ਪਿੰਡਾਂ ਵਿੱਚ ਆਜ਼ਾਦੀ ਤੋਂ ਪਹਿਲਾਂ ਦੀ ਜੇ ਕਰ ਗੱਲ ਕਰੀਏ ਤਾਂ ਉਸ ਸਮੇਂ ਪਿੰਡਾਂ ‘ਚ ਵਿੱਦਿਆ ਲੈਣ ਲਈ ਕੋਈ ਨੇੜੇ ਸਕੂਲ ਨਹੀਂ ਹੁੰਦਾ ਸੀ । ਕੋਈ ਵਿਰਲਾ ਹੀ ਵਿੱਦਿਆ ਪ੍ਰਾਪਤ ਕਰਦਾ ਸੀ ਫਿਰ ਵੀ ਪਿੰਡਾਂ ‘ਚ ਕੋਈ ਵਿਰਲਾ ਪਰਿਵਾਰ ਵਿੱਦਿਆ ਪ੍ਰਾਪਤ ਕਰਕੇ ਨਾਮ੍ਹਣਾ ਖੱਟਣ ਵਾਲੇ ਹੁੰਦਾ ਸੀ ।ਇਹੋ ਜਿਹੇ ਹੀ ਢੀਂਡਸਾ ਪਰਿਵਾਰ ਦੀ ਸ਼ਖਸ਼ੀਅਤ ਹੈ ਸ੍ਰ. ਗੁਰਬਚਨ ਸਿੰਘ ਢੀਂਡਸਾ , ਜਿਨ੍ਹਾਂ ਦਾ ਜਨਮ ਪਿੰਡ ਦੰਦਰਾਲਾ ਢੀਂਡਸਾ (ਪਟਿਆਲਾ) ਵਿਖੇ ਸਵ: ਸ੍ਰ. ਕਰਤਾਰ ਸਿੰਘ ਢੀਂਡਸਾ ਪੁੱਤਰ ਸ੍ਰ. ਹੀਰਾ ਸਿੰਘ ਦੇ ਘਰ ਮਾਤਾ ਸਰਦਾਰਨੀ ਗੋਬਿੰਦ ਕੌਰ ਦੀ ਕੁੱਖੋਂ 27 ਅਪ੍ਰੈਲ 1932 ਨੂੰ ਹੋਇਆ ।ਉਨ੍ਹਾਂ ਦੇ ਪਿਤਾ ਜੀ ਨੇ ਉਸ ਸਮੇਂ ਉਚੇਰੀ ਪੜ੍ਹਾਈ ਮਹਿੰਦਰਾ ਕਾਲਜ ਪਟਿਆਲਾ ਤੋਂ ਕੀਤੀ ਹੋਈ ਸੀ ਅਤੇ ਕਾਲਜ ਦੀ ਫੁੱਟਬਾਲ ਟੀਮ ਦੇ ਕੈਪਟਨ ਵੀ ਰਹੇ । ਜਿਨ੍ਹਾਂ ਦਾ ਇਲਾਕੇ ਵਿੱਚ ਨਾਂ ਸੀ ਅਤੇ ਉਨ੍ਹਾਂ ਅੰਗਰੇਜ਼ ਕਾਲ ਸਮੇਂ ਫੌਜ ‘ਚ ਚੰਗੇ ਅਹੁਦੇ ਤੇ ਨੌਕਰੀ ਕੀਤੀ ਸੀ।ਬਾਦ ‘ਚ ਰਿਆਸਤ ਨਾਭਾ ਵਿੱਚ ਵੀ ਉਨ੍ਹਾਂ ਨੇ ਉੱਚ ਅਹੁਦੇ ਤੇ ਇਮਾਨਦਾਰੀ ਨਾਲ ਕੰਮ ਕੀਤਾ ।ਇਹੋ ਸੰਸਕਾਰ ਉਨ੍ਹਾਂ ਦੇ ਬੱਚਿਆ ਵਿੱਚ ਵੀ ਸਮੋਏ ਹੋਏ ਹਨ। ਗੁਰਬਚਨ ਸਿੰਘ ਦੇ ਵੱਡੇ ਭਰਾ ਸ੍ਰ. ਅਜੀਤ ਸਿੰਘ ਢੀਂਡਸਾ ਰਿਟਾ: ਬੀ.ਡੀ.ੳ. , ਛੋਟੇ ਭਰਾ ਸਵ: ਸ੍ਰ. ਗੁਰਬਖਸ ਸਿੰਘ ਢੀਂਡਸਾ ਸਾਬਕਾ ਸਰਪੰਚ , ਸ੍ਰ.ਬਖਸ਼ੀਸ਼ ਸਿੰਘ ਢੀਂਡਸਾ ਅਤੇ ਗਿਆਨੀ ਸੁਰਜੀਤ ਸਿੰਘ ਢੀਂਡਸਾ ਹਨ।ਗੁਰਬਚਨ ਸਿੰਘ ਨੇ ਮੁੱਢਲੀ ਪੜ੍ਹਾਈ ਪਿੰਡ ਦੇ ਸਕੂਲ ਤੋਂ ਕਰਨ ਬਾਅਦ ਦਸਵੀਂ ਤੱਕ ਦੀ ਵਿੱਦਿਆ ਨਾਭਾ ਦੇ ਸਟੇਟ ਸਕੂਲ ਤੋਂ ਪ੍ਰਾਪਤ ਕੀਤੀ । ਇਸ ਉਪਰੰਤ ਉਚੇਰੀ ਪੜ੍ਹਾਈ ਲਈ ਉਨ੍ਹਾ ਨੇ ਸਰਕਾਰੀ ਰਿਪੁਦਮਨ ਕਾਲਜ ਨਾਭਾ ਵਿਖੇ ਦਾਖਲਾ ਲੈ ਲਿਆ ਅਤੇ ਉਨ੍ਹਾਂ 1951- 1953 ‘ਚ ਐਫ.ਏ. ਪਾਸ ਕਰ ਲਈ ।ਅਗਲੇਰੀ ਪੜ੍ਹਾਈ ਲਈ ਉਨ੍ਹਾਂ ਨੇ ਸਰਕਾਰੀ ਰਣਬੀਰ ਕਾਲਜ ਸੰਗਰੂਰ ਵਿਖੇ ਦਾਖਲਾ ਲੈ ਲਿਆ ਇਸੇ ਦੀਰਾਨ ਉਨ੍ਹਾਂ ਨੇ 1954 ਵਿੱਚ ਵੈਟਰਨਰੀ ਡਾਕਟਰ ਦੀ ਪੜ੍ਹਾਈ ਲਈ ‘ਵੈਟਰਨਰੀ ਇੰਸਟੀਚਿਊਟ’ ਫਰੀਦਕੋਟ ਵਿਖੇ ਦਾਖਲਾ ਲੈ ਕੇ ਇਹ ਪੜ੍ਹਾਈ 1955-56 ਵਿੱਚ ਪੂਰੀ ਕਰ ਲਈ ।ਉਹ ਉਸ ਸਮੇਂ ਹਾਕੀ ਦੇ ਵਧੀਆ ਖਿਡਾਰੀ ਰਹੇ । ਉਨ੍ਹਾਂ ਦਾ ਵਿਆਹ ਕਿਲ੍ਹਾ ਰਾਏਪੁਰ ਦੇ ਹਵਾਲਦਾਰ ਜੋਗਿੰਦਰ ਸਿੰਘ ( ਸ਼ਹੀਦ) ਦੀ ਪੁੱਤਰੀ ਸੁਖਵਿੰਦਰ ਕੌਰ ਨਾਲ ਹੋਇਆ । ਉਨ੍ਹਾ ਦੇ ਘਰ ਦੋ ਬੇਟੇ ਅਤੇ ਦੋ ਬੇਟੀਆਂ ਨੇ ਜਨਮ ਲਿਆ । ਵੱਡਾ ਬੇਟਾ ਡਾ: ਜਸਵੀਰ ਸਿੰਘ ਢੀਂਡਸਾ ਪੀ.ਐਚ.ਡੀ.( ਜਿਊਲਜੀ) ਨੇ ਮੱਛੀ ਪਾਲਣ ਵਿਭਾਗ ਵਿੱਚ ਨੌਕਰੀ ਸ਼ੁਰੂ ਕੀਤੀ ਅਤੇ ਤਰੱਕੀ ਕਰਦੇ ਹੋਏ ਬਤੌਰ ਡਿਪਟੀ ਡਾਇਰੈਕਟਰ ਸੇਵਾ ਮੁਕਤ ਹੋਏ ।ਪੋਤਰਾ ਮੋਬਲ ਸਿੰਘ ਢੀਂਡਸਾ ਕੇਨੇਡਾ ਵਿਖੇ ਰਹਿ ਰਿਹਾ ਹੈ ।
ਦੂਸਰਾ ਬੇਟਾ ਬਰਿੰਦਰ ਸਿੰਘ ਨੇ ਐਮ.ਏ. ( ਪੰਜਾਬੀ ਆਨਰਜ਼) ਕੀਤੀ ਹੋਈ ਹੈ ।ਉਸ ਦਾ ਬੇਟਾ (ਪੋਤਰਾ) ਤੇਗਆਦੇਸ਼ਪਾਲ ਸਿੰਘ ਢੀਂਡਸਾ ਕਨੇਡਾ ਵਿਖੇ ਪੱਕਾ ਵਸਨੀਕ ਹੈ । ਬੇਟੀ ਸਤਵੀਰ ਕੌਰ ਰਾਮਪੁਰਾ (ਬਠਿੰਡਾ) ਵਿਖੇ ਹਰਦੀਪ ਸਿੰਘ ਸਿੱਧੂ ਨਾਲ ਵਿਆਹੀ ਹੋਈ ਹੈ । ਬੇਟੀ ਰੁਪਿੰਦਰ ਕੌਰ ਦੁੱਗਾਂ (ਸੰਗਰੂਰ) ਵਿਖੇ ਸਿਆਸਤ ਸਿੰਘ ਗਿੱਲ ਨਾਲ ਵਿਆਹੀ ਹੋਈ ਹੈ । ਉਨ੍ਹਾਂ ਦੀ ਪਹਿਲੀ ਪੋਸਟਿੰਗ ਬਤੌਰ ਵੈਟਰਨਰੀ ਡਾਕਟਰ 1957 ਵਿੱਚ ਜਾਖਲ ਹ ਉਸ ਨੇ ਫਰੀਦਕੋਟ ਵਿਖੇ ਕਾਲਜ ਤੋਂ ਵੀ. ਵੈਟਰਨਰੀ ਕਰ ਲਈ । ਉਨ੍ਹਾਂ ਨੂੰ ਡੇਅਰੀ ਵਿਭਾਗ ਵਿੱਚ ਕੁੱਲੂ (ਹੁਣ ਹਿਮਾਚਲ ਪ੍ਰਦੇਸ਼) ਵਿਖੇ ਨੌਕਰੀ ਮਿਲ ਗਈ । ਇਹ ਨੌਕਰੀ ਛੱਡ ਕੇ ਉਹ ਪਸ਼ੂ ਪਾਲਣ ਵਿਭਾਗ ਵਿੱਚ ਬੇਜ਼ੁਬਾਨ ਪਸ਼ੂਆਂ , ਜੀਵ- ਜਾਨਵਰਾਂ ਦੀ ਸੇਵਾ ਕਰਨ ਲਈ ਆ ਗਏ । ਉਨ੍ਹਾਂ ਨੇ ਇਹ ਡਿਊਟੀ ਬਤੌਰ ਵੈਟਰਨਰੀ ਡਾਕਟਰ ਸਰਦੂਲਗੜ੍ਹ , ਭਵਾਨੀਗੜ੍ਹ , ਭੁੱਟਾ , ਘਰਾਚੋਂ ਵਿਖੇ ਕੀਤੀ । ਇਹ ਡਿਊਟੀ ਉਨ੍ਹਾਂ ਕਈ ਸਟੇਸ਼ਨਾਂ ਤੇ ਉਥੇ ਰਹਿ ਕੇ ਨਿਭਾਈ ਅਤੇ ਕਈਆਂ ਸਟੇਸ਼ਨਾਂ ਤੇ ਸਾਈਕਲ ਉੱਪਰ ਰੋਜ਼ਾਨਾ ਨਾਭੇ ਤੋਂ ਜਾ ਕੇ ਕੀਤੀ ।ਘਰਾਚੋਂ ਤੋਂ ਤਕਰੀਬਨ 10 ਸਾਲ ਸਰਵਿਸ ਕਰਨ ਉਪਰੰਤ 30 ਅਪ੍ਰੈਲ 1990 ਨੂੰ ਸੇਵਾ ਮੁਕਤ ਹੋਏ ।ਡਾ: ਗੁਰਬਚਨ ਸਿੰਘ ਢੀਂਡਸਾ ਨੇ ਪੂਰੀ ਇਮਾਨਦਾਰੀ ਅਤੇ ਸਾਦਗੀ ਨਾਲ ਆਪਣੀ ਸਾਰੀ ਸੇਵਾ ਨਿਭਾਈ । ਉਨ੍ਹਾਂ ਦਾ ਸੁਭਾਅ , ਬੋਲ ਚਾਲ ਹਰੇਕ ਨੂੰ ਪ੍ਰਭਾਵਿਤ ਕਰਦੀ ਹੈ । ਇਹੋ ਜਿਹੇ ਇਨਸਾਨ ਦਾ ਸਮਾਜ ਵਿੱਚ ਆਪਣਾ ਵਿਸ਼ੇਸ਼ ਸਥਾਨ ਆਪ ਹੀ ਬਣ ਜਾਂਦਾ ਹੈ ।ਇਹ ਪਿੰਡ ਦੰਦਰਾਲਾ ਢੀਂਡਸਾ ਦੀ ਮਾਣਮੱਤੇ ਢੀਂਡਸਾ ਪਰਿਵਾਰ ਦੀ ਸਖਸ਼ੀਅਤ ਹੈ ਜਿਸ ਨੇ ਨਾਭਾ ਸ਼ਹਿਰ ਵਿੱਚ ਵੀ ਆਪਣੀ ਨਿਵੇਕਲੀ ਪਹਿਚਾਣ ਬਣਾਈ ਹੈ । ਪ੍ਰਮਾਤਮਾ ਢੀਂਡਸਾ ਪਰਿਵਾਰ ਨੂੰ ਤੰਦਰੁਸਤੀ ਅਤੇ ਚੜ੍ਹਦੀਕਲਾ ਬਖਸ਼ੇ ।
ਮੇਜਰ ਸਿੰਘ ਨਾਭਾ ਮੋਬ: 9463553962