ਮੀਆਂ ਮੀਰ ਉਦਾਸ ਖੜ੍ਹਾ ਹੈ
ਹਰਿਮੰਦਰ ਦੀ ਨੀਂਹ ਦੇ ਲਾਗੇ,
ਮੀਆਂ ਮੀਰ ਉਦਾਸ ਖੜ੍ਹਾ ਹੈ।
ਚਹੁੰ ਸਦੀਆਂ ਦੇ ਪੈਂਡੇ ਮਗਰੋਂ,
ਅੱਜ ਉਹ ਸਾਨੂੰ ਇਉਂ ਪੁੱਛਦਾ ਹੈ ?
ਚਹੁੰ ਬੂਹਿਆਂ ਦੇ ਵਾਲਾ ਮੰਦਰ
ਇਹ ਹਰਿਮੰਦਰ।
ਝਾਤੀ ਮਾਰੋ ਆਪੇ ਵੇਖੋ ਆਪਣੇ ਅੰਦਰ।
ਕੋਈ ਕੋਈ ਬੂਹਾ
ਕਿਸੇ ਲਈ ਕਿਉਂ ਬੰਦ ਕਰਦੇ ਹੋ ?
ਸਰਬਕਾਲ ਦੀ ਜੋਤ ਨਿਰੰਤਰ
ਇਸ ਅੱਗੇ ਕਿਉਂ ਕੰਧ ਕਰਦੇ ਹੋ ?
ਸੁਣ ਲਉ ਪੁੱਤਰੋ !
ਤੁਹਾਡੇ ਵਿਰਸੇ ਦਾ ਮੈਂ ਸੋਹਣਿਓਂ,
ਚਸ਼ਮਦੀਦ ਖ਼ੁਦ ਆਪ ਗਵਾਹ ਹਾਂ।
ਅਰਜਨ ਗੁਰ ਸੀ ਮੇਰੀ ਧੜਕਣ,
ਤੇ ਮੈਂ ਉਸਦੇ ਜਿਸਮ ’ਚ ਤੁਰਦੀ
ਤੋਰ ਨਿਰੰਤਰ,
ਵਾਹਿਗੁਰੂ, ਅੱਲ੍ਹਾ, ਰਾਮ ਦਾ
ਦਮ ਦਮ ਤੁਰਦਾ ਸਾਹ ਹਾਂ।
ਸੱਚੇ ਗੁਰ ਦਾ ਨਾਮ ਜਪਦਿਆਂ,
ਜਿੰਨ੍ਹਾਂ ਸਾਰੀ ਉਮਰ ਬਿਤਾਈ।
ਬੂਹੇ ਤੋਂ ਕਿਉਂ ਮੋੜੋ ਭਾਈ।
ਇੱਕ ਗੱਲ ਪੱਕੀ ਪੱਲੇ ਬੰਨ੍ਹੋ !
ਹਿੰਦੂ ਮੁਸਲਿਮ ਸਿੱਖ
ਕਦੇ ਨਾ ਹੋਣ ਰਬਾਬੀ।
ਰੱਬ ਦੇ ਘਰ ਦੀ ਸੱਜਣੋਂ
ਏਹੀ ਲੋਕ ਨੇ ਚਾਬੀ।
ਮੰਨਿਆ!
ਹਾਕਮਾਂ ਗ਼ਰਜ਼ਾਂ ਲਈ ਪੰਜਾਬ ਤਰੇੜੇ।
ਕਹਿਰ ਖ਼ੁਦਾ ਦਾ
ਬਾਣੀ ਅਤੇ ਰਬਾਬ ਨਿਖੇੜੇ।
ਮਰਦਾਨੇ ਨੂੰ ਨਾਨਕ ਨਾਲੋਂ
ਵੱਖਰਾ ਕਰਕੇ,
ਕਿਹੜੇ ਰੱਬ ਨੂੰ ਖੁਸ਼ ਕਰਦੇ ਹੋ ?
ਆਪੋ ਆਪਣੇ ਪਾਪਾਂ ਦੀ ਥਾਂ,
ਰਾਗ, ਕਲਾ ਤੇ ਖੁਸ਼ਬੂ ਕੋਲੋਂ
ਕਿਉਂ ਡਰਦੇ ਹੋ।
ਸੂਰਤ ਨੂੰ ਸੱਚ ਮੰਨੋ,
ਰੱਖੋ ਸੀਰਤ ਪੱਲੇ।
ਥਿੜਕ ਗਏ ਤਾਂ
ਰਹਿ ਜਾਵੋਗੇ ਕੱਲ ਮੁਕੱਲੇ।
ਰਾਵੀ ਪਾਰੋਂ
ਸਾਜ਼ਾਂ ਅਤੇ ਆਵਾਜ਼ਾਂ ਵਾਲੇ,
ਇਹ ਨਹੀਂ ਵਣਜ ਕਮਾਵਣ ਆਏ।
ਇਹ ਤਾਂ ਭਾਈ ਲਾਲ ਅਮੁੱਲੇ,
ਰਾਤ ਹਨ੍ਹੇਰੀ ਵੇਲੇ ਚਾਨਣ ਵੰਡਣ ਆਏ।
ਸਾਂਝੇ ਰੱਬ ਦੀ ਸੱਚੀ ਬਾਣੀ,
ਓਸੇ ਦੇ ਹੀ ਦਰ ਵਿਚ ਬਹਿ ਕੇ,
ਬੋਲ ਅਗੰਮੀ ਗਾਵਣ ਆਏ।
‘ਚੰਨ’ ਦੀ ਚਾਨਣੀ ਵੱਲੋਂ
ਕਿਉਂ ਜੇ ਮੂੰਹ ਪਰਤਾਏ।
ਘਰ ਨੂੰ ਕੁੰਡੇ ਜੰਦਰੇ ਲਾਏ।
ਸ਼ਬਦ ਸੁਰਤਿ ਤੋਂ ਸੱਖਣਾ
ਸ਼ਖਸ ਅਮੀਰ ਨਹੀਂ ਹੈ ?
ਰੱਬ ਦਾ ਘਰ ਇਹ
ਕਿਸੇ ਲਈ ਜਾਗੀਰ ਹੈ ?
ਯਤਨ ਕਰੋ ਕਿ
ਨੇਰ੍ਹੇ ਦਾ ਪ੍ਰਕਾਸ਼ ਨਾ ਹੋਵੇ।
ਸਾਂਝੀ ਧੜਕਣ ਜੀਵੇ,
ਕਦੇ ਵਿਨਾਸ਼ ਨਾ ਹੋਵੇ।
ਜਿਸ ਧਰਤੀ ਤੋਂ ਉਹ ਆਏ ਸੀ,
ਓਥੇ ਵੀ ਫੁੱਲਾਂ ਦੀ
ਇਹ ਹੈ ਫ਼ਸਲ ਅਖ਼ੀਰੀ।
ਦੋਹੀਂ ਪਾਸੀਂ ਭਾਰੂ
ਅੱਜ ‘ਪੀਰੀ’ ਪੁਰ ਮੀਰੀ।
ਚਹੁੰ ਵਰਣਾਂ ’ਚੋਂ
ਜਿਹੜਾ ਵੀ ਰੱਬ ਦਾ ਨਾਂ ਗਾਵੇ।
ਉਸਨੂੰ ਆਪਣੇ ਕੰਠ ਲਗਾਉ।
ਦਸ ਗੁਰੂਆਂ ਤੇ ਗ੍ਰੰਥ ਪੰਥ ਦੀ
ਵੇਲ ਵਧਾਉ।
ਸੁਣੋ ! ਸੁਣਾਵਾਂ
ਗੁਰੂ ਅਰਜਨ ਦੇ ਬਰਖ਼ੁਰਦਾਰੋ !
ਲਾਲ ਰਬਾਬੀ, ਚਾਂਦ ਜਿਹਾਂ ਨੂੰ,
‘ਵਾਜਾਂ ਮਾਰੋ।
ਹਰਿਮੰਦਰ ਦੀ ਨੀਂਹ ਦੇ ਲਾਗੇ,
ਮੀਆਂ ਮੀਰ ਉਦਾਸ ਖੜ੍ਹਾ ਹੈ।
ਡੌਰ ਭੌਰਿਆ ਪਰਿਕਰਮਾ ਵੱਲ ਵੇਖ ਰਿਹਾ ਹੈ।

ਗੁਰਭਜਨ ਗਿੱਲ