(ਅਸ਼ੋਕ ਸਕਸੈਨਾ : ਐਮਏ (ਹਿੰਦੀ) ਫ਼ਸਟ ਕਲਾਸ, ਯੂਜੀਸੀ ਤੋਂ ਜੇਆਰਐਫ਼ “ਅਸਤਿਤਵਵਾਦ ਔਰ ਹਿੰਦੀ ਉਪਨਿਆਸ” ਵਿਸ਼ੇ ਤੇ 4 ਸਾਲਾਂ ਤੱਕ ਖੋਜ-ਕਾਰਜ; ਰੋਜ਼ੀ-ਰੋਟੀ ਲਈ ਰਾਜਸਥਾਨ ਤੋਂ ਪ੍ਰਕਾਸ਼ਿਤ ਕਈ ਰੋਜ਼ਾਨਾ ਅਖ਼ਬਾਰਾਂ ਦੇ ਸੰਪਾਦਕੀ ਵਿਭਾਗ ਵਿੱਚ ਨੌਕਰੀ। ਲੰਮੇ ਸਮੇਂ ਤੱਕ ਸ਼ਹਿਰ ਦੀ ਇੱਕ ਸਿੱਖਿਆ ਸੰਸਥਾ ਨਾਲ ਜੁੜੇ। ਕੁਝ ਸਾਲ ਪ੍ਰਾਈਵੇਟ ਕਾਲਜ ਵਿੱਚ ਅਧਿਆਪਨ। ਸੁਤੰਤਰ ਲੇਖਨ। ਪੱਤਰ-ਪੱਤ੍ਰਿਕਾਵਾਂ ਵਿੱਚ ਕਵਿਤਾਵਾਂ, ਕਹਾਣੀਆਂ ਅਤੇ ਲੇਖ ਪ੍ਰਕਾਸ਼ਿਤ। ‘ਅੱਬੂ’ , ‘ਉਸਕਾ ਮਰਨਾ’ ਕਹਾਣੀ ਸੰਗ੍ਰਹਿ ਪ੍ਰਕਾਸ਼ਿਤ।)
ਬਿੱਲੂ ਆਇਆ ਹੋਇਆ ਹੈ – ਇਹ ਖ਼ਬਰ ਸਭ ਤੋਂ ਪਹਿਲਾਂ ਮੈਨੂੰ ਅਵਿਨਾਸ਼ ਨੇ ਦਿੱਤੀ। ਯਕੀਨ ਨਹੀਂ ਹੋਇਆ। ਇਸ ਲਈ ਨਹੀਂ ਕਿ ਉਹ ਆਇਆ ਹੈ ਅਤੇ ਇੱਕ ਲੰਮੇ ਅਰਸੇ ਪਿੱਛੋਂ ਆਇਆ ਹੈ, ਸਗੋਂ ਯਕੀਨ ਨਾ ਹੋਣ ਦੀ ਵਜਾਹ ਇਹ ਸੀ ਕਿ ਤਿੰਨ ਦਿਨਾਂ ਤੋਂ ਉਹ ਇਸ ਸ਼ਹਿਰ ਵਿੱਚ ਹੈ ਅਤੇ ਅਜੇ ਤੱਕ ਮੈਨੂੰ ਮਿਲਿਆ ਨਹੀਂ। ਮੈਂ ਉਹਨੂੰ ਮਿਲਣ ਲਈ ਬੇਚੈਨ ਹੋ ਉਠਿਆ। ਪੱਚੀ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਉਹਨੂੰ ਮਿਲਿਆਂ। ਸੰਨ ਚੁਰਾਸੀ ਦੇ ਸਿੱਖ ਵਿਰੋਧੀ ਦੰਗਿਆਂ ਤੋਂ ਤੁਰੰਤ ਪਿੱਛੋਂ ਉਹ ਪੰਜਾਬ ਚਲਾ ਗਿਆ ਸੀ। ਸ਼ੁਰੂ ਵਿੱਚ ਲੁਧਿਆਣਾ ਤੋਂ ਉਹਦੀਆਂ ਕੁਝ ਚਿੱਠੀਆਂ ਆਈਆਂ ਸਨ, ਜਿਨ੍ਹਾਂ ਦੇ ਜਵਾਬ ਮੈਂ ਲਗਾਤਾਰ ਦਿੰਦਾ ਰਿਹਾ ਸਾਂ; ਪਰ ਸਾਲ ਦੋ ਸਾਲ ਪਿੱਛੋਂ ਉਹ ਸਿਲਸਿਲਾ ਵੀ ਬੰਦ ਹੋ ਗਿਆ ਅਤੇ ਬਿੱਲੂ ਦਾ ਇਸ ਸ਼ਹਿਰ ਨਾਲ ਅਤੇ ਸਾਡਾ ਬਿੱਲੂ ਨਾਲ ਜਿਵੇਂ ਨਾਤਾ ਹੀ ਟੁੱਟ ਗਿਆ ਸੀ।
ਬਿੱਲੂ ਯਾਨੀ ਬਲਵਿੰਦਰ ਸਿੰਘ ਸੰਧੂ ਅਤੇ ਮੈਂ ਬਚਪਨ ਤੋਂ ਜਵਾਨੀ ਤੱਕ ਇਕੱਠੇ ਪੜ੍ਹੇ-ਖੇਡੇ ਅਤੇ ਵੱਡੇ ਹੋਏ ਸਾਂ। ਜਿਸ ਘਟਨਾ ਦਾ ਜ਼ਿਕਰ ਮੈਂ ਕਰਨ ਲੱਗਿਆ ਹਾਂ, ਉਹਦੀ ਕੈਫ਼ੀਅਤ ਬਿਆਨ ਕਰਨ ਲਈ ਮੈਨੂੰ ਇਸ ਘਟਨਾ ਤੋਂ ਦਸ-ਬਾਰਾਂ ਸਾਲ ਪਿੱਛੇ ਮੁੜ ਕੇ ਵੇਖਣਾ ਪਵੇਗਾ। ਸੰਨ ਸੱਤਰ-ਬਹੱਤਰ ਦਾ ਜ਼ਮਾਨਾ ਸੀ। ਅਸੀਂ ਕਾਲਜ ਵਿੱਚ ਸਾਂ। ਬੀਏ ਕਰਨ ਪਿੱਛੋਂ ਮੈਂ ਲਾਅ ਕਰ ਰਿਹਾ ਸਾਂ ਅਤੇ ਬਿੱਲੂ ਫਿਲਾਸਫ਼ੀ ਦੀ ਐਮਏ। ਉਸ ਜ਼ਮਾਨੇ ਵਿੱਚ ਇਹ ਸ਼ਹਿਰ ਕਾਫੀ ਖਿੱਲਰੀ ਹੋਈ ਆਬਾਦੀ ਦਾ ਸ਼ਹਿਰ ਹੋਇਆ ਕਰਦਾ ਸੀ। ਜਿਵੇਂ-ਜਿਵੇਂ ਆਬਾਦੀ ਵਧਦੀ ਗਈ, ਸ਼ਹਿਰ ਦੇ ਗਲੀਆਂ-ਮਹੱਲੇ ਤੰਗ ਹੁੰਦੇ ਚਲੇ ਗਏ। ਹੌਲੀ-ਹੌਲੀ ਸ਼ਹਿਰ ਦੇ ਪ੍ਰਾਚੀਨ ਪਰਕੋਟੇ ਦੇ ਬਾਹਰ ਬੇਤਰਤੀਬ ਕਾਲੋਨੀਆਂ ਵੱਸਣ ਲੱਗੀਆਂ। ਪਰ ਉਸ ਜ਼ਮਾਨੇ ਵਿੱਚ ਏਥੇ ਖਾਲੀ ਪਏ ਮੈਦਾਨਾਂ ਦੀ ਘਾਟ ਨਹੀਂ ਸੀ, ਜਿਨ੍ਹਾਂ ਤੇ ਸਵੇਰੇ-ਸ਼ਾਮ ਖੇਡਦੇ ਮੁੰਡਿਆਂ ਦੀ ਭੀੜ ਰਹਿੰਦੀ ਸੀ।
ਅਜਿਹੇ ਹੀ ਇੱਕ ਮੈਦਾਨ ਤੇ ਸਾਡਾ ਕਬਜ਼ਾ ਸੀ। ਸਾਡਾ ਤੋਂ ਮਤਲਬ, ਖਿਡਾਰੀਆਂ ਦੀ ਉਸ ਟੀਮ ਤੋਂ ਹੈ ਜੋ ਰੋਜ਼ ਸ਼ਾਮ ਵਾਲੀਬਾਲ ਖੇਡਣ ਲਈ ਇਸ ਮੈਦਾਨ ਤੇ ਇਕੱਠੀ ਹੁੰਦੀ ਸੀ। ਕਾਫੀ ਵੱਡਾ ਮੈਦਾਨ ਸੀ ਇਹ – ਇੰਨਾ ਵੱਡਾ ਕਿ ਵਾਲੀਬਾਲ ਗਰਾਊਂਡ ਤੋਂ ਬਾਦ ਵੀ ਇੰਨੀ ਥਾਂ ਬਚ ਜਾਂਦੀ ਸੀ ਕਿ ਬੱਚੇ ਇੱਟਾਂ ਦੇ ਵਿਕਟ ਬਣਾ ਕੇ ਪਲਾਸਟਿਕ ਦੀ ਗੇਂਦ ਨਾਲ ਕ੍ਰਿਕਟ ਖੇਡਿਆ ਕਰਦੇ। ਮੈਦਾਨ ਚਾਰੇ ਪਾਸਿਉਂ ਉੱਚੀਆਂ-ਉੱਚੀਆਂ ਕੰਧਾਂ ਨਾਲ ਘਿਰਿਆ ਹੋਇਆ ਸੀ। ਮੇਰਾ ਘਰ ਮੈਦਾਨ ਦੇ ਪੱਛਮ ਵੱਲ ਇੱਕ ਗਲ਼ੀ ਵਿੱਚ ਸੀ। ਉੱਤਰ ਅਤੇ ਦੱਖਣ ਦਿਸ਼ਾ ਵਿੱਚ ਇੱਕ ਪਾਸੇ ਸਰਕਾਰੀ ਸਕੂਲ ਦੀ ਪੁਰਾਣੀ ਇਮਾਰਤ ਸੀ ਤੇ ਦੂਜੇ ਪਾਸੇ ਨਾਲ਼-ਨਾਲ਼ ਤਿੰਨ ਮਕਾਨ ਸਨ। ਸਾਰੀਆਂ ਇਮਾਰਤਾਂ ਦੀ ਪਿੱਠ ਮੈਦਾਨ ਵੱਲ ਸੀ, ਇਸ ਲਈ ਖਿਡਾਰੀਆਂ ਦੇ ਸ਼ੋਰ-ਸ਼ਰਾਬੇ ਤੋਂ ਨਾ ਕਿਸੇ ਨੂੰ ਦਿੱਕਤ ਸੀ, ਨਾ ਇਤਰਾਜ਼।
ਇਸ ਵਿਸ਼ਾਲ ਮੈਦਾਨ ਵਿੱਚ ਰੋਜ਼ ਸ਼ਾਮ ਨੂੰ ਦੋ-ਤਿੰਨ ਘੰਟੇ ਵਾਲੀਬਾਲ ਦੇ ਧੂੰਆਂਧਾਰ ਮੈਚ ਚੱਲਦੇ। ਮੈਚ ਦੇ ਦੌਰਾਨ ਸੌ-ਪੰਜਾਹ ਦਰਸ਼ਕਾਂ ਦੀ ਭੀੜ ਜਮ੍ਹਾਂ ਹੋ ਜਾਂਦੀ। ਵਾਲੀਬਾਲ ਦੇ ਗਰਾਊਂਡ ਵਿੱਚ ਦੋਵੇਂ ਪਾਸੇ ਟੀਮਾਂ ਜੰਮ ਜਾਂਦੀਆਂ ਅਤੇ ਜਿੱਧਰ ਬਿੱਲੂ ਹੁੰਦਾ, ਉਸ ਟੀਮ ਦੀ ਜਿੱਤ ਪੱਕੀ ਮੰਨੀ ਜਾਂਦੀ। ਅਸਲ ਵਿੱਚ ਉਹ ਯੂਨੀਵਰਸਿਟੀ ਦੀ ਵਾਲੀਬਾਲ ਟੀਮ ਦਾ ਕੈਪਟਨ ਰਹਿ ਚੁੱਕਾ ਸੀ। ਇਸ ਖੇਡ ਵਿੱਚ ਕਈ ਵਾਰ ਉਹਨੂੰ ਸਟੇਟ ਰੀਪ੍ਰੈਜ਼ੈਂਟ ਕਰਨ ਦਾ ਮੌਕਾ ਮਿਲਿਆ ਸੀ। ਯੂਨੀਵਰਸਿਟੀ ਦੇ ਸੀਮਿੰਟਿਡ ਗਰਾਊਂਡ ਵਿੱਚ ਜਦੋਂ ਬਿੱਲੂ ਆਪਣੀ ਟੀਮ ਲੈ ਕੇ ਉਤਰਦਾ ਤਾਂ ਉਹਦੇ ਸਮੈਸ਼ ਦੀਆਂ ਆਵਾਜ਼ਾਂ ਨਾਲ ਮੈਦਾਨ ਗੂੰਜ ਉਠਦਾ। ਬਿੱਲੂ ਦੇ ਧਮਾਕਿਆਂ ਦੀ ਦਹਿਸ਼ਤ ਸਾਹਮਣੇ ਵਾਲੀ ਕਿਸੇ ਵੀ ਟੀਮ ਦੇ ਛੱਕੇ ਛੁਡਾ ਸਕਦੀ ਸੀ।
ਆਪਣੇ ਗਰਾਊਂਡ ਤੇ ਅਸੀਂ ਪਿਛਲੇ ਦਸ-ਬਾਰਾਂ ਸਾਲਾਂ ਤੋਂ ਲਗਾਤਾਰ ਖੇਡ ਰਹੇ ਸਾਂ। ਇਨ੍ਹਾਂ ਸਾਲਾਂ ਵਿੱਚ ਕਿੰਨੇ ਪੁਰਾਣੇ ਖਿਡਾਰੀ ਗਏ ਤੇ ਨਵੇਂ ਆਏ – ਇਹਦੀ ਗਿਣਤੀ ਕਰਨੀ ਸੰਭਵ ਨਹੀਂ। ਖ਼ੈਰ, ਜਦੋਂ ਵੀ ਜੋ ਖੇਡ-ਪ੍ਰੇਮੀ ਸਾਡੇ ਗਰਾਊਂਡ ਤੇ ਆਇਆ, ਉਸਦਾ ਸਵਾਗਤ-ਸਤਿਕਾਰ ਹੋਇਆ ਅਤੇ ਜਦੋਂ ਤੱਕ ਉਹ ਖਿਡਾਰੀ ਇਸ ਸ਼ਹਿਰ ਵਿੱਚ ਰਿਹਾ, ਸਾਡੀ ਟੀਮ ਦਾ ਹਿੱਸਾ ਬਣ ਕੇ ਰਿਹਾ।
ਸੰਨ ਪੰਝੱਤਰ ਵਿੱਚ ਬਿੱਲੂ ਨੇ ਥਰਡ ਡਿਵੀਜ਼ਨ ਵਿੱਚ ਐਮਏ ਕੀਤੀ ਅਤੇ ਆਪਣੇ ਪਿਤਾ ਦੇ ਬਣੇ-ਬਣਾਏ ਡੈੰਟਲ ਕਲੀਨਿਕ ਤੇ ਡਾ. ਬਲਵਿੰਦਰ ਸਿੰਘ ਸੰਧੂ ਆਰਐਮਪੀ ਦੀ ਨੇਮਪਲੇਟ ਲਾ ਕੇ ਡਾਕਟਰ ਬਣ ਗਿਆ। ਹੁਣ ਆਰਐਮਪੀ ਉਹਨੇ ਕਦੋਂ ਅਤੇ ਕਿੱਥੋਂ ਕੀਤੀ – ਇਹ ਜਾਣਨ, ਨਾ ਜਾਣਨ ਦੀ ਨਾ ਕਿਸੇ ਦੀ ਜ਼ੁੱਰਅਤ ਸੀ, ਨਾ ਜ਼ਰੂਰਤ। ਉਹਦਾ ਕੰਮ ਦੰਦ ਉਖਾੜਨਾ ਜਾਂ ਲਾਉਣਾ ਸੀ ਅਤੇ ਇਹ ਕੰਮ ਉਹ ਬਾਖੂਬੀ ਕਰ ਲੈਂਦਾ ਸੀ, ਕਿਉਂਕਿ ਇੱਕ ਮੁੱਦਤ ਤੋਂ ਉਹ ਸਵੇਰ ਦੇ ਤਿੰਨ ਘੰਟੇ ਕਲੀਨਿਕ ਤੇ ਬਿਤਾਉਂਦਾ ਆ ਰਿਹਾ ਸੀ। ਇਸ ਲਈ ਜਦੋਂ ਸ਼ਾਦੀ ਹੋ ਗਈ ਅਤੇ ਆਪਣਾ ਪਰਿਵਾਰ ਵਧਣ ਲੱਗਿਆ ਤਾਂ ਉਹਨੇ ਬਾਕਾਇਦਾ ਪਾਪਾ ਜੀ ਦਾ ਡੈਂਟਲ ਕਲੀਨਿਕ ਸੰਭਾਲ ਲਿਆ। ਸੀਨੀਅਰ ਡਾ. ਸੰਧੂ ਕੁਝ ਸਮੇਂ ਲਈ ਅਜੇ ਵੀ ਕਲੀਨਿਕ ਆਉਂਦੇ ਸਨ। ਮਰੀਜ਼ਾਂ ਨੂੰ ਹੁਣ ਵੀ ਉਨ੍ਹਾਂ ਤੇ ਵਧੇਰੇ ਵਿਸ਼ਵਾਸ ਸੀ, ਪਰ ਉਨ੍ਹਾਂ ਦੀ ਹੈਸੀਅਤ ਹੁਣ ਸੀਨੀਅਰ ਕਨਸਲਟੈਂਟ ਵਰਗੀ ਸੀ, ਬਾਕੀ ਸਾਰਾ ਕੰਮ ਬਿੱਲੂ ਵੇਖਦਾ ਸੀ।
ਸੰਨ ਚੁਰਾਸੀ ਦੀ ਇੱਕ ਸ਼ਾਮ। ਉਸ ਦਿਨ ਗਰਾਊਂਡ ਤੇ ਕੁਝ ਪੁਰਾਣੇ ਸਾਥੀ ਆ ਗਏ। ਬਿੱਲੂ ਡਾਕਟਰ ਬਣ ਗਿਆ ਹੈ, ਫੱਤਾ ਦਰਜ਼ੀ ਦੀ ਦੁਕਾਨ ਕਰਦਾ ਹੈ, ਜੁਗਰਾਜ ਜੰਗਲਾਤ ਵਿਭਾਗ ਵਿੱਚ ਗਾਰਡ ਹੈ, ਰਿੱਕੀ ਵਾਈਨ ਸਟੋਰ ਤੇ ਸੇਲਜ਼ਮੈਨ ਹੈ, ਸ਼ੈਲੂ ਅੱਜਕੱਲ੍ਹ ਪੀਡਬਲਯੂਡੀ ਵਿੱਚ ਐਕਸਈਐੱਨ ਹੈ, ਕਿਸ਼ਨ ਨੇ ਮੋਟਰ ਪਾਰਟਸ ਦੀ ਦੁਕਾਨ ਖੋਲ੍ਹ ਲਈ ਹੈ, ਵਗੈਰਾ ਵਗੈਰਾ…।
ਗਰਾਊਂਡ ਵਿੱਚ ਦੋਵੇਂ ਟੀਮਾਂ ਆ ਚੁੱਕੀਆਂ ਹਨ। ਪਰ ਜਦੋਂ ਮੁੰਡਿਆਂ ਨੇ ਪੁਰਾਣੇ ਖਿਡਾਰੀਆਂ ਨੂੰ, ਜਿਨ੍ਹਾਂ ਨੂੰ ਉਹ ਅੰਕਲ ਕਹਿੰਦੇ ਸਨ, ਟੀਮ ਵਿੱਚ ਉਤਰਦੇ ਵੇਖਿਆ ਤਾਂ ਕੁਝ ਮੁੰਡਿਆਂ ਨੇ ਉਨ੍ਹਾਂ ਲਈ ਮੈਦਾਨ ਖਾਲੀ ਕਰ ਦਿੱਤਾ। ਨਵੇਂ ਅਤੇ ਪੁਰਾਣੇ ਖਿਡਾਰੀਆਂ ਨੂੰ ਮਿਲਾ ਕੇ ਸੰਤੁਲਿਤ ਕਰਦੇ ਹੋਏ ਦੋ ਟੀਮਾਂ ਬਣੀਆਂ ਅਤੇ ਇੱਕ ਪਿੱਛੋਂ ਇੱਕ ਤਿੰਨ ਮੈਚ ਲਗਾਤਾਰ ਖੇਡੇ ਗਏ। ਇਹ ਉਸ ਮੈਦਾਨ ਤੇ ਖੇਡਿਆ ਗਿਆ ਆਖਰੀ ਮੈਚ ਹੋਵੇਗਾ – ਉਸ ਸ਼ਾਮ ਸਾਡੇ ‘ਚੋਂ ਕਿਸੇ ਨੇ ਇਹਦੀ ਕਲਪਨਾ ਤੱਕ ਨਹੀਂ ਕੀਤੀ ਸੀ। ਮੈਚ ਤੋਂ ਪਿੱਛੋਂ ਅਸੀਂ ਗਲ਼ੀ ਦੀ ਨੁੱਕੜ ਤੇ ਚਾਹ ਦੇ ਖੋਖੇ ਤੇ ਇਕੱਠੇ ਹੋਏ। ਚਾਹ ਦੀਆਂ ਚੁਸਕੀਆਂ ਲੈਂਦੇ ਹੋਏ ਪੁਰਾਣੇ ਦੋਸਤਾਂ ਅਤੇ ਦਿਨਾਂ ਦੀ ਇੱਕ ਵਾਰ ਫੇਰ ਚਰਚਾ ਸ਼ੁਰੂ ਹੋ ਗਈ। ਕਾਫੀ ਚਿਰ ਗੱਲਾਂ-ਬਾਤਾਂ ਕਰਨ ਪਿੱਛੋਂ ਅਸੀਂ ਇੱਕ-ਦੂਜੇ ਤੋਂ ਵੱਖ ਹੋਏ। ਤੈਅ ਸੀ ਕਿ ਕੱਲ੍ਹ ਸ਼ਾਮ ਵਾਲੀਬਾਲ ਦੇ ਗਰਾਊਂਡ ਤੇ ਸਾਰੇ ਸਾਥੀ ਫਿਰ ਮਿਲਾਂਗੇ। ਪਰ ਅਜਿਹੀ ਸ਼ਾਮ ਜ਼ਿੰਦਗੀ ਵਿੱਚ ਦੁਬਾਰਾ ਨਹੀਂ ਆਈ।
ਅਗਲੇ ਦਿਨ ਅਚਾਨਕ ਇੰਦਰਾ ਗਾਂਧੀ ਦੀ ਹੱਤਿਆ ਦੀ ਖ਼ਬਰ ਨਾਲ ਦੇਸ਼ ਦਹਿਲ ਉਠਿਆ। ਸ਼ਹਿਰ ਵਿੱਚ ਇੱਕਦਮ ਸੰਨਾਟਾ ਛਾ ਗਿਆ। ਰੇਡੀਓ ਅਤੇ ਟੀਵੀ ਤੋਂ ਲਗਾਤਾਰ ਖ਼ਬਰਾਂ ਆ ਰਹੀਆਂ ਸਨ – ਪ੍ਰਧਾਨਮੰਤਰੀ ਦੀ ਬੇਰਹਿਮ ਹੱਤਿਆ ਉਹਦੇ ਦੋ ਅੰਗ-ਰੱਖਿਅਕਾਂ ਵੱਲੋਂ ਕਰ ਦਿੱਤੀ ਗਈ ਹੈ। ਸ਼੍ਰੀਮਤੀ ਗਾਂਧੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਬਚਾਇਆ ਨਹੀਂ ਜਾ ਸਕਿਆ।
ਇਸ ਹੱਤਿਆ ਅਤੇ ਕਰੂਰ ਘਟਨਾ ਤੋਂ ਸਾਰਾ ਦੇਸ਼ ਹੈਰਾਨ ਸੀ। ਇਹ ਸਭ ਅਚਾਨਕ ਕਿਉਂ ਅਤੇ ਕਿਵੇਂ ਹੋਇਆ – ਤੱਤਕਾਲੀ ਤੌਰ ਤੇ ਕਿਸੇ ਨੂੰ ਕੁਝ ਸਮਝ ਵਿੱਚ ਨਹੀਂ ਆ ਰਿਹਾ ਸੀ। ਉਸ ਸ਼ਾਮ ਵਾਲੀਬਾਲ ਦੇ ਗਰਾਊਂਡ ਤੇ ਸੰਨਾਟਾ ਸੀ। ਹਰ ਥਾਂ ਗਲ਼ੀ-ਮਹੱਲੇ ਵਿੱਚ ਇਸ ਕਰੂਰ ਘਟਨਾ ਦੀ ਚਰਚਾ ਸੀ। ਵਾਲੀਬਾਲ ਦੇ ਸਾਡੇ ਸਾਥੀ, ਮਹੱਲੇ ਦੇ ਯੁਵਾ ਅਤੇ ਪ੍ਰੌਢ ਏਥੇ-ਓਥੇ ਜਮ੍ਹਾਂ ਹੋ ਕੇ ਘਟਨਾ ਤੇ ਪ੍ਰਤੀਕਿਰਆ ਦੇ ਰਹੇ ਸਨ। ਮੈਂ ਆਪਣੇ ਖਿਡਾਰੀ ਦੋਸਤਾਂ ਨਾਲ਼ ਗਲ਼ੀ ਦੇ ਨੁੱਕੜ ਵਾਲੇ ਹੋਟਲ ਤੇ ਬੈਠਾ ਸਾਂ। ਚਰਚਾ ਦੇ ਕੇਂਦਰ ਵਿੱਚ ਇਹੋ ਘਟਨਾ ਸੀ। ਉਦੋਂ ਹੀ ਸਾਹਮਣੇ ਸੜਕ ਤੋਂ ਲੰਘਦੇ ਇੱਕ ਆਦਮੀ ਨੇ ਹੋਟਲ ਵਾਲੇ ਨੂੰ ਤਾਅਨਾ ਦਿੱਤਾ – “ਕਿਉਂ ਓਏ ਦਿਆਲ, ਸਾਲ਼ੇ ਗੱਦਾਰ ਨੂੰ ਹੋਟਲ ਵਿੱਚ ਬਿਠਾ ਕੇ ਚਾਹ ਪਿਆ ਰਿਹਾ ਹੈਂ!” ਸਪਸ਼ਟ ਸੀ ਕਿ ਇਹ ਫ਼ਿਕਰਾ ਸਾਡੇ ਨਾਲ਼ ਬੈਠੇ ਬਿੱਲੂ ਤੇ ਕੱਸਿਆ ਗਿਆ ਸੀ। ਕੋਈ ਹੋਰ ਵੇਲ਼ਾ ਹੁੰਦਾ ਤਾਂ ਇਸ ਬੰਦੇ ਦੀ ਬਦਤਮੀਜ਼ ਹਰਕਤ ਦੇ ਜਵਾਬ ਵਿੱਚ ਬਿੱਲੂ ਇਹਦੀ ਅਕਲ ਟਿਕਾਣੇ ਲਾ ਦਿੰਦਾ; ਪਰ ਕਿਸੇ ਹੀਣ-ਭਾਵਨਾ ਨਾਲ ਪੀੜਤ ਇਸ ਸਮੇਂ ਉਹ ਸਿਰ ਝੁਕਾਈ ਬੈਠਾ ਰਿਹਾ।
ਫ਼ਿਕਰਾ ਕਸਣ ਵਾਲ਼ਾ ਸ਼ਹਿਰ ਦਾ ਬਦਨਾਮ ਗੁੰਡਾ ਸੀ। ਗੁੰਡਾ ਕੀ, ਉਹਨੂੰ ਲਫੰਗਾ ਕਹਿਣਾ ਜ਼ਿਆਦਾ ਸਹੀ ਹੋਵੇਗਾ, ਕਿਉਂਕਿ ‘ਗੁੰਡਾ’ ਸ਼ਬਦ ਵਿੱਚ ਮਰਦਾਨਗੀ ਦਾ ਇੱਕ ਰੋਅਬ ਹੁੰਦਾ ਹੈ, ਜਦਕਿ ਉਹ ਸ਼ਖ਼ਸ ਉਨ੍ਹਾਂ ਲੋਕਾਂ ਵਿੱਚੋਂ ਸੀ, ਜੀਹਨੂੰ ਸ਼ਹਿਰ ਦੀ ਭਾਸ਼ਾ ਵਿੱਚ ‘ਹੈਂਕੜ ਗਾਂਡੂ’ ਕਿਹਾ ਜਾਂਦਾ ਹੈ। ਆਵਾਰਾ ਮੁੰਡਿਆਂ ਦੇ ਟੋਲੇ ਨਾਲ ਉਹ ਲਫੰਗਾ ਤਾਂ ਚਲਾ ਗਿਆ, ਪਰ ਚਾਹ ਦੇ ਹੋਟਲ ਵਿੱਚ ਸੰਨਾਟਾ ਛਾ ਗਿਆ।
“ਬਿੱਲੂ ਪੁੱਤਰ, ਟੈਮ ਠੀਕ ਨਹੀਂ ਹੈ, ਹੁਣ ਤੂੰ ਆਪਣੇ ਘਰ ਨੂੰ ਚਲਾ ਜਾਹ”, ਹੋਟਲ ਵਾਲੇ ਬਜ਼ੁਰਗ ਦਿਆਲ ਸਾਈਂ ਨੇ ਸਮਝਾਇਆ, ਤਾਂ ਅਸੀਂ ਸਾਰੇ ਉਠ ਕੇ ਚੱਲ ਪਏ। ਮਾਹੌਲ ਬਹੁਤ ਭਾਰੀ ਹੋ ਗਿਆ ਸੀ। ਜਾਪਦਾ ਸੀ ਕਿ ਸ਼ਹਿਰ ਦੀ ਫ਼ਿਜ਼ਾ ਵਿਗੜ ਰਹੀ ਹੈ ਅਤੇ ਕੁਝ ਨਾ ਕੁਝ ਗੜਬੜ ਹੋ ਕੇ ਰਹੇਗੀ।
ਉਸ ਰਾਤ ਦਸ ਵਜੇ ਤੋਂ ਬਾਦ ਮੈਦਾਨ ਦੇ ਦੂਜੇ ਪਾਸਿਉਂ ਗਲ਼ੀ ਵਿੱਚ ਪਟਾਕੇ ਚੱਲਣ ਲੱਗੇ। ਬਿੱਲੂ ਦਾ ਘਰ ਏਸੇ ਗਲ਼ੀ ਵਿੱਚ ਸੀ। ਲੋਕ ਘਰਾਂ ‘ਚੋਂ ਨਿਕਲ ਕੇ ਏਧਰ-ਓਧਰ ਜਮ੍ਹਾਂ ਹੋਣ ਲੱਗੇ। ਮੈਂ ਵੀ ਬਜ਼ਾਰ ‘ਚੋਂ ਨਿਕਲ ਕੇ ਚੌਰਾਹੇ ਤੱਕ ਆ ਗਿਆ। ਲੋਕਾਂ ਦਾ ਅੰਦਾਜ਼ਾ ਸੀ ਕਿ ਪਟਾਕੇ ਡਾਕਟਰ ਸੰਧੂ ਦੇ ਘਰੇ ਚਲਾਏ ਜਾ ਰਹੇ ਹਨ।
“ਸਾਲ਼ੇ ਗੱਦਾਰ ਨੇ ਜੀ, ਖੁਸ਼ੀਆਂ ਮਨਾ ਰਹੇ ਨੇ।”
“ਓ ਬਈ, ਕੌਮ ਹੀ ਅਜਿਹੀ ਹੈ, ਸਾਲ਼ੇ ਆਪਣੇ ਮਾਂ-ਪਿਓ ਦੇ ਸਕੇ ਨਹੀਂ ਹੁੰਦੇ!”
“ਸਾਲ਼ੇ ਜਿਸ ਥਾਲ਼ੀ ਵਿੱਚ ਖਾਂਦੇ ਨੇ, ਉਸੇ ਵਿੱਚ ਮੋਰੀ ਕਰਦੇ ਨੇ।”
“ਏਹਨਾਂ ਨੂੰ ਤਾਂ ਜੀ ਖਾਲਿਸਤਾਨ ਚਾਹੀਦਾ ਹੈ।”
“ਦੇਸ਼ਧ੍ਰੋਹੀ ਨੇ ਸਾਲ਼ੇ, ਆਪਣੇ ਮੁਲਕ ਦੇ ਗੱਦਾਰ ਨੇ, ਏਹਨਾਂ ਦੀ ਤਾਂ …।”
ਲੋਕ ਇਸ ਤਰ੍ਹਾਂ ਦੀਆਂ ਬੇਹੂਦਾ ਅਤੇ ਵਾਹਿਯਾਤ ਗੱਲਾਂ ਕਰ ਰਹੇ ਸਨ। ਇਸ ਭੀੜ ਵਿੱਚ ਉਹ ਲੋਕ ਵੀ ਸ਼ਾਮਲ ਸਨ ਜੋ ਆਮ ਦਿਨਾਂ ਵਿੱਚ ਸ਼ਾਂਤੀ ਅਤੇ ਭਾਈਚਾਰੇ ਨਾਲ ਰਹਿੰਦੇ ਹਨ ਤੇ ਅਮਨਪਸੰਦ ਹੁੰਦੇ ਹਨ। ਪਰਿਸਥਿਤੀਆਂ ਕਿਸ ਤਰ੍ਹਾਂ ਭੀੜ ਵਿੱਚ ਜੋਸ਼ ਪੈਦਾ ਕਰ ਸਕਦੀਆਂ ਹਨ – ਇਹਦਾ ਅਹਿਸਾਸ ਮੈਨੂੰ ਉਸ ਦਿਨ ਹੋਇਆ। ਲੱਗਿਆ ਕਿ ਇਨ੍ਹਾਂ ਲੋਕਾਂ ਦੀ ਮੱਤ ਹੀ ਮਾਰੀ ਗਈ ਹੈ।
ਮੈਂ ਉਸੇ ਵੇਲ਼ੇ ਪਿਛਲੀ ਗਲ਼ੀ ਵਿੱਚ ਬਿੱਲੂ ਦੇ ਘਰ ਵੱਲ ਚੱਲ ਪਿਆ। ਵੇਖਿਆ ਕਿ ਬਿੱਲੂ ਦੇ ਘਰ ਤੋਂ ਦੋ-ਤਿੰਨ ਘਰ ਛੱਡ ਕੇ ਬਨਵਾਰੀ ਆਪਣੇ ਘਰ ਦੇ ਸਾਹਮਣੇ ਪਟਾਕੇ ਚਲਾ ਰਿਹਾ ਸੀ। ਮੈਂ ਬਿੱਲੂ ਦੇ ਘਰ ਦਾ ਦਰਵਾਜ਼ਾ ਖੜਕਾਇਆ। ਅਸੀਂ ਦੋਵੇਂ ਬਨਵਾਰੀ ਦੇ ਘਰ ਪਹੁੰਚੇ ਅਤੇ ਉਹਨੂੰ ਸਮਝਾਇਆ ਕਿ ਪਟਾਕੇ ਚਲਾਉਣੇ ਬੰਦ ਕਰੇ। ਇੱਕਦਮ ਉਹ ਸਮਝ ਨਹੀਂ ਸਕਿਆ ਕਿ ਅਸੀਂ ਅਜਿਹਾ ਕਿਉਂ ਕਹਿ ਰਹੇ ਹਾਂ।
“ਦੀਵਾਲੀ ਦੇ ਬਚੇ ਹੋਏ ਪਟਾਕੇ ਘਰੇ ਪਏ ਹਨ। ਭੋਪਾਲ ਤੋਂ ਭਾਣਜੇ-ਭਾਣਜੀਆਂ ਆਏ ਹੋਏ ਹਨ। ਬੱਚਿਆਂ ਨੂੰ ਖੁਸ਼ ਕਰਨ ਲਈ ਪਟਾਕੇ ਚਲਾ ਰਿਹਾ ਹਾਂ। ਇਸ ਵਿੱਚ ਕੀ ਹਰਜ ਹੈ?” ਉਹਨੇ ਬੱਚਿਆਂ ਵਰਗੀ ਮਾਸੂਮੀਅਤ ਨਾਲ ਕਿਹਾ। ਸਾਡੀ ਰੋਕ-ਟੋਕ ਤੇ ਉਹ ਹੈਰਾਨ ਸੀ।
“ਓਏ ਅਕਲ ਦੇ ਦੁਸ਼ਮਣ, ਤੂੰ ਬੱਚਿਆਂ ਨੂੰ ਖੁਸ਼ ਕਰਨ ਲਈ ਪਟਾਕੇ ਚਲਾ ਰਿਹਾ ਹੈਂ, ਓਧਰ ਚੌਰਾਹੇ ਤੇ ਅਫ਼ਵਾਹ ਫੈਲੀ ਹੋਈ ਹੈ ਕਿ ਸਰਦਾਰ ਜੀ ਦੇ ਘਰ ਤੋਂ ਪਟਾਕੇ ਚਲਾਏ ਜਾ ਰਹੇ ਹਨ। ਇਹ ਲੋਕ ਖੁਸ਼ੀਆਂ ਮਨਾ ਰਹੇ ਹਨ…।” ਮੈਂ ਗੁੱਸੇ ਨਾਲ ਕਿਹਾ ਤਾਂ ਬਨਵਾਰੀ ਨੂੰ ਜਿਵੇਂ ਕਰੰਟ ਲੱਗਿਆ ਹੋਵੇ। ਮਾਫ਼ੀ ਮੰਗਦੇ ਹੋਏ ਉਹ ਬਿੱਲੂ ਨਾਲ ਲਿਪਟ ਗਿਆ – “ਮਾਫ਼ ਕਰਨਾ ਯਾਰ! ਲੋਕ ਅਜਿਹਾ ਵੀ ਸੋਚ ਸਕਦੇ ਹਨ, ਇਹ ਤਾਂ ਮੈਂ ਸੋਚਿਆ ਹੀ ਨਹੀਂ! ਯਾਰ, ਇਹ ਤਾਂ ਬਹੁਤ ਭਾਰੀ ਮਿਸਟੇਕ ਹੋ ਗਈ।” ਸਥਿਤੀ ਦੀ ਗੰਭੀਰਤਾ ਸਮਝ ਕੇ ਉਹ ਖੁਦ ਵੀ ਗੰਭੀਰ ਹੋ ਗਿਆ।
“ਚੱਲ ਕੋਈ ਗੱਲ ਨਹੀਂ। ਸਵੇਰੇ ਉਠ ਕੇ ਪੂਰੀ ਟੀਮ ਗਰਾਊਂਡ ਤੇ ਇਕੱਠੀ ਕਰਦੇ ਹਾਂ, ਫੇਰ ਆਸਪਾਸ ਦੇ ਲੋਕਾਂ ਨੂੰ ਅਸਲੀਅਤ ਸਮਝਾ ਦਿਆਂਗੇ”, ਮੈਂ ਬਿੱਲੂ ਦਾ ਮੋਢਾ ਥਪਥਪਾਉਂਦੇ ਹੋਏ ਕਿਹਾ ਅਤੇ ਉਹਨੂੰ ਘਰ ਦੇ ਦਰਵਾਜ਼ੇ ਤੱਕ ਛੱਡ ਕੇ ਆਪਣੇ ਘਰ ਆ ਗਿਆ। ਘੰਟਾਘਰ ਚੌਕ ਤੇ ਬਾਰਾਂ ਦਾ ਘੰਟਾ ਵੱਜਿਆ।
ਰਾਤ ਦੇਰ ਨਾਲ ਸੁੱਤਾ ਸਾਂ, ਇਸ ਲਈ ਅੱਖ ਵੀ ਦੇਰ ਨਾਲ ਖੁੱਲ੍ਹੀ। ਸੋਚਿਆ ਸੀ ਕਿ ਸਵੇਰੇ ਅੱਠ-ਨੌਂ ਵਜੇ ਤੱਕ ਨਵੇਂ-ਪੁਰਾਣੇ ਸਾਰੇ ਸਾਥੀ ਗਰਾਊਂਡ ਤੇ ਜਮ੍ਹਾਂ ਕਰਨੇ ਹਨ। ਰਾਤ ਨੂੰ ਸ਼ਹਿਰ ਦੇ ਵਿਗੜਦੇ ਮਾਹੌਲ ਨੇ ਮਨ ਵਿੱਚ ਬਹੁਤ ਸਾਰੇ ਸ਼ੰਕੇ ਪੈਦਾ ਕਰ ਦਿੱਤੇ ਸਨ। ਸਾਡੇ ਮਹੱਲੇ ਵਿੱਚ ਡਾਕਟਰ ਸੰਧੂ ਦਾ ਮਕਾਨ ਇੱਕੋ-ਇੱਕ ਸਿੱਖ ਪਰਿਵਾਰ ਸੀ। ਉਂਜ ਤਾਂ ਸ਼ਹਿਰ ਵਿੱਚ ਕਈ ਗੁਰਦੁਆਰੇ ਹਨ, ਪਰ ਵੱਡਾ ਗੁਰਦੁਆਰਾ ਏਥੋਂ ਕਾਫੀ ਦੂਰ ਸੀ, ਜੀਹਦੇ ਆਸਪਾਸ ਸਿੱਖ ਪਰਿਵਾਰਾਂ ਦੀ ਚੰਗੀ-ਖਾਸੀ ਵੱਸੋਂ ਸੀ। ਜੇ ਕੋਈ ਗੜਬੜ ਹੋਈ ਤਾਂ ਇਹ ਪਰਿਵਾਰ ਗੁਰਦੁਆਰੇ ਵਿੱਚ ਇਕੱਠੇ ਹੋ ਜਾਣਗੇ ਅਤੇ ਏਨੀ ਵੱਡੀ ਗਿਣਤੀ ਵਿੱਚ ਜਮ੍ਹਾਂ ਹੋਏ ਲੋਕਾਂ ਨੂੰ ਛੋਹਣ ਦੀ ਹਿੰਮਤ ਸ਼ਾਇਦ ਕੋਈ ਨਹੀਂ ਕਰੇਗਾ! ਚਿੰਤਾ ਤਾਂ ਬਿੱਲੂ ਵਰਗੇ ਉਨ੍ਹਾਂ ਸੈਂਕੜੇ ਪਰਿਵਾਰਾਂ ਦੀ ਸੀ, ਜੋ ਸ਼ਹਿਰ ਦੇ ਮਹੱਲਿਆਂ ਜਾਂ ਕਾਲੋਨੀਆਂ ਵਿੱਚ ਖਿੱਲਰੇ ਹੋਏ ਸਨ ਅਤੇ ਜਿਨ੍ਹਾਂ ਨੂੰ ਹਾਲਾਤ ਨੇ ਰਾਤੋ-ਰਾਤ ਦੇਸ਼ਧ੍ਰੋਹੀ ਤੇ ਗੱਦਾਰ ਕਰਾਰ ਦੇ ਦਿੱਤਾ ਸੀ।
ਹਵਾ ਵਿੱਚ ਸਾਜ਼ਿਸ਼ ਦੀ ਬੋ ਆ ਰਹੀ ਸੀ। ਬੇਸਿਰ-ਪੈਰ ਦੀਆਂ ਗੱਲਾਂ ਅਫ਼ਵਾਹਾਂ ਦੇ ਖੰਭ ਲਾ ਕੇ ਉਡ ਰਹੀਆਂ ਸਨ। ਅੱਧੀ ਰਾਤ ਤੱਕ ਸ਼ਹਿਰ ਵਿੱਚ ਗਹਿਮਾ-ਗਹਿਮੀ ਬਣੀ ਹੋਈ ਸੀ। ਬਿੱਲੂ ਅਤੇ ਬਨਵਾਰੀ ਦੇ ਘਰੋਂ ਚੱਲ ਕੇ ਜਦੋਂ ਮੈਂ ਆਪਣੇ ਘਰ ਮੁੜ ਰਿਹਾ ਸਾਂ, ਉਦੋਂ ਵੀ ਸੜਕ ਤੇ ਲੋਕਾਂ ਦੀ ਆਵਾਜਾਈ ਬਣੀ ਹੋਈ ਸੀ। ਏਧਰ-ਓਧਰ ਖੜ੍ਹੇ ਲੋਕਾਂ ਦੀਆਂ ਟੋਲੀਆਂ ਗੱਲਾਂ ਕਰ ਰਹੀਆਂ ਸਨ। ਮੈਂ ਇਹਨੂੰ ਬਹੁਤ ਸਹਿਜਤਾ ਨਾਲ ਲਿਆ ਸੀ। ਦੇਸ਼ ਵਿੱਚ ਐਡੀ ਵੱਡੀ ਦੁਰਘਟਨਾ ਹੋਈ ਹੈ, ਲੋਕ ਇਸ ਹਾਦਸੇ ਤੋਂ ਸਕਤੇ ਵਿੱਚ ਹਨ – ਮੇਰਾ ਅੰਦਾਜ਼ਾ ਸਿਰਫ਼ ਇੰਨਾ ਸੀ, ਜਦਕਿ ਗੱਲ ਇਸਤੋਂ ਕਾਫੀ ਅੱਗੇ ਵਧ ਚੁੱਕੀ ਸੀ – ਇਹ ਅਗਲੇ ਦਿਨ ਪਤਾ ਲੱਗਿਆ।
ਸਵੇਰੇ ਉਠਦੇ ਹੀ ਬਿੱਲੂ ਅਤੇ ਉਹਦੇ ਘਰ ਦੇ ਲੋਕਾਂ ਦਾ ਖਿਆਲ ਆਇਆ। ਕਰੀਬ ਨੌਂ ਵਜੇ ਮੈਂ ਉਹਦੇ ਘਰ ਪਹੁੰਚਿਆ। ਸਾਰਾ ਪਰਿਵਾਰ ਵਿਹੜੇ ਵਿੱਚ ਇਕੱਠਾ ਸੀ। ਸਾਰੇ ਹੀ ਚਾਹ-ਨਾਸ਼ਤੇ ਸਮੇਂ ਭਾਰੀ ਬਹਿਸ ਵਿੱਚ ਉਲ਼ਝੇ ਹੋਏ ਸਨ।
“ਆ ਬਈ ਸ਼ੋਕੀ”, ਮੇਰੇ ਵੱਲ ਵੇਖ ਕੇ ਸੀਨੀਅਰ ਡਾਕਟਰ ਸੰਧੂ ਨੇ ਕਿਹਾ, “ਇਹਨੂੰ ਸਮਝਾ”, ਬਿੱਲੂ ਵੱਲ ਇਸ਼ਾਰਾ ਕਰਦੇ ਹੋਏ ਉਨ੍ਹਾਂ ਨੇ ਕਿਹਾ, ਕਹਿ ਰਿਹਾ ਸੀ ਕਿ ਘਰ ਨੂੰ ਤਾਲਾ ਲਾ ਕੇ ਸਾਰੇ ਗੁਰਦੁਆਰੇ ਚੱਲਦੇ ਹਾਂ, ਸ਼ਹਿਰ ਦੀ ਹਾਲਤ ਠੀਕ ਨਹੀਂ ਹੈ। ਹੁਣ ਤੂੰ ਇਹਨੂੰ ਪੁੱਛ, ਏਥੇ ਕੌਣ ਸਾਨੂੰ ਬੰਦੂਕ ਲੈ ਕੇ ਮਾਰਨ ਆ ਰਿਹਾ ਹੈ! ਜ਼ਿੰਦਗੀ ਗੁਜ਼ਾਰ ਦਿੱਤੀ ਅਸੀਂ ਏਥੇ! ਲੋਕ ਸਾਨੂੰ ਸਲਾਮ ਕਰਦੇ ਹਨ!”
“ਪਾਪਾ ਜੀ, ਤੁਸੀਂ ਸਹੀ ਕਹਿੰਦੇ ਹੋ! ਲੋਕ ਤੁਹਾਨੂੰ ਸਲਾਮ ਕਰਦੇ ਹਨ, ਪਰ ਏਸ ਵੇਲ਼ੇ ਲੋਕ ਹੈਨ ਕਿੱਥੇ? ਲੋਕ ਤਾਂ ਹੈਵਾਨ ਬਣੇ ਬੈਠੇ ਹਨ! ਮੈਂ ਪੂਰੀ ਰਾਤ ਮਹੱਲਿਆਂ-ਕਾਲੋਨੀਆਂ ਵਿੱਚ ਭਕਾਈ ਕਰਕੇ ਆਇਆ ਹਾਂ।”
“ਭਾਈ ਸਾਹਬ, ਉਂਜ ਤਾਂ ਰੱਬ ਸਭ ਦਾ ਰਖਵਾਲਾ ਹੈ, ਐਪਰ ਜਿਉਂਦੀ ਮੱਖੀ ਤਾਂ ਨਹੀਂ ਨਿਗਲੀ ਜਾਂਦੀ ਨਾ! ਇਹ ਰਾਤ-ਭਰ ਬਾਹਰ ਘੁੰਮਦੇ ਰਹੇ ਤੇ ਏਥੇ ਫ਼ਿਕਰ ਵਿੱਚ ਜਾਨ ਸੁੱਕਦੀ ਰਹੀ”, ਪ੍ਰੀਤੋ ਭਾਬੀ ਕਹਿ ਰਹੀ ਸੀ, “ਏਹਨਾਂ ਨੂੰ ਕੁਝ ਹੋ ਜਾਂਦਾ ਤਾਂ ਅਸੀਂ ਕੀਹਦੀ ਜਾਨ ਨੂੰ ਰੋਂਦੇ? ਅਸੀਂ ਤਾਂ ਕਹਿ…”
“ਸ਼ੁਭ-ਸ਼ੁਭ ਬੋਲ ਪ੍ਰੀਤੋ! ਅਸੀਂ ਕਿਸੇ ਦਾ ਕੀ ਵਿਗਾੜਿਆ ਹੈ, ਜੋ ਕੋਈ ਸਾਨੂੰ ਮਾਰਨ ਵਾਸਤੇ ਆਵੇਗਾ”, ਬੇਬੇ ਨੇ ਵਿੱਚੋਂ ਹੀ ਪ੍ਰੀਤੋ ਨੂੰ ਰੋਕਦੇ ਹੋਏ ਕਿਹਾ, ਤਾਂ ਉਹ ਹੋਰ ਵੀ ਸਿਸਕ ਉਠੀ।
“ਤੁਸੀਂ ਤਾਂ ਬੇਬੇ ਜੀ, ਸੰਨ ਸੰਤਾਲੀ ਦਾ ਜ਼ਮਾਨਾ ਵੇਖਿਆ ਹੋਵੇਗਾ ਨਾ! ਉਦੋਂ ਵੀ ਲੋਕਾਂ ਨੇ ਇੱਕ-ਦੂਜੇ ਦਾ ਕੀ ਵਿਗਾੜਿਆ ਸੀ, ਜੋ ਏਨਾਂ ਖੂਨ-ਖਰਾਬਾ ਹੋਇਆ ਸੀ?”
“ਉਦੋਂ ਦੀ ਗੱਲ ਹੋਰ ਸੀ ਪੁੱਤਰ”, ਬੇਬੇ ਨੂੰ ਕੋਈ ਜਵਾਬ ਨਾ ਅਹੁੜਿਆ।
“ਭਰਜਾਈ ਜੀ ਠੀਕ ਕਹਿੰਦੇ ਨੇ, ਬੇਬੇ! ਤੁਸੀਂ ਵੀ ਸਮਝੋ ਅਤੇ ਪਾਪਾ ਜੀ ਨੂੰ ਵੀ ਸਮਝਾਓ”, ਆਮ ਤੌਰ ਤੇ ਚੁੱਪ ਰਹਿਣ ਵਾਲੀ ਵੀਨੂ ਕਹਿ ਰਹੀ ਸੀ, “ਜਦੋਂ ਤੱਕ ਸ਼ਹਿਰ ਵਿੱਚ ਅੱਗ ਲੱਗੀ ਹੋਈ ਹੈ, ਉਦੋਂ ਤੱਕ ਗੁਰਦੁਆਰੇ ਵਿੱਚ ਵਾਹਿਗੁਰੂ ਦੇ ਆਸਰੇ ਹੀ ਰਹਿਣਾ ਹੈ!”
ਕੁਝ ਚਿਰ ਚੁੱਪ ਵਰਤੀ ਰਹੀ। ਸਾਰੇ ਜਣੇ ਸਰਦਾਰ ਜੀ ਦੀ ਰਾਏ ਜਾਣਨ ਦੀ ਉਡੀਕ ਵਿੱਚ ਚੁੱਪ ਸਨ। ਥੋੜ੍ਹੀ ਦੇਰ ਬਾਦ ਖਾਮੋਸ਼ੀ ਤੋੜਦੇ ਹੋਏ ਉਨ੍ਹਾਂ ਨੇ ਕਿਹਾ, “ਪੁੱਤਰ ਜੀ, ਤੁਸੀਂ ਫ਼ਿਕਰ ਨਾ ਕਰੋ। ਵਾਹਿਗੁਰੂ ਦੀ ਮਿਹਰ ਤੇ ਭਰੋਸਾ ਰੱਖੋ!”
ਡਾਕਟਰ ਸੰਧੂ ਦੀਆਂ ਗੱਲਾਂ ਨਾਲ ਮੇਰਾ ਸਵੈਵਿਸ਼ਵਾਸ ਵਧ ਗਿਆ। ਉਨ੍ਹਾਂ ਦੀ ਹਾਂ ਵਿੱਚ ਹਾਂ ਮਿਲਾਉਂਦੇ ਹੋਏ ਮੈਂ ਕਿਹਾ, “ਪਾਪਾ ਜੀ ਠੀਕ ਕਹਿੰਦੇ ਨੇ ਯਾਰ! ਕੁਝ ਨਹੀਂ ਹੋਵੇਗਾ! ਕੀਹਦੀ ਹਿੰਮਤ ਹੈ ਜੋ ਸਾਡੇ ਮਹੱਲੇ ਵਿੱਚ ਆ ਕੇ ਅੱਖਾਂ ਵਿਖਾਏ!”
“ਚਲੋ ਜੀ, ਜੋ ਮਰਜ਼ੀ!” ਬਿੱਲੂ ਨੇ ਜਿਵੇਂ ਹਥਿਆਰ ਸੁੱਟ ਦਿੱਤੇ।
ਵੀਨੂ ਮੇਰੇ ਲਈ ਕਿਚਨ ‘ਚੋਂ ਚਾਹ ਲੈਣ ਗਈ। ਚਾਹ ਦੀ ਉਡੀਕ ਵਿੱਚ ਮੈਂ ਬਿੱਲੂ ਦੇ ਬੱਚਿਆਂ ਨਾਲ ਖੇਡਣ ਲੱਗ ਪਿਆ। ਕਰੀਬ ਸੱਤ ਅਤੇ ਪੰਜ ਸਾਲ ਦੇ ਰਿੰਕੂ ਅਤੇ ਪਿੰਕੀ ਮੇਰੇ ਨਾਲ ਓਨੇ ਹੀ ਘੁਲੇ-ਮਿਲੇ ਹਨ, ਜਿੰਨੇ ਆਪਣੇ ਸੁਰਿੰਦਰ ਵੀਰੇ ਨਾਲ।
ਡਾਕਟਰ ਸੰਧੂ ਕਲੀਨਿਕ ਜਾਣ ਲਈ ਤਿਆਰ ਹੋ ਰਹੇ ਸਨ। ਕਲੀਨਿਕ ਜਾਣ ਤੋਂ ਪਹਿਲਾਂ ਉਹ ਹਮੇਸ਼ਾ ਗੁਰਦੁਆਰੇ ਜਾਂਦੇ ਹਨ। ਇਹ ਉਨ੍ਹਾਂ ਦਾ ਨਿਤਨੇਮ ਹੈ। ਕਰੀਬ ਘੰਟੇ ਪਿੱਛੋਂ ਉਹ ਕਲੀਨਿਕ ਪਹੁੰਚਦੇ ਹਨ, ਉਦੋਂ ਤੱਕ ਸੁਰਿੰਦਰ ਕਲੀਨਿਕ ਖੋਲ੍ਹ ਕੇ ਸਫ਼ਾਈ ਵਗੈਰਾ ਕਰ ਲੈਂਦਾ ਹੈ। ਡਾਕਟਰ ਸੰਧੂ ਦੇ ਕਲੀਨਿਕ ਪਹੁੰਚਣ ਤੇ ਸੁਰਿੰਦਰ ਕਾਲਜ ਚਲਾ ਜਾਂਦਾ ਹੈ ਅਤੇ ਓਧਰ ਦਸ-ਸਾਢੇ ਵਜੇ ਤੋਂ ਬਿੱਲੂ ਦੀ ਡਿਊਟੀ ਸ਼ੁਰੂ ਹੋ ਜਾਂਦੀ ਹੈ। ਸ਼ਾਮ ਪੰਜ ਵਜੇ ਤੱਕ ਪਾਪਾ ਜੀ ਨੂੰ ਲੈ ਕੇ ਬਿੱਲੂ ਆ ਜਾਂਦਾ ਹੈ। ਪਾਪਾ ਜੀ ਨੂੰ ਘਰ ਛੱਡ ਕੇ ਉਹ ਸਿੱਧਾ ਮੈਦਾਨ ਦਾ ਰੁਖ਼ ਕਰਦਾ ਹੈ। ਖ਼ੁਦ ਖੇਡਦਾ ਹੈ, ਨਵੇਂ ਖਿਡਾਰੀਆਂ ਦਾ ਹੌਸਲਾ ਵਧਾਉਂਦਾ ਹੈ, ਉਨ੍ਹਾਂ ਨੂੰ ਟ੍ਰੇਂਡ ਕਰਦਾ ਹੈ।
ਸਾਡੀ ਟੀਮ ਦਾ ਇਹੋ ਨੇਮ ਹੈ। ਦਿਨ ਵਿੱਚ ਆਪਣੇ ਕੰਮ-ਧੰਦੇ ਕਰੋ, ਪਰ ਸ਼ਾਮ ਨੂੰ ਦੋ ਘੰਟੇ ਗਰਾਊਂਡ ਤੇ ਜ਼ਰੂਰ ਬਿਤਾਉਣੇ ਹਨ। ਬੇਸ਼ੱਕ ਇਸ ਟੀਮ ਵਿੱਚ ਪੰਦਰਾਂ ਤੋਂ ਲੈ ਕੇ ਪੰਤਾਲੀ ਦੀ ਉਮਰ ਦੇ ਖਿਡਾਰੀ ਸ਼ਾਮਲ ਹਨ, ਜੋ ਸ਼ਾਮ ਨੂੰ ਡਟ ਕੇ ਖੇਡਦੇ ਹਨ। ਖੇਡਣਗੇ ਨਹੀਂ, ਤਾਂ ਖੇਡ ਦਾ ਮਜ਼ਾ ਲੈਣਗੇ। ਹਰ ਉਮਰ ਅਤੇ ਵਰਗ ਦੇ ਖੇਡ-ਪ੍ਰੇਮੀ ਲਈ ਇਸ ਗਰਾਊਂਡ ਤੇ ਇੱਕ ਖਾਸ ਥਾਂ ਮੁਕੱਰਰ ਸੀ। ਚੰਗੀ ਗੱਲ ਇਹ ਸੀ ਕਿ ਹਰ ਕੋਈ ਆਪਣੀ ਉਮਰ ਅਤੇ ਖੇਡ ਦੀ ਕਾਬਲੀਅਤ ਨਾਲ ਆਪਣੀ ਥਾਂ ਖ਼ੁਦ ਤੈਅ ਕਰ ਲੈਂਦਾ ਸੀ।
ਚਾਹ ਪੀ ਕੇ ਮੈਂ ਬਿੱਲੂ ਦੇ ਘਰ ਤੋਂ ਚੱਲ ਪਿਆ। ਵੀਨੂ ਦਾ ਚਿਹਰਾ ਉਤਰਿਆ ਹੋਇਆ ਸੀ। “ਵੀਰ ਜੀ…”, ਉਹਨੇ ਮੈਨੂੰ ਕੁਝ ਕਹਿਣਾ ਚਾਹਿਆ ਪਰ ਬਿੱਲੂ ਨੇ ਉਹਨੂੰ ਹਲਕਾ ਜਿਹਾ ਡਾਂਟ ਕੇ ਅੰਦਰ ਭੇਜ ਦਿੱਤਾ। ਬਿੱਲੂ ਬਾਹਰ ਤੱਕ ਆਇਆ। ਮੈਂ ਤਸੱਲੀ ਦਿੰਦੇ ਹੋਏ ਕਿਹਾ, “ਮੈਂ ਕੋਰਟ ਜਾ ਰਿਹਾ ਹਾਂ। ਕੋਈ ਐਸੀ-ਵੈਸੀ ਗੱਲ ਹੋਵੇ ਤਾਂ ਫੋਨ ਕਰ ਦੇਈਂ।”
“ਠੀਕ ਹੈ”, ਬਿੱਲੂ ਨੇ ਅਣਮੰਨੇ ਢੰਗ ਨਾਲ ਕਿਹਾ, “ਤੂੰ ਜਾ ਕੇ ਆਪਣਾ ਕੰਮ ਵੇਖ।”
“ਯਾਰ ਤੂੰ ਬੇਕਾਰ ਡਰ ਰਿਹਾ ਹੈਂ। ਮੈਨੂੰ ਨਹੀਂ …”
“ਤੂੰ ਮੈਨੂੰ ਕਦੇ ਡਰਦੇ ਵੇਖਿਆ ਹੈ?” ਉਹਨੇ ਤਲਖੀ ਨਾਲ ਕਿਹਾ, “ਜਾਣਦਾ ਹੈਂ, ਮੈਂ ਡਰਦਾ ਨਹੀਂ ਹਾਂ। ਡਰਾਉਣ ਵਾਲੇ ਨਾਲ ਮੁਕਾਬਲਾ ਕੀਤਾ ਜਾ ਸਕਦਾ ਹੈ, ਪਰ ਪਾਗਲਾਂ ਨਾਲ ਕਿਵੇਂ ਲੜਿਆ ਜਾ ਸਕਦਾ ਹੈ?… ਖ਼ੈਰ, ਤੂੰ ਜਾਹ। ਜੋ ਹੋਵੇਗਾ, ਵੇਖੀ ਜਾਵੇਗੀ।”
“ਕੁਝ ਨਹੀਂ ਹੋਵੇਗਾ, ਤੂੰ ਸੱਚਮੁੱਚ ਡਰ ਗਿਆ ਹੈਂ”, ਮੈਂ ਉਹਦਾ ਮੋਢਾ ਥਪਥਪਾਉਂਦੇ ਹੋਏ ਕਿਹਾ, “ਅਸੀਂ ਸਭ ਹਾਂ ਨਾ!”
“ਠੀਕ ਹੈ! ਠੀਕ ਹੈ! ਹੁਣ ਤੂੰ ਕੋਰਟ ਚੱਲ, ਤੈਨੂੰ ਦੇਰੀ ਹੋ ਰਹੀ ਹੋਵੇਗੀ।”
ਮੈਂ ਰੋਜ਼ ਵਾਂਗ ਕਚਹਿਰੀ ਚਲਾ ਗਿਆ। ਵਕੀਲ ਹੋਵੇ ਜਾਂ ਮੁਵੱਕਿਲ, ਅਰਦਲੀ ਹੋਵੇ ਜਾਂ ਸਾਹਬ, ਹਰ ਪਾਸੇ ਇੱਕ ਹੀ ਚਰਚਾ ਸੀ। ਇੰਦਰਾ ਜੀ ਦੀ ਲਾਸ਼ ਅੰਤਿਮ ਦਰਸ਼ਨਾਂ ਲਈ ਰੱਖੀ ਗਈ ਹੈ। ਰਾਜੀਵ ਗਾਂਧੀ ਦਿੱਲੀ ਤੋਂ ਬਾਹਰ ਸੀ। ਉਹਨੂੰ ਸੱਦਿਆ ਗਿਆ ਹੈ। ਹੁਣ ਪ੍ਰਧਾਨਮੰਤਰੀ ਕੌਣ ਹੋਵੇਗਾ … ਰਾਜੀਵ ਤਾਂ ਰਾਜਨੀਤੀ ਵਿੱਚ ਬਿਲਕੁਲ ਨਵਾਂ ਹੈ।… ਨਹੀਂ ਜੀ, ਪ੍ਰਣਵ ਮੁਖਰਜੀ ਨੂੰ ਸਹੁੰ ਚੁਕਾਈ ਜਾਵੇਗੀ … ਨਹੀਂ ਜੀ, ਪ੍ਰਣਵ ਤੋਂ ਸੀਨੀਅਰ ਤਾਂ ਨਰਸਿਮਹਾ ਰਾਓ ਹੈ। ਵੇਖਣਾ ਤੁਸੀਂ, ਉਹੀ ਪ੍ਰਾਈਮ ਮਨਿਸਟਰ ਹੋਣਗੇ…ਇਸ ਵੇਲੇ ਸੰਜੈ ਹੁੰਦਾ ਤਾਂ ਉਹੀ ਪ੍ਰਧਾਨਮੰਤਰੀ ਬਣਦਾ। ਉਹਦੀ ਤਾਂ ਜੀ, ਗੱਲ ਹੀ ਹੋਰ ਸੀ…ਮੁੜ-ਘੁੜ ਕੇ ਇਹੋ ਗੱਲਾਂ ਚਰਚਾ ਦੇ ਕੇਂਦਰ ਵਿੱਚ ਸਨ।
ਓਧਰ ਆਕਾਸ਼ਵਾਣੀ ਅਤੇ ਦੂਰਦਰਸ਼ਨ ਤੇ ਰਸਮ ਮੁਤਾਬਕ ਮਾਤਮੀ ਧੁਨਾਂ ਵੱਜ ਰਹੀਆਂ ਸਨ ਜਾਂ ਫਿਰ ਭਜਨ-ਪ੍ਰਵਚਨ ਦੇ ਪ੍ਰੋਗਰਾਮ ਪ੍ਰਸਾਰਿਤ ਹੋ ਰਹੇ ਸਨ। ਵਿੱਚ-ਵਿੱਚ ਖ਼ਬਰਾਂ ਦਾ ਪ੍ਰਸਾਰਣ ਵੱਲ ਰਿਹਾ ਸੀ। ਇੱਕ ਪੰਕਤੀ ਵਾਰ-ਵਾਰ ਦੁਹਰਾਈ ਜਾ ਰਹੀ ਸੀ – “ਪ੍ਰਧਾਨਮੰਤਰੀ ਦੀ ਉਨ੍ਹਾਂ ਦੇ ਹੀ ਦੋ ਸਿੱਖ ਸੁਰੱਖਿਆ-ਕਰਮੀਆਂ ਨੇ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਰਾਸ਼ਟਰਪਤੀ ਅਤੇ ਦੇਸ਼ ਦੇ ਪ੍ਰਮੁੱਖ ਨੇਤਾਵਾਂ ਨੇ ਜਨਤਾ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ ਹੇੈ।”
ਦੁਪਹਿਰ ਕਰੀਬ ਗਿਆਰਾਂ ਵਜੇ ਪਤਾ ਲੱਗਿਆ ਕਿ ਪ੍ਰਧਾਨਮੰਤਰੀ ਦੀ ਹੱਤਿਆ ਦੇ ਵਿਰੋਧ-ਪ੍ਰਦਰਸ਼ਨ ਵਿੱਚ ਗਾਂਧੀ ਪਾਰਕ ਤੋਂ ਇੱਕ ਜਲੂਸ ਨਿਕਲਣ ਵਾਲਾ ਹੈ। ਪਾਰਕ ਦੇ ਬਿਲਕੁਲ ਨੇੜੇ ਇੱਕ ਮਿਡਲ ਸਕੂਲ ਹੈ। ਮੇਰੇ ਦੋਵੇਂ ਬੱਚੇ ਇਸ ਸਕੂਲ ਵਿੱਚ ਪੜ੍ਹਦੇ ਹਨ। ਕਿਸੇ ਅਣਹੋਣੀ ਦੇ ਡਰੋਂ ਮੈਂ ਸਾਈਕਲ ਚੁੱਕਿਆ ਅਤੇ ਆਪਣੇ ਮੁਨਸ਼ੀ ਨੂੰ ਕਹਿ ਕੇ ਸਕੂਲ ਵੱਲ ਦੌੜਿਆ। ਮੇਰੇ ਵਾਂਗ ਬਹੁਤ ਸਾਰੇ ਲੋਕ ਆਪਣੇ ਬੱਚਿਆਂ ਨੂੰ ਲੈ ਕੇ ਜਾਣ ਲਈ ਸਕੂਲ ਆ ਗਏ ਸਨ। ਮੈਂ ਦੋਵੇਂ ਬੱਚਿਆਂ ਨੂੰ ਸਾਈਕਲ ਤੇ ਬਿਠਾਇਆ ਅਤੇ ਤੇਜ਼ੀ ਨਾਲ ਘਰ ਵੱਲ ਚੱਲ ਪਿਆ।
ਰਾਹ ਵਿੱਚ ਗਾਂਧੀ ਪਾਰਕ ਵਿੱਚ ਹਜ਼ਾਰਾਂ ਲੋਕ ਜਮ੍ਹਾਂ ਸਨ। ਭੀੜ ਲਗਾਤਾਰ ਵਧ ਰਹੀ ਸੀ। ਮੈਂ ਕਾਹਲੀ-ਕਾਹਲੀ ਬੱਚਿਆਂ ਨੂੰ ਘਰ ਪਹੁੰਚਾਉਣ ਦੀ ਕੋਸ਼ਿਸ਼ ਵਿੱਚ ਮੁੜ੍ਹਕੋ-ਮੁੜ੍ਹਕੀ ਹੋ ਗਿਆ ਸਾਂ। ਘਰ ਪਹੁੰਚ ਕੇ ਮੈਂ ਸੁਖ ਦਾ ਸਾਹ ਲਿਆ। ਦੋਵੇਂ ਛੋਟੇ ਭਰਾ ਤੇ ਭੈਣਾਂ ਘਰ ਹੀ ਸਨ। ਪਿਤਾ ਜੀ ਦਫ਼ਤਰ ਵਿੱਚ ਹੀ ਸਨ, ਪਰ ਪੁਲੀਸ ਵਿਭਾਗ ਵਿੱਚ ਹੋਣ ਕਰਕੇ ਅਸੀਂ ਉਨ੍ਹਾਂ ਵੱਲੋਂ ਨਿਸ਼ਚਿੰਤ ਸਾਂ। ਐੱਸਪੀ ਆਫ਼ਿਸ ‘ਚ ਹੈੱਡ ਕਲਰਕ ਵਜੋਂ ਨੌਕਰੀ ਕਰਦਿਆਂ ਉਨ੍ਹਾਂ ਨੂੰ ਕਾਫੀ ਅਰਸਾ ਹੋ ਗਿਆ ਸੀ। ਬਸ ਇੱਕ ਪਰਮੋਸ਼ਨ ਬਾਕੀ ਸੀ ਅਤੇ ਰਿਟਾਇਰਮੈਂਟ ਵਿੱਚ ਅਜੇ ਦੋ ਸਾਲ ਬਾਕੀ ਸਨ। ਸਭ ਜਾਣਦੇ ਸਨ ਕਿ ਸ਼ਹਿਰ ਦੇ ਹਾਲਾਤ ਕਿਹੋ ਜਿਹੇ ਵੀ ਹੋਣ, ਪਿਤਾ ਜੀ ਸੁਖ-ਸ਼ਾਂਤੀ ਨਾਲ ਘਰੇ ਆ ਜਾਣਗੇ।
ਕੁਝ ਚਿਰ ਬਾਦ ਦੋਵੇਂ ਛੋਟੇ ਭਰਾਵਾਂ ਨੂੰ ਘਰੇ ਹੀ ਰਹਿਣ ਦੀ ਹਦਾਇਤ ਦੇ ਕੇ ਮੈਂ ਪੈਦਲ ਹੀ ਘਰੋਂ ਨਿਕਲ ਗਿਆ। ਮਾਂ ਨੇ ਤਾਕੀਦ ਕੀਤੀ, “ਛੇਤੀ ਆ ਜਾਈਂ।”
ਮੇਰਾ ਇਰਾਦਾ ਗਾਂਧੀ ਪਾਰਕ ਵੱਲ ਜਾਣ ਦਾ ਸੀ। ਜੇ ਜਲੂਸ ਲੰਘ ਗਿਆ ਹੋਵੇਗਾ ਅਤੇ ਸਭ ਕੁਝ ਠੀਕ-ਠਾਕ ਰਿਹਾ ਤਾਂ ਕਚਹਿਰੀ ਚਲਾ ਜਾਵਾਂਗਾ, ਨਹੀਂ ਤਾਂ ਜੋ ਹੋਵੇਗਾ, ਵੇਖਿਆ ਜਾਵੇਗਾ। ਅਜੇ ਮੁਸ਼ਕਿਲ ਨਾਲ ਸੌ ਗਜ਼ ਦੂਰ ਪਹੁੰਚਿਆ ਸਾਂ ਕਿ ਮੈਂ ਵਹਿਸ਼ੀ ਲੋਕਾਂ ਦੀ ਭੀੜ ਨੂੰ ਸੜਕ ਤੇ ਦੌੜਦੇ ਵੇਖਿਆ। ਇੱਕ ਪਾਸੇ ਦੀ ਸੜਕ ਜਾਮ ਕਰ ਦਿੱਤੀ ਗਈ ਸੀ। ਜੀਪ ਅਤੇ ਕਾਰ ਦੇ ਉੱਤਰੇ ਹੋਏ ਟਾਇਰ ਥਾਂ-ਥਾਂ ਜਲ ਰਹੇ ਸਨ, ਜਿਨ੍ਹਾਂ ਦਾ ਕਾਲਾ ਧੂੰਆਂ ਆਕਾਸ਼ ਵਿੱਚ ਗੂੜ੍ਹੀ ਕਾਲੀ ਸਿਆਹੀ ਵਾਂਗ ਫੈਲ ਰਿਹਾ ਸੀ। ਬਜ਼ਾਰ ਪੂਰੀ ਤਰ੍ਹਾਂ ਬੰਦ ਹੋ ਚੁੱਕੇ ਸਨ। ਸੜਕਾਂ ਤੇ ਖੜ੍ਹੇ ਠੇਲੇ ਵਾਲੇ ਏਧਰ-ਓਧਰ ਸਹਿਮੇ ਜਿਹੇ ਖੜ੍ਹੇ ਸਨ।
ਅੱਗੇ ਵਧਣ ਦੀ ਮੇਰੀ ਹਿੰਮਤ ਜਵਾਬ ਦੇਣ ਲੱਗੀ। ਇੱਕ ਬੰਦ ਦੁਕਾਨ ਦੇ ਥੜ੍ਹੇ ਤੇ ਖੜ੍ਹਾ ਹੋ ਕੇ ਮੈਂ ਭੀੜ ਨੂੰ ਵੇਖ ਰਿਹਾ ਸਾਂ, ਜੀਹਨੇ ਇੱਕ ਸਰਦਾਰ ਨੂੰ ਫੜਿਆ ਹੋਇਆ ਸੀ। ਉਹਦੀ ਪਗੜੀ ਖੁੱਲ੍ਹ ਚੁੱਕੀ ਸੀ। ਲੰਮੇ ਵਾਲ਼ ਅੱਧੇ ਮੱਥੇ ਤੇ ਡਿੱਗੇ ਹੋਏ ਸਨ, ਬਾਕੀ ਇੱਕ ਦਰਿੰਦੇ ਦੇ ਸ਼ਿਕੰਜੇ ਵਿੱਚ ਕਸੇ ਹੋਏ ਸਨ। ਭੀੜ ਚਾਰੇ ਪਾਸਿਉਂ ਉਸ ਤੇ ਲੱਤਾਂ-ਘਸੁੰਨ ਮਾਰ ਰਹੀ ਸੀ। ਅਚਾਨਕ ਚੀਤੇ ਦੀ ਫੁਰਤੀ ਨਾਲ ਸਰਦਾਰ ਨੇ ਆਪਣਾ ਸਿਰ ਸਾਹਮਣੇ ਵਾਲੇ ਦੇ ਸਿਰ ਨਾਲ ਟਕਰਾ ਦਿੱਤਾ ਅਤੇ ਉਹਦੀ ਪਕੜ ਤੋਂ ਛੁੱਟ ਕੇ ਭੀੜ ਨੂੰ ਚੀਰਦਾ ਹੋਇਆ ਤੇਜ਼ੀ ਨਾਲ ਇੱਕ ਗਲ਼ੀ ਵਿੱਚ ਵੜ
ਗਿਆ। ਪਾਗਲ ਭੀੜ ਦਾ ਗੁੱਸਾ ਚਰਮ-ਸੀਮਾ ਤੇ ਸੀ – “ਮਾਰੋ ਸਾਲ਼ੇ ਗੱਦਾਰ ਨੂੰ…।” ਭੀੜ ਉਹਦੇ ਪਿੱਛੇ ਦੌੜ ਰਹੀ ਸੀ।
ਹੁਣ ਅੱਗੇ ਜਾਣਾ ਦੰਗਈਆਂ ਦੀ ਭੀੜ ਵਿੱਚ ਸ਼ਾਮਲ ਹੋਣ ਵਰਗਾ ਸੀ, ਸੋ ਮੁੜਨ ਵਿੱਚ ਹੀ ਮੈਂ ਭਲਾਈ ਸਮਝੀ। ਸਾਡੀ ਗਲ਼ੀ ਦੀ ਨੁੱਕੜ ਤੇ ਮਹੱਲੇ ਦੇ ਲੋਕ ਖੜ੍ਹੇ ਸਨ, ਜੋ ਤਮਾਸ਼ਬੀਨਾਂ ਦੀ ਹੈਸੀਅਤ ਵਜੋਂ ਜਮ੍ਹਾਂ ਹੋ ਗਏ ਸਨ। ਹਿੰਸਕ ਭੀੜ ਸਾਹਮਣੇ ਤੋਂ ਇੰਦਰਾ ਗਾਂਧੀ ਦੀ ਸ਼ਹਾਦਤ ਦੇ ਨਾਅਰੇ ਲਾ ਰਹੀ ਸੀ। ‘ਜਬ ਤਕ ਸੂਰਜ ਚਾਂਦ ਰਹੇਗਾ, ਇੰਦਰਾ ਜੀ ਕਾ ਨਾਮ ਰਹੇਗਾ’ – ਵਰਗੇ ਨਾਅਰਿਆਂ ਦੇ ਨਾਲ ਨਾਲ ‘ਖੂਨ ਕਾ ਬਦਲਾ ਖੂਨ ਸੇ ਲੇਂਗੇ’ ਵਰਗੇ ਨਾਅਰੇ ਭੀੜ ਦੇ ਖਤਰਨਾਕ ਇਰਾਦਿਆਂ ਨੂੰ ਪ੍ਰਗਟ ਕਰ ਰਹੇ ਸਨ।
ਸਾਡੀ ਅਤੇ ਬਿੱਲੂ ਦੀ ਗਲ਼ੀ ਦੇ ਵਿਚਕਾਰਲੀ ਸੜਕ ਤੇ ਸਰਕਾਰੀ ਸਕੂਲ ਦੀ ਵਿਸ਼ਾਲ ਬਿਲਡਿੰਗ ਸੀ ਅਤੇ ਇਸ ਬਿਲਡਿੰਗ ਦੇ ਪਿੱਛੇ ਸੀ ਸਾਡਾ ਵਾਲੀਬਾਲ ਗਰਾਊਂਡ। ਭੀੜ ਸਾਡੀ ਗਲ਼ੀ ਦੇ ਸਾਹਮਣੇ ਤੋਂ ਲੰਘੀ। ਅਗਲੀ ਗਲ਼ੀ ਵਿੱਚ ਕਰੀਬ ਸੌ ਗਜ਼ ਦੀ ਦੂਰੀ ਤੇ ਡਾਕਟਰ ਸੰਧੂ ਦਾ ਘਰ ਸੀ। ਡਾਕਟਰ ਸਾਹਿਬ ਅਤੇ ਬਿੱਲੂ ਇਸ ਸ਼ਹਿਰ ਦੇ ਜਾਣੇ-ਪਛਾਣੇ ਲੋਕਾਂ ਵਿੱਚੋਂ ਸਨ। ਅਗਲੇ ਹੀ ਪਲ ਮੈਂ ਵੇਖਿਆ ਕਿ ਹਿੰਸਕ ਭੀੜ ਦਾ ਸੈਲਾਬ ਅਗਲੀ ਗਲ਼ੀ ਵਿੱਚ ਮੁੜ ਗਿਆ। ਜਿਸ ਗੱਲ ਦਾ ਡਰ ਸੀ, ਉਹ ਹੋ ਕੇ ਰਹੀ। ਸਪਸ਼ਟ ਸੀ ਕਿ ਹੁਣ ਭੀੜ ਦਾ ਨਿਸ਼ਾਨਾ ਡਾਕਟਰ ਸੰਧੂ ਦਾ ਘਰ ਹੋਵੇਗਾ।
ਮੇਰੇ ਹੋਸ਼ੋ-ਹਵਾਸ ਗੁੰਮ ਹੋ ਗਏ। ਸਮਝ ਵਿੱਚ ਨਹੀਂ ਆ ਰਿਹਾ ਸੀ ਕਿ ਕੀ ਕਰਾਂ! ਮੈਂ ਬਿਨਾਂ ਕੁਝ ਸੋਚੇ-ਸਮਝੇ ਅਗਲੀ ਗਲ਼ੀ ਵੱਲ ਦੌੜਿਆ। ਪੰਜ-ਛੇ ਫੁੱਟ ਚੌੜੀ ਗਲ਼ੀ ਵਿੱਚ ਹਜ਼ਾਰਾਂ ਲੋਕਾਂ ਦਾ ਇਕੱਠ ਸੀ। ਭੀੜ ਦੇ ਉਸ ਹਜੂਮ ਵਿੱਚ ਵੜਨ ਦੀ ਕੋਈ ਗੁੰਜਾਇਸ਼ ਨਹੀਂ ਸੀ ਅਤੇ ਵੜ ਵੀ ਗਿਆ ਤਾਂ ਉਸ ਨਾਲ ਕੀ ਹੋਵੇਗਾ! ਮੈਂ ਵਾਪਸ ਮੁੜਿਆ – ਆਪਣੀ ਗਲ਼ੀ ਵੱਲ। ਮੈਦਾਨ ਪਾਰ ਕੀਤਾ ਅਤੇ ਬਿੱਲੂ ਦੇ ਮਕਾਨ ਦੇ ਪਿੱਛੇ ਵਾਲੇ ਦਰਵਾਜ਼ੇ ਨੂੰ ਖੜਕਾਉਣ ਹੀ ਲੱਗਿਆ ਸਾਂ ਕਿ ਦਰਵਾਜ਼ਾ ਖੁੱਲ੍ਹਿਆ। ਵੀਨੂ ਮਾਸੂਮ ਰਿੰਕੂ ਅਤੇ ਪਿੰਕੀ ਨੂੰ ਲੈ ਕੇ ਬਾਹਰ ਨਿਕਲੀ, ਜਿਨ੍ਹਾਂ ਨੂੰ ਸਾਹਮਣੇ ਵਾਲੀ ਪੰਡਿਤਾਣੀ ਚਾਚੀ ਨੇ ਫੜ ਲਿਆ ਅਤੇ ਅੰਦਰ ਜਾ ਕੇ ਦਰਵਾਜ਼ੇ ਬੰਦ ਕਰ ਲਏ।
“ਵੀਨੂ!” ਮੈਂ ਅਵਾਜ਼ ਮਾਰੀ, ਪਰ ਉਦੋਂ ਤੱਕ ਉਹਨੇ ਦਰਵਾਜ਼ਾ ਬੰਦ ਕਰਕੇ ਕੁੰਡੀ ਲਾ ਲਈ ਅਤੇ ਨਾਲ ਦੀਆਂ ਪੌੜੀਆਂ ਤੋਂ ਉੱਤੇ ਚੜ੍ਹ ਗਈ। ਕਾਹਲੀ ਵਿੱਚ ਉਹ ਮੈਨੂੰ ਪਛਾਣ ਨਾ ਸਕੀ ਜਾਂ ਜਾਣ-ਬੁੱਝ ਕੇ ਉਹਨੇ ਅਜਿਹਾ ਕੀਤਾ – ਸਮਝਣਾ ਮੁਸ਼ਕਿਲ ਸੀ।
ਮੈਂ ਫ਼ੈਸਲਾ ਨਹੀਂ ਕਰ ਸਕਿਆ ਕਿ ਕੀ ਕਰਾਂ! ਆਸਪਾਸ ਦੇ ਮਕਾਨਾਂ ਦੀਆਂ ਛੱਤਾਂ ਤੇ ਚੜ੍ਹੇ ਲੋਕ ਡਾਕਟਰ ਸੰਧੂ ਦੇ ਘਰ ਹੋ ਰਹੀ ਵਾਰਦਾਤ ਵੇਖ ਰਹੇ ਸਨ। ਮੈਨੂੰ ਹੇਠੋਂ ਵਿਖਾਈ ਨਹੀਂ ਦੇ ਰਿਹਾ ਸੀ ਕਿ ਬਿੱਲੂ ਦੀ ਛੱਤ ਤੇ ਕੀ ਹੋ ਰਿਹਾ ਹੈ! ਮੈਂ ਦੌੜ ਕੇ ਆਪਣੇ ਘਰ ਦੀ ਛੱਤ ਤੇ ਗਿਆ। ਹੁਣ ਦੂਜੀ ਗਲ਼ੀ ਦਾ ਇੱਕ ਹਿੱਸਾ ਸਾਫ਼ ਨਜ਼ਰ ਆ ਰਿਹਾ ਸੀ। ਡਾਕਟਰ ਸੰਧੂ, ਬੇਬੇ, ਸੁਰਿੰਦਰ, ਵੀਨੂ, ਪ੍ਰੀਤੋ – ਸਾਰੇ ਜਣੇ ਛੱਤ ਤੇ ਘਬਰਾਏ ਹੋਏ ਏਧਰ-ਓਧਰ ਆ-ਜਾ ਰਹੇ ਸਨ। ਬਿੱਲੂ ਛੱਡ ਤੇ ਵਿਖਾਈ ਨਹੀਂ ਦੇ ਰਿਹਾ ਸੀ। ਕਿਸੇ ਅਣਹੋਣੀ ਦੇ ਡਰ ਨਾਲ ਮਨ ਕੰਬ ਉਠਿਆ। ਉਦੋਂ ਹੀ ਮੈਂ ਬਿੱਲੂ ਨੂੰ ਬੰਦੂਕ ਲੈ ਕੇ ਛੱਤ ਤੇ ਆਉਂਦੇ ਵੇਖਿਆ। ਆਉਂਦਿਆਂ ਹੀ ਉਹਨੇ ਬੰਦੂਕ ਦਾ ਮੂੰਹ ਗਲ਼ੀ ਵਿੱਚ ਉਮਡਦੀ ਭੀੜ ਵੱਲ ਕੀਤਾ ਅਤੇ ਗੋਲੀ ਚਲਾ ਦਿੱਤੀ। ਤੇਜ਼ ਧਮਾਕੇ ਨਾਲ ਵਾਤਾਵਰਣ ਗੂੰਜ ਉਠਿਆ। ਆਸਪਾਸ ਰੁੱਖਾਂ ਤੇ ਬੈਠੇ ਪੰਛੀ ਫੜਫੜਾ ਕੇ ਉੱਡ ਗਏ। ਗਲ਼ੀ ਦਾ ਜੋ ਹਿੱਸਾ ਮੈਨੂੰ ਵਿਖਾਈ ਦੇ ਰਿਹਾ ਸੀ, ਉੱਥੇ ਭਗਦੜ ਮੱਚ ਗਈ। ਵੇਖਦੇ-ਵੇਖਦੇ ਗਲ਼ੀ ਖਾਲੀ ਹੋ ਗਈ। ਬਿੱਲੂ ਨੇ ਬੰਦੂਕ ਦਾ ਮੂੰਹ ਦੁਬਾਰਾ ਗਲ਼ੀ ਵੱਲ ਕੀਤਾ ਅਤੇ ਸੜਕ ਤੇ ਖੜ੍ਹੀ ਦੰਗਈਆਂ ਦੀ ਭੀੜ ਤੇ ਵੀ ਫ਼ਾਇਰ ਕਰ ਦਿੱਤਾ। ਦੰਗਈ ਪਿੱਛੇ ਹਟ ਗਏ।
ਭੀੜ ਸੜਕ ਤੋਂ ਭੱਜ ਤੁਰੀ। ਪਰ ਹੁਣ ਉਹਦਾ ਮੂੰਹ ਸਾਡੀ ਗਲ਼ੀ ਵੱਲ ਹੋ ਗਿਆ। ਲੋਕਾਂ ਨੂੰ ਪਤਾ ਸੀ ਕਿ ਡਾਕਟਰ ਸੰਧੂ ਦੇ ਘਰ ਦਾ ਪਿਛਲਾ ਗੇਟ ਮੈਦਾਨ ਵੱਲ ਖੁੱਲ੍ਹਦਾ ਹੈ, ਪਰ ਮੈਦਾਨ ਵਿੱਚ ਆਉਣ ਦੀ ਹਿੰਮਤ ਦੰਗਈਆਂ ਵਿੱਚ ਨਹੀਂ ਸੀ। ਛੱਤ ਤੇ ਬੰਦੂਕ ਲਈ ਖੜ੍ਹੇ ਬਿੱਲੂ ਦਾ ਸੌਖਾ ਨਿਸ਼ਾਨਾ ਕੌਣ ਬਣਦਾ?
ਮੈਂ ਹੁਣ ਹੇਠਾਂ ਗਲ਼ੀ ਵਿੱਚ ਆ ਗਿਆ ਸਾਂ। ਗਰਾਊਂਡ ਮੇਰੇ ਲਈ ਸੁਰੱਖਿਅਤ ਥਾਂ ਸੀ। ਮੈਨੂੰ ਵੇਖ ਕੇ ਗਲ਼ੀ ਦੇ ਕੁਝ ਲੋਕ ਵੀ ਮੈਦਾਨ ਵਿੱਚ ਆ ਗਏ। ਉਦੋਂ ਹੀ ਹਿੰਸਕ ਭੀੜ ਦਾ ਇੱਕ ਹਜੂਮ ਬਿਲੂ ਦੇ ਮਕਾਨ ਵੱਲ ਦੌੜਿਆ।
“ਪਿੱਛੇ ਹਟੋ”, ਗੇਟ ਤੇ ਪਹੁੰਚ ਕੇ ਮੈਂ ਭੀੜ ਨੂੰ ਓਥੋਂ ਹਟਾਉਣਾ ਚਾਹਿਆ, ਪਰ ਪਤਾ ਨਹੀਂ ਕੀਹਨੇ ਮੈਨੂੰ ਜ਼ੋਰ ਨਾਲ ਧੱਕਾ ਮਾਰਿਆ – “ਤੁਸੀਂ ਹਟ ਜਾਓ ਵਕੀਲ ਸਾਹਬ!…ਸਾਲ਼ੇ ਗੱਦਾਰ ਸਾਨੂੰ ਬੰਦੂਕ ਵਿਖਾ ਰਹੇ ਹਨ। ਇਨ੍ਹਾਂ ਦੀ ਤਾਂ …”
ਮੈਂ ਡਿੱਗ ਪਿਆ। ਮੇਰੀ ਐਨਕ ਕਿਤੇ ਸੀ ਤੇ ਚੱਪਲ ਕਿਤੇ। ਇਸੇ ਦੌਰਾਨ ਕਿਸੇ ਨੇ ਪੈਟਰੋਲ ਛਿੜਕ ਕੇ ਦਰਵਾਜ਼ੇ ਨੂੰ ਅੱਗ ਲਾ ਦਿੱਤੀ। ਮੈਂ ਮੁਸ਼ਕਿਲ ਨਾਲ ਦਸ ਕਦਮ ਦੀ ਦੂਰੀ ਤੇ ਸਾਂ। ਇਸ ਵਾਰ ਬਿੱਲੂ ਦੀ ਬੰਦੂਕ ਮੈਦਾਨ ਵੱਲ ਗਰਜੀ ਅਤੇ ਵੇਖਦੇ-ਵੇਖਦੇ ਮੈਦਾਨ ਖਾਲੀ ਹੋ ਗਿਆ। ਸੜਦੇ ਹੋਏ ਬੂਹਿਆਂ ਤੇ ਘਰ ਦੇ ਅੰਦਰੋਂ ਪਾਣੀ ਪਾਇਆ ਜਾ ਰਿਹਾ ਸੀ। ਭਮੱਤਰੀਆਂ ਆਵਾਜ਼ਾਂ ਦਾ ਰੌਲ਼ਾ ਮੈਨੂੰ ਬਾਹਰ ਸੁਣਾਈ ਦੇ ਰਿਹਾ ਸੀ।
ਕਰੀਬ ਅੱਧੇ ਘੰਟੇ ਪਿੱਛੋਂ ਪੁਲੀਸ ਆਈ। ਜੀਪ ਵਿੱਚ ਚਾਰ-ਛੇ ਕਾਂਸਟੇਬਲ ਸਨ। ਗਲ਼ੀ ਦੇ ਨੁੱਕੜ ਤੇ ਖੜ੍ਹੀ ਭੀੜ ਨੂੰ ਗਾਲ੍ਹਾਂ ਕੱਢਦਾ ਐੱਸਐੱਚਓ ਜੀਪ ‘ਚੋਂ ਉੱਤਰਿਆ – “ਕਿਉਂ ਭੀੜ ਲਾ ਰੱਖੀ ਹੈ?… ਸਾਲ਼ਿਆਂ ਤੋਂ ਕੁਝ ਹੁੰਦਾ-ਜਾਂਦਾ ਤਾਂ ਹੈ ਨਹੀਂ… ਉਦੋਂ ਤੋਂ ਕੀ ਕਰਦੇ ਸੀ?… ਸਾਲ਼ੇ ਮਰਦ ਬਣਦੇ ਨੇ…ਹੁਣ ਭੱਜ ਜਾਓ ਭੈਣਚੋ…”
ਭੀੜ ਕੁਝ ਨਾ ਕਰ ਸਕਣ ਦੀ ਬੌਖਲਾਹਟ ਵਿੱਚ ਪਿੱਛੇ ਹਟ ਗਈ। ਐੱਸਐੱਚਓ ਦਾ ਗੁੱਸਾ ਸੱਤਵੇਂ ਅਸਮਾਨ ਤੇ ਸੀ। ਇਸਲਈ ਨਹੀਂ ਕਿ ਭੀੜ ਨੇ ਡਾਕਟਰ ਸੰਧੂ ਦੇ ਘਰ ਤੇ ਹਮਲਾ ਕੀਤਾ ਸੀ, ਸਗੋਂ ਇਸਲਈ ਕਿ ਭੀੜ ਨੇ ਕੁਝ ਕੀਤਾ ਕਿਉਂ ਨਹੀਂ! ਡਾਕਟਰ ਸਾਹਬ ਦੇ ਘਰ ਚਾਰ ਪੁਲੀਸ ਵਾਲ਼ੇ ਤੈਨਾਤ ਕਰ ਦਿੱਤੇ ਗਏ ਸਨ।
ਸ਼ਾਮ ਕਰੀਬ ਚਾਰ ਵਜੇ ਦਾ ਸਮਾਂ ਸੀ। ਇਸ ਘਟਨਾ ਪਿੱਛੋਂ ਮਹੱਲੇ ਵਿੱਚ ਸੰਨਾਟਾ ਸੀ। ਲੋਕ ਹੈਰਾਨ-ਪਰੇਸ਼ਾਨ ਸਨ ਕਿ ਡਾਕਟਰ ਸੰਧੂ ਜਿਹੇ ਸੱਜਣ ਬੰਦੇ ਨਾਲ, ਉਨ੍ਹਾਂ ਦੇ ਪਰਿਵਾਰ ਨਾਲ ਲੋਕਾਂ ਨੇ ਅਜਿਹਾ ਵਹਿਸ਼ੀਆਨਾ ਵਿਵਹਾਰ ਕੀਤਾ ਸੀ। ਉਨ੍ਹਾਂ ਲੋਕਾਂ ਨੇ, ਜੋ ਇਸ ਸ਼ਹਿਰ ਦੇ ਸਨ ਅਤੇ ਜਿਨ੍ਹਾਂ ਨਾਲ ਡਾਕਟਰ ਸੰਧੂ ਨੇ ਆਪਣੀ ਪੂਰੀ ਜ਼ਿੰਦਗੀ ਗੁਜ਼ਾਰੀ ਸੀ ਅਤੇ ਜਿਨ੍ਹਾਂ ਨਾਲ ਉਹ ਬਹੁਤ ਘੁਲੇ-ਮਿਲੇ ਸਨ।
ਵਾਲੀਬਾਲ ਦਾ ਗਰਾਊਂਡ ਅੱਜ ਖਾਲੀ ਪਿਆ ਸੀ। ਸ਼ਹਿਰ ਵਿੱਚ ਅਰਾਜਕਤਾ ਦਾ ਮਾਹੌਲ ਸੀ। ਕਈ ਥਾਂਵਾਂ ਤੋਂ ਹਿੰਸਕ ਵਾਰਦਾਤਾਂ ਹੋਣ ਦੀਆਂ ਖ਼ਬਰਾਂ ਆ ਰਹੀਆਂ ਸਨ। ਬਜ਼ਾਰਾਂ ਵਿੱਚ ਸਿੱਖ ਦੁਕਾਨਦਾਰਾਂ ਦੀਆਂ ਦੁਕਾਨਾਂ ਨੂੰ ਵਹਿਸ਼ੀ ਲੋਕਾਂ ਦੇ ਜਲੂਸ ਨੇ ਚੁਣ-ਚੁਣ ਕੇ ਨਿਸ਼ਾਨਾ ਬਣਾਇਆ ਸੀ। ਡਾਕਟਰ ਸੰਧੂ ਦਾ ਕਲੀਨਿਕ ਵੀ ਦੰਗਈਆਂ ਦਾ ਨਿਸ਼ਾਨਾ ਬਣਿਆ। ਗ਼ਨੀਮਤ ਇਹ ਸੀ ਕਿ ਉਸ ਪਾਸੇ ਆ ਰਹੇ ਜਲੂਸ ਦੀ ਖ਼ਬਰ ਸੁਰਿੰਦਰ ਨੂੰ ਦਸ-ਪੰਦਰਾਂ ਮਿੰਟ ਪਹਿਲਾਂ ਲੱਗ ਗਈ ਸੀ। ਇਨ੍ਹਾਂ ਹੀ ਮਿੰਟਾਂ ਦਾ ਫ਼ਾਇਦਾ ਉਠਾ ਕੇ ਉਹ ਪਾਪਾ ਜੀ ਨੂੰ ਸਕੂਟਰ ਤੇ ਬਿਠਾ ਕੇ ਘਰ ਵੱਲ ਦੌੜ ਆਇਆ ਸੀ।
ਮੇਰੇ ਸਾਹਮਣੇ ਬਿੱਲੂ ਦੇ ਘਰ ਤੇ ਹਮਲਾ ਹੋਇਆ ਅਤੇ ਅੱਗ ਲਾ ਦਿੱਤੀ ਗਈ। ਮੈਂ ਸਿਵਾਏ ਵੇਖਣ ਤੋਂ ਕੁਝ ਨਾ ਕਰ ਨਾ ਸਕਿਆ। ਇਹ ਸਭ ਇੰਨੀ ਛੇਤੀ ਅਤੇ ਇਕਦਮ ਵਾਪਰਿਆ ਕਿ ਮੈਨੂੰ ਲੱਗਿਆ, ਬਿੱਲੂ ਇਸ ਸ਼ਹਿਰ ਵਿੱਚ ਇਕੱਲਾ ਹੈ। ਬਿੱਲੂ ਹੀ ਕਿਉਂ , ਮੈਂ ਵੀ ਇਸ ਸ਼ਹਿਰ ਵਿੱਚ ਇਕੱਲਾ ਪੈ ਗਿਆ ਹਾਂ। ਕਿਤੇ ਕੋਈ ਸਾਥੀ ਨਹੀਂ, ਮਦਦਗਾਰ ਨਹੀਂ। ਜੇ ਸਾਥੀ ਹਨ, ਤਾਂ ਉਸ ਵੇਲੇ ਕਿੱਥੇ ਸਨ, ਜਦੋਂ ਭੀੜ ਨੇ ਗਲ਼ੀ ਵਿੱਚ ਜ਼ਬਰਦਸਤੀ ਵੜ ਕੇ
ਬਿੱਲੂ ਦੇ ਘਰ ਤੇ ਧਾਵਾ ਬੋਲਿਆ ਸੀ। ਮੈਂ ਬੇਸਹਾਰਾ ਅਤੇ ਸ਼ਰਮਿੰਦਾ ਸਾਂ।
ਅਪਰਾਧ-ਭਾਵਨਾ ਨਾਲ ਪੀੜਤ ਮੈਂ ਅਣਮੰਨੇ ਮਨ ਨਾਲ ਬਿੱਲੂ ਦੇ ਘਰ ਗਿਆ। ਪੁਲੀਸ ਵਾਲਿਆਂ ਨੇ ਉੱਪਰ ਝਾਕ ਕੇ ਵੇਖਿਆ, ਫਿਰ ਘਰ ਵਾਲਿਆਂ ਦੀ ਸਹਿਮਤੀ ਨਾਲ ਮੈਨੂੰ ਆਉਣ ਦਿੱਤਾ। ਵਿਹੜੇ ਵਿੱਚ ਖੜ੍ਹੀ ਵੀਨੂ ਨੇ ਮੈਨੂੰ ਹਾਲ ਵੱਲ ਜਾਣ ਦਾ ਇਸ਼ਾਰਾ ਕੀਤਾ। ਉੱਥੇ ਮੈਂ ਸਾਰੇ ਪਰਿਵਾਰ ਨੂੰ ਗ਼ਮਗੀਨ ਮਾਹੌਲ ਵਿੱਚ ਬੈਠੇ ਵੇਖਿਆ।
“ਬਿੱਲੂ”, ਬਾਕੀ ਸ਼ਬਦ ਮੇਰੇ ਗਲੇ ਵਿੱਚ ਫਸ ਕੇ ਰਹਿ ਗਏ। ਉਸ ਵੇਲ਼ੇ ਪਤਾ ਨਹੀਂ ਮੈਂ ਕੀ ਕਹਿਣਾ ਚਾਹੁੰਦਾ ਸਾਂ, ਪਰ ਤਸੱਲੀ ਜਾਂ ਹਮਦਰਦੀ ਦੇ ਦੋ ਸ਼ਬਦ ਮੇਰੇ ਮੂੰਹੋਂ ਨਹੀਂ ਨਿਕਲ ਸਕੇ।
“ਬੇਟਾ, ਜੇ ਕੁਝ ਕਰ ਸਕਦੇ ਹੋ ਤਾਂ ਹੈੱਡ ਸਾਹਬ ਨੂੰ ਕਹਿ ਕੇ ਏਥੋਂ ਇਨ੍ਹਾਂ ਪੁਲੀਸ ਵਾਲਿਆਂ ਦੀ ਡਿਉਟੀ ਹਟਾਓ”, ਡਾਕਟਰ ਸੰਧੂ ਨੇ ਕਿਹਾ। ਹੈੱਡ ਸਾਹਬ ਤੋਂ ਉਨ੍ਹਾਂ ਦਾ ਮਤਲਬ ਮੇਰੇ ਪਿਤਾ ਜੀ ਤੋਂ ਸੀ, “ਇਹ ਐੱਸਐੱਚਓ ਸਿਰਫਿਰਿਆ ਅਤੇ ਜ਼ਲੀਲ ਬੰਦਾ ਹੈ। ਜਦੋਂ ਤੋਂ ਆਇਆ ਹੈ, ਸਾਨੂੰ ਹੀ ਪੁੱਠੇ-ਸਿੱਧੇ ਸੁਆਲ ਕਰ ਰਿਹਾ ਹੈ।”
“ਤੁਸੀਂ ਨਿਸ਼ਚਿੰਤ ਰਹੋ, ਮੈਂ ਹੁਣੇ ਪਿਤਾ ਜੀ ਨਾਲ ਗੱਲ ਕਰਦਾ ਹਾਂ”, ਮੈਂ ਪਿਛਲੇ ਪੈਰੀਂ ਮੁੜ ਆਇਆ। ਪਿਤਾ ਜੀ ਨੂੰ ਸਾਰੀ ਸਥਿਤੀ ਸਮਝਾਈ। ਉਨ੍ਹਾਂ ਨੇ ਤੁਰੰਤ ਐੱਸਪੀ ਦੇ ਪੀਏ ਨਾਲ ਫੋਨ ਤੇ ਗੱਲ ਕੀਤੀ। ਅੱਧੇ ਘੰਟੇ ਅੰਦਰ ਉਸ ਐੱਸਐੱਚਓ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ। ਡਾਕਟਰ ਸੰਧੂ ਦੇ ਘਰ ਇੱਕ ਸਬ ਇਨਸਪੈਕਟਰ ਅਤੇ ਛੇ ਕਾਨਸਟੇਬਲਾਂ ਦੀ ਗਾਰਦ ਤੈਨਾਤ ਕਰ ਦਿੱਤੀ ਗਈ।
ਉਸ ਰਾਤ ਮੈਂ ਦੇਰ ਤੱਕ ਬਿੱਲੂ ਦੇ ਘਰ ਉਹਦੇ ਨਾਲ ਸਾਂ।
“ਯਾਰ, ਤੇਰੇ ਕੋਲ ਬੰਦੂਕ ਵੀ ਹੈ, ਤੂੰ ਕਦੇ ਦੱਸਿਆ ਹੀ ਨਹੀਂ”, ਮੈਂ ਸਿਰਫ਼ ਗੱਲ ਸ਼ੁਰੂ ਕਰਨ ਦੇ ਇਰਾਦੇ ਨਾਲ ਪੁੱਛਿਆ।
“ਇਸ ਵਿੱਚ ਦੱਸਣਾ ਕੀ ਸੀ? ਬੰਦੂਕ ਕੋਈ ਤਮਾਸ਼ੇ ਦੀ ਚੀਜ਼ ਤਾਂ ਹੈ ਨਹੀਂ। ਪਰ ਜਦੋਂ ਜਾਨ ਤੇ ਬਣ ਜਾਵੇ, ਫਿਰ ਤਾਂ ਕੱਢਣੀ ਪਵੇਗੀ ਨਾ! ਯਾਰ ਅਸੀਂ ਸਰਦਾਰ ਹਾਂ, ਚੂਹੇ ਦੀ ਮੌਤ ਤਾਂ ਨਹੀਂ ਮਰਾਂਗੇ। ਜਦੋਂ ਦੰਗਈਆਂ ਨੇ ਸਾਹਮਣੇ ਵਾਲੇ ਫਾਟਕ ਨੂੰ ਡੇਗ ਦਿੱਤਾ ਅਤੇ ਬੈਠਕ ਦੇ ਦਰਵਾਜ਼ਿਆਂ ਵੱਲ ਵਧਣ ਲੱਗੇ, ਫੇਰ ਮੈਂ ਫ਼ਾਇਰ ਕੀਤਾ ਸੀ।”
“ਤੂੰ ਭੀੜ ਤੇ ਐਨੇ ਫ਼ਾਇਰ ਕੀਤੇ, ਪਰ ਗੋਲ਼ੀ ਕਿਸੇ ਨੂੰ ਨਹੀਂ ਲੱਗੀ!”
“ਮੈਂ ਭੀੜ ਤੇ ਨਹੀਂ, ਸਗੋਂ ਭੀੜ ਨੂੰ ਵਿਖਾ ਕੇ ਫ਼ਾਇਰ ਕੀਤੇ ਸਨ। ਮੈਨੂੰ ਪਤਾ ਸੀ ਕਿ ਫ਼ਾਇਰ ਹੁੰਦੇ ਹੀ ਭੀੜ ਤਿੱਤਰ-ਬਿੱਤਰ ਹੋ ਜਾਵੇਗੀ। ਇਉਂ ਹੋਇਆ ਵੀ, ਫਿਰ ਵਾਧੂ ਖੂਨ-ਖਰਾਬਾ ਕਿਉਂ ਕਰਨਾ ਸੀ?”
ਅਜਿਹੇ ਨਾਜ਼ਕ ਹਾਲਾਤ ਵਿੱਚ ਵੀ ਉਹ ਆਪਣਾ ਸੰਤੁਲਨ ਬਣਾ ਕੇ ਰੱਖ ਸਕਦਾ ਸੀ – ਇਹ ਬਹੁਤ ਵੱਡੀ ਗੱਲ ਸੀ। ਮੈਂ ਗਲ਼ੀ ਦੀ ਭੀੜ ਵਿੱਚ ਵੜਨ ਦੀ ਆਪਣੀ ਕੋਸ਼ਿਸ਼ ਨੂੰ ਲੈ ਕੇ ਧੱਕਾ ਖਾ ਕੇ ਡਿੱਗਣ ਤੱਕ ਦੀਆਂ ਸਾਰੀਆਂ ਗੱਲਾਂ ਸੁਣਾਈਆਂ ਤਾਂ ਇਸ ਮੁਸ਼ਕਿਲ ਘੜੀ ਵਿੱਚ ਵੀ ਉਹ ਹੱਸ ਪਿਆ।
“ਦਰਅਸਲ ਤੂੰ ਛੇਤੀ ਘਬਰਾ ਜਾਂਦਾ ਹੈਂ। ਅਜਿਹੇ ਹਾਲਾਤ ਵਿੱਚ ਤੂੰ ਘਰ ਤਾਂ ਨਹੀਂ ਆ ਸਕਦਾ ਸੀ, ਪਰ ਪੁਲੀਸ ਨੂੰ ਤਾਂ ਫੋਨ ਕਰਨਾ ਚਾਹੀਦਾ ਸੀ। ਪੁਲੀਸ ਸਮੇਂ ਤੇ ਆ ਜਾਂਦੀ ਤਾਂ ਏਨਾ ਤਮਾਸ਼ਾ ਨਾ ਹੁੰਦਾ।”
ਬਿੱਲੂ ਦੀ ਗੱਲ ਠੀਕ ਸੀ। ਜਦੋਂ ਵੀ ਕੋਈ ਮੁਸੀਬਤ ਆਉਂਦੀ ਹੈ ਤਾਂ ਮੇਰੇ ਹੋਸ਼ੋ-ਹਵਾਸ ਗੁੰਮ ਹੋ ਜਾਂਦੇ ਹਨ। ਜੇ ਬਿੱਲੂ ਦੀ ਥਾਂ ਮੇਰੇ ਹੱਥ ਵਿੱਚ ਬੰਦੂਕ ਹੁੰਦੀ ਜਾਂ ਇਉਂ ਕਹੋ ਕਿ ਬਿੱਲੂ ਨੇ ਆਪਣੇ ਹੋਸ਼ੋ-ਹਵਾਸ ਗੁਆ ਦਿੱਤੇ ਹੁੰਦੇ ਤਾਂ ਪਤਾ ਨਹੀਂ ਕਿੰਨੇ ਲੋਕਾਂ ਨੂੰ ਗੋਲ਼ੀ ਵੱਜਦੀ ਤੇ ਹਾਲਾਤ ਕਿਤੇ ਵੱਧ ਵਿਗੜ ਜਾਂਦੇ। ਖ਼ੈਰ, ਬਿੱਲੂ ਦੇ ਘਰ ਤਾਂ ਇਹ ਵੱਡਾ ਹਾਦਸਾ ਹੁੰਦਾ-ਹੁੰਦਾ ਰਹਿ ਗਿਆ,ਪਰ ਰਾਤ ਨੂੰ ਸ਼ਹਿਰ ਵਿੱਚ ਕਈ ਥਾਂਵਾਂ ਤੇ ਹਿੰਸਕ ਵਾਰਦਾਤਾਂ ਹੋਈਆਂ। ਸਵੇਰੇ ਸ਼ਹਿਰ ਦੇ ਲੋਕਾਂ ਨੂੰ ਪਤਾ ਲੱਗਿਆ ਕਿ ਪ੍ਰਸ਼ਾਸਨ ਨੇ ਅਣਮਿਥੇ ਸਮੇਂ ਦਾ ਕਰਫ਼ਿਊ ਲਾ ਦਿੱਤਾ ਹੈ।
ਸ਼ਹਿਰ ਨੂੰ ਆਮ ਵਰਗਾ ਹੋਣ ਵਿੱਚ ਦਸ-ਪੰਦਰਾਂ ਦਿਨ ਲੱਗ ਗਏ। ਕਰਫ਼ਿਊ ਹਟ ਗਿਆ ਸੀ, ਪਰ ਪੁਲੀਸ ਦੀ ਗਸ਼ਤ ਜਾਰੀ ਸੀ। ਜ਼ਿੰਦਗੀ ਫੇਰ ਤੋਂ ਲੀਹ ਤੇ ਆਉਣ ਲੱਗੀ। ਪਰ ਪਿਛਲੇ ਦਿਨੀਂ ਜੋ ਕੁਝ ਵਾਪਰਿਆ ਸੀ, ਉਹਦਾ ਮਨਹੂਸ ਸਾਇਆ ਇਸ ਸ਼ਹਿਰ ਤੇ, ਸਗੋਂ ਪੂਰੇ ਦੇਸ਼ ਤੇ ਅਜੇ ਵੀ ਮੰਡਰਾ ਰਿਹਾ ਸੀ। ਕਿਨ੍ਹਾਂ-ਕਿਨ੍ਹਾਂ ਸ਼ਹਿਰਾਂ ਵਿੱਚ ਕਿੰਨੇ ਲੋਕ ਮਾਰੇ ਗਏ, ਕਿੰਨੇ ਲੋਕਾਂ ਦੇ ਘਰ ਸੜੇ, ਕਿਨ੍ਹਾਂ ਦੀਆਂ ਦੁਕਾਨਾਂ ਸੜੀਆਂ, ਕਿੰਨੇ ਪਰਿਵਾਰ ਤਬਾਹ ਹੋਏ – ਹੁਣ ਤੱਕ ਇਹ ਖ਼ਬਰਾਂ ਆ ਰਹੀਆਂ ਸਨ।
ਸਾਡੇ ਸ਼ਹਿਰ ਅਤੇ ਮਹੱਲੇ ਤੇ ਇਹਦਾ ਸਾਫ਼ ਅਸਰ ਇਨ੍ਹਾਂ ਅਰਥਾਂ ਵਿੱਚ ਵੇਖਿਆ ਜਾ ਸਕਦਾ ਸੀ ਕਿ ਸਾਡੇ ਵਾਲੀਬਾਲ ਗਰਾਊਂਡ ਦੀ ਰੌਣਕ ਫਿਰ ਨਹੀਂ ਪਰਤੀ। ਉਸ ਹਾਦਸੇ ਤੋਂ ਬਾਦ ਬਿੱਲੂ ਗਰਾਊਂਡ ਤੇ ਨਹੀਂ ਆਇਆ। ਦੋ-ਤਿੰਨ ਵਾਰ ਮੈਂ ਉਹਨੂੰ ਗਰਾਊਂਡ ਤੇ ਲਿਆਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਟਾਲ ਗਿਆ। ਸ਼ਾਮ ਨੂੰ ਅੱਠ-ਦਸ ਮੁੰਡੇ ਆ ਜਾਂਦੇ, ਪਰ ਖੇਡਣ ਦਾ ਪਹਿਲਾਂ ਵਰਗਾ ਮਨ ਕਿਸੇ ਦਾ ਨਾ ਹੁੰਦਾ। ਸਿਰਫ਼ ਗੱਲਾਂ ਹੁੰਦੀਆਂ ਅਤੇ ਵਿਸ਼ੇ ਇਹੋ ਸਨ – ਆਪਰੇਸ਼ਨ ਬਲੂ ਸਟਾਰ, ਇੰਦਰਾ ਗਾਂਧੀ ਦੀ ਹੱਤਿਆ, ਦੇਸ਼ ਭਰ ਵਿੱਚ ਵਾਪਰੇ ਸਿੱਖ ਵਿਰੋਧੀ ਦੰਗੇ, ਆਪਣੇ ਸ਼ਹਿਰ ਵਿੱਚ ਲੱਗੇ ਕਰਫ਼ਿਊ ਨਾਲ ਹੋਣ ਵਾਲੀਆਂ ਪਰੇਸ਼ਾਨੀਆਂ।
ਉਸ ਦਿਨ ਬਿੱਲੂ ਆਪਣੀ ਗਲ਼ੀ ਦੀ ਨੁੱਕੜ ਤੇ ਖੜ੍ਹਾ ਸੀ। ਮੈਂ ਸਾਈਕਲ ਤੇ ਕਚਹਿਰੀ ਜਾ ਰਿਹਾ ਸਾਂ। ਉਹਨੇ ਮੈਨੂੰ ਆਵਾਜ਼ ਮਾਰ ਕੇ ਕਿਹਾ, “ਸ਼ਾਮੀਂ ਘਰੇ ਆਈਂ।”
“ਕੀ ਕੋਈ ਖਾਸ ਗੱਲ ਹੈ?” ਮੈਂ ਪੁੱਛਿਆ।
“ਹਾਂ, ਤੈਨੂੰ ਪ੍ਰੀਤੋ ਨੇ ਬੁਲਾਇਆ ਹੈ। ਸ਼ਾਮ ਨੂੰ ਮੱਛੀ ਦੇ ਪਕੌੜੇ ਬਣਾ ਰਹੀ ਹੈ।”
ਅਸੀਂ ਦੋਵੇਂ ਪਰਿਵਾਰ ਨਾਨ-ਵੈਜੇਟੇਰੀਅਨ ਹਾਂ। ਬੰਦ ਟਿਫ਼ਨ ਦੇ ਡੱਬਿਆਂ ਵਿੱਚ ਕੀਮਾ, ਕਬਾਬ, ਚਿਕਨ, ਬਿਰਿਆਨੀ ਆਦਿ ਦਾ ਆਦਾਨ-ਪ੍ਰਦਾਨ ਹੁੰਦਾ ਰਹਿੰਦਾ ਹੈ।
“ਇਸ ਵਿੱਚ ਕੀ ਖਾਸ ਗੱਲ ਹੈ? ਮੈਂ ਸਮਝਿਆ ਨਹੀਂ।”
“ਤੂੰ ਆ ਤਾਂ ਸਹੀ ਸ਼ਾਮ ਨੂੰ, ਫ਼ੇਰ ਵੇਖੀਂ,” ਬਿੱਲੂ ਨੇ ਜ਼ੋਰ ਦੇ ਕੇ ਕਿਹਾ।
ਸ਼ਾਮ ਨੂੰ ਘਰ ਮੁੜਿਆ ਅਤੇ ਕੱਪੜੇ ਬਦਲ ਕੇ ਬਿਸਤਰੇ ਤੇ ਜਾ ਕੇ ਲੇਟ ਗਿਆ। ਬੱਚੇ ਚਟਾਈ ਵਿਛਾ ਕੇ ਬੈਠੇ ਹੋਏ ਸਨ ਅਤੇ ਸ਼ਾਇਦ ਸਕੂਲ ਦਾ ਹੋਮਵਰਕ ਕਰ ਰਹੇ ਸਨ। ਪਤਨੀ ਚਾਹ ਦਾ ਕੱਪ ਲੈ ਕੇ ਨਾਲ ਦੀ ਕੁਰਸੀ ਤੇ ਬੈਠ ਗਈ।
“ਖਾਣੇ ਵਿੱਚ ਕੀ ਬਣਾਵਾਂ?” ਉਹਨੇ ਪੁੱਛਿਆ।
ਅਚਾਨਕ ਮੈਨੂੰ ਯਾਦ ਆਇਆ ਤਾਂ ਮੈਂ ਕਿਹਾ, “ਤੁਸੀਂ ਆਪਣੇ ਲਈ ਜੋ ਚਾਹੋ, ਬਣਾ ਲਓ। ਮੈਂ ਤਾਂ ਅੱਜ ਬਿੱਲੂ ਦੇ ਘਰ ਖਾਣਾ ਖਾਵਾਂਗਾ।”
ਉਹ ਸਮਝ ਗਈ ਕਿ ਉੱਥੇ ਕੋਈ ਨਾਨ-ਵੈੱਜ ਡਿਸ਼ ਬਣ ਰਹੀ ਹੋਵੇਗੀ। ਉਹ ਉਠ ਕੇ ਕਿਚਨ ਵਿੱਚ ਚਲੀ ਗਈ ਅਤੇ ਮੈਂ ਚਾਹ ਪੀ ਕੇ ਘਰੋਂ ਬਾਹਰ ਨਿਕਲ ਆਇਆ।
“ਬੇਬੇ ਜੀ, ਪੈਰੀਂ ਪੈਨਾਂ”, ਬੇਬੇ ਜੀ ਦੇ ਚਰਨ ਛੋਂਹਦੇ ਹੋਏ ਮੈਂ ਕਿਹਾ ਤਾਂ ਉਹ ਬੋਲੇ, “ਜੀਂਦਾ ਰਹਿ ਪੁੱਤਰ! ਵੱਡੀ ਉਮਰ ਹੋਵੇ! ਹੁਣੇ-ਹੁਣੇ ਤੇਰੀ ਹੀ ਗੱਲ ਹੋ ਰਹੀ ਸੀ।” ਹਾਲ ਵੱਲ ਇਸ਼ਾਰਾ ਕਰਦਿਆਂ ਉਨ੍ਹਾਂ ਨੇ ਕਿਹਾ, “ਓਥੇ ਵੱਡੇ ਕਮਰੇ ਵਿੱਚ ਪਾਪਾ ਜੀ ਤੇ ਬਿੱਲੂ ਤੈਨੂੰ ਹੀ ਉਡੀਕ ਰਹੇ ਨੇ।”
ਮੈਂ ਹਾਲ ਵੱਲ ਵਧਿਆ। ਪਿੱਛੇ-ਪਿੱਛੇ ਪ੍ਰੀਤੋ ਭਾਬੀ ਵੀ ਆ ਗਈ।
“ਆ ਪੁੱਤਰ”, ਸੋਫ਼ੇ ਤੇ ਬੈਠੇ ਪਾਪਾ ਜੀ ਨੇ ਜ਼ਰਾ ਕੁ ਸਰਕ ਕੇ ਆਪਣੇ ਕੋਲ ਥਾਂ ਬਣਾਈ। ਮੈਂ ਉੱਥੇ ਬਹਿ ਗਿਆ।
“ਵੀਨੂ”, ਬਿੱਲੂ ਨੇ ਆਵਾਜ਼ ਮਾਰੀ, “ਚਾਹ ਲੈ ਆ।”
ਸੈਂਟਰ ਟੇਬਲ ਤੇ ਚਾਹ ਦੀ ਟ੍ਰੇ ਰੱਖ ਕੇ ਉਹ ਚਲੀ ਗਈ ਤਾਂ ਨੇੜੇ ਬੈਠੇ ਬਿੱਲੂ ਤੋਂ ਮੈਂ ਹੌਲੀ ਜਿਹੀ ਪੁੱਛਿਆ, “ਬਈ, ਮੱਛੀ ਦੇ ਪਕੌੜੇ ਕਿੱਥੇ ਨੇ?”
“ਸੁਰਿੰਦਰ ਕਾਂਟਾ ਲੈ ਕੇ ਮੱਛੀ ਫੜਨ ਗਿਆ ਹੈ। ਬਸ ਆਉਂਦਾ ਹੀ ਹੋਵੇਗਾ”, ਉਹਨੇ ਵੀ ਹੌਲੀ ਜਿਹੀ ਜਵਾਬ ਦਿੱਤਾ।
“ਕੀ ਘੁਸਰ-ਮੁਸਰ ਹੋ ਰਹੀ ਹੈ ਜੀ”, ਪ੍ਰੀਤੋ ਭਾਬੀ ਨੇ ਪੁੱਛਿਆ।
“ਕੁਝ ਨਹੀਂ ਭਾਬੀ ਜੀ! ਬਸ ਐਵੇਂ ਹੀ…” ਮੈਂ ਮੁਸਕਰਾ ਕੇ ਰਹਿ ਗਿਆ।
“ਪੁੱਛ ਰਿਹਾ ਹੈ ਕਿ ਖਾਣੇ ਵਿੱਚ ਕੀ ਬਣਿਆ ਹੈ ਅੱਜ?” ਬਿੱਲੂ ਨੇ ਕਿਹਾ।
“ਹਾਂ ਭਾਈ ਸਾਹਬ, ਖਾਣਾ ਏਥੇ ਹੀ ਖਾਣਾ… ਮੂੰਗੀ ਦੀ ਦਾਲ-ਪਾਲਕ ਬਣਾ ਰਹੀ ਹਾਂ!” ਪ੍ਰੀਤੋ ਨੇ ਹੱਸ ਕੇ ਕਿਹਾ।
“ਖਾਣਾ-ਪੀਣਾ ਬਾਦ ਵਿੱਚ, ਪਹਿਲਾਂ ਮੁੱਦੇ ਦੀ ਗੱਲ ਕਰੀਏ”, ਨੇੜੇ ਬੈਠੇ ਡਾਕਟਰ ਸੰਧੂ ਨੇ ਕਿਹਾ। “ਗੱਲ ਇਹ ਹੈ ਕਿ ਹੁਣ ਹੋਰ ਪੁਲੀਸ ਪ੍ਰੋਟੈਕਸ਼ਨ ਨਹੀਂ ਚਾਹੀਦੀ। ਆਖ਼ਰ ਅਸੀਂ ਕਦੋਂ ਤੱਕ ਇਉਂ ਪੁਲੀਸ ਦੇ ਸਾਏ ਵਿੱਚ ਘਰ ਵਿੱਚ ਦੁਬਕੇ ਰਹਾਂਗੇ?”
ਮੈਂ ਉਨ੍ਹਾਂ ਦੀ ਗੱਲ ਦਾ ਮਤਲਬ ਨਹੀਂ ਸਮਝ ਸਕਿਆ। ਮੈਂ ਪੁੱਛਿਆ, “ਪਾਪਾ ਜੀ, ਪੁਲੀਸ ਪ੍ਰੋਟੈਕਸ਼ਨ ਵਿੱਚ ਹਰਜ ਹੀ ਕੀ ਹੈ?”
“ਵੇਖ, ਮੈਂ ਸਮਝਾਉਂਦਾ ਹਾਂ,” ਚਾਹ ਦੀ ਪਿਆਲੀ ਹੱਥ ਵਿੱਚ ਚੁੱਕੀ ਹੁਣ ਬਿੱਲੂ ਮੇਰੇ ਸਾਹਮਣੇ ਪਏ ਸੋਫ਼ੇ ਤੇ ਆ ਕੇ ਬਹਿ ਗਿਆ।
“ਗੱਲ ਇਹ ਹੈ ਕਿ ਪਾਪਾ ਜੀ ਚਾਹੁੰਦੇ ਹਨ ਕਿ ਅਸੀਂ ਗੁਰਦੁਆਰੇ ਤੋਂ ਸ਼ਾਂਤੀ ਮਾਰਚ ਕੱਢੀਏ। ਇਸ ਮਾਰਚ ਵਿੱਚ ਜਿੰਨੇ ਸਿੱਖ ਹੋਣ, ਉਨੇ ਹੀ ਗੈਰ-ਸਿੱਖ ਵੀ ਹੋਣ, ਤਾਂ ਹੀ ਇਹ ਸ਼ਾਂਤੀ ਮਾਰਚ ਕਾਮਯਾਬ ਹੋ ਸਕੇਗਾ ਅਤੇ ਇਹੋ ਸਹੀ ਅਰਥਾਂ ਵਿੱਚ ਸਿੱਖਾਂ ਦੀ ਸੁਰੱਖਿਆ ਦੀ ਗਾਰੰਟੀ ਹੋਵੇਗੀ।”
ਉਨ੍ਹਾਂ ਦੀ ਗੱਲ ਵਿੱਚ ਵਜ਼ਨ ਸੀ। ਮੈਨੂੰ ਲੱਗਿਆ ਕਿ ਸ਼ਾਂਤੀ ਮਾਰਚ ਕੱਢਣਾ ਹੀ ਚਾਹੀਦਾ ਹੈ।
“ਤਾਂ ਇਸ ਵਿੱਚ ਕੀ ਦਿੱਕਤ ਹੈ?”
“ਦਿੱਕਤ!… ਤੂੰ ਇਕੱਠੇ ਕਰ ਲਵੇਂਗਾ ਡੇਢ ਸੌ ਜਣੇ?” ਬਿੱਲੂ ਨੇ ਕੁਝ ਰੁਕ ਕੇ ਕਿਹਾ, “ਵੇਖ, ਇਹ ਏਨਾ ਸੌਖਾ ਕੰਮ ਨਹੀਂ ਹੈ।”
“ਯਾਰ, ਐਨੇ ਜਣੇ ਤਾਂ ਗਰਾਊਂਡ ਤੇ ਹੀ ਇਕੱਠੇ ਹੋ ਜਾਂਦੇ ਨੇ…”
“ਉਹ ਗੱਲ ਹੋਰ ਹੈ। ਤੂੰ ਕੋਸ਼ਿਸ਼ ਕਰਕੇ ਵੇਖ ਲੈ। ਦਰਅਸਲ, ਪਾਪਾ ਜੀ ਨੇ ਤਾਂ ਸਿੱਖ-ਸੰਗਤ ਨਾਲ ਗੱਲ ਕਰ ਰੱਖੀ ਹੈ। ਸਿੱਖ ਸ਼ਾਂਤੀ ਮਾਰਚ ਕੱਢਣ ਨੂੰ ਤਿਆਰ ਹਨ, ਬਸ਼ਰਤੇ ਇੰਨੇ ਹੀ ਗੈਰ-ਸਿੱਖ ਲੋਕ ਉਨ੍ਹਾਂ ਦਾ ਖੁੱਲ੍ਹ ਕੇ ਸਾਥ ਦੇਣ।”
“ਮੈਂ ਤੇਰੀ ਗੱਲ ਸਮਝ ਗਿਆ। ਕੱਲ੍ਹ ਤੋਂ ਹੀ ਇਸ ਕੰਮ ਵਿੱਚ ਜੁਟ ਜਾਂਦਾ ਹਾਂ। ਮੈਨੂੰ ਲੱਗਦਾ ਹੈ ਕਿ ਡੇਢ ਸੌ ਲੋਕ ਤਾਂ ਆਸਾਨੀ ਨਾਲ ਇਕੱਠੇ ਹੋ ਜਾਣਗੇ।”
ਇਸਤੋਂ ਬਾਦ ਮੈਂ ਕਾਫੀ ਚਿਰ ਓਥੇ ਬੈਠਾ ਰਿਹਾ। ਕਈ ਤਰ੍ਹਾਂ ਦੀਆਂ ਗੱਲਾਂ ਹੋਈਆਂ। ਬਿੱਲੂ ਦੇ ਘਰੋਂ ਖਾਣਾ ਖਾ ਕੇ ਦੇਰ ਨਾਲ ਘਰ ਪਰਤਿਆ। ਫ਼ੈਸਲਾ ਕੀਤਾ ਕਿ ਕੱਲ੍ਹ ਤੋਂ ਸ਼ਾਂਤੀ ਮਾਰਚ ਦੀ ਤਿਆਰੀ ਕਰਨੀ ਹੈ। ਐਤਵਾਰ ਦਾ ਦਿਨ ਠੀਕ ਰਹੇਗਾ। ਛੁੱਟੀ ਦਾ ਦਿਨ ਹੈ, ਲੋਕ ਆਸਾਨੀ ਨਾਲ ਆ ਸਕਣਗੇ।
ਪਰ ਅਫ਼ਸੋਸ! ਮੇਰਾ ਅਨੁਮਾਨ ਬਿਲਕੁਲ ਗਲਤ ਨਿਕਲਿਆ। ਕੁਝ ਲੋਕਾਂ ਨੇ ਹੀਲ-ਹੁੱਜਤ ਨਾਲ ਤੇ ਕੁਝ ਨੇ ਲਾਚਾਰੀ ਅਤੇ ਅਵਿਸ਼ਵਾਸ ਦੇ ਡਰ ਨਾਲ ਹੱਥ ਖੜ੍ਹੇ ਕਰ ਦਿੱਤੇ। ਹਿੰਸਕ ਘਟਨਾਵਾਂ ਦਾ ਆਤੰਕ ਸਮਾਜ ਦੀ ਸਾਮੂਹਿਕ ਚੇਤਨਾ ਨੂੰ ਕਿਵੇਂ ਕਾਇਰ ਤੇ ਨਾਮਰਦ ਬਣਾ ਦਿੰਦਾ ਹੈ – ਇਹ ਵੇਖ ਕੇ ਮੈਨੂੰ ਨਾ ਸਿਰਫ਼ ਹੈਰਾਨੀ ਹੋ ਰਹੀ ਸੀ, ਸਗੋਂ ਸ਼ਰਮ ਵੀ ਆ ਰਹੀ ਸੀ।
ਐਤਵਾਰ ਦਾ ਦਿਨ ਆ ਗਿਆ ਅਤੇ ਵਾਲੀਬਾਲ ਦੇ ਗਰਾਊਂਡ ਤੇ – ਜਿਵੇਂ ਕਿ ਮੇਰੀ ਯੋਜਨਾ ਸੀ – ਮੈਂ ਲੋਕ ਇਕੱਠੇ ਨਹੀਂ ਕਰ ਸਕਿਆ। ਮੁਸ਼ਕਿਲ ਨਾਲ ਅੱਠ-ਦਸ ਜਣੇ ਮੇਰੇ ਨਾਲ ਖੜ੍ਹੇ ਬਾਕੀ ਲੋਕਾਂ ਦੇ ਆਉਣ ਦੀ ਉਡੀਕ ਕਰ ਰਹੇ ਸਨ। ਏਥੋਂ ਤੱਕ ਕਿ ਸਾਡੀ ਸਾਰੀ ਵਾਲੀਬਾਲ ਟੀਮ ਵੀ ਤਿੱਤਰ-ਬਿੱਤਰ ਹੋ ਕੇ ਪਤਾ ਨਹੀਂ ਕਿਨ੍ਹਾਂ ਖੁੱਡਾਂ ਵਿੱਚ ਜਾ ਵੜੀ ਸੀ। ਮੈਂ ਬੇਸਹਾਰਾ ਅਤੇ ਨਿਰਾਸ਼ ਸਾਂ। ਬਿੱਲੂ ਨੇ ਆਪਣੇ ਘਰ ਦੀ ਛੱਤ ਤੋਂ ਮੈਨੂੰ ਗਰਾਊਂਡ ਵਿੱਚ ਖੜ੍ਹੇ ਵੇਖਿਆ। ਸਪਸ਼ਟ ਸੀ ਕਿ ਮੈਂ ਲੋਕਾਂ ਦੀ ਉਡੀਕ ਕਰ ਰਿਹਾ ਸਾਂ। ਸਵੇਰੇ ਅੱਠ ਵਜੇ ਇਕੱਠੇ ਹੋਣਾ ਤੈਅ ਹੋਇਆ ਸੀ ਅਤੇ ਹੁਣ ਸਾਢੇ ਨੌਂ ਦਾ ਸਮਾਂ ਸੀ। ਥੋੜ੍ਹੀ ਦੇਰ ਛੱਤ ਤੇ ਖੜ੍ਹੇ ਰਹਿ ਕੇ ਬਿੱਲੂ ਹੇਠਾਂ ਉੱਤਰ ਗਿਆ। ਉਹਨੂੰ ਮਿਲਣ ਦੀ ਹੁਣ ਮੇਰੇ ਵਿੱਚ ਹਿੰਮਤ ਨਹੀਂ ਸੀ।
ਭਾਵੇਂ ਮੈਂ ਕੋਈ ਨੇਤਾ ਨਹੀਂ ਹਾਂ, ਪਰ ਸਥਾਨਕ ਸਾਰੇ ਨੇਤਾਵਾਂ ਨਾਲ ਮੇਰੀ ਠੀਕ-ਠਾਕ ਜਾਣ-ਪਛਾਣ ਹੈ, ਲੋਕ ਥੋੜ੍ਹਾ-ਬਹੁਤ ਮੈਨੂੰ ਜਾਣਦੇ ਵੀ ਹਨ; ਪਰ ਸ਼ਾਂਤੀ ਮਾਰਚ ਲਈ ਕਿਤੋਂ ਕੋਈ ਸਹੀ ਰਿਸਪਾਂਸ ਨਹੀਂ ਮਿਲਿਆ ਸੀ। ਲੋਕਾਂ ਦਾ ਖਿਆਲ ਸੀ ਕਿ ਮੈਂ ਬੇਕਾਰ ਦਾ ਪੰਗਾ ਲੈ ਰਿਹਾ ਸਾਂ। ਅਜੇ ਸ਼ਹਿਰ ਦੇ ਹਾਲਾਤ ਸੁਧਰੇ ਨਹੀਂ ਸਨ। ਖ਼ੁਦਾ-ਨ-ਖ਼ਵਾਸਤਾ ਮਾਰਚ ਦੌਰਾਨ ਦੰਗਾ ਭੜਕ ਗਿਆ ਤਾਂ ਪੁਲੀਸ ਚੁੱਕ ਕੇ ਲੈ ਜਾਵੇਗੀ ਅਤੇ ਫਿਰ ਵਰ੍ਹਿਆਂ ਬੱਧੀ ਕੋਰਟ-ਕਚਹਿਰੀ ਦੇ ਚੱਕਰ ਲਾਉਣੇ ਪੈਣਗੇ।
ਹਾਰ-ਹੰਭ ਕੇ ਮੈਂ ਗਰਾਊਂਡ ਤੋਂ ਘਰ ਮੁੜ ਆਇਆ। ਮਾਨਸਿਕ ਤਣਾਅ ਕਰਕੇ ਸਿਰ-ਪੀੜ ਹੋਣ ਲੱਗ ਪਈ ਸੀ। ਦੋ ਐਨਾਸਿਨ ਦੀਆਂ ਗੋਲ਼ੀਆਂ ਖਾ ਕੇ ਮੈਂ ਪੈ ਗਿਆ। ਪਤਾ ਨਹੀਂ ਕੀ-ਕੀ ਸੋਚਦਿਆਂ ਕਦੋਂ ਮੈਨੂੰ ਨੀਂਦ ਆ ਗਈ।
ਕਈ ਦਿਨਾਂ ਬਾਦ ਸ਼ਾਮ ਨੂੰ ਬਿੱਲੂ ਘਰ ਆਇਆ। ਪਿਤਾ ਜੀ ਘਰੇ ਹੀ ਸਨ।
“ਚਾਚਾ ਜੀ, ਉਸ ਦਿਨ ਤੁਹਾਡੇ ਕਰਕੇ ਅਸੀਂ ਬਚ ਗਏ”, ਬਿੱਲੂ ਨੇ ਪਿਤਾ ਜੀ ਦੇ ਪੈਰ ਛੋਂਹਦੇ ਹੋਏ ਕਿਹਾ, “ਤੁਸੀਂ ਸਾਰੇ ਸਾਨੂੰ ਬਹੁਤ ਯਾਦ ਆਓਗੇ।”
ਮੈਂ ਤ੍ਰਭਕ ਗਿਆ – “ਕੀ ਕਹਿ ਰਿਹਾ ਹੈਂ? ਯਾਦ ਆਓਗੇ? ਕੀ ਮਤਲਬ? ਤੂੰ ਕਿਤੇ ਬਾਹਰ ਜਾ ਰਿਹਾ ਹੈਂ?”
“ਹਾਂ, ਮੈਂ ਹੀ ਨਹੀਂ, ਅਸੀਂ ਸਾਰੇ ਜਣੇ ਪੰਜਾਬ ਜਾ ਰਹੇ ਹਾਂ, ਲੁਧਿਆਣੇ,” ਉਹਨੇ ਗੱਲ ਸਾਫ਼ ਕੀਤੀ।
“ਪਾਗਲ ਹੋ ਗਿਆ ਹੈਂ?” ਮੈਂ ਉਤੇਜਿਤ ਸਾਂ।
“ਅਜਿਹਾ ਹੀ ਸਮਝ ਲੈ। ਉਂਜ ਮੈਂ ਸੋਚ-ਸਮਝ ਕੇ ਫ਼ੈਸਲਾ ਕੀਤਾ ਹੈ। ਭਾਵੇਂ ਪਾਪਾ ਜੀ ਅਜੇ ਏਥੇ ਹੀ ਰੁਕਣ ਦੀ ਜ਼ਿਦ ਕਰ ਰਹੇ ਹਨ” – ਉਹਨੇ ਮੱਧਮ ਆਵਾਜ਼ ਵਿੱਚ ਕਿਹਾ।
“ਬੇਟੇ, ਜੋ ਕੁਝ ਵੀ ਕਰੋ, ਬਹੁਤ ਸੋਚ-ਵਿਚਾਰ ਕੇ ਕਰਨਾ। ਹਾਲਾਂਕਿ ਮੈਂ ਮੰਨਦਾ ਹਾਂ ਕਿ ਜੋ ਕੁਝ ਵੀ ਤੁਹਾਡੇ ਲੋਕਾਂ ਨਾਲ ਹੋਇਆ, ਉਹ ਬਹੁਤ ਮਾੜਾ ਹੋਇਆ; ਫਿਰ ਵੀ, ਆਪਣਾ ਸ਼ਹਿਰ ਆਪਣਾ ਹੀ ਹੁੰਦਾ ਹੈ” ਪਿਤਾ ਜੀ ਨੇ ਸਮਝਾਉਂਦੇ ਹੋਏ ਕਿਹਾ।
“ਨਹੀਂ ਚਾਚਾ ਜੀ, ਹੁਣ ਏਥੇ ਜੀਅ ਨਹੀਂ ਲੱਗਦਾ। ਸਾਡੇ ਘਰ ਨੂੰ ਅੱਗ ਲਾਈ ਗਈ, ਕਲੀਨਿਕ ਸਾੜ-ਫੂਕ ਦਿੱਤਾ ਗਿਆ। ਤੁਹਾਡੇ ਵਰਗੇ ਲੋਕ ਨਾ ਹੁੰਦੇ, ਤਾਂ ਸ਼ਾਇਦ ਅਸੀਂ ਬਚ ਵੀ ਸਕਦੇ ਜਾਂ ਨਹੀਂ – ਕਹਿਣਾ ਮੁਸ਼ਕਿਲ ਹੈ। ਪੰਡਿਤਾਣੀ ਚਾਚੀ ਜੀ ਨੇ ਜਾਨ ਤੇ ਖੇਡ ਕੇ ਮੇਰੇ ਦੋਵੇਂ ਬੱਚਿਆਂ ਨੂੰ ਪਨਾਹ ਦਿੱਤੀ। ਤੁਸੀਂ ਮਦਦ ਨਾ ਕੀਤੀ ਹੁੰਦੀ, ਤਾਂ ਇਹ ਪੁਲੀਸ ਵਾਲੇ ਸਾਨੂੰ … ਅਸੀਂ ਜ਼ਿੰਦਗੀ ਵਿੱਚ ਇਨ੍ਹਾਂ ਅਹਿਸਾਨਾਂ ਨੂੰ ਕਿਵੇਂ ਚੁਕਾ ਸਕਦੇ ਹਾਂ…?” ਉਹਦਾ ਗਲ਼ਾ ਭਰ ਆਇਆ ਸੀ। ਉਹ ਰੁਕ-ਰੁਕ ਕੇ ਬੋਲ ਰਿਹਾ ਸੀ – “ਪਰ, ਹੁਣ ਏਥੇ ਰਹਿਣਾ ਠੀਕ ਨਹੀਂ ਹੈ।”
ਬੈਠਕ ਵਿੱਚ ਖਾਮੋਸ਼ੀ ਛਾ ਗਈ।
“ਕਾਨੂੰਨ ਆਪਣਾ ਕੰਮ ਕਰੇਗਾ,” ਪਿਤਾ ਜੀ ਖਾਮੋਸ਼ੀ ਤੋੜਦੇ ਹੋਏ ਬੋਲੇ, “ਜੋ ਲੋਕ ਇਨ੍ਹਾਂ ਕਰੂਰ ਹੱਤਿਆਕਾਂਡਾਂ ਵਿੱਚ ਸ਼ਾਮਲ ਹਨ ਜਾਂ ਇਹਦੇ ਲਈ ਜ਼ਿੰਮੇਵਾਰ ਹਨ, ਅੱਜ ਨਹੀਂ ਤਾਂ ਕੱਲ੍ਹ, ਸਭ ਫੜੇ ਜਾਣਗੇ। ਆਖ਼ਰ ਦੇਸ਼ ਵਿੱਚ ਕਾਨੂੰਨ ਜਾਂ ਸ਼ਾਸਨ ਨਾਮ ਦੀ ਕੋਈ ਚੀਜ਼ ਹੈ ਜਾਂ ਨਹੀਂ।”
ਪਿਤਾ ਜੀ ਚੁੱਪ ਹੋ ਗਏ। ਥੋੜ੍ਹੀ ਦੇਰ ਬਾਦ ਫਿਰ ਬੋਲੇ – “ਇੱਕ ਤੇਜ਼ ਤੂਫ਼ਾਨ ਸੀ, ਜੋ ਨਿਕਲ ਗਿਆ। ਤੂਫ਼ਾਨ ਵਿੱਚ ਜੋ ਘਰ ਉੱਜੜ ਜਾਂਦੇ ਹਨ, ਉਹ ਕੀ ਦੁਬਾਰਾ ਨਹੀਂ ਵੱਸਦੇ?”
“ਘਰ ਤਾਂ ਦੁਬਾਰਾ ਬਣਦੇ ਹਨ ਚਾਚਾ ਜੀ, ਪਰ ਪੁਰਾਣੀਆਂ ਕੰਧਾਂ ਨੂੰ ਡੇਗ ਕੇ ਹੀ ਨਵਾਂ ਘਰ ਖੜ੍ਹਾ ਕੀਤਾ ਜਾਂਦਾ ਹੈ। ਆਖ਼ਰ ਸਾਡੀ ਕੀ ਗਲਤੀ ਸੀ? ਦੋ ਸਿੱਖਾਂ ਨੇ ਪ੍ਰਧਾਨਮੰਤਰੀ ਦੀ ਹੱਤਿਆ ਕਰ ਦਿੱਤੀ, ਤਾਂ ਇਸ ਨਾਲ ਕੀ ਪੂਰੀ ਕੌਮ ਗੁਨਾਹਗਾਰ ਅਤੇ ਗੱਦਾਰ ਹੋ ਗਈ?… ਮੈਂ ਤੁਹਾਥੋਂ ਪੁੱਛਦਾ ਹਾਂ ਕਿ ਇੱਕ ਹਿੰਦੂ ਨੇ ਗਾਂਧੀ ਜੀ ਦੀ ਹੱਤਿਆ ਕਰ ਦਿੱਤੀ ਸੀ, ਤਾਂ ਕੀ ਪੂਰੀ ਹਿੰਦੂ ਕੌਮ ਨੂੰ ਕਾਤਲ ਕਹਿ ਦਿੱਤਾ ਗਿਆ ਸੀ? ਉਦੋਂ ਕਿੰਨੇ ਹਿੰਦੂਆਂ ਦੇ ਘਰ ਸਾੜੇ ਗਏ ਸਨ ਜਾਂ ਉਨ੍ਹਾਂ ਨੂੰ ਮਾਰਿਆ ਗਿਆ ਸੀ?”
ਬਿੱਲੂ ਚੁੱਪ ਹੋ ਗਿਆ। ਬੈਠਕ ਵਿੱਚ ਫਿਰ ਸੰਨਾਟਾ ਛਾ ਗਿਆ।
ਥੋੜ੍ਹੀ ਦੇਰ ਬਾਦ ਉਹ ਉੱਠ ਕੇ ਖੜ੍ਹਾ ਹੋ ਗਿਆ। ਇੱਕ ਵਾਰ ਫਿਰ ਪਿਤਾ ਜੀ ਦੇ ਪੈਰ ਛੋਹ ਕੇ ਉਹਨੇ ਕਿਹਾ – “ਕਿਹਾ-ਸੁਣਿਆ ਮਾਫ਼ ਕਰਨਾ ਚਾਚਾ ਜੀ!”
ਉਹ ਬੈਠਕ ਤੋਂ ਬਾਹਰ ਨਿਕਲਿਆ। ਮੈਂ ਨਾਲ ਚੱਲਣਾ ਚਾਹਿਆ ਤਾਂ ਉਹਨੇ ਮੈਨੂੰ ਰੋਕ ਦਿੱਤਾ – “ਤੂੰ ਬੈਠ, ਅਜੇ ਮੈਂ ਬਜ਼ਾਰ ਜਾਣਾ ਹੈ। ਹੋ ਸਕਿਆ ਤਾਂ ਸਵੇਰੇ ਮਿਲਾਂਗੇ!”
ਮੈਨੂੰ ਅੱਗੇ ਬੋਲਣ ਦਾ ਮੌਕਾ ਦਿੱਤੇ ਬਿਨਾਂ ਹੀ ਉਹ ਚਲਾ ਗਿਆ।
ਇਹ ਮੇਰੀ ਉਸ ਨਾਲ ਆਖਰੀ ਮੁਲਾਕਾਤ ਸੀ। ਉਹ ਲੋਕ ਰਾਤੀਂ ਹੀ ਟ੍ਰੇਨ ਤੇ ਚਲੇ ਗਏ ਸਨ… ਹੁਣ ਉਹ ਕਰੀਬ ਪੱਚੀ-ਛੱਬੀ ਸਾਲਾਂ ਬਾਦ ਆਇਆ ਹੈ… ਤਿੰਨ ਦਿਨਾਂ ਤੋਂ ਇਸ ਸ਼ਹਿਰ ਵਿੱਚ ਹੈ ਅਤੇ ਅਜੇ ਤੱਕ ਮੈਨੂੰ ਮਿਲਿਆ ਨਹੀਂ।
ਰਹਿ-ਰਹਿ ਕੇ ਮਨ ਵਿੱਚ ਕੁਝ ਖਿਆਲ ਆ ਰਹੇ ਹਨ। ਇਨ੍ਹਾਂ ਸਾਲਾਂ ਵਿੱਚ ਕਿੰਨਾ ਕੁਝ ਬਦਲ ਗਿਆ ਹੈ। ਮੇਰੇ ਪਿਤਾ ਜੀ ਨਹੀਂ ਰਹੇ। ਸਰਦਾਰ ਜੀ ਤੇ ਬੇਬੇ ਜੀ ਵੀ ਬਚੇ ਹੋਣਗੇ ਜਾਂ ਨਹੀਂ! ਵੀਨੂ ਦਾ ਵਿਆਹ ਪਤਾ ਨਹੀਂ ਕਿੱਥੇ ਹੋਇਆ ਹੋਵੇਗਾ! ਮੇਰੇ ਆਪਣੇ ਬੱਚੇ ਬਾਲ-ਬੱਚਿਆਂ ਵਾਲੇ ਹੋ ਗਏ ਹਨ। ਰਿੰਕੂ ਤੇ ਪਿੰਕੀ ਵੀ ਘਰ-ਗ੍ਰਹਿਸਥੀ ਵਾਲੇ ਹੋ ਗਏ ਹੋਣਗੇ! ਮੈਂ ਸਾਰੀਆਂ ਗੱਲਾਂ ਜਾਣਨ ਅਤੇ ਉਹਨੂੰ ਦੱਸਣ ਲਈ ਬੇਤਾਬ ਬੈਠਾ ਹਾਂ।
ਮੈਨੂੰ ਯਕੀਨ ਹੈ ਕਿ ਬਿੱਲੂ ਜ਼ਰੂਰ ਆਵੇਗਾ। ਸਭ ਤੋਂ ਪਹਿਲਾਂ ਇਸ ਗੱਲ ਦੀ ਸਫ਼ਾਈ ਦੇਵੇਗਾ ਕਿ ਪਿਛਲੇ ਤਿੰਨ ਦਿਨਾਂ ਤੋਂ ਕਿੱਥੇ ਸੀ। ਕਹੇਗਾ, ਤੂੰ ਜਾਣਦਾ ਹੀ ਹੈਂ ਯਾਰ, ਕਿੰਨੀਆਂ ਰਿਸ਼ਤੇਦਾਰੀਆਂ ਹਨ ਏਸ ਸ਼ਹਿਰ ਵਿੱਚ … ਕੀ ਕਰਦਾ ਯਾਰ, ਏਨੀ ਭੱਜਦੌੜ ਰਹੀ ਕਿ ਦੋਸਤਾਂ ਨੂੰ ਅਜੇ ਤੱਕ ਨਹੀਂ ਮਿਲ ਸਕਿਆ। ਉਹ ਤਾਂ ਉਸ ਦਿਨ ਅਚਾਨਕ, ਜਦੋਂ ਮੈਂ ਆਇਆ ਸਾਂ, ਅਵਿਨਾਸ਼ ਟੱਕਰ ਗਿਆ! ਮੈਂ ਤਾਂ ਯਾਰ ਪਛਾਣਿਆ ਹੀ ਨਹੀਂ ਉਹਨੂੰ! ਬੜਾ ਮੋਟਾ ਹੋ ਗਿਆ ਹੈ! ਖ਼ੈਰ, ਉਹਨੂੰ ਤੇਰੇ ਬਾਰੇ ਪੁੱਛਿਆ, ਤਾਂ ਬੋਲਿਆ – ਮਜ਼ੇ ‘ਚ ਹੈ! ਬਸ ਜ਼ਰਾ ਵਾਲ਼ ਝੜ ਗਏ ਹਨ … ਤੂੰ ਤਾਂ ਗੰਜਾ ਹੋ ਗਿਐਂ ਯਾਰ…!
ਮੈਂ ਜਾਣਦਾ ਹਾਂ ਕਿ ਬਿੱਲੂ ਇਸੇ ਤਰ੍ਹਾਂ ਸਫ਼ਾਈ ਦੇ ਕੇ ਮੇਰੀ ਸ਼ਿਕਾਇਤ ਦੂਰ ਕਰ ਦੇਵੇਗਾ ਅਤੇ ਸਾਰੀਆਂ ਗੱਲਾਂ ਖਤਮ ਕਰਕੇ ਫੇਰ ਇੱਕ ਜਲਦਾ ਹੋਇਆ ਸੁਆਲ ਮੇਰੇ ਸਾਹਮਣੇ ਉਛਾਲੇਗਾ – “ਤੂੰ ਦੱਸ, ਜਿੰਨੇ ਲੋਕ ਚੁਰਾਸੀ ਦੇ ਦੰਗਿਆਂ ਵਿੱਚ ਮਾਰੇ ਗਏ ਸਨ, ਉਨ੍ਹਾਂ ਹੱਤਿਆਰਿਆਂ ‘ਚੋਂ ਕਿੰਨਿਆਂ ਨੂੰ ਸਜ਼ਾ ਹੋਈ?”
ਮੇਰੇ ਕੋਲ ਇਸ ਪ੍ਰਸ਼ਨ ਦਾ ਕੋਈ ਜਵਾਬ ਨਹੀਂ ਹੈ। ਸਿਰਫ਼ ਇੱਕ ਉੱਤਰ ਹੈ – ਦੇਸ਼ ਦੇ ਪ੍ਰਧਾਨਮੰਤਰੀ ਨੇ ਇਸ ਹਾਦਸੇ ਲਈ ਸਭ ਤੋਂ ਮਾਫ਼ੀ ਮੰਗ ਲਈ ਹੈ।
ਮੈਂ ਜਾਣਦਾ ਹਾਂ ਕਿ ਬਿੱਲੂ ਮੁਸਕਰਾ ਪਵੇਗਾ। ਉਹਦੀ ਮੁਸਕਰਾਹਟ ਹਮੇਸ਼ਾ ਤੋਂ ਅਰਥ-ਭਰੀ ਰਹੀ ਹੈ!

# ਮੂਲ : ਅਸ਼ੋਕ ਸਕਸੈਨਾ, ਲਕਸ਼ਮੀ ਨਗਰ, ਭਰਤਪੁਰ (ਰਾਜਸਥਾਨ)- 321001. (9314780280)
# ਅਨੁ : ਪ੍ਰੋ. ਨਵ ਸੰਗੀਤ ਸਿੰਘ, 1, ਲਤਾ ਗਰੀਨ ਐਨਕਲੇਵ, ਪਟਿਆਲਾ-147002. (9417692015)
