ਰੱਖਦੇ ਅਸੀਂ ਬੁਲੰਦ ਹੌਸਲੇ, ਭਾਵੇਂ ਕੁਝ ਨਹੀਂ ਪੱਲੇ।
ਏਸੇ ਆਸ ਤੇ ਜਿਉਂਦੇ ਹਾਂ, ਫਿਰ ਹੁੰਦੀ ਬੱਲੇ ਬੱਲੇ।
ਹੜ੍ਹ ਆਵੇ ਜਾਂ ਆਵੇ ਸੋਕਾ, ਸ਼ਿਕਵਾ ਕਦੇ ਨਾ ਕਰੀਏ।
ਢੱਠੇ ਘਰ ਤੇ ਰੁੜ੍ਹੀਆਂ ਫਸਲਾਂ, ਹੱਸ ਕੇ ਸਭ ਕੁਝ ਜਰੀਏ।
ਜਦ ਤੱਕ ਪ੍ਰਭੂ ਦੀ ਨਜ਼ਰ ਸੁਵੱਲੀ, ਅਸੀਂ ਨਹੀਂ ਹਾਂ ‘ਕੱਲੇ।
ਖਾਣ ਲਈ ਦਾਣਾ ਨਹੀਂ ਬਚਿਆ, ਮਰੀਆਂ ਮੱਝਾਂ ਗਾਵਾਂ।
ਬੱਚਿਆਂ ਨੂੰ ਗੋਦੀ ਵਿੱਚ ਲੈ ਕੇ, ਹੌਸਲਾ ਦੇਵਣ ਮਾਵਾਂ।
ਵੰਡ ਸਮੇਂ ਜਿਸਮਾਂ ਦੇ ਉੱਤੇ, ਬਹੁਤ ਹੰਢਾਏ ਹੱਲੇ।
ਦੇਸ਼ ਵਿਦੇਸ਼ੀਂ ਆਫ਼ਤ ਆਵੇ, ਭੱਜ ਕੇ ਕਰੀਏ ਸੇਵਾ।
ਇਸੇ ਸੇਵਾ ਤੋਂ ਖੁਸ਼ ਹੋ ਦਾਤਾ, ਬਖ਼ਸ਼ੇ ਸਾਨੂੰ ਮੇਵਾ।
ਇਹ ਪੰਜਾਬੀ ਸਭ ਤੋਂ ਅੱਗੇ, ਬਾਕੀ ਸਾਰੇ ਥੱਲੇ।
ਮੁਸ਼ਕਲ ਦੇ ਵਿਚ ਡਟੇ ਪੰਜਾਬੀ, ਕਿਤੇ ਨਾ ਪਿੱਠ ਵਿਖਾਉਂਦੇ।
ਬਿਜਲੀ ਲਿਸ਼ਕੇ, ਬੱਦਲ ਗਰਜੇ, ਸਭ ਨੂੰ ਠੁੱਠ ਵਿਖਾਉਂਦੇ।
ਕੀ ਕੀ ਦੱਸਾਂ, ਕੀ ਏਹਨਾਂ ਨੇ, ਕਿੰਨੇ ਦੁਖੜੇ ਝੱਲੇ।
ਆਸੇਪਾਸੇ ਮੱਚੀ ਤਬਾਹੀ, ਖਿੱਲਰਿਆ ਤੀਲਾ ਤੀਲਾ।
ਡੋਰੀ ਰੱਖ ਕੇ ਇੱਕੋ ਤੇ, ਇਹ ਜੀਣ ਦਾ ਕਰਦੇ ਹੀਲਾ।
ਇੱਕ ਦੂਜੇ ਨੂੰ ਢਾਰਸ ਦੇਵਣ, ਬੰਨ੍ਹ ਕਤਾਰਾਂ ਚੱਲੇ।
~ ਪ੍ਰੋ. ਨਵ ਸੰਗੀਤ ਸਿੰਘ
1, ਲਤਾ ਗਰੀਨ ਐਨਕਲੇਵ, ਪਟਿਆਲਾ-147002. 9417692015