ਪੰਜਾਬ ਵਿੱਚ ਬਲਾਕ ਸੰਮਤੀਆਂ ਅਤੇ ਜਿਲ੍ਹਾ ਪਰੀਸ਼ਦ ਦੀਆਂ 14 ਦਸੰਬਰ 2025 ਨੂੰ ਹੋਈਆਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਆਪਣੀ ਸਰਵਉਚਤਾ ਬਰਕਰਾਰ ਰੱਖਣ ਵਿੱਚ ਭਾਵੇਂ ਸਫ਼ਲ ਹੋ ਗਈ ਹੈ, ਪ੍ਰੰਤੂ ਉਸਨੂੰ 11 ਜਿਲ੍ਹਾ ਪਰੀਸ਼ਦਾਂ ਅਤੇ 250 ਦੇ ਕਰੀਬ ਬਲਾਕ ਸੰਮਤੀਆਂ ਦੇ ਚੇਅਰਮੈਨ ਬਣਾਉਣ ਲਈ ਕਈ ਤਰ੍ਹਾਂ ਦੇ ਹੱਥ ਕੰਡੇ ਵਰਤਣੇ ਪੈਣਗੇ, ਕਿਉਂਕਿ ਉਨ੍ਹਾਂ ਵਿੱਚ ਪੂਰਨ ਬਹੁਮਤ ਨਹੀਂ ਮਿਲਿਆ। ਲੋਕਤੰਤਰ ਦੇ ਹੇਠਲੇ ਪੱਧਰ ਦੀਆਂ ਚੋਣਾ ਵਿਸ਼ੇਸ਼ ਮਹੱਤਤਾ ਰੱਖਦੀਆਂ ਹੁੰਦੀਆਂ ਹਨ, ਕਿਉਂਕਿ ਪਿੰਡ ਪੱਧਰ ਦੀਆਂ ਚੋਣਾਂ ਹੁੰਦੀਆਂ ਹਨ। ਵੈਸੇ ਇਨ੍ਹਾਂ ਚੋਣਾਂ ਨੂੰ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਟਰੇਲਰ ਵੀ ਕਿਹਾ ਜਾਂਦਾ ਹੈ। ਇਨ੍ਹਾਂ ਚੋਣਾਂ ਵਿੱਚ ਸਾਰੀਆਂ ਪਾਰਟੀਆਂ ਨੇ ਆਪੋ ਆਪਣੀ ਪਾਰਟੀ ਦੇ ਚੋਣ ਨਿਸ਼ਾਨ ‘ਤੇ ਚੋਣਾਂ ਲੜੀਆਂ ਹਨ। ਵੋਟਰਾਂ ਨੇ ਇਨ੍ਹਾਂ ਚੋਣਾਂ ਵਿੱਚ ਬਹੁਤੀ ਦਿਲਚਸਪੀ ਨਹੀਂ ਵਿਖਾਈ। ਸਿਰਫ਼ 48 ਫ਼ੀ ਸਦੀ ਵੋਟਰਾਂ ਨੇ ਆਪਣੀਆਂ ਵੋਟਾਂ ਦਾ ਇਸਤੇਮਾਲ ਕੀਤਾ ਹੈ। ਇਸ ਲਈ ਇਨ੍ਹਾਂ ਚੋਣਾਂ ਨੂੰ ਪੰਜਾਬ ਵਿੱਚ ਹੋਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਦਾ ਸੈਮੀ ਫ਼ਾਈਨਲ ਸਮਝਿਆ ਜਾਂਦਾ ਹੈ। ਵੇਖਣ ਅਤੇ ਸੋਚਣ ਵਾਲੀ ਗੱਲ ਹੈ ਕਿ ਕੀ ਇਹ ਚੋਣਾਂ ਸਹੀ ਅਰਥਾਂ ਵਿੱਚ ਸੈਮੀ ਫਾਈਨਲ ਸਾਬਤ ਹੋਣਗੀਆਂ? ਅਸਲ ਵਿੱਚ ਹੇਠਲੇ ਪੱਧਰ ਦੀਆਂ ਚੋਣਾਂ ਵਿੱਚ ਪਿੰਡਾਂ ਦੇ ਲੋਕਾਂ ਦੀ ਪਾਰਟੀਬਾਜ਼ੀ ਅਤੇ ਭਾਈਚਾਰਕ ਸਾਂਝ ਦੋਵੇਂ ਕੰਮ ਕਰਦੀਆਂ ਹੁੰਦੀਆਂ ਹਨ, ਜਿਸ ਕਰਕੇ ਕਈ ਵਾਰ ਵੋਟਰ ਪਾਰਟੀਬਾਜ਼ੀ ਤੋਂ ਉਪਰ ਉਠਕੇ ਆਪੋ ਆਪਣੇ ਧੜਿਆਂ ਅਤੇ ਭਾਈਚਾਰਕ ਸੰਬੰਧਾਂ ਦਾ ਲਾਹਾ ਲੈ ਜਾਂਦੇ ਹਨ। ਇਸ ਲਈ ਕਿਸੇ ਵੀ ਸਿਆਸੀ ਪਾਰਟੀ ਨੂੰ ਇਨ੍ਹਾਂ ਚੋਣਾਂ ਵਿੱਚ ਜਿੱਤ ਅਤੇ ਹਾਰ ਨੂੰ ਆਉਣ ਵਾਲੀਆਂ ਚੋਣਾਂ ਦਾ ਆਧਾਰ ਨਹੀਂ ਸਮਝਿਆ ਜਾਣਾ ਚਾਹੀਦਾ। ਸ਼ਰੋਮਣੀ ਅਕਾਲੀ ਦਲ ਲਈ ਸ਼ੁਭ ਸ਼ਗਨ ਸਮਝਿਆ ਜਾ ਸਕਦਾ ਹੈ, ਕਿਉਂਕਿ 2022 ਦੀਆਂ ਵਿਧਾਨ ਸਭਾ ਚੋਣਾਂ ਅਤੇ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਸ਼ਰੋਮਣੀ ਅਕਾਲੀ ਦਲ ਹਾਸ਼ੀਏ ਤੇ ਚਲਾ ਗਿਆ ਸੀ। ਆਮ ਆਦਮੀ ਪਾਰਟੀ ਇਨ੍ਹਾਂ ਚੋਣਾਂ ਵਿੱਚ ਭਾਰੀ ਬਹੁਮੱਤ ਨਾਲ ਪਹਿਲੇ ਨੰਬਰ, ਕਾਂਗਰਸ ਪਾਰਟੀ ਦੂਜੇ ਨੰਬਰ, ਸ਼ਰੋਮਣੀ ਅਕਾਲੀ ਦਲ ਬਾਦਲ ਤੀਜੇ ਨੰਬਰ, ਭਾਰਤੀ ਜਨਤਾ ਪਾਰਟੀ ਚੌਥੇ ਨੰਬਰ, ਬਹੁਜਨ ਸਮਾਜ ਪਾਰਟੀ ਪੰਜਵੇਂ ਅਤੇ ਆਜ਼ਾਦ (ਪੁਨਰ ਸੁਰਜੀਤ ਅਕਾਲੀ ਦਲ) ਉਮੀਦਵਾਰ ਛੇਵੇਂ ਨੰਬਰ ‘ਤੇ ਆਏ ਹਨ। ਇਨ੍ਹਾਂ ਚੋਣਾਂ ਵਿੱਚ 9000 ਉਮੀਦਵਾਰਾਂ ਨੇ ਚੋਣ ਲੜੀ ਸੀ। ਭਾਰਤੀ ਜਨਤਾ ਪਾਰਟੀ ਨੇ ਪਹਿਲੀ ਵਾਰ ਬਲਾਕ ਸੰਮਤੀਆਂ ਅਤੇ ਜਿਲ੍ਹਾ ਪਰੀਸ਼ਦਾਂ ਦੀਆਂ ਚੋਣਾਂ ਇਕੱਲਿਆਂ ਅਤੇ ਆਪਣੇ ਚੋਣ ਨਿਸ਼ਾਨ ‘ਤੇ ਲੜੀਆਂ ਹਨ। ਉਨ੍ਹਾਂ ਨੇ ਜਿਲ੍ਹਾਂ ਪਰੀਸ਼ਦ ਦੀਆਂ ਸਿਰਫ 7 ਸੀਟਾਂ 4 ਪਠਾਨਕੋਟ ਅਤੇ 3 ਫ਼ਾਜਿਕਲਾ ਜਿੱਤੀਆਂ ਹਨ। ਭਾਰਤੀ ਜਨਤਾ ਪਾਰਟੀ ਨੇ ਪਿੰਡਾਂ ਵਿੱਚ ਵੀ ਆਪਣੇ ਖੰਭ ਖਿਲਾਰ ਲਏ ਹਨ, ਪ੍ਰੰਤੂ ਬਹੁਤੇ ਚੰਗੇ ਨਤੀਜੇ ਵਿਖਾ ਨਹੀਂ ਸਕੀ। ਇੱਕਾ ਦੁੱਕਾ ਘਟਨਾਵਾਂ, ਕਾਗਜ਼ ਖੋਹਣ, ਕਾਗਜ਼ ਭਰਨ ਨਾ ਦੇਣ, ਚੋਣ ਤੇ ਕਾਊਂਟਿੰਗ ਏਜੰਟ ਨਾ ਵੜਨ ਦੇਣ ਅਤੇ ਵਿਧਾਨਕਾਰਾਂ ਵੱਲੋਂ ਚੋਣ ਕੇਂਦਰਾਂ ਵਿੱਚ ਵੜਨ ਤੋਂ ਇਲਾਵਾ ਚੋਣਾਂ ਸ਼ਾਂਤਮਈ ਢੰਗ ਨਾਲ ਨੇਪਰੇ ਚੜ੍ਹ ਗਈਆਂ। ਅੰਮ੍ਰਿਤਸਰ, ਬਰਨਾਲਾ, ਮੁਕਤਸਰ, ਗੁਰਦਾਸਪੁਰ ਅਤੇ ਜਲੰਧਰ ਜਿਲਿ੍ਹਆਂ ਦੇ 21 ਬੂਥਾਂ ‘ਤੇ 16 ਦਸੰਬਰ ਨੂੰ ਦੁਬਾਰ ਵੋਟਾਂ ਪਈਆਂ ਸੀ।
Êਪੰਜਾਬ ਵਿੱਚ 153 ਬਲਾਕ ਸੰਮਤੀਆਂ ਲਈ 2838 ਜੋਨਾਂ ਦੀ ਚੋਣ ਹੋਈ ਸੀ, ਇਨ੍ਹਾਂ ਵਿੱਚੋਂ ਆਮ ਆਦਮੀ ਪਾਰਟੀ 1529, ਕਾਂਗਰਸ ਪਾਰਟੀ 612, ਸ਼ਰੋਮਣੀ ਅਕਾਲੀ ਦਲ 449, ਭਾਰਤੀ ਜਨਤਾ ਪਾਰਟੀ 73, ਬਹੁਜਨ ਸਮਾਜ ਪਾਰਟੀ 28 ਅਤੇ ਆਜ਼ਾਦ ਉਮੀਦਵਾਰਾਂ ਨੇ 144 ਜੋਨਾਂ ਵਿੱਚ ਜਿੱਤ ਪ੍ਰਾਪਤ ਕੀਤੀ ਹੈ। ਇਨ੍ਹਾਂ ਵਿੱਚੋਂ 352 ਬਲਾਕ ਸੰਮਤੀਆਂ ਦੀ ਚੋਣ ਸਰਬਸੰਮਤੀ ਨਾਲ ਪਹਿਲਾਂ ਹੀ ਹੋ ਗਈ ਸੀ, ਜਿਨ੍ਹਾਂ ਵਿੱਚੋਂ ਆਮ ਆਦਮੀ ਪਾਰਟੀ ਦੇ 339, ਕਾਂਗਰਸ ਦੇ 3 ਅਤੇ 10 ਆਜ਼ਾਦ ਉਮੀਦਵਾਰ ਚੁਣੇ ਗਏ ਸਨ। ਅਸਲ ਵਿੱਚ 2486 ਬਲਾਕ ਸੰਮਤੀਆਂ ਦੇ ਜੋਨਾ ‘ਤੇ ਚੋਣ ਹੋਈ ਸੀ। ਇਸ ਤਰ੍ਹਾਂ ਆਮ ਆਦਮੀ ਪਾਰਟੀ ਨੇ 54 ਫ਼ੀ ਸਦੀ, ਕਾਂਗਰਸ ਨੇ 21 ਫ਼ੀ ਸਦੀ, ਸ਼ਰੋਮਣੀ ਅਕਾਲੀ ਦਲ ਨੇ 15.5 ਫ਼ੀ ਸਦੀ, ਭਾਰਤੀ ਜਨਤਾ ਪਾਰਟੀ ਨੇ 2.5 ਫ਼ੀ ਸਦੀ, ਬਹੁਜਨ ਸਮਾਜ ਪਾਰਟੀ ਨੇ 1 ਫ਼ੀ ਸਦੀ ਅਤੇ ਆਜ਼ਾਦ ਉਮੀਦਵਾਰਾਂ ਨੇ 5 ਫ਼ੀ ਸਦੀ ਜੋਨਾਂ ‘ਤੇ ਜਿੱਤ ਪ੍ਰਾਪਤ ਕੀਤੀ ਹੈ। ਬਿਲਕੁਲ ਇਸੇ ਤਰ੍ਹਾਂ ਜਿਲ੍ਹਾ ਪਰੀਸ਼ਦ ਦੀਆਂ ਕੁਲ 23 ਵਿੱਚੋਂ 346 ਉਮੀਦਵਾਰ ਚੁਣੇ ਗਏ ਹਨ। ਇਨ੍ਹਾਂ ਵਿੱਚੋਂ ਆਮ ਆਦਮੀ ਪਾਰਟੀ ਨੇ 218 ਮੈਂਬਰਾਂ ਨਾਲ 12 ਜਿਲਿ੍ਹਆਂ ਤੇ ਕਬਜ਼ਾ ਕਰ ਲਿਆ, ਕਾਂਗਰਸ ਪਾਰਟੀ ਨੇ 62 ਮੈਂਬਰਾਂ ਨਾਲ ਨਵਾਂ ਸ਼ਹਿਰ, ਸ਼ਰੋਮਣੀ ਅਕਾਲੀ ਦਲ ਨੇ 46 ਨਾਲ ਬਠਿੰਡਾ, ਭਾਰਤੀ ਜਨਤਾ ਪਾਰਟੀ ਨੇ 7, ਬਹੁਜਨ ਸਮਾਜ ਪਾਰਟੀ ਨੇ 3 ਅਤੇ ਆਜ਼ਾਦ 10 ਉਮੀਦਵਾਰ ਜਿੱਤੇ ਹਨ। ਅਕਾਲੀ ਦਲ ਨੇ 6 ਅਤੇ ਕਾਂਗਰਸ ਨੇ 2 ਜਿਲਿ੍ਹਆਂ ਵਿੱਚ ਜਿਲ੍ਹਾ ਪਰੀਸ਼ਦ ਦੀ ਇੱਕ ਵੀ ਸੀਟ ਨਹੀਂ ਜਿੱਤੀ। ਇਸ ਪ੍ਰਕਾਰ ਆਮ ਆਦਮੀ ਪਾਰਟੀ ਨੂੰ 11 ਜਿਲ੍ਹਾ ਪਰੀਸ਼ਦਾਂ ਲਈ ਜਦੋਜਹਿਦ ਕਰਨੀ ਪਵੇਗੀ। ਆਮ ਆਦਮੀ ਪਾਰਟੀ ਨੇ 63 ਫ਼ੀ ਸਦੀ, ਕਾਂਗਰਸ ਪਾਰਟੀ ਨੇ 18 ਫ਼ੀ ਸਦੀ, ਸ਼ਰੋਮਣੀ ਅਕਾਲੀ ਦਲ ਨੇ 13 ਫ਼ੀ ਸਦੀ, ਭਾਰਤੀ ਜਨਤਾ ਪਾਰਟੀ ਨੇ 2 ਫ਼ੀ ਸਦੀ, ਬਹੁਜਨ ਸਮਾਜ ਪਾਰਟੀ ਨੇ 0.86 ਫ਼ੀ ਸਦੀ ਅਤੇ ਆਜ਼ਾਦ ਉਮੀਦਵਾਰਾਂ ਨੇ 2.8 ਫ਼ੀ ਸਦੀ ਵੋਟਾਂ ਪ੍ਰਾਪਤ ਕੀਤੀਆਂ ਹਨ। ਆਮ ਆਦਮੀ ਪਾਰਟੀ ਨੂੰ ਬਲਾਕ ਸੰਮਤੀ ਚੋਣਾਂ ਵਿੱਚ 18 ਜਿਲਿ੍ਹਆਂ ਵਿੱਚ ਲੀਡ ਮਿਲੀ ਹੈ ਪ੍ਰੰਤੂ ਚੇਅਰਮੈਨ ਬਣਾਉਣ ਲਈ ਮੁਸ਼ਕਲ ਪੇਸ਼ ਆਵੇਗੀ। ਚੇਅਰਮੈਨ ਬਣਾਉਣ ਲਈ ਦੂਜੀਆਂ ਪਾਰਟੀਆਂ ਤੇ ਨਿਰਭਰ ਹੋਣਾ ਪਵੇਗਾ ਜਾਂ ਭੰਨ ਤੋੜ ਹੋਵੇਗੀ। 580 ਸੀਟਾਂ ਅਜਿਹੀਆਂ ਹਨ, ਜਿਨ੍ਹਾਂ ਵਿੱਚ ਜਿੱਤ ਹਾਰ ਦਾ ਅੰਤਰ 100 ਵੋਟਾਂ ਤੋਂ ਵੀ ਘੱਟ ਹੈ। ਇਨ੍ਹਾਂ 580 ਵਿੱਚੋਂ 261 ਸੀਟਾਂ ‘ਤੇ ਆਮ ਆਦਮੀ ਪਾਰਟੀ ਅਤੇ 319 ਸੀਟਾਂ ਵਿਰੋਧੀ ਪਾਰਟੀਆਂ ਨੇ ਜਿੱਤੀਆਂ ਹਨ। ਇੱਥੋਂ ਤੱਕ ਲਗਪਗ 10 ਸੀਟਾਂ ਅਜਿਹੀਆਂ ਹਨ, ਜਿਨ੍ਹਾਂ ਦਾ ਜਿੱਤ ਹਾਰ ਦਾ ਅੰਤਰ 1 ਵੋਟ ਤੋਂ ਲੈ ਕੇ 9 ਵੋਟਾਂ ਤੱਕ ਦਾ ਹੀ ਹੈ। ਇੱਕ ਸੀਟ ‘ਤੇ 1 ਵੋਟ, ਦੋ ਸੀਟਾਂ ‘ਤੇ 3-3 ਅਤੇ ਦੋ ਸੀਟਾਂ ‘ਤੇ 4-4 ਵੋਟਾਂ ਦੇ ਅੰਤਰ ਨਾਲ ਜਿੱਤ ਹਾਰ ਹੋਈ ਹੈ। ਇਸੇ ਤਰ੍ਹਾਂ 250 ਸੀਟਾਂ ਅਜਿਹੀਆਂ ਹਨ, ਜਿਨ੍ਹਾਂ ਦਾ ਅੰਤਰ 40 ਤੋਂ 55 ਵੋਟਾਂ ਦਾ ਹੈ। ਇਸ ਅੰਤਰ ਤੋਂ ਇਉਂ ਲੱਗਦਾ ਹੈ ਕਿ ਵੋਟਾਂ ਦੀ ਗਿਣਤੀ ਬਿਲਕੁਲ ਸਹੀ ਹੋਈ ਹੈ। ਮੁੱਖ ਮੰਤਰੀ ਦੇ ਆਪਣੇ ਪਿੰਡ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਇੱਕ ਵੋਟ ਪਈ ਹੈ। ਇਸੇ ਤਰ੍ਹਾਂ ਫੀਰੋਜਪੁਰ ਦੇ ਇੱਕ ਬੂਥ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਵੀ ਇੱਕ ਵੋਟ ਪਈ ਹੈ। ਇਨ੍ਹਾਂ ਚੋਣਾਂ ਦੇ ਨਤੀਜਿਆਂ ਤੋਂ ਕਿਸੇ ਵੀ ਪਾਰਟੀ ਨੂੰ ਖ਼ੁਸ਼ ਨਹੀਂ ਹੋਣਾ ਚਾਹੀਦਾ, ਕਿਉਂਕਿ ਪਿਛਲੀਆਂ ਪੰਚਾਇਤਾਂ, ਬਲਾਕ ਸੰਮਤੀਆਂ ਅਤੇ ਜਿਲ੍ਹਾ ਪਰੀਸ਼ਦਾਂ ਦੀਆਂ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਵਧੇਰੇ ਸੀਟਾਂ ਜਿੱਤਣ ਵਾਲੀਆਂ ਪਾਰਟੀਆਂ ਵਿਧਾਨ ਸਭਾ ਚੋਣਾਂ ਵਿੱਚ ਪੱਛੜਦੀਆਂ ਰਹੀਆਂ ਹਨ। 2013 ਵਿੱਚ ਬਲਾਕ ਸੰਮਤੀਆਂ ਤੇ ਜਿਲ੍ਹਾ ਪਰੀਸ਼ਦ ਦੀਆਂ ਹੋਈਆਂ ਚੋਣਾਂ ਸਮੇਂ ਸ਼ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਾਂਝੀ ਸਰਕਾਰ ਸੀ। ਬਹੁਤੀਆਂ ਸੀਟਾਂ ਇਹ ਦੋਵੇਂ ਪਾਰਟੀਆਂ ਜਿੱਤ ਗਈਆਂ ਸਨ, ਪ੍ਰੰਤੂ 2017 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਸਰਕਾਰ ਹਾਰ ਗਈ ਸੀ ਤੇ ਕਾਂਗਰਸ ਪਾਰਟੀ ਚੋਣਾਂ ਜਿੱਤਕੇ ਸਰਕਾਰ ਬਣਾ ਗਈ ਸੀ। ਬਿਲਕੁਲ ਇਸੇ ਤਰ੍ਹਾਂ 2018 ਵਿੱਚ ਕਾਂਗਰਸ ਦੀ ਸਰਕਾਰ ਸਮੇਂ ਹੋਈਆਂ ਚੋਣਾਂ ਵਿੱਚ ਕਾਂਗਰਸ ਪਾਰਟੀ ਨੇ ਜਿਲ੍ਹਾ ਪਰੀਸ਼ਦ ਦੀਆਂ 94 ਫ਼ੀ ਸਦੀ ਤੇ ਪੰਚਾਇਤ ਸੰਮਤੀਆਂ ਦੀਆਂ 81 ਫ਼ੀ ਸਦੀ ਸੀਟਾਂ ਜਿੱਤੀਆਂ ਸੀ, ਪ੍ਰੰਤੂ 2022 ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਹਾਰ ਗਈ ਸੀ ਅਤੇ ਆਮ ਆਦਮੀ ਪਾਰਟੀ 92 ਸੀਟਾਂ ‘ਤੇ ਜਿੱਤਕੇ ਸਰਕਾਰ ਬਣਾ ਗਈ ਸੀ। ਆਮ ਆਦਮੀ ਪਾਰਟੀ ਨੇ ਤਾਂ ਜਿਲ੍ਹਾ ਪਰੀਸ਼ਦ 63 ਫ਼ੀ ਸਦੀ ਤੇ ਬਲਾਕ ਸੰਮਤੀਆਂ ਵਿੱਚ 54 ਫ਼ੀ ਸਦੀ ਸੀਟਾਂ ਹੀ ਜਿੱਤੀਆਂ ਹਨ, ਪ੍ਰੰਤੂ ਸਪਨੇ 2027 ਦੀ ਸਰਕਾਰ ਬਣਾਉਣ ਦੇ ਲੈ ਰਹੀ ਹੈ। ਅੰਮ੍ਰਿਤਸਰ, ਹੁਸ਼ਿਆਰਪੁਰ, ਤਰਨਤਾਰਨ, ਪਟਿਆਲਾ, ਸੰਗਰੂਰ ਅਤੇ ਗੁਰਦਾਸਪੁਰ ਵਿੱਚ ਵਧੇਰੇ ਜੋਨਾਂ ‘ਤੇ ਸਫ਼ਲਤਾ ਪ੍ਰਾਪਤ ਕੀਤੀ ਹੈ। ਫ਼ੀਰੋਜਪੁਰ ਵਿੱਚ ਆਮ ਆਦਮੀ ਪਾਰਨੀ ਜਿਲ੍ਹਾ ਪਰੀਸ਼ਦ ਵਿੱਚ ਕਾਂਗਰਸ ਤੋਂ ਪਛੜ ਗਈ, ਪ੍ਰੰਤੂ ਬਲਾਕ ਸੰਮਤੀ ਵਿੱਚ ਜਿੱਤ ਗਈ। ਨਵਾਂ ਸ਼ਹਿਰ ਵਿੱਚ ਵੀ ਆਮ ਆਦਮੀ ਪਾਰਟੀ ਕਾਂਗਰਸ ਤੋਂ ਪੱਛੜ ਗਈ। ਕਾਂਗਰਸ ਨੇ ਜਲੰਧਰ, ਕਪੂਰਥਲਾ, ਲੁਧਿਆਣਾ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿੱਚ ਵੀ ਚੰਗਾ ਮੁਕਾਬਲਾ ਕੀਤਾ। ਕਾਂਗਰਸ ਅਤੇ ਆਮ ਆਦਮੀ ਪਾਰਟੀ ਲਈ ਬਠਿੰਡਾ, ਮਾਨਸਾ, ਫਰੀਦਕੋਟ ਅਤੇ ਮੁਕਤਸਰ ਜਿਲਿ੍ਹਆਂ ਵਿੱਚ ਨਮੋਸ਼ੀ ਹੋਈ, ਇਨ੍ਹਾਂ ਜਿਲਿ੍ਹਆਂ ਵਿੱਚ ਸ਼ਰੋਮਣੀ ਅਕਾਲੀ ਦਲ ਭਾਰੂ ਰਿਹਾ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਮੁਕਤਸਰ ਜਿਲ੍ਹੇ ਵਿੱਚ ਗਿਦੜਬਾਹਾ ਹਲਕੇ ਵਿੱਚ ਕਾਂਗਰਸ ਬੁਰੀ ਤਰ੍ਹਾਂ ਪਿੱਟ ਗਈ। ਆਮ ਆਦਮੀ ਪਾਰਟੀ ਦੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਗੁਰਮੀਤ ਸਿੰਘ ਖੁਡੀਆਂ ਖੇਤੀਬਾੜੀ ਮੰਤਰੀ, ਕੁਲਦੀਪ ਸਿੰਘ ਧਾਲੀਵਾਲ ਸਾਬਕਾ ਮੰਤਰੀ, ਮੀਤ ਹੇਅਰ ਸਾਬਕਾ ਮੰਤਰੀ ਤੇ ਵਰਤਮਾਨ ਲੋਕ ਸਭਾ ਮੈਂਬਰ, ਨਰਿੰਦਰ ਕੌਰ ਭਰਾਜ ਵਿਧਾਇਕ ਸੰਗਰੂਰ ਅਤੇ ਵਿਧਾਇਕ ਮਾਈਸਰਖਾਨਾ ਆਪੋ ਆਪਣੇ ਪਿੰਡਾਂ ਵਿੱਚੋਂ ਹਾਰ ਗਏ। ਇਨ੍ਹਾਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਤਿੰਨਾ ਖਿਤਿਆਂ ਮਾਲਵਾ, ਦੁਆਬਾ ਅਤੇ ਮਾਝੇ ਵਿੱਚ ਚੰਗੀ ਪਰਫਾਰਮੈਂਸ ਵਿਖਾਈ ਹੈ। ਕਾਂਗਰਸ ਪਾਰਟੀ ਨੇ ਮਾਲਵੇ ਵਿੱਚ ਬੁਰੀ ਤਰ੍ਹਾਂ ਮਾਰ ਖਾਧੀ ਹੈ। ਮਾਲਵੇ ਦੇ 15 ਵਿਧਾਨ ਸਭਾ ਹਲਕਿਆਂ ਵਿੱਚ ਕਾਂਗਰਸ ਖਾਤਾ ਵੀ ਨਹੀਂ ਖੋਲ੍ਹ ਸਕੀ। ਮਨਪ੍ਰੀਤ ਸਿੰਘ ਇਆਲੀ ਪੁਨਰ ਸੁਰਜੀਤ ਅਕਾਲੀ ਦਲ ਨੇ ਆਪਣੇ ਵਿਧਾਨ ਸਭਾ ਹਲਕਾ ਦਾਖਾ ਨੇ ਸਾਰੀਆਂ ਸੀਟਾਂ ਜਿੱਤ ਲਈਆਂ। ਇਨ੍ਹਾਂ ਚੋਣਾਂ ਤੋਂ ਸਿਆਸੀ ਪਾਰਟੀਆਂ ਨੂੰ ਸਿਖਿਆ ਲੈਣੀ ਚਾਹੀਦੀ ਹੈ, ਕਿਉਂਕਿ ਕਈ ਬਲਾਕ ਸੰਮਤੀਆਂ ਅਤੇ ਜਿਲ੍ਹਾ ਪਰੀਸ਼ਦਾਂ ਵਿੱਚ ਕੋਈ ਇੱਕ ਪਾਰਟੀ ਚੇਅਰਮੈਨ ਬਣਾਉਣ ਦੇ ਸਮਰੱਥ ਨਹੀਂ ਹੈ।
ਉਜਾਗਰ ਸਿੰਘ
ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
ਮੋਬਾਈਲ-94178 13072
ujagarsingh480yahoo.com
