
ਅਧਿਆਪਨ ਕਿੱਤੇ ਨਾਲ ਜੁੜਿਆ ਸਾਫ-ਸੁਥਰੇ ਤੇ ਸੱਭਿਅਕ ਗਾਣੇ,ਕਵਿਤਾਵਾਂ ਅਤੇ ਬਾਲ ਗੀਤ ਲਿਖਣ ਵਾਲਾ “ਰਣਜੀਤ ਸਿੰਘ ਹਠੂਰ” ਪੰਜਾਬੀ ਮਾਂ ਬੋਲੀ ਰਾਹੀਂ ਪੰਜਾਬੀ ਵਿਰਸੇ,ਸੱਭਿਆਚਾਰ ਅਤੇ ਸਾਹਿਤ ਦੀ ਸੇਵਾ ਵਿੱਚ ਮਸਰੂਫ ਹੈ।ਉਸਦੇ ਗੀਤਾਂ ਦੀ ਡਾਇਰੀ ਵਿੱਚ ਸਾਰੇ ਗੀਤ ਮਨ ਟੁੰਬਵੇਂ ,ਸਾਫ ਸੁਥਰੇ,ਸੱਭਿਅਕ, ਡੂੰਘੇ ,ਸਾਰਥਕ ਤੇ ਉਸਾਰੂ ਸਮਾਜੀ ਕਦਰਾਂ ਕੀਮਤਾਂ ਅਤੇ ਦੇਸ਼ ਭਗਤੀ ਦੇ ਜਜਬਾਤਾਂ ਨਾਲ ਓਤ-ਪੋਤ ਹਨ।
ਹਠੂਰ ਦੇ ਲਿਖੇ ਗੀਤ“ ਤੇਰਾ ਦੇਸ਼ ਭਗਤ ਸਿੰਘ ਵੇ ਲੁੱਟ ਲਿਆ ਗੱਦਾਰਾਂ ਨੇ” ਗਾਇਕ ਗੁਰਬਖਸ਼ ਸ਼ੌਂਕੀ ਨੇ ਗਾਇਆ ਜੋ ਕਾਫੀ ਮਕਬੂਲ ਹੋਇਆ ।ਇਸ ਗੀਤ ਉੱਪਰ ਸੈਕੜੇ ਕੋਰੀਓਗ੍ਰਾਫੀਆਂ ਹੋਈਆ।ਕਿਸਾਨ ਅੰਦੋਲਨ ਦੌਰਾਨ ਇਸਦਾ ਸਫਲ ਮੰਚਨ ਖੂਬ ਸਲਾਹਿਆ ਗਿਆ।
“ਪੰਜਵੇਂ ਗੁਰੁ ਦੀ ਲਲਕਾਰ” ਨੂੰ ਐੱਸ.ਸੁਖਪਾਲ, “ਪਤੰਗ ਗੁੱਡੂ ਦੀ” ੂੰ ਜਗਜੀਤ ਰਾਣਾ ਅਤੇ ਸੱਚ ਦੇ ਵਪਾਰੀ ਨੂੰ ਹਠੂਰ ਦੇ ਵਿਦਿਆਰਥੀ ਮੀਤ ਅੰਮ੍ਰਿਤ ਨੇ ਅਵਾਜ ਦਿੱਤੀ ਤਾਂ “ਸੱਚ ਨੂੰ ਫਾਂਸੀ” ਖੁਦ ਰਣਜੀਤ ਸਿੰਘ ਹਠੂਰ ਨੇ ਰਿਕਾਰਡ ਕਰਵਾਇਆ।
ਬਾਲ ਮਨੋਵਿਗਿਆਨ ਦੀ ਨਬਜ ਪਛਾਨਣ ਵਾਲੇ ਇਸ ਗੀਤਕਾਰ ਨੇ “ਤਾਰੇ ਲੱਭਣ ਚੱਲੀਏ” ਨਾਮ ਹੇਠ ਬਾਲ ਗੀਤਾਂ ਦੀ ਪੁਸਤਕ ਹੀ ਰਿਲੀਜ ਨਹੀਂ ਕੀਤੀ ਬਲਕਿ ਉਹ ਸੀ.ਬੀ.ਐੱਸ.ਈ ਬੋਰਡ ਦੀ ਜਮਾਤ ਪਹਿਲੀ ਤੋਂ ਅੱਠਵੀਂ ਦੀ ਪੰਜਾਬੀ ਬਾਲ ਗੀਤਾਂ ਦੀ ਪੁਸਤਕ “ਗੁੜਤੀ”ਦੇ ਮੁੱਖ ਸੰਪਾਦਕ ਡਾ.ਬੱਲ ਸੰਧੂ ਨਾਲ ਸਹਿ-ਸੰਪਾਦਕ ਅਤੇ ਲੇਖਕ ਵਜੋਂ ਵੀ ਵਿਚਰਿਆ।
ਪਿਛਲੇ ਦਿਨੀਂ ਰਣਜੀਤ ਹਠੂਰ ਨੇ ਬਾਲ ਸਾਹਿਤ ਨਾਲ ਜੁੜੇ ਪਾਠਕਾਂ ਅਤੇ ਬੱਚਿਆਂ ਦੀਆਂ ਤੋਤਲੀਆਂ ਸੁਰਾਂ ਦੇ ਮੇਚੇ ਆਉਣ ਵਾਲੀਆਂ ਕਵਿਤਾਵਾਂ ਦੀ ਪੁਸਤਕ “ਪੀਂਘ ਸਤਰੰਗੀ” ਲਿਖੀ ਜਿਸਨੂੰ ਸਿੱਖਿਆਂ ਵਿਭਾਗ ਦੇ ਡੀ.ਪੀ.ਆਈ ਸ਼੍ਰੀ ਪਰਮਜੀਤ ਸਿੰਘ ਨੇ ਵਿਸ਼ੇਸ ਤੌਰ ‘ਤੇ ਰਿਲੀਜ ਕੀਤਾ।
ਏਸ਼ੀਆ ਵਿਜਨਜ ਲੁਧਿਆਣਾ ਵੱਲੋਂ ਪੁਸਤਕ ਤਿਆਰ ਹੋਈ ਅਤੇ ਨਾਮਵਰ ਆਰਟਿਸਟ ਪ੍ਰਿਤਪਾਲ ਸਿੰਘ ਨੇ ਕਵਿਤਾਵਾਂ ਨੂੰ ਆਪਣੇ ਕਲਪਨਾਮਈ ਸੁਹਜ ਸੰਗ ਤਸਵੀਰਾਂ ਵਿੱਚ ਰੂਪਮਾਨ ਕੀਤਾ ਹੈ।ਹਠੂਰ ਦੀ ਨੰਨੀ ਬੇਟੀ ਸੁਰਮੀਤ ਕੋਰ ਨੇ ਵੀ ਕਵਿਤਾਵਾਂ ਦੀ ਚਿੱਤਰਮਾਲਾ ਵਿੱਚ ਰੰਗਾਂ ਤੇ ਤਸਵੀਰਾਂ ਦੀ ਵਿਓੁਤਬੰਦੀ ਵਿੱਚ ਆਪਣਾ ਯੋਗਦਾਨ ਪਾਇਆ ਹੈ।
ਹਠੂਰ ਦੀਆਂ ਲਿਖੀਆਂ ਸਾਰੀਆਂ ਕਵਿਤਾਵਾਂ ਬਾਲ ਮਨਾਂ ਨੂੰ ਧੁਰ ਅੰਦਰ ਤੱਕ ਛੂੰਹਦੀਆਂ ਹਨ ਮੀਹਾਂ ਮਗਰੋਂ ਅਸਮਾਨਾਂ ਵਿੱਚ ਬਣੀਆਂ ਸਤਰੰਗੀ ਪੀਘਾਂ ਦੇ ਨਜਾਰੇ ਬਾਲ ਮਨਾਂ ਨੂੰ ਹੀ ਨਹੀਂ ਬਲਕਿ ਹਰ ਉਮਰ ਵਰਗ ਦੇ ਲੋਕਾਂ ਨੂੰ ਚੰਗੇ ਲੱਗਦੇ ਹਨ:
ਅਕਾਸ਼ ਨੀਲਾ ਨੀਲਾ,ਵਗਣ ਹਵਾਵਾਂ
ਮੈਂ ਕੋਠੇ ਚੜ੍ਹਕੇ ਸ਼ੋਰ ਮਚਾਵਾਂ
ਹੋ ਆੜੀ ਮੇਰੇ ਨੱਚਦੇ
ਗੂਹੜੇ ਮੇਰੇ ਸੰਗੀ
ਪੀਂਘ ਸਤਰੰਗੀ………
ਦਾਦੀ ਅੰਮਾ ਕਵਿਤਾ ਪਰਿਵਾਰਾਂ ਵਿੱਚ ਬਜੁਰਗਾਂ ਦੀ ਅਹਿਮੀਅਤ ਤੇ ਖਾਸ ਕਰਕੇ ਦਾਦੀ ਅੰਮਾਂ ਦੀ ਬੱਚਿਆਂ ਵਾਸਤੇ ਜਰੂਰਤ ਕਿ ਉਹ ਉਨ੍ਹਾਂ ਨੂੰ ਰਾਜੇ-ਰਾਣੀਆਂ,ਪਰੀਆਂ ,ਚੰਨ –ਤਾਰਿਆਂ ਦੀਆਂ ਬਾਤਾਂ ਸੁਣਾਏਗੀ, ਨੂੰ ਖੂਬ ਚਿਤਾਰਦੀ ਹੈ।
ਰਣਜੀਤ ਹਠੂਰ ਸੁਬਾੳੇ ਤੋਂ ਹੀ ਕੁਦਰਤ ਪ੍ਰੇਮੀ ਹੈ ਸ਼ਾਇਦ ਇਸੇ ਲਈ ਪੰਛੀ ਵੀ ਉਸਦੀ ਅੱਖ ਤੋਂ ਲੁਕ ਨਹੀ ਸਕੇ ਜਿੰਨ੍ਹਾਂ ਦਾ ਜਿਕਰ ਉਸਨੇ “ਦੂਰੋਂ ਦੂਰੋੰ ਆਉਂਦੇ ਪੰਛੀ” ਕਵਿਤਾਵਾ ਵਿੱਚ ਬਾਖੂਬ ਕੀਤਾ ਹੈ।
ਇੰਨ੍ਹਾਂ ਤੋਂ ਇਲਾਵਾ ਲੋਰੀ,ਸੂਰਜ,ਕਾਲੇ ਕਾਲੇ ਆਏ ਬੱਦਲ,ਛੁੱਟੀਆਂ ਆ ਗਈਆਂ,ਮੇਰਾ ਸਕੂਲ,ਬੱਚੇ,ਫੁੱਲ ਤੇ ਤਾਰੇ,ਭਦੌੜ ਬਿੱਲੀ ਆਈ ਆ,ਉਏ ਤਾਰਿਓ,ਦਿਲ ਦੇ ਅਮੀਰ ਬੱਚਿਓ,ਹਵਾ ਤਾਂ ਬੜੀ ਪਿਆਰੀ ਆ,ਕਾਲੀਆਂ ਇੱਟਾਂ ਕਾਲੇ ਰੋੜ,ਕੰ ਤੁਸੀਂ ਦੇਸ਼ ਦੇ ਸੰਵਾਰੋ ਬੱਚਿਓ,ਮੰਮੀ ਜੀ ਮੇਰਾ ਬਸਤਾ ਭਾਰਾ,ਪਿੰਡਾਂ ਦੇ ਜੁਆਕ ਹੁੰਦੇ ਬੜੇ ਹੀ ਨਿਆਰੇ ਕਵਿਤਾਵਾਂ ਨੂੰ ਉੰਨ੍ਹਾਂ ਦੇ ਸਿਰਲੇਖਾਂ ਜਾਂ ਵਿਸ਼ਿਆਂ ਅਨੁਸਾਰ ਬਾਲ ਸਾਹਿਤ ਦੀ ਕਸੌਟੀ ‘ਤੇ ਉਤਰਦਿਆਂ ਲੈ-ਬੱਧ ਢੰਗ ,ਸਾਦੇ,ਸ਼ਪੱਸਟ ਤੇ ਰੌਚਕ ਅੰਦਾਜ ਵਿੱਚ ਲਿਖਿਆ।ਬੱਚੇ ਇੰਨ੍ਹਾਂ ਕਵਿਤਾਵਾਂ ਨੂੰ ਬਾਖੂਬੀ ਬੋਲਕੇ ਜਾਂ ਗਾ ਕੇ ਪੇਸ਼ ਕਰਨ ਦੇ ਸਮਰੱਥ ਹਨ।
ਵਾਤਾਵਰਣ ਦੀ ਅਣਦੇਖੀ ਅਤੇ ਰੁੱਖਾਂ ਦੀ ਅੰਨੇ੍ਹਵਾਹ ਕਟਾਈ ਦੇ ਦੌਰ ਵਿੱਚ ਵੀ ਰਣਜੀਤ ਪਿੰਡਾਂ,ਗਲੀਆਂ,ਸੜਕਾਂ ਤੇ ਸਕੂਲਾਂ ਵਿੱਚ ਬੂਟੇ ਬੀਜਣ ਵਿੱਚ ਮਸ਼ਰੂਫ ਰਹਿੰਦਾ ਹੈ ।ਰੁੱਖਾਂ ਪ੍ਰਤੀ ਉਸਦਾ ਇਹ ਪਿਆਰ ਉਸਦੀ ਕਵਿਤਾ “ਮੈਂ ਇੱਕ ਰੁੱਖ ਬੋਲਦਾ ਹਾਂ” ਵਿੱਚ ਖੂਬ ਝਲਕਦਾ ਹੈ।ਕਵਿਤਾ ਡੂੰਘਾ ਸ਼ੰਦੇਸ ਛੱਡਦਿਆਂ ਪਾਠਕਾਂ ਨੂੰ ਭਾਵੁਕ ਕਰਦੀ ਹੈ।
ਦਿਲੀ ਮਨੋਕਾਮਨਾ ਕਰਦਾ ਹਾਂ ਕਿ ਰਣਜੀਤ ਹਠੂਰ ਦੀ ਕਲਮ ਬਾਲ ਸਾਹਿਤ ਦੀ ਹੋਰ ਸਿਰਜਣਾ ਕਰੇ ਤੇ ਉਹ ਪਾਠਕਾਂ ਦੀ ਝੋਲ਼ੀ ਵਿੱਚ ਇਸੇ ਪ੍ਰਕਾਰ ਪੁਸਤਕਾਂ ਪਾਉਂਦਿਆਂ ਸਾਹਿਤ ਦੀ ਸੇਵਾ ਵਿੱਚ ਮਸ਼ਰੂਫ ਰਹਿਣ।
ਮਾ: ਹਰਭਿੰਦਰ ਸਿੰਘ “ਮੁੱਲਾਂਪੁਰ”
ਸੰਪਰਕ:94646-01001

ਮੇਰੀਆਂ ਲਿਖਤਾਂ ਬਾਰੇ,ਮੇਰੇ ਸਰਵਪੱਖੀ ਕੰਮਾਂ ਬਾਰੇ ਭਾਵਪੂਰਤ ਲਿਖਣ ਲਈ ਹਰਭਿੰਦਰ ਸਿੰਘ ਮੁੱਲਾਂਪੁਰ ਜੀ ਦਾ ਤਹਿ ਦਿਲੋਂ ਧੰਨਵਾਦ