ਕੋਈ ਪਤਾ ਨਹੀਂ ਕਦ ਹੋਣੀ ਹੈ, ਸਾਡੇ ਪਿੰਡ ਬਰਸਾਤ।
‘ਡੀਕ ਰਹੇ ਹਾਂ ਮਿਲੇਗੀ ਸਾਨੂੰ, ਕੁਦਰਤ ਦੀ ਸੌਗਾਤ।
ਪਹਿਲੇ ਸਮਿਆਂ ਵਿੱਚ ਕਿੰਨੀਆਂ, ਹੁੰਦੀਆਂ ਸੀ ਬਰਸਾਤਾਂ।
ਵਿੱਚ ਸਕੂਲੇ ਭਰਦਾ ਪਾਣੀ, ਕਿੱਥੇ ਲੱਗਣ ਜਮਾਤਾਂ!
ਮੀਂਹ ਦੇ ਪੈਣ ਛੱਰਾਟੇ, ਜਦ ਆਉਂਦਾ ਹੈ ਸਉਣ ਮਹੀਨਾ।
ਰਲਮਿਲ ਪਾਣੀ ਵਿੱਚ ਖੇਡਦੇ, ਬੰਟੀ- ਬਬਲੀ- ਟੀਨਾ।
ਕੁਦਰਤ ਨਾਲ ਖਿਲਵਾੜ ਕੀਤਾ, ਤਾਂ ਮੀਂਹ-ਬੱਦਲ ਨੇ ਰੁੱਸੇ।
ਨੀ ਘਨਘੋਰ ਘਟਾਓ, ਆਓ, ਅਸੀਂ ਨਹੀਂ ਹਾਂ ਗੁੱਸੇ।
ਦਿਨ ਬਾਰਿਸ਼ ਦੇ ਆਉਂਦੇ, ਤਾਂ ਰਿਝਦੇ ਨੇ ਪੂੜੇ ਖੀਰਾਂ।
ਸੰਧਾਰੇ ਲਈ ਸਹੁਰੇ ਘਰ ਵਿੱਚ, ਭੈਣਾਂ ਉਡੀਕਣ ਵੀਰਾਂ।
ਮੌਸਮ ਦੱਸਣ ਵਾਲੇ ਆਖਣ, ਮੌਨਸੂਨ ਹੈ ਆਈ।
ਇੱਕ ਵੀ ਕਣੀ ਨਾ ਡਿੱਗੀ, ਐਪਰ ਅੰਬਰ ਘਟਾ ਹੈ ਛਾਈ।
ਅੱਤ ਦੀ ਗਰਮੀ ਹੋਈ, ਆਖ਼ਰ ਵਰਖਾ ਕਦ ਹੋਏਗੀ।
ਠੰਡੇ ਛਿੱਟਿਆਂ ਦੇ ਨਾਲ, ਧਰਤ ਦੀ ਗਰਮੀ ਨੂੰ ਧੋਏਗੀ।
~ ਪ੍ਰੋ. ਨਵ ਸੰਗੀਤ ਸਿੰਘ
1, ਲਤਾ ਗਰੀਨ ਐਨਕਲੇਵ, ਪਟਿਆਲਾ-147002 (9417692015)