ਹਲ਼ ਵਗਦੇ ਸੀ ਜਦ ਖੇਤਾਂ ਵਿੱਚ,
ਗਲ਼ ਬਲਦਾਂ ਟੱਲੀਆਂ ਬੋਲਦੀਆਂ।
ਕੋਈ ਰਾਗ ਇਲਾਹੀ ਛਿੜ ਜਾਂਦਾ,
ਸੀ ਪੌਣਾਂ ਵਿੱਚ ਰਸ ਘੋਲਦੀਆਂ।
ਹਾਲੀ ਹੱਕਦਾ ਬੱਗੇ-ਨਾਰੇ ਨੂੰ,
ਤੇ ਤੱਤਾ – ਠੱਠਾ ਕਹਿੰਦਾ ਸੀ।
ਪਹੁ ਪਾਟੀ ਛਾਵੇਂ ਤਾਰਿਆਂ ਦੀ,
ਜਾ ਖੇਤਾਂ ਵਿੱਚ ਬਹਿੰਦਾ ਸੀ।
ਕੰਮ ਨਿਬੇੜ ਸੁਆਣੀ ਜਾਂਦੀ ਸੀ,
ਪਿੱਛੇ ਲੈ ਕੇ ਭੱਤਾ ਹਾਲੀ ਦਾ।
ਬੜੇ ਸ਼ਾਂਤ ਲੋਕੀ ਜਿਉਂਦੇ ਸੀ,
ਕੰਮ ਨਹੀਂ ਸੀ ਕੋਈ ਕਾਹਲ਼ੀ ਦਾ।
ਕੁਦਰਤ ਨਾਲ ਰਲ ਰਹਿੰਦੇ ,
ਉਹ ਵੀ ਹੱਸਦੀ ਰਹਿੰਦੀ ਸੀ।
ਭੋਲੇ ਭਾਲਲਿਆਂ ਚੇਹਰਿਆ ਦੀ,
ਲਾਲੀ ਬੜਾ ਕੁੱਝ ਕਹਿੰਦੀ ਸੀ।
ਵਧੀਆ ਸੀ ਜੀਵਨ ਉਸ ਵੇਲੇ,
ਖਾਂਦੇ ਦੇਸੀ ਸਭ ਖੁਰਾਕਾਂ ਸੀ।
ਰੱਬ ਦੀਆਂ ਦਿੱਤੀਆਂ ਖਾ ਲੈਂਦੇ,
ਨਾ ਕੋਈ ਬਹੁਤੀਆਂ ਝਾਕਾਂ ਸੀ।
ਅੱਜ ਜ਼ਮਾਨਾ ਹੈ ਉਲਟ ਕਿੰਨਾਂ,
ਮਨੁੱਖ ਬੜਾ ਮਗ਼ਰੂਰ ਹੋਇਆ।
‘ਪੱਤੋ’ ਉਹ ਕੁਦਰਤ ਦੇ ਨੇੜੇ ਸੀ,
ਹੁਣ ਫਿਰੇ ਇਹ ਦੂਰ ਹੋਇਆ।
*ਹਰਪ੍ਰੀਤ ਪੱਤੋ*
ਪਿੰਡ ਪੱਤੋ ਹੀਰਾ ਸਿੰਘ ( ਮੋਗਾ )
ਫੋਨ ਨੰਬਰ 94658-21417

