ਨਿਧੀ ਨੇ ਆਪਣੇ ਜੀਵਨ ਸਾਥੀ ਦੇ ਰੂਪ ਵਿੱਚ ਆਪਣੇ ਹੀ ਆਫ਼ਿਸ ਵਿੱਚ ਕੰਮ ਕਰਦੇ ਕਿਸ਼ੋਰ ਨੂੰ ਚੁਣ ਲਿਆ ਤਾਂ ਆਪਣੇ ਮਾਤਾ ਪਿਤਾ ਨੂੰ ਦੱਸ ਦੇਣਾ ਠੀਕ ਸਮਝਿਆ। ਇੱਕ ਦਿਨ ਉਹਨੇ ਆਪਣੀ ਮਾਂ ਨੂੰ ਸਾਰੀ ਗੱਲ ਸਾਫ਼ ਸਾਫ਼ ਦੱਸ ਦਿੱਤੀ। ਮਾਂ ਨੇ ਸੁਣ ਕੇ ਕੋਈ ਪ੍ਰਤੀਕ੍ਰਿਆ ਨਹੀਂ ਦਿੱਤੀ। ਉਹਨੇ ਮਨ ਹੀ ਮਨ ਸੋਚਿਆ ਕਿ ਨਿਧੀ ਨੂੰ ਕੁਝ ਵੀ ਕਹਿਣ ਤੋਂ ਪਹਿਲਾਂ ਉਹ ਉਹਦੇ ਪਾਪਾ ਨੂੰ ਸਾਰੀ ਗੱਲ ਦੱਸੇਗੀ। ਰਾਤੀਂ ਸੌਣ ਤੋਂ ਪਹਿਲਾਂ ਉਹਨੇ ਨਿਧੀ ਵੱਲੋਂ ਮੁੰਡਾ ਪਸੰਦ ਕਰਨ ਦੀ ਗੱਲ ਉਹਦੇ ਪਾਪਾ ਨੂੰ ਦੱਸੀ ਤਾਂ ਉਨ੍ਹਾਂ ਨੇ ਸਿਰਫ ਇੰਨਾਂ ਹੀ ਪੁੱਛਿਆ, “ਮੁੰਡਾ ਕਿਹੜੀ ਬਰਾਦਰੀ ਦਾ ਹੈ?”
“ਆਪਣੀ ਜਾਤ ਦਾ ਨਹੀਂ ਹੈ”, ਜਦੋਂ ਨਿਧੀ ਦੀ ਮਾਂ ਨੇ ਦੱਸਿਆ ਤਾਂ ਉਹਦੇ ਪਾਪਾ ਕੁਝ ਨਹੀਂ ਬੋਲੇ।
ਅਗਲੇ ਦਿਨ ਛੁੱਟੀ ਹੋਣ ਕਰਕੇ ਨਿਧੀ ਘਰੇ ਹੀ ਸੀ। ਪਾਪਾ ਨੇ ਉਹਨੂੰ ਕੋਲ ਸੱਦਿਆ ਅਤੇ ਸਾਰੀ ਗੱਲ ਪੁੱਛੀ। ਨਿਧੀ ਨੇ ਕਿਸ਼ੋਰ ਦੀ ਪੜ੍ਹਾਈ, ਉਹਦੇ ਮਾਤਾ ਪਿਤਾ ਅਤੇ ਨੌਕਰੀ ਬਾਰੇ ਦੱਸਿਆ ਤਾਂ ਪਾਪਾ ਬੋਲੇ, “ਬੇਟਾ, ਬਾਕੀ ਸਭ ਤਾਂ ਠੀਕ ਹੈ ਪਰ ਆਪਣੀ ਜਾਤ ਬਰਾਦਰੀ ਨਾ ਹੋਣ ਕਰਕੇ ਵੱਡੀਆਂ ਕੁੜੀਆਂ ਦੇ ਸਹੁਰੇ ਗੱਲਾਂ ਬਣਾਉਣਗੇ।”
ਨਿਧੀ ਨੇ ਪਾਪਾ ਦੀ ਗੱਲ ਸੁਣਦਿਆਂ ਹੀ ਕਹਿ ਦਿੱਤਾ, “ਪਾਪਾ ਜੀ, ਤੁਹਾਡੇ ਦੋਵੇਂ ਜਵਾਈਆਂ ਵਿੱਚ ਅਜਿਹਾ ਕਿਹੜਾ ਗੁਣ ਹੈ, ਜੀਹਦੇ ਕਰਕੇ ਸਾਡਾ ਨੱਕ ਨਾ ਕੱਟਿਆ ਹੋਵੇ! ਇੱਕ ਘੱਟ ਪੜ੍ਹਿਆ ਛੋਟਾ ਦੁਕਾਨਦਾਰ ਹੈ ਤੇ ਦੂਜਾ ਪੜ੍ਹਿਆ ਲਿਖਿਆ ਨਿਕੰਮਾ ਸ਼ਰਾਬੀ। ਇਨ੍ਹਾਂ ਦੋਹਾਂ ਦੀ ਪ੍ਰੇਸ਼ਾਨੀ ਕਾਰਨ ਹੀ ਤਾਂ ਤੁਸੀਂ ਘੁੱਟ ਘੁੱਟ ਕੇ ਬੁਢਾਪਾ ਕੱਟ ਰਹੇ ਹੋ! ਤੁਸੀਂ ਮੇਰੇ ਲਈ ਜਾਤ ਬਰਾਦਰੀ ਦੀ ਚਿੰਤਾ ਨਾ ਕਰੋ। ਕਿਸ਼ੋਰ ਪੜ੍ਹਿਆ ਲਿਖਿਆ ਹੈ, ਮੇਰੇ ਬਰਾਬਰ ਦਾ ਅਫ਼ਸਰ ਹੈ। ਨੌਕਰੀ ਵਾਲਿਆਂ ਦੀ ਇਹੋ ਬਰਾਦਰੀ ਹੁੰਦੀ ਹੈ, ਪਾਪਾ!”
ਬੇਟੀ ਦੀ ਗੱਲ ਸੁਣਦੇ ਹੀ ਉਹ ਬੋਲੇ, “ਠੀਕ ਹੈ ਬੇਟਾ, ਤੂੰ ਕਿਸ਼ੋਰ ਨਾਲ ਮੈਨੂੰ ਮਿਲਵਾ, ਮੈਨੂੰ ਪਰਵਾਨ ਹੈ।”
****

ਮੂਲ : ਡਾ. ਜਵਾਹਰ ਧੀਰ, ਪ੍ਰੋਫ਼ੈਸਰ ਕਾਲੋਨੀ, ਬੰਗਾ ਰੋਡ, ਫਗਵਾੜਾ- 144401.
ਅਨੁ : ਪ੍ਰੋ. ਨਵ ਸੰਗੀਤ ਸਿੰਘ, 1-ਲਤਾ ਗਰੀਨ ਐਨਕਲੇਵ, ਪਟਿਆਲਾ- 147002.