ਬੇਮਿਸਾਲ ਹੈ ਜਾਪਦਾ ਮੈਨੂੰ, ਸਭ ਤੋਂ ਵੱਧ ਪੰਜਾਬ।
ਪ੍ਰੇਮ-ਪ੍ਰੀਤ ਦੇ ਮਿੱਠੇ ਨਗ਼ਮੇ, ਗਾਉਂਦਾ ਦਿੱਸੇ ਚਨਾਬ।
ਏਥੇ ਕਿੰਨੇ ਪੀਰ-ਪੈਗ਼ੰਬਰ, ਭਗਤ ਗੁਰੂ ਨੇ ਆਏ।
ਭੁੱਲੇ-ਭਟਕਿਆਂ ਨੂੰ ਉਨ੍ਹਾਂ ਨੇ, ਸਿੱਧੇ ਰਾਹ ਵਿਖਾਏ।
ਇਹਦੀ ਸ਼ਾਨ ਉਵੇਂ ਹੈ, ਜਿੱਦਾਂ ਫੁੱਲਾਂ ਵਿੱਚ ਗੁਲਾਬ।
ਕਈ ਹਮਲਾਵਰ ਆਏ ਐਪਰ, ਕੋਈ ਨਾ ਟਿਕ ਸਕਿਆ।
ਮੂੰਹ ਦੀ ਖਾਣੀ ਪਈ ਅਤੇ, ਫਿਰ ਸੁੱਕਾ ਨਾ ਉਹ ਬਚਿਆ।
ਵਿੱਚ ਇਤਿਹਾਸ ਦੇ ਲਿਖਿਆ ਹੈ ਸਭ, ਪੜ੍ਹ ਕੇ ਵੇਖੋ ਕਿਤਾਬ।
ਕਿਧਰੇ ਕੋਈ ਕਰੋਪੀ ਆਵੇ, ਭਾਵੇਂ ਕੁਦਰਤੀ ਆਫ਼ਤ।
ਮਿਲ ਕੇ ਸਾਰੇ ਇੱਕ-ਦੂਜੇ ਨੂੰ, ਪਹੁੰਚਾ ਦਿੰਦੇ ਰਾਹਤ।
ਹੱਥ ਗੁਰੂਆਂ ਦਾ ਸਿਰ ਇਨ੍ਹਾਂ ਤੇ, ਸਮਝੋ ਤੁਸੀਂ ਜਨਾਬ!
ਰਲਮਿਲ ਕੇ ਰਹਿੰਦੇ ਨੇ ਮੁਸਲਿਮ, ਹਿੰਦੂ, ਸਿੱਖ, ਈਸਾਈ।
ਸਭ ਤਿਉਹਾਰ ਮਨਾਉਂਦੇ ਰਲ ਕੇ, ਬੱਚੇ, ਬਿਰਧ ਤੇ ਭਾਈ।
ਇਸ ਧਰਤੀ ਤੇ ਮਰਦਾਨੇ ਦੀ, ਅਜੇ ਵੀ ਸੁਣੇ ਰਬਾਬ।
ਪ੍ਰੋ. ਨਵ ਸੰਗੀਤ ਸਿੰਘ
1, ਲਤਾ ਗਰੀਨ ਐਨਕਲੇਵ, ਪਟਿਆਲਾ-147002.
(9417692015)