ਪਿਛਲੇ ਦਿਨੀਂ ਸੰਯੁਕਤ ਰਾਸ਼ਟਰ ਵੱਲੋਂ ਜਾਰੀ ਰਿਪੋਰਟ ਮੁਤਾਬਕ ਭਾਰਤ ਦੀ ਆਬਾਦੀ 1 ਅਰਬ, 42 ਕਰੋੜ, 86 ਲੱਖ ਹੋ ਗਈ ਹੈ, ਜਦਕਿ ਚੀਨ ਦੀ ਆਬਾਦੀ ਭਾਰਤ ਤੋਂ 29 ਲੱਖ ਘੱਟ ਭਾਵ 1 ਅਰਬ, 42 ਕਰੋੜ, 57 ਲੱਖ ਹੈ। ਇਹ ਪਹਿਲੀ ਵਾਰ ਹੈ ਕਿ ਭਾਰਤ ਦੀ ਆਬਾਦੀ 1950 ਤੋਂ ਪਿੱਛੋਂ ਚੀਨ ਤੋਂ ਅੱਗੇ ਨਿਕਲ ਗਈ ਹੈ। ਸੰਯੁਕਤ ਰਾਸ਼ਟਰ ਵੱਲੋਂ 19 ਅਪ੍ਰੈਲ 2023 ਨੂੰ ਜਾਰੀ ‘ਦ ਸਟੇਟ ਆਫ ਦ ਵਰਲਡ ਪਾਪੂਲੇਸ਼ਨ’ ਮੁਤਾਬਕ 2050 ਤੱਕ ਭਾਰਤ ਦੀ ਆਬਾਦੀ 166.8 ਕਰੋੜ ਤੱਕ ਪਹੁੰਚ ਜਾਣ ਦਾ ਅਨੁਮਾਨ ਹੈ ਜਦਕਿ ਚੀਨ ਦੀ ਆਬਾਦੀ ਘਟ ਕੇ 131.7 ਕਰੋੜ ਹੋ ਸਕਦੀ ਹੈ। ਸੰਯੁਕਤ ਰਾਸ਼ਟਰ ਨੇ ਦੱਸਿਆ ਹੈ ਕਿ ਪੰਜਾਬ ਤੇ ਕੇਰਲ ਵਿੱਚ ਬਜ਼ੁਰਗ ਆਬਾਦੀ ਜ਼ਿਆਦਾ ਹੈ। 2030 ਤੱਕ ਭਾਰਤ ਦੀ ਬਜ਼ੁਰਗ ਆਬਾਦੀ ਦੁੱਗਣੀ ਹੋ ਕੇ 19 ਕਰੋੜ 20 ਲੱਖ ਪਹੁੰਚ ਜਾਵੇਗੀ, ਜੋ ਦੇਸ਼ ਦੇ ਜ਼ਿਆਦਾਤਰ ਦੱਖਣੀ ਤੇ ਪੱਛਮੀ ਸੂਬਿਆਂ ਵਿੱਚ ਹੋਵੇਗੀ। ਸਾਲ 2050 ਤੱਕ ਹਰੇਕ ਪੰਜਵਾਂ ਭਾਰਤੀ ਬਜ਼ੁਰਗ ਹੋਵੇਗਾ।
ਮੌਜੂਦਾ ਸਮੇਂ ਪਰਿਵਾਰ/ਸਮਾਜ ਵਿੱਚ ਵਿਅਕਤੀਵਾਦੀ ਰੁਚੀਆਂ ਪ੍ਰਬਲ ਹੁੰਦੀਆਂ ਜਾ ਰਹੀਆਂ ਹਨ। ਰਾਤੋ-ਰਾਤ ਅਮੀਰ ਬਣਨ, ਬਿਨਾਂ ਮਿਹਨਤ ਸਭ ਕੁਝ ਪ੍ਰਾਪਤ ਕਰਨ ਦੀ ਲਾਲਸਾ, ਸਿਰਫ ਤੇ ਸਿਰਫ ਆਪਣੇ ਬਾਰੇ ਸੋਚਣ ਦੀ ਪ੍ਰਵਿਰਤੀ ਨੇ ਸਾਡੀ ਸਨਾਤਨੀ ਪਰੰਪਰਾ ਨੂੰ ਢਾਹ ਲਾਈ ਹੈ। ਕਦੇ ਬਜ਼ੁਰਗ ਪਰਿਵਾਰ ਦਾ ਕੇਂਦਰੀ ਧੁਰਾ ਹੋਇਆ ਕਰਦੇ ਸਨ; ਸਭਿਅਤਾ, ਸੰਸਕ੍ਰਿਤੀ ਅਤੇ ਵਿਰਾਸਤ ਦੇ ਅਲਮਬਰਦਾਰ ਦੇ ਰੂਪ ਵਿੱਚ ਦੋ ਪੀੜ੍ਹੀਆਂ ਵਿਚਕਾਰ ਪੁਲ ਦਾ ਕੰਮ ਕਰਿਆ ਕਰਦੇ ਸਨ। ਪਿਛਲੇ ਦੋ ਤਿੰਨ ਦਹਾਕਿਆਂ ਵਿੱਚ ਸੰਯੁਕਤ ਪਰਿਵਾਰ ਪ੍ਰਣਾਲੀ ਦੇ ਖਾਤਮੇ ਨੇ ਤਾਂ ਇਸ ਸਮੱਸਿਆ ਵਿੱਚ ਜਿਵੇਂ ਅੱਗ ਵਿੱਚ ਘਿਓ ਦਾ ਕੰਮ ਕੀਤਾ ਹੈ।
ਅੱਜ ਦੇ ਸਮੇਂ ਵਿੱਚ ਹਰ ਵਿਅਕਤੀ ਦਾ ਉਦੇਸ਼ ‘ਪਰਹਿਤ’ ਦੀ ਥਾਂ ‘ਸਵੈਹਿਤ’ ਤੇ ਆ ਕੇ ਰੁਕ ਗਿਆ ਹੈ। ਦੂਜਿਆਂ ਬਾਰੇ ਸੋਚਣਾ, ਮਦਦ ਲਈ ਹੱਥ ਵਧਾਉਣਾ, ਤਿਆਗ- ਪਰਉਪਕਾਰ ਦੀ ਭਾਵਨਾ ਨੂੰ ਜੀਵਨ ਦਾ ਆਦਰਸ਼ ਬਣਾਉਣਾ ਜਿਵੇਂ ਕਿਸੇ ਕਿਤਾਬ ਵਿੱਚ ਲਿਖੀ ਇਬਾਰਤ ਤੱਕ ਹੀ ਸੀਮਿਤ ਹੋ ਕੇ ਰਹਿ ਗਿਆ ਹੈ। ਆਉਣ ਵਾਲੀ ਪੀੜ੍ਹੀ ਨੂੰ ਇਨ੍ਹਾਂ ਮਾਰਗਾਂ ਤੇ ਚੱਲਣ ਲਈ ਪ੍ਰੇਰਿਤ ਕੌਣ ਕਰੇ! ਆਧੁਨਿਕਤਾ ਦੀ ਦੌੜ ਵਿੱਚ ਅਸੀਂ ਬਜ਼ੁਰਗਾਂ ਨੂੰ ਹਾਸ਼ੀਏ ਤੇ ਧੱਕ ਦਿੱਤਾ ਹੈ। ਜਦੋਂ ਘਰ ਵਿੱਚ ਬਜ਼ੁਰਗਾਂ ਦੀ ਸਿੱਖਿਆ ਨੂੰ ਪੁਰਾਤਨਪੰਥੀ ਕਹਿ ਕੇ ਮਜ਼ਾਕ ਉਡਾਇਆ ਜਾਣ ਲੱਗਾ ਹੋਵੇ, ਸੋਚੋ- ਕਿਹੋ ਜਿਹਾ ਲੱਗਦਾ ਹੋਵੇਗਾ ਉਨ੍ਹਾਂ ਨੂੰ! ਇਹ ਸਥਿਤੀ ਅੱਜ ਕਿਸੇ ਘਰ, ਪਰਿਵਾਰ, ਸਮਾਜ, ਪਿੰਡ, ਕਸਬੇ ਤੱਕ ਹੀ ਸੀਮਿਤ ਨਾ ਰਹਿ ਕੇ ਸਰਬਵਿਆਪੀ ਹੁੰਦੀ ਜਾ ਰਹੀ ਹੈ। ਸਾਡਾ ਸਮਾਜ ਇੱਕ ਅਜਿਹੇ ਨਾਜ਼ੁਕ ਦੌਰ ਵਿੱਚੋਂ ਲੰਘ ਰਿਹਾ ਹੈ, ਜੋ ਭਾਵਨਾਵਾਂ ਅਤੇ ਸੰਵੇਦਨਾਵਾਂ ਦੇ ਲਿਹਾਜ਼ ਨਾਲ ਸੋਚਣ ਨੂੰ ਮਜਬੂਰ ਕਰਦਾ ਹੈ।
ਅਸਲ ਵਿੱਚ ਬਜ਼ੁਰਗਾਂ ਦੀ ਸਮੱਸਿਆ ਉਮਰ ਨਾਲ ਜੁੜੀ ਹੋਈ ਨਹੀਂ ਹੈ। ਇਸ ਵਿੱਚ ਬੜਾ ਵੱਡਾ ਯੋਗਦਾਨ ਮਨੋਸਥਿਤੀ ਦਾ ਹੈ। ਜੇ ਬਜ਼ੁਰਗ ਕਿਰਿਆਸ਼ੀਲ ਰਹਿਣ, ਸਮਾਜ ਦੀ ਮੁੱਖ ਧਾਰਾ ਨਾਲ ਜੁੜੇ ਰਹਿਣ, ਉਨ੍ਹਾਂ ਨੂੰ ਆਪਣਿਆਂ ਦਾ ਪਿਆਰ, ਅਪਣੱਤ ਮਿਲੇ, ਉਨ੍ਹਾਂ ਦੇ ਅਨੁਭਵਾਂ ਤੇ ਯੁਵਾ ਪੀੜ੍ਹੀ ਚੱਲੇ ਤਾਂ ਸ਼ਾਇਦ ਬਜ਼ੁਰਗਾਂ ਦੀ ਸਮੱਸਿਆ ਦਾ ਕੋਈ ਹੱਲ ਨਿਕਲ ਸਕਦਾ ਹੈ। ਪਰ ਉਮਰ ਦੇ ਇੱਕ ਪੜਾਅ ਪਿੱਛੋਂ ਜੀਂਦਾ ਜਾਗਦਾ ਇਨਸਾਨ, ਜਿਸ ਵਿੱਚ ਭਾਵਨਾ, ਕਰੁਣਾ, ਸੰਵੇਦਨਾ ਅਤੇ ਇੱਛਾ ਹੁੰਦੀ ਹੈ, ਉਹ ਨੂੰ ਭੁਲਾ ਦਿੱਤਾ ਜਾਂਦਾ ਹੈ। ਉਹਨੂੰ ਸਿਰਫ਼ ਵਸਤੂ ਸਮਝਣ ਦੀ ਗਲਤੀ ਕੀਤੀ ਜਾਣ ਲੱਗਦੀ ਹੈ। ਉਹ ਵੀ ਬੇਕਾਰ ਦੀ ਇਸੇ ਮਾਨਸਿਕਤਾ ਕਾਰਨ ਅੱਜ ਕਈ ਘਰਾਂ ਵਿੱਚ ਬਜ਼ੁਰਗ ਅਪਮਾਨ ਦਾ ਘੁੱਟ ਭਰਨ ਨੂੰ ਮਜਬੂਰ ਹਨ। ਜਿੱਥੇ ਪਰਿਵਾਰ ਦੇ ਹਰ ਮੈਂਬਰ ਦੀ ਆਪਣੀ ਪਸੰਦ ਨਾਪਸੰਦ ਹੈ, ਰਹਿਣ ਨੂੰ ਆਪਣਾ ਕਮਰਾ ਹੈ, ਭੋਜਨ ਵਿੱਚ ਉਨ੍ਹਾਂ ਦੀ ਪਸੰਦ ਨਾਪਸੰਦ ਦਾ ਖਿਆਲ ਰੱਖਿਆ ਜਾਂਦਾ ਹੈ। ਇੱਥੋਂ ਤੱਕ ਕਿ ਪਾਲਤੂ ਜਾਨਵਰ ਦੇ ਵੀ ਖਾਣ ਪੀਣ, ਰਹਿਣ ਅਤੇ ਲੋੜ ਦਾ ਧਿਆਨ ਰੱਖਿਆ ਜਾਂਦਾ ਹੈ। ਪਰ ਬਜ਼ੁਰਗਾਂ ਦੀ ਤਾਂ ਜਿਵੇਂ ਕੋਈ ਇੱਛਾ ਭਾਵਨਾ ਹੈ ਹੀ ਨਹੀਂ। ਉਹ ਜਿਵੇਂ ਸਮਾਨ ਦੀ ਬੇਜਾਨ ਗੰਢੜੀ ਹੋਣ, ਜੀਹਨੂੰ ਜਦੋਂ ਜੀਅ ਕੀਤਾ ਏਧਰ ਓਧਰ ਧੱਕ ਦਿੱਤਾ। ਜੀਹਨੂੰ ਘਰ ਵਿੱਚ ਇੱਕ ਭਾਰ ਸਮਝਣ ਦੀ ਮਾਨਸਿਕਤਾ ਸਭ ਦੇ ਦਿਮਾਗ ਵਿੱਚ ਘਰ ਕਰ ਜਾਂਦੀ ਹੈ।
ਜੀਵਨ ਦੇ ਆਖਰੀ ਪੜਾਅ ਵਿੱਚ ਜਿੱਥੇ ਪ੍ਰੇਮ, ਸਨਮਾਨ, ਅਪਣੱਤ ਦੀ ਬੇਹੱਦ ਲੋੜ ਹੁੰਦੀ ਹੈ, ਉੱਥੇ ਮਿਲਦੀ ਹੈ ਆਪਣਿਆਂ ਵੱਲੋਂ ਝਿੜਕ, ਅੱਖਾਂ ਵਿੱਚ ਆਈ ਘਿਰਣਾ, ਜੀਹਨੂੰ ਵਿਚਾਰੇ ਬਜ਼ੁਰਗ ਸਹਿਣ ਨਹੀਂ ਕਰ ਸਕਦੇ ਅਤੇ ਉਸੇ ਛੱਤ ਹੇਠਾਂ ਤਿਲ ਤਿਲ ਮਰਨ ਨੂੰ ਮਜਬੂਰ ਹੁੰਦੇ ਰਹਿੰਦੇ ਹਨ। ਪਤਾ ਨਹੀਂ ਇੱਕ ਦਿਨ ਵਿੱਚ ਕਿੰਨੀ ਵਾਰ ਮਰਦੇ ਹਨ ਅਜਿਹੇ ਬਦਕਿਸਮਤ ਬਜ਼ੁਰਗ! ਉਨ੍ਹਾਂ ਦੇ ਬੁੱਲ੍ਹਾਂ ਤੇ ਇੱਕ ਹੀ ਸ਼ਬਦ ਹੁੰਦਾ ਹੈ, “ਹੇ ਮਾਲਕ! ਰਹਿਮ ਕਰ! ਹੁਣ ਤਾਂ ਇਸ ਜਹਾਨ ਤੋਂ ਚੁੱਕ ਲੈ!” ਪਰ ਮੌਤ ਮੰਗਿਆਂ ਥੋੜ੍ਹੋ ਮਿਲਦੀ ਹੈ, ਉਹਦਾ ਵੀ ਇੱਕ ਨਿਸ਼ਚਿਤ ਸਮਾਂ ਹੁੰਦਾ ਹੈ। ਕੁਝ ਬਜ਼ੁਰਗ ਹਰ ਰੋਜ਼ ਮੌਤ ਦਾ ਤਾਂਡਵ ਸਹਿਣ ਨਹੀਂ ਕਰ ਸਕਦੇ ਅਤੇ ਸਿੱਧੇ ਮੌਤ ਨੂੰ ਗਲ ਨਾਲ ਲਾ ਲੈਣ ਵਰਗਾ ਕਦਮ ਚੁੱਕਣ ਨੂੰ ਮਜਬੂਰ ਹੋ ਜਾਂਦੇ ਹਨ। ਕੁਝ ਅਜਿਹੇ ਵੀ ਹੁੰਦੇ ਹਨ ਜਿਨ੍ਹਾਂ ਨੂੰ ਬਜ਼ੁਰਗ ਘਰਾਂ ਵਿੱਚ ਸਕੂਨ ਨਜ਼ਰ ਆਉਂਦਾ ਹੈ। ਅਜਿਹੇ ਬਜ਼ੁਰਗਾਂ ਦੀ ਕਮੀ ਵੀ ਨਹੀਂ ਹੈ ਜੋ ਇਹਨੂੰ ਆਪਣੀ ਕਿਸਮਤ ਸਮਝ ਕੇ ਆਪਣੇ ਘਰ ਵਿੱਚ ਹੀ ਕੈਦ ਹੋ ਕੇ ਜੀਵਨ ਦੇ ਬਚੇ ਸਾਹ ਲੈਣ ਨੂੰ ਮਜਬੂਰ ਹੋ ਜਾਂਦੇ ਹਨ।
ਅੱਜ ਸਭ ਤੋਂ ਵੱਧ ਲੋੜ ਹੈ ਬਜ਼ੁਰਗਾਂ ਦੇ ਮਨੋਵਿਗਿਆਨ ਨੂੰ ਸਮਝਣ ਦੀ। ਬਜ਼ੁਰਗ ਅਤੇ ਯੁਵਾ ਇਹ ਦੋਵੇਂ ਸਮਾਜ ਦੇ ਉਹ ਧੁਰੇ ਹਨ ਜਿਨ੍ਹਾਂ ਦੇ ਵਿਚਾਲੇ ਆਪਸੀ ਤਾਲਮੇਲ, ਮਨੋਭਾਵਾਂ ਨੂੰ ਸਮਝਣ ਦੀ ਖਾਸ ਲੋੜ ਹੈ। ਉਮਰ ਦੇ ਇੱਕ ਪੜਾਅ ਤੇ ਆ ਕੇ ਇਨਸਾਨ ਨੂੰ ਨਾ ਸਿਰਫ ਢਿੱਡ ਭਰ ਰੋਟੀ, ਰਹਿਣ ਨੂੰ ਛੱਤ ਅਤੇ ਪਹਿਨਣ ਨੂੰ ਕੱਪੜੇ ਹੀ ਚਾਹੀਦੇ ਹਨ ਸਗੋਂ ਉਸਤੋਂ ਵੀ ਵੱਧ ਕੇ ਚਾਹੀਦਾ ਹੈ ਆਪਣਿਆਂ ਦਾ ਸਾਥ। ਕੋਈ ਹੋਵੇ ਜਿਸ ਨਾਲ ਉਹ ਆਪਣੇ ਮਨ ਵਿੱਚ ਉਠ ਰਹੇ ਜਜ਼ਬਾਤ ਨੂੰ ਸਾਂਝਾ ਕਰ ਸਕਣ। ਉਹਨੂੰ ਅਹਿਸਾਸ ਦਿਵਾ ਸਕਣ ਕਿ ਅਜੇ ਉਸ ਘਰ ਪਰਿਵਾਰ ਵਿੱਚ ਉਹਦਾ ਆਪਣਾ ਵਜੂਦ ਹੈ। ਉਹ ਉਸ ਘਰ ਦਾ ਬਜ਼ੁਰਗ ਹੈ। ਭਾਵੇਂ ਬਜ਼ੁਰਗਾਂ ਨੂੰ ਚਾਂਦੀ ਸੋਨੇ ਦੇ ਭਾਂਡਿਆਂ ਵਿੱਚ ਖਾਣਾ ਪਰੋਸਿਆ ਜਾਂਦਾ ਹੋਵੇ, ਉਨ੍ਹਾਂ ਦੇ ਰਹਿਣ ਲਈ ਬੇਹਤਰੀਨ ਪ੍ਰਬੰਧ ਹੋਵੇ, ਪਰ ਜਦੋਂ ਤੱਕ ਉਨ੍ਹਾਂ ਨੂੰ ਉਨ੍ਹਾਂ ਦ ਹੋਣ ਦਾ, ਉਨ੍ਹਾਂ ਦੇ ਅਸਤਿਤਵ ਦਾ ਆਭਾਸ ਨਾ ਕਰਾ ਦਿੱਤਾ ਜਾਵੇ, ਉਨ੍ਹਾਂ ਦੀਆਂ ਸੰਵੇਦਨਾਵਾਂ ਅਤੇ ਭਾਵਨਾਵਾਂ ਨੂੰ ਪੂਰਾ ਸਨਮਾਨ ਨਾ ਦਿੱਤਾ ਜਾਵੇ, ਉਨ੍ਹਾਂ ਲਈ ਕੀਤੇ ਗਏ ਹੋਰ ਯਤਨ ਵਿਅਰਥ ਹੀ ਹੋਣਗੇ।
ਅਜਿਹਾ ਨਹੀਂ ਹੈ ਕਿ ਬਜ਼ੁਰਗਾਂ ਨੂੰ ਹੀ ਆਪਣਿਆਂ ਦੀ ਲੋੜ ਹੈ। ਅਸਲ ਵਿੱਚ ਅੱਜ ਦੀ ਇਸ ਭੱਜਦੀ ਦੌੜਦੀ ਆਧੁਨਿਕਤਾ ਦਾ ਪਿੱਛਾ ਕਰ ਰਹੀ ਭੁੱਲੀ ਭਟਕੀ ਯੁਵਾ ਪੀੜ੍ਹੀ, ਜਿਸਦੇ ਜੀਵਨ ਵਿੱਚ ਨਿਰਾਸ਼ਾ ਪੈਦਾ ਹੋ ਚੁੱਕੀ ਹੈ, ਚਾਰੇ ਪਾਸਿਉਂ ਕਈ ਤਰ੍ਹਾਂ ਦੇ ਦਬਾਅ ਨਾਲ ਦੱਬੀ ਜਾ ਰਹੀ ਹੈ ਅਤੇ ਆਪਣਾ ਸਰਵਸ੍ਰੇਸ਼ਟ ਪ੍ਰਦਰਸ਼ਨ ਕਰਨ ਵਿੱਚ ਆਪਣੀ ਸਭ ਕੁਝ, ਏਥੋਂ ਤੱਕ ਕਿ ਸੁਖ ਚੈਨ ਲੁਟਾ ਬੈਠੀ ਹੈ – ਅਜਿਹੀ ਹਾਲਤ ਵਿੱਚ ਬਜ਼ੁਰਗ ਦੇਵਦੂਤ ਬਣ ਕੇ ਆਪਣੇ ਗਿਆਨ ਅਤੇ ਅਨੁਭਵ ਨਾਲ ਉਹਦੀਆਂ ਸਾਰੀਆਂ ਪ੍ਰੇਸ਼ਾਨੀਆਂ ਨੂੰ ਦੂਰ ਕਰਨ ਵਿੱਚ ਸਹਾਇਕ ਸਿੱਧ ਹੋ ਸਕਦੇ ਹਨ।
~ ਪ੍ਰੋ. ਨਵ ਸੰਗੀਤ ਸਿੰਘ
# 1, ਲਤਾ ਗਰੀਨ ਐਨਕਲੇਵ, ਪਟਿਆਲਾ-147002
(9417692015)