤਾਵਾਂ ਸ਼ਾਮਲ ਹਨ। ਇਨ੍ਹਾਂ ਕਵਿਤਾਵਾਂ ‘ਚੋਂ ਕੁਝ ਉਦਾਹਰਣਾਂ :
ਆਪਣੇ ਹੀ ਲੋਕ
ਬਰੈਂਪਟਨ, ਮਿਸੀਸਾਗਾ, ਟੋਰਾਂਟੋ, ਕੈਲਗਰੀ, ਸਰੀ ਵਿੱਚ
ਅੱਲ੍ਹੜ ਉਮਰ ਦੀ ਜੁਆਨੀ ਦੀਆਂ
ਮਜਬੂਰੀਆਂ ਦਾ ਲਾਭ ਉਠਾ ਉਨ੍ਹਾਂ ਨੂੰ
ਜਿਸਮ ਵੇਚਣ, ਨਸ਼ਿਆਂ ਦਾ ਧੰਦਾ ਕਰਨ ਦੀ
ਦਲਦਲ ਵੱਲ ਧਕੇਲਦੇ ਹਨ
ਉਨ੍ਹਾਂ ਦੇ ਤਨ ਮਨ ਦੀ
ਆਹੂਤੀ ਬਾਲਦੇ ਹਨ (161)
ਜਿਵੇਂ ਯੂਪੀ, ਬਿਹਾਰ ਦੇ ਮਜ਼ਦੂਰ
ਪੰਜਾਬ ਆ ਕੇ ਭੱਈਏ ਬਣ ਜਾਂਦੇ ਹਨ
ਉਸ ਤਰ੍ਹਾਂ ਹੀ
ਇੰਡੀਆ, ਪਾਕਿਸਤਾਨ, ਬੰਗਲਾਦੇਸ਼, ਨੇਪਾਲ ਦੇ ਲੋਕ
ਕੈਨੇਡਾ, ਅਮਰੀਕਾ, ਇੰਗਲੈਂਡ, ਆਸਟ੍ਰੇਲੀਆ ਆ ਕੇ
ਭੱਈਏ ਕਹਿਲਾਂਦੇ ਹਨ (166)
ਉਹ ਗੱਲਾਂ ਗੱਲਾਂ ਵਿੱਚ
ਦੱਸਦਾ ਹੈ ਉਸਨੇ
ਕੈਨੇਡਾ ਦਾ ਵੀਜ਼ਾ ਲੈਣ ਲਈ
ਆਪਣੀ ਪੈਲੀ ਗਹਿਣੇ ਰੱਖ ਕੇ
ਪੂਰੇ 35 ਲੱਖ ਰੁਪਏ
ਇਮੀਗ੍ਰੇਸ਼ਨ ਏਜੰਟ ਦੀ
ਝੋਲੀ ਪਾਏ ਸਨ (168)
ਹੁਣ ਜੇ ਕਵੀ ਦੇ ਹਲਫ਼ਨਾਮੇ (ਆਰੰਭ ਵਿੱਚ ਅੰਕਿਤ) ਨੂੰ ਵੇਖੀਏ ਤਾਂ ਸਪਸ਼ਟ ਕਿਹਾ ਜਾ ਸਕਦਾ ਹੈ ਕਿ ਜਿੰਨਾ ਕੰਮ ਉਹਨੇ ਪੰਜਾਬੀ ਸਾਹਿਤ, ਵਿਸ਼ੇਸ਼ ਕਰਕੇ ਕਵਿਤਾ ਲਈ ਕੀਤਾ ਹੈ, ਉਹ ਅੰਗਰੇਜ਼ੀ ਵਿੱਚ ਨਹੀਂ ਸੀ ਕਰ ਸਕਦਾ। ਉਹਦਾ ਵਿਰਸਾ, ਉਹਦਾ ਪਿਛੋਕੜ (ਪਿਤਾ ਸ. ਹਰੀ ਸਿੰਘ ਜਾਚਕ; ਦੋਵੇਂ ਵੱਡੇ ਭਰਾ ਡਾ. ਸੁਤਿੰਦਰ ਸਿੰਘ ਨੂਰ, ਡਾ. ਗੁਰਭਗਤ ਸਿੰਘ) ਸਭ ਕੁਝ ਪੰਜਾਬ, ਪੰਜਾਬੀ ਤੇ ਪੰਜਾਬੀਅਤ ਨਾਲ ਜੁੜਿਆ ਹੋਇਆ ਹੈ। ਵਿਦੇਸ਼ੀ ਧਰਤੀ ਤੇ ਰਹਿ ਕੇ ਪੰਜਾਬੀ ਸਾਹਿਤ ਰਚਨਾ ਕਰਨੀ ਉਹਦੀ ਜ਼ਿਕਰਯੋਗ ਪ੍ਰਾਪਤੀ ਹੈ ਤੇ ਇਸ ਪ੍ਰਾਪਤੀ ਤੇ ਸਾਨੂੰ ਸਾਰਿਆਂ ਨੂੰ ਫ਼ਖ਼ਰ ਕਰਨਾ ਚਾਹੀਦਾ ਹੈ। ਕਵੀ ਨੂੰ ਉਮੀਦ ਹੈ ਕਿ ਛੇਤੀ ਹੀ ਉਹ ਰਾਂਗਲੇ ਦਿਨ ਪਰਤਣਗੇ, ਜਦੋਂ ਅਸੀਂ ਚੈਨ ਤੇ ਅਮਨ ਵਿੱਚ ਪਿਆਰ, ਦੋਸਤੀ ਤੇ ਸਾਂਝੀਵਾਲਤਾ ਦੀਆਂ ਹਵਾਵਾਂ ਦਾ ਨਿੱਘ ਮਾਣ ਸਕਾਂਗੇ। ਕਵੀ ਚਾਹੁੰਦਾ ਹੈ :
ਸਾਨੂੰ ਤਾਂ ਦੱਸੋ
ਧਰਤੀ ਦੇ ਇਸ ਹਿੱਸੇ ਵਿੱਚ
ਅਮਨ, ਪਿਆਰ, ਦੋਸਤੀ ਦੀ ਹਵਾ
ਕਦੋਂ ਵਗਣ ਲੱਗੇਗੀ
ਕਦੋਂ ਧਰਤੀ ਦੇ ਇਸ ਹਿੱਸੇ ਦੇ
ਲੋਕ ਵੀ ਬੰਦੂਕ, ਬੰਬਾਂ, ਟੈਂਕਾਂ ਦੀਆਂ
ਗੱਲਾਂ ਕਰਨ ਦੀ ਥਾਂ
ਸੁਰਖ਼ ਗੁਲਾਬਾਂ ਦੀਆਂ
ਗੱਲਾਂ ਕਰਨ ਲੱਗਣਗੇ (99)
ਕਵੀ ਨੇ ਵਿਭਿੰਨ ਵਿਸ਼ਿਆਂ ਨੂੰ ਆਪਣੀ ਕਵਿਤਾ ਦੇ ਅੰਤਰਗਤ ਪੇਸ਼ ਕਰਨ ਦੀ ਸੁਚੱਜੀ ਕੋਸ਼ਿਸ਼ ਕੀਤੀ ਹੈ ਤੇ ਇਸ ਕੋਸ਼ਿਸ਼ ਵਿੱਚ ਉਹਨੇ ਕੋਈ ਭਾਰੀ-ਭਰਕਮ ਜਾਂ ਡਿਕਸ਼ਨਰੀਆਂ ਰਾਹੀਂ ਸਮਝੇ ਜਾ ਸਕਣ ਵਾਲੇ ਪੰਡਿਤਾਊ ਸ਼ਬਦਾਂ ਦਾ ਬੋਝ ਨਹੀਂ ਪਾਇਆ। ਇਨ੍ਹਾਂ ਕਵਿਤਾਵਾਂ ਵਿੱਚ ਜਨ-ਸਧਾਰਨ ਦੇ ਸਮਝ ਵਿੱਚ ਆਉਣ ਵਾਲੀ ਅਲੰਕਾਰ-ਰਹਿਤ ਤੇ ਚਿੰਨ੍ਹ-ਮੁਕਤ ਭਾਸ਼ਾ ਵਰਤੀ ਗਈ ਹੈ।
ਮੈਨੂੰ ਉਮੀਦ ਹੀ ਨਹੀਂ ਸਗੋਂ ਪੂਰਨ ਵਿਸ਼ਵਾਸ ਹੈ ਕਿ ਜਦੋਂ ਵੀ ਪੰਜਾਬੀ ਸਾਹਿਤ ਵਿੱਚ ਸਥਾਪਤੀ ਵਿਰੋਧੀ ਕਵਿਤਾ/ ਬਗ਼ਾਵਤੀ ਸੁਰ ਦੀ ਕਵਿਤਾ ਦਾ ਜ਼ਿਕਰ ਛਿੜੇਗਾ, ਸੁਖਿੰਦਰ ਦੇ ਇਸ ਸੰਗ੍ਰਹਿ ‘ਗਿਰਗਟਾਂ ਦਾ ਮੌਸਮ’ ਨੂੰ ਦਰਕਿਨਾਰ ਨਹੀਂ ਕੀਤਾ ਜਾ ਸਕੇਗਾ। ਕਵੀ ਨੇ ਇਸ ਵਿੱਚ ਹਰ ਤਰ੍ਹਾਂ ਦੇ ਭ੍ਰਿਸ਼ਟ, ਮੁਖੌਟੇਧਾਰੀ, ਚਾਲਬਾਜ਼, ਝੋਲੀਚੁੱਕ ਕਿਰਦਾਰ ਨੂੰ ਨੰਗਿਆਂ ਕੀਤਾ ਹੈ, ਜੋ ਚੰਦ ਚਾਂਦੀ ਦੇ ਟੁਕੜਿਆਂ, ਤਮਗ਼ਿਆਂ, ਪੁਰਸਕਾਰਾਂ ਦੇ ਲਾਲਚ ਵਿੱਚ ਆਪਣੀ ਜ਼ਮੀਰ ਤੱਕ ਨੂੰ ਵੇਚ ਦਿੰਦਾ ਹੈ।
~ ਪ੍ਰੋ. ਨਵ ਸੰਗੀਤ ਸਿੰਘ
1, ਲਤਾ ਗਰੀਨ ਐਨਕਲੇਵ, ਪਟਿਆਲਾ-147002.
(9417692015)