
ਪੰਜਾਬੀ ਸਾਹਿਤ ਦਾ ਆਕਾਸ਼ ਸਦਾ ਹੀ ਰਚਨਾਤਮਕ ਰੌਸ਼ਨੀ ਨਾਲ ਚਮਕਦਾ ਰਿਹਾ ਹੈ। ਹਰ ਯੁੱਗ ਵਿੱਚ ਕੁਝ ਅਜਿਹੇ ਰਚਨਾਕਾਰ ਜਨਮ ਲੈਂਦੇ ਹਨ ਜੋ ਨਾ ਸਿਰਫ਼ ਮੌਜੂਦਾ ਧਾਰਾਵਾਂ ਨੂੰ ਅੱਗੇ ਵਧਾਉਂਦੇ ਹਨ, ਸਗੋਂ ਨਵੀਆਂ ਦਿਸ਼ਾਵਾਂ ਅਤੇ ਨਵੇਂ ਰਸਤੇ ਵੀ ਤਲਾਸ਼ ਕਰਦੇ ਹਨ। ਜਸਵੀਰ ਸਿੰਘ ਭਲੂਰੀਆ ਇਸੇ ਪਰੰਪਰਾ ਦਾ ਇੱਕ ਨਿਮਰ ਪਰ ਪ੍ਰਭਾਵਸ਼ਾਲੀ ਨਾਮ ਹੈ। ਉਹ ਇੱਕ ਬਹੁਪੱਖੀ ਰਚਨਾਕਾਰ ਹੈ, ਜਿਸ ਦੀ ਕਲਮ ਨੇ ਗੀਤ, ਕਵਿਤਾ, ਵਿਅੰਗ, ਮਿੰਨੀ ਕਹਾਣੀ ਅਤੇ ਬਾਲ ਸਾਹਿਤ ਵਰਗੀਆਂ ਕਈ ਵਿਧਾਵਾਂ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਹੈ।
ਭਲੂਰੀਆ ਦੀ ਰਚਨਾਤਮਕ ਯਾਤਰਾ ਦੀ ਖ਼ਾਸੀਅਤ ਇਹ ਹੈ ਕਿ ਉਹ ਲਿਖਣ ਨੂੰ ਸਿਰਫ਼ ਪੇਸ਼ਕਾਰੀ ਨਹੀਂ, ਸਗੋਂ ਸਮਾਜ ਨਾਲ ਸੰਵਾਦ ਮੰਨਦਾ ਹੈ। ਉਸ ਦੇ ਗੀਤ, ਜੋ ਕੁਲਦੀਪ ਮਾਣਕ, ਗੁਰਪਾਲ ਸਿੰਘ ਪਾਲ ਅਤੇ ਹੋਰ ਪ੍ਰਸਿੱਧ ਗਾਇਕਾਂ ਦੀ ਆਵਾਜ਼ ਵਿੱਚ ਰਿਕਾਰਡ ਹੋ ਚੁੱਕੇ ਹਨ, ਪੰਜਾਬੀ ਲੋਕਧਾਰਾ, ਦਰਦ, ਸੰਵੇਦਨਾ ਅਤੇ ਜੀਵਨ ਦੀ ਸੱਚਾਈ ਨੂੰ ਪੂਰੀ ਖੁਲ੍ਹ ਕੇ ਪ੍ਰਗਟ ਕਰਦੇ ਹਨ। ਇਹੀ ਗੁਣ ਉਸ ਦੀ ਕਵਿਤਾ ਅਤੇ ਵਿਅੰਗ ਵਿੱਚ ਵੀ ਸਪੱਸ਼ਟ ਦਿੱਸਦਾ ਹੈ, ਜਿੱਥੇ ਸਮਾਜਕ ਸਰੋਕਾਰਾਂ ਨੂੰ ਨੁਕਤੇਦਾਰ ਪਰ ਸਹਿਜ ਭਾਸ਼ਾ ਵਿੱਚ ਪੇਸ਼ ਕੀਤਾ ਜਾਂਦਾ ਹੈ।
ਭਲੂਰੀਆ ਦੀ ਨਵੀਂ ਪੁਸਤਕ ‘ਨਵੀਆਂ ਬਾਤਾਂ’ ਪੰਜਾਬੀ ਬਾਲ ਸਾਹਿਤ ਦੇ ਖੇਤਰ ਵਿੱਚ ਇੱਕ ਨਿਵੇਕਲਾ ਅਤੇ ਵਿਚਾਰਨਯੋਗ ਉਪਰਾਲਾ ਹੈ। ਇਸ ਪੁਸਤਕ ਦੀ ਕੇਂਦਰੀ ਵਿਸ਼ੇਸ਼ਤਾ ਇਹ ਹੈ ਕਿ ਲੇਖਕ ਨੇ ਲੋਕ ਬੁਝਾਰਤਾਂ ਨੂੰ ਕਾਵਿ ਰੂਪ ਵਿੱਚ ਪੇਸ਼ ਕਰ ਕੇ ਉਨ੍ਹਾਂ ਨੂੰ ਆਧੁਨਿਕ ਸੰਦਰਭਾਂ ਨਾਲ ਜੋੜਿਆ ਹੈ। ਬੁਝਾਰਤਾਂ ਪੰਜਾਬੀ ਲੋਕਧਾਰਾ ਦਾ ਉਹ ਅਮੋਲਕ ਖਜ਼ਾਨਾ ਹਨ, ਜੋ ਪੀੜ੍ਹੀ ਦਰ ਪੀੜ੍ਹੀ ਮੌਖਿਕ ਪਰੰਪਰਾ ਰਾਹੀਂ ਚੱਲਦੀਆਂ ਆਈਆਂ ਹਨ, ਪਰ ਸਮੇਂ ਦੇ ਨਾਲ ਨਾਲ ਇਹ ਪਰੰਪਰਾ ਹੌਲੀ-ਹੌਲੀ ਮੰਦੀ ਪੈਂਦੀ ਗਈ। ‘ਨਵੀਆਂ ਬਾਤਾਂ’ ਇਸ ਦਮ ਤੋੜ ਰਹੀ ਲੋਕ ਵਿਰਾਸਤ ਨੂੰ ਮੁੜ ਜੀਵੰਤ ਕਰਨ ਦੀ ਇੱਕ ਸੂਝਵਾਨ ਕੋਸ਼ਿਸ਼ ਹੈ।
ਪੁਸਤਕ ਵਿੱਚ ਹਰ ਬੁਝਾਰਤ ਨੂੰ ਛੇ–ਸੱਤ ਸਤਰਾਂ ਦੀ ਕਵਿਤਾ ਦੇ ਰੂਪ ਵਿੱਚ ਬੁਣਿਆ ਗਿਆ ਹੈ ਅਤੇ ਅਖੀਰਲੀ ਸਤਰ ਵਿੱਚ ਉਸ ਦਾ ਜਵਾਬ ਵੀ ਕਾਵਿ-ਰਚਨਾ ਦਾ ਹਿੱਸਾ ਬਣਦਾ ਹੈ। ਦੇਖਿਆ ਜਾਵੇ ਤਾਂ ਇਹ ਰੂਪਕਾਰੀ ਤਕਨੀਕ ਬਾਲ ਮਨੋਵਿਗਿਆਨ ਨਾਲ ਪੂਰੀ ਤਰ੍ਹਾਂ ਮੇਲ ਖਾਂਦੀ ਹੈ। ਬੱਚਾ ਸਵਾਲ ਅਤੇ ਜਵਾਬ ਦੀ ਖੇਡ ਰਾਹੀਂ ਨਾ ਸਿਰਫ਼ ਸੋਚਦਾ ਹੈ, ਸਗੋਂ ਭਾਸ਼ਾ, ਲੈਅ ਅਤੇ ਤਾਲ ਨਾਲ ਵੀ ਰਾਬਤਾ ਜੋੜਦਾ ਹੈ। ‘ਨਵੀਆਂ ਬਾਤਾਂ’ ਵਿੱਚ ਸ਼ਾਮਲ ਬੁਝਾਰਤਾਂ ਸਿਰਫ਼ ਮਨੋਰੰਜਨਕ ਖੇਡ ਨਹੀਂ, ਸਗੋਂ ਬੱਚੇ ਦੀ ਸੋਚ, ਤਰਕ ਅਤੇ ਸਮਾਜਕ ਸਮਝ ਨੂੰ ਵਿਕਸਤ ਕਰਨ ਵਾਲੇ ਰਚਨਾਤਮਕ ਉਪਕਰਣ ਹਨ। ਮਿਸਾਲ ਵਜੋਂ ਇਹ ਬੁਝਾਰਤ ਦੇਖੋ-
ਦੇਖਿਆ ਇੱਕ ਅਨੋਖਾ ਮੰਦਰ।
ਜਾਤ ਪਾਤ ਨਹੀਂ ਇਸ ਦੇ ਅੰਦਰ।
ਇੱਕ ਨਹੀਂ ਅਨੇਕ ਪੁਜਾਰੀ।
ਜਿਨ੍ਹਾਂ ‘ਤੇ ਵੱਡੀ ਜੁੰਮੇਵਾਰੀ।
ਸਾਰੇ ਧਰਮਾਂ ਦੇ ਸ਼ਰਧਾਲੂ।
ਉਪਦੇਸ਼ ਲੈਣਾ ਕਰਦੇ ਚਾਲੂ।
ਉਪਦੇਸ਼ ਲੈ ਕੇ ਇੱਥੋਂ ਜਾਂਦੇ ।
ਸਮਾਜ ਵਿਚ ਨੇ ਸੇਵਾ ਕਮਾਂਦੇ।
ਬੁੱਝੋ ਬੱਚਿਓ ਮੰਦਰ ਕਿਹੜਾ।
ਹਰ ਪਿੰਡ, ਹਰ ਸ਼ਹਿਰ ‘ਚ ਜਿਹੜਾ।
ਕਿਸੇ ਬੱਚੇ ਨਾ ਚੁੱਕਿਆ ਹੱਥ।
ਭਲੂਰੀਏ ਨੇ ਫਿਰ ਦਿੱਤਾ ਦੱਸ।
ਮਨੁੱਖੀ ਜ਼ਿੰਦਗੀ ਦਾ ਇਹ ਮੂਲ।
ਬੱਚਿਓ ਇਹ ਤਾਂ ਹੈ ‘ਸਕੂਲ’।
ਇਸ ਬੁਝਾਰਤ ਵਿੱਚ ਸਕੂਲ ਨੂੰ “ਅਨੋਖੇ ਮੰਦਰ” ਦੇ ਰੂਪ ਵਿੱਚ ਪੇਸ਼ ਕਰਨਾ ਲੇਖਕ ਦੀ ਦ੍ਰਿਸ਼ਟੀ ਦੀ ਵਿਸ਼ਾਲਤਾ ਨੂੰ ਦਰਸਾਉਂਦਾ ਹੈ। ਇੱਥੇ ਸਕੂਲ ਸਿਰਫ਼ ਇਮਾਰਤ ਨਹੀਂ, ਸਗੋਂ ਬਰਾਬਰੀ, ਧਰਮ ਨਿਰਪੇਖਤਾ ਅਤੇ ਸਮਾਜਕ ਜ਼ਿੰਮੇਵਾਰੀ ਦਾ ਕੇਂਦਰ ਬਣ ਜਾਂਦਾ ਹੈ। ਜਾਤ-ਪਾਤ ਤੋਂ ਉੱਪਰ ਉੱਠ ਕੇ ‘ਅਨੇਕ ਪੁਜਾਰੀ’ ਵਜੋਂ ਅਧਿਆਪਕਾਂ ਦੀ ਭੂਮਿਕਾ ਦਰਸਾਉਣਾ ਬੱਚੇ ਦੇ ਮਨ ਵਿੱਚ ਸਿੱਖਿਆ ਪ੍ਰਤੀ ਸਤਿਕਾਰ ਪੈਦਾ ਕਰਦਾ ਹੈ। ਇਕ ਹੋਰ ਬੁਝਾਰਤ ਹੈ-
ਅਮੀਰ ਹੋਵੇ ਜਾਂ ਹੋਵੇ ਮਲੰਗ।
ਸਭ ਦਾ ਹੀ ਮੈਂ ਢਕਾਂ ਨੰਗ।
ਟੁੱਟੇ ਜੋੜਨਾ ਮੇਰਾ ਕਰਮ।
ਇਹੋ ਸਮਝਾਂ ਆਪਣਾ ਕਰਮ।
ਬੱਚਿਓ ਮੇਰਾ ਬਾਪ ਹੈ ‘ਹੋ’।
ਮੈਂ ਨਾ ਹੁੰਦੀ, ਹੁੰਦਾ ਨਾ ਉਹ।
ਜਿਉਂ ਜਿਉਂ ਵਧੇ ਉਮਰ ਦਾ ਭਾਰ।
ਹੁੰਦੀ ਜਾਵਾਂ ਮੈਂ ਮੁਟਿਆਰ।
ਬੱਚਿਓ ਬੁੱਝੋ ਮੇਰਾ ਨਾਂਅ।
ਖੜ੍ਹੀ ਕਰੋ ਹੁਣ ਸੱਜੀ ਬਾਂਹ।
ਸਾਡੀ ਸਭ ਦੀ ਹੈ ਭਿਆਂ।
ਆਪੇ ਆਪਣਾ ਦੱਸਦੇ ਨਾਂਅ।
ਪੈਂਟ, ਸ਼ਰਟ, ਬਣਾਵਾਂ ਜੀਨ।
ਬੱਚਿਓ ਮੈਂ ਸਿਲਾਈ ਮਸ਼ੀਨ।
ਇਹ ਬੁਝਾਰਤ ‘ਸਿਲਾਈ ਮਸ਼ੀਨ’ ਨੂੰ ਕੇਂਦਰ ਵਿੱਚ ਰੱਖ ਕੇ ਮਿਹਨਤ, ਉਪਯੋਗਤਾ ਅਤੇ ਸਮਾਜਕ ਬਰਾਬਰੀ ਦੇ ਸੰਦੇਸ਼ ਦਿੰਦੀ ਹੈ। ‘ਅਮੀਰ ਹੋਵੇ ਜਾਂ ਹੋਵੇ ਮਲੰਗ’ ਵਰਗੀਆਂ ਪੰਕਤੀਆਂ ਬੱਚੇ ਨੂੰ ਇਹ ਸਿਖਾਉਂਦੀਆਂ ਹਨ ਕਿ ਮਿਹਨਤ ਦਾ ਮੂਲ ਕਿਸੇ ਵਰਗ ਜਾਂ ਹੈਸੀਅਤ ਨਾਲ ਨਹੀਂ ਜੁੜਿਆ ਹੁੰਦਾ। ਇੱਥੇ ਨਾਰੀ ਤੱਤ ਦਾ ਸੰਕੇਤ ਵੀ ਸੂਖਮ ਢੰਗ ਨਾਲ ਮੌਜੂਦ ਹੈ, ਜੋ ਬਾਲ ਸਾਹਿਤ ਵਿੱਚ ਬਰਾਬਰੀ ਦੀ ਸੋਚ ਨੂੰ ਉਤਸ਼ਾਹਿਤ ਕਰਦਾ ਹੈ। ਬੁਝਾਰਤ ਦਾ ਇਕ ਰੰਗ ਹੋਰ-
ਕਾਗਜ਼ ਵਰਗੀ ਹੋਲੀ ਫੁੱਲ।
ਰੂਪ ਪੈਂਦਾ ਏ ਡੁੱਲ੍ਹ-ਡੁੱਲ੍ਹ।
ਇੱਕ, ਦੋ ਨਹੀਂ, ਅਨੇਕਾਂ ਰੰਗ।
ਉਸ ਦੇ ਅਸਲੋਂ ਨਾਜ਼ੁਕ ਅੰਗ।
ਬਹੁਤਾ ਚਿਰ ਨਾ ਟਿਕ ਖਲੋਵੇ ।
ਹੱਥ ਲਾਇਆਂ ਵੀ ਮੈਲੀ ਹੋਵੇ।
ਕੁਦਰਤ ਦੀ ਹੈ ਕਿਰਤ ਨਿਆਰੀ।
ਤਾਂ ਹੀ ਸਭ ਨੂੰ ਲੱਗੇ ਪਿਆਰੀ।
ਭਲੂਰੀਏ ਦੀ ਹੁਣ ਬੁੱਝੋ ਬਾਤ।
ਕੁਦਰਤ ਦੀ ਇਹ ਕੀ ਸੌਗਾਤ।
ਸਾਰੇ ਬੱਚੇ ਲੱਗ ਪਏ ਸੋਚਣ।
ਬੁਝਾਰਤ ਦਾ ਉੱਤਰ ਖੋਜਣ।
ਬਬਲੀ ਸਭ ਤੋਂ ਤੇਜ਼ ਨਿਕਲੀ।
ਕਹਿੰਦੀ ਅੰਕਲ ਇਹ ਹੈ ਤਿਤਲੀ।
ਇਹ ਬੁਝਾਰਤ ‘ਤਿਤਲੀ’ ਰਾਹੀਂ ਕੁਦਰਤ ਦੀ ਨਜ਼ਾਕਤ, ਅਸਥਿਰਤਾ ਅਤੇ ਸੁੰਦਰਤਾ ਨੂੰ ਕਾਵਿ ਰੂਪ ਵਿੱਚ ਪੇਸ਼ ਕਰਦੀ ਹੈ। ਇਹ ਬੁਝਾਰਤ ਬੱਚੇ ਨੂੰ ਕੁਦਰਤ ਨਾਲ ਜੁੜਨ, ਉਸ ਦੀ ਸੰਭਾਲ ਕਰਨ ਅਤੇ ਉਸ ਦੀ ਕਦਰ ਸਮਝਣ ਵੱਲ ਪ੍ਰੇਰਿਤ ਕਰਦੀ ਹੈ। ਬੁਝਾਰਤ ਦਾ ਹੱਲ ਖੋਜਣ ਦੀ ਪ੍ਰਕਿਰਿਆ ਬੱਚੇ ਦੇ ਅੰਦਰ ਜਿਗਿਆਸਾ ਅਤੇ ਨਿਰੀਖਣ ਦੀ ਸਮਰੱਥਾ ਨੂੰ ਮਜ਼ਬੂਤ ਕਰਦੀ ਹੈ।
‘ਨਵੀਆਂ ਬਾਤਾਂ’ ਦੀ ਹੋਰ ਵੱਡੀ ਤਾਕਤ ਇਸ ਦੇ ਵਿਸ਼ਿਆਂ ਦੀ ਵਿਸ਼ਾਲਤਾ ਹੈ। ਪੁਸਤਕ ਵਿੱਚ ਵਿਰਸਾ, ਸਭਿਆਚਾਰ, ਵਾਤਾਵਰਣ ਸੰਭਾਲ, ਸਫ਼ਾਈ, ਸਿਹਤ, ਤਕਨਾਲੋਜੀ, ਮਾਨਵੀ ਮੁੱਲ, ਸਮਾਜਕ ਜ਼ਿੰਮੇਵਾਰੀ, ਵਿਸ਼ਵ ਅਤੇ ਬ੍ਰਹਿਮੰਡ ਵਰਗੇ ਵਿਸ਼ਿਆਂ ਨੂੰ ਛੋਹਿਆ ਗਿਆ ਹੈ। ਇਹ ਸਾਰੇ ਵਿਸ਼ੇ ਅਜਿਹੇ ਹਨ ਜੋ ਅੱਜ ਦੇ ਬੱਚੇ ਦੀ ਸੋਚ ਨੂੰ ਵਿਕਸਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।
ਇੱਥੇ ਲੇਖਕ ਦੀ ਰਚਨਾਤਮਕ ਕਾਬਲੀਅਤ ਇਸ ਗੱਲ ਵਿੱਚ ਨਜ਼ਰ ਆਉਂਦੀ ਹੈ ਕਿ ਉਹ ਏਨੇ ਗੰਭੀਰ ਵਿਸ਼ਿਆਂ ਨੂੰ ਵੀ ਸਧਾਰਣ, ਸੁਗਮ ਅਤੇ ਮਨੋਰੰਜਕ ਭਾਸ਼ਾ ਵਿੱਚ ਪੇਸ਼ ਕਰਦਾ ਹੈ। ਕਿਤੇ ਵੀ ਭਾਸ਼ਾ ਭਾਰੂ ਜਾਂ ਉਪਦੇਸ਼ਕ ਨਹੀਂ ਬਣਦੀ, ਸਗੋਂ ਖੇਡ-ਖੇਡ ਵਿੱਚ ਗਿਆਨ ਦੇ ਬੀਜ ਬੱਚੇ ਦੇ ਮਨ ਵਿੱਚ ਬੋ ਦਿੱਤੇ ਜਾਂਦੇ ਹਨ। ਆਲੋਚਨਾਤਮਕ ਦ੍ਰਿਸ਼ਟੀ ਨਾਲ ਇਹ ਗੁਣ ਕਿਸੇ ਵੀ ਉੱਤਮ ਬਾਲ ਸਾਹਿਤ ਦੀ ਪਛਾਣ ਹੈ।
‘ਨਵੀਆਂ ਬਾਤਾਂ’ ਸਿਰਫ਼ ਇੱਕ ਬਾਲ ਪੁਸਤਕ ਨਹੀਂ, ਸਗੋਂ ਇੱਕ ਸੱਭਿਆਚਾਰਕ ਦਸਤਾਵੇਜ਼ ਵੀ ਹੈ। ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀ ਪਰਿਵਾਰਾਂ ਲਈ, ਜਿੱਥੇ ਮਾਂ-ਬੋਲੀ ਨਾਲ ਨਾਤਾ ਹੌਲੀ-ਹੌਲੀ ਕਮਜ਼ੋਰ ਪੈਂਦਾ ਜਾ ਰਿਹਾ ਹੈ, ਇਹ ਪੁਸਤਕ ਬੱਚਿਆਂ ਨੂੰ ਪੰਜਾਬੀ ਭਾਸ਼ਾ ਅਤੇ ਵਿਰਸੇ ਨਾਲ ਜੋੜਨ ਦਾ ਸਾਧਨ ਬਣ ਸਕਦੀ ਹੈ। ਬੁਝਾਰਤਾਂ ਰਾਹੀਂ ਬੱਚਾ ਸਿਰਫ਼ ਸ਼ਬਦ ਨਹੀਂ ਸਿੱਖਦਾ, ਸਗੋਂ ਸੋਚਣ, ਸਮਝਣ ਅਤੇ ਦਲੀਲ ਦੀ ਯੋਗਤਾ ਵੀ ਵਿਕਸਤ ਕਰਦਾ ਹੈ।
ਪੰਜਾਬੀ ਬਾਲ ਸਾਹਿਤ ਨੂੰ ਜੇ ਅਸੀਂ ਪੰਜਾਬੀ ਪਛਾਣ ਦੀ ਨਰਮ ਮਿੱਟੀ ਕਹੀਏ ਤਾਂ ‘ਨਵੀਆਂ ਬਾਤਾਂ’ ਉਸ ਮਿੱਟੀ ਵਿੱਚ ਪਾਇਆ ਗਿਆ ਇੱਕ ਮਜ਼ਬੂਤ ਬੀਜ ਹੈ। ਜਿੰਨੀਆਂ ਵੱਧ ਅਜਿਹੀਆਂ ਰਚਨਾਵਾਂ ਬੱਚਿਆਂ ਤੱਕ ਪਹੁੰਚਣਗੀਆਂ, ਪੰਜਾਬੀ ਭਾਸ਼ਾ ਦੀਆਂ ਜੜਾਂ ਓਨੀਆਂ ਹੀ ਮਜ਼ਬੂਤ ਹੋਣਗੀਆਂ।
ਜਸਵੀਰ ਸਿੰਘ ਭਲੂਰੀਆ ਦੀ ਪੁਸਤਕ ‘ਨਵੀਆਂ ਬਾਤਾਂ’ ਰੂਪਕਾਰੀ ਨਵਚੇਤਨਾ, ਵਿਸ਼ਿਆਂ ਦੀ ਸਮਕਾਲੀ ਅਤੇ ਸੱਭਿਆਚਾਰਕ ਜ਼ਿੰਮੇਵਾਰੀ ਦਾ ਸੁੰਦਰ ਮੇਲ ਹੈ। ਇਹ ਰਚਨਾ ਬਾਲ ਸਾਹਿਤ ਨੂੰ ਮਨੋਰੰਜਨ ਤੋਂ ਉੱਪਰ ਉਠਾ ਕੇ ਸਿੱਖਿਆ ਅਤੇ ਸੰਵੇਦਨਾ ਨਾਲ ਜੋੜਦੀ ਹੈ। ਜਸਵੀਰ ਸਿੰਘ ਭਲੂਰੀਆ ਨੂੰ ਇਸ ਕੀਮਤੀ ਉਪਰਾਲੇ ਲਈ ਦਿਲੋਂ ਮੁਬਾਰਕਬਾਦ ਦੇਣੀ ਬਣਦੀ ਹੈ। ਆਸ ਹੈ ਕਿ ਉਹ ਭਵਿੱਖ ਵਿਚ ਵੀ ਇਸੇ ਜੋਸ਼, ਸਮਰਪਣ ਅਤੇ ਸੂਝ ਨਾਲ ਪੰਜਾਬੀ ਮਾਂ-ਬੋਲੀ, ਸਾਹਿਤ ਅਤੇ ਸਭਿਆਚਾਰ ਦੀ ਸੇਵਾ ਕਰਦਾ ਰਹੇਗਾ।

ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਫੋਨ: +1 604 308 6663
ਈਮੇਲ : maanbabushahi@gmail.com
