ਕੁਦਰਤ ਰਾਣੀ ਨੇ ਧਰਤ ਦੀ ਹਿੱਕ ਉੱਤੇ,
ਕਿਹਾ ਸੁਹਣਾ ਪਸਾਰ ਪਸਾਰਿਆ ਏ।
ਹਰਿਆ ਭਰਿਆ ਲਿਬਾਸ ਪਹਿਨਾ ਕੇ ਤੇ,
ਸੋਨੇ ਰੰਗਾਂ ਦੇ ਨਾਲ ਸ਼ਿੰਗਾਰਿਆ ਏ।
ਭੌਰੇ ਤਿਤਲੀਆਂ ਕਰਨ ਕਲੋਲ ਸਾਰੇ,
ਕਾਇਨਾਤ ਨੂੰ ਮਸਤ ਬਣਾਈ ਜਾਂਦੇ।
ਕੋਇਲਾਂ ਘੁੱਗੀਆਂ ਸੁਰਾਂ ‘ਚ ਗੀਤ ਗਾ ਕੇ,
ਸਾਰੀ ਸ੍ਰਿਸ਼ਟੀ ਤਾਈਂ ਨਸ਼ਿਆਈ ਜਾਂਦੇ।
ਟੱਪੀ ਨਹੀਂ ਬਰੂਹਾਂ ਆਣ ਗਰਮੀ,
ਸਰਦੀ ਜਾਣ ਦੇ ਆਹਰ ਹੈ ਕਰਨ ਲੱਗੀ।
ਰਾਣੀ ਰੁੱਤ ਬਸੰਤ ਹੈ ਸਾਰੀਆਂ ਦੀ,
ਪੌਣਾਂ ਵਿੱਚ ਸੁਗੰਧੀਆਂ ਭਰਨ ਲੱਗੀ।
ਇਸ ਰੁੱਤ ‘ਚ ਇਸ਼ਟ ਨੂੰ ਯਾਦ ਕਰਕੇ,
ਰੂਹਾਂ ਵਿੱਚ ਬਸੰਤ ਖਿੜਾ ਲਈਏ।
ਜ਼ਰੇ ਜ਼ਰੇ ‘ਚ ਵੱਸਦਾ ਨੂਰ ਜਿਸਦਾ,
‘ਦੀਸ਼’ ਓਸ ਨੂੰ ਸੀਸ ਝੁਕਾ ਲਈਏ।

ਗੁਰਦੀਸ਼ ਕੌਰ ਗਰੇਵਾਲ- ਕੈਲਗਰੀ
ਵਟਸਐਪ: +91 98728 60488