ਬਾਪੂ ਵੇਖਦਾ ਰਹੀਂ ਤੂੰ ਬੈਠ ਕੰਢੇ
ਕਿਵੇਂ ਤਰਨਗੇ ਜੁਝਾਰ ਅਜੀਤ ਤੇਰੇ
ਟੁੱਭੀ ਮਾਰ ਕੇ ‘ਸਰਸਾ’ ਦੇ ਰੋੜ੍ਹ ਅੰਦਰ
ਕੱਢ ਲਵਾਂਗੇ ਸਾਰੇ ਹੀ ਗੀਤ ਤੇਰੇ
ਏਸ ਕੱਚੀ ਚਮਕੌਰ ਦੀ ਗੜ੍ਹੀ ਮੂਹਰੇ
ਕਿਲ੍ਹਾ ਦਿੱਲੀ ਦਾ ਅਸੀਂ ਝੁਕਾ ਦਿਆਂਗੇ
ਝੋਰਾ ਕਰੀਂ ਨਾ ਕਿਲ੍ਹੇ ਅਨੰਦਪੁਰ ਦਾ
ਕੁੱਲੀ ਕੁੱਲੀ ਨੂੰ ਕਿਲ੍ਹਾ ਬਣਾ ਦਿਆਂਗੇ
ਮਾਛੀਵਾੜੇ ਦੇ ਸੱਥਰ ਦੇ ਗੀਤ ਵਿੱਚੋਂ
ਅਸੀ ਉਠਾਂਗੇ ਚੰਡੀ ਦੀ ਵਾਰ ਬਣ ਕੇ
ਜਿਨ੍ਹਾਂ ਸੂਲਾਂ ਨੇ ਦਿੱਤਾ ਨਾ ਸੌਣ ਤੈਨੂੰ
ਛਾਂਗ ਦਿਆਗੇ ਖੰਡੇ ਦੀ ਧਾਰ ਬਣ ਕੇ
ਬਾਪੂ ! ਸੱਚੇ ਇਕ ਕੌਮੀ ਸਰਦਾਰ ਤਾਈਂ
ਪੀਰ ਉੱਚ ਦਾ ਵੀ ਬਣਨਾ ਪੈ ਸਕਦੈ
ਖ਼ੂਨ ਜਿਗਰ ਦੇ ਨਾਲ ਤਾਂ ਜ਼ਫਰਨਾਮਾ
ਤੇਰੀ ਕਲਮ ਨੂੰ ਵੀ ਘੜਨਾ ਪੈ ਸਕਦੈ
(ਪਰ) ਜਿਨ੍ਹਾਂ ਕੰਧ ਸਰਹੰਦ ਦੀ ਤੋੜਨੀ ਏਂ
ਅਜੇ ਤੱਕ ਉਹ ਸਾਡੇ ਹਥਿਆਰ ਜਿਉਂਦੇ
ਗੂਠਾ ਲਾਇਆ ਨਹੀ ਜਿਨ੍ਹਾਂ ਬੇਦਾਵਿਆਂ ‘ਤੇ
ਸਿੰਘ ਅਜੇ ਵੀ ਲੱਖ ਹਜ਼ਾਰ ਜਿਉਂਦੇ
ਆਪਣੇ ਛੋਟਿਆਂ ਪੁੱਤਾਂ ਦੀ ਵੇਲ ਤਾਈਂ
ਜੇਕਰ ਅੱਗ ‘ਤੇ ਚੜ੍ਹੇ ਤਾਂ ਚੜ੍ਹਨ ਦੇਵੀ
ਸਾਡੀ ਮੜ੍ਹੀ ‘ਤੇ ਉੱਗੇ ਹੋਏ ਘਾਹ ਅੰਦਰ
ਠਾਹਰ ਸਿੰਘਾਂ ਦੀ ਬਣੇ ਤਾਂ ਬਣਨ ਦੇਵੀਂ
ਐਪਰ ਜਬਰ ਅੱਗੇ ਕਿੱਦਾਂ ਸਬਰ ਕਰੀਏ
ਅਸੀ ਇਹੋ ਜੀ ਜ਼ਹਿਰ ਨਾ ਪੀ ਸਕਦੇ
ਨੱਕ ਮਾਰ ਕੇ ਡੰਗਰ ਵੀ ਜਿਉਣ ਜਿਸਨੂੰ
ਅਸੀ ਜੂਨ ਅਜਿਹੀ ਨਾ ਜੀ ਸਕਦੇ
