ਮੈਂਨੂੰ ਕੁੱਖ ਅੰਦਰ ਹੀ ਰੱਖ ਲੈ ਮਾਂ, ਡਰ ਲੱਗਦਾ ਵੈਰੀ ਦੁਨੀਆਂ ਤੋਂ।
ਤੇਰੇ ਅੰਦਰ ਵਾਸਾ ਰਹਿ ਲੈਣ ਦੇ, ਕੀ ਲੈਣਾ ਭੈੜੀ ਦੁਨੀਆਂ ਤੋਂ ।
ਜੰਮਣੋੰ ਤਾਂ ਕੋਈ ਵੀ ਡਰਦਾ ਨਈ, ਪਰ ਹੋਂਦ ਮੇਰੀ ਕੋਈ ਜ਼ਰਦਾ ਨਈ ।
ਮੈਂਨੂੰ ਪਾਲਣਾ ਵੀ ਕੋਈ ਔਖਾ ਨਈ, ਜਬਰ ਜਿਨਾਹ ਸਹਿਣਾ ਪਰ ਸੌਖਾ ਨਈ ।
ਮੇਰਾ ਜਿਸਮ ਨਈ ਮਰਦਾ ਇਕੱਲਾ, ਮੇਰੀ ਰੂਹ ਤੱਕ ਮਲਣੀ ਹੋ ਜਾਂਦੀ ।
ਮੇਰੀ ਚਿਤਾ ਚੀਖ ਕੇ ਅਡਾਟ ਪਾਵੇ, ਮੇਰੀ ਰੂਹ ਤੱਕ ਛੱਲਣੀ ਹੋ ਜਾਂਦੀ ।
ਫੇਰ ਜੰਮਣਾ ਪਲਣਾ ਹੋਵੇ ਮੇਰਾ, ਮੈਂ ਫੇਰ ਕਿਸਮਤ ਅਜ਼ਮਾਉਂਦੀ ਹਾਂ ।
ਪਾਪੀ ਫੇਰ ਕੋਈ ਮੁੜ ਆਉਂਦਾ ਏ, ਮੈਂ ਫੇਰ ਤੋਂ ਬਲਣੀ ਹੋ ਜਾਂਦੀ ।
ਕਦੇ ਨਿਰਭੈਆ, ਆਰੂਸ਼ੀ ਕਦੇ ਮੋਮੀਤਾ ਬਣ, ਹਰ ਵਾਰ ਇੱਕ ਆਸ ਲੈ ਮੈਂ ਸਾਂ ਆਈ ।
ਮੁੜ ਮੁੜ ਇਹੀ ਹੋਵੇ ਜੱਗ ਤੇ, ਮੈਂ ਪੀੜੀ ਜਾਵਾਂ ਅੰਦਰ ਤਾਂਈਂ ।
ਹਰ ਜਨਮ ਦੇ ਵਿੱਚ ਮੈਂ ਗਈ ਭੋਗੀ, ਹਰ ਜੂਨ ਮੇਰੇ ਹੱਡਾਂ ਦੀ,
ਮਰਦਾਂ ਨੇ ਰੱਜ ਰੱਜ ਧੂਣੀ ਸੇਕੀ, ਮੈਂ ਬਲੀ ਸੜੀ, ਮੈਂ ਗਈ ਪਿੰਜੀ ।
ਮੇਰਾ ਸਿਵਾ ਠੰਡਾ ਵੀ ਪੈ ਜਾਵੇ, ਮੈਂ ਬਲਦੀ ਧੁਰਾਂ ਜੁਗਾਂ ਤਾਂਈਂ।
ਕਿਉਂ ਮੇਰੇ ਲਈ ਕਾਨੂੰਨ ਨਈ, ਮੇਰਾ ਕੋਈ ਪਹਿਰੇਦਾਰ ਨਈ ??
ਜਿਸ ਪਾਪੀ ਮੈਨੂੰ ਹੱਥ ਲਾਇਆ, ਕੀ ਉਹਦੇ ਭੈਣ ਪਰਿਵਾਰ ਨਈ ???
ਮੈਨੂੰ ਮੋਮ ਦੀ ਗੁੱਡੀ ਨਾ ਜਾਣੋ, ਨਾ ਜਾਣੋ ਬਿਕਾਊ ਚੀਜ਼ ਕੋਈ,
ਹਾਂ ਇਨਸਾਨ ਤੁਹਾਡੇ ਸਭਨਾਂ ਵਾਂਗ, ਮੈਂ ਵਿਕਦੀ ਵਿੱਚ ਬਾਜ਼ਾਰ ਨਹੀਂ।
ਕਿਉਂ ਮੇਰੇ ਸੁਪਨੇ ਸੁਪਨੇ ਨਹੀਂ, ਮੈਂਨੂੰ ਜਿਉਣ ਦਾ ਕਿਉਂ ਅਧਿਕਾਰ ਨਹੀਂ ???
ਜਾਂ ਲੈ ਚੱਲ ਮਾਂ ਓਸ ਮੁਲਕ ਮੈਂਨੂੰ, ਜਿੱਥੇ ਇੱਜ਼ਤ ਮੇਰੀ ਦੇ ਰਾਖੇ ਹੋਣ।
ਕੋਈ ਰੋੱਲੇ ਨਾ ਮੇਰੀ ਅਜ਼ਮਤ ਨੂੰ, ਬੇਝਿਜਕ ਨਿਡਰ ਮੇਰੇ ਹਾਸੇ ਹੋਣ।
ਜਿੱਥੇ ਜਿਉਣ ਦਾ ਮੈਨੂੰ ਹੱਕ ਮਿਲੇ, ਜਿੱਥੇ ਵਾਂਗ ਉੱਡਾਂ ਹਵਾਵਾਂ ਮੈਂ,
ਜਿੱਥੇ ਬੇਖੌਫ਼ ਮੈਂ ਜੀਅ ਸਕਾਂ, ਬੇਫਿਕਰੀ ਦੀ ਜੂਨ ਹੰਢਾਵਾਂ ਮੈਂ।
ਹਰਪ੍ਰੀਤ, ਨਕੋਦਰ
ਜਮਾਲਪੁਰ ਲੁਧਿਆਣਾ