ਬੋਲੀ ਹੈ ਪੰਜਾਬੀ ਸਾਡੀ
ਅਸੀਂ ਹਾਂ ਇਸ ਦੇ ਵਾਰਸ,
ਸਿੱਖ ਲੈਂਦਾ ਹੈ ਜੋ ਵੀ ਇਸਨੂੰ
ਬਣ ਜਾਂਦਾ ਹੈ ਪਾਰਸ।
ਨਾਥ ਜੋਗੀਆਂ ਦੇ ਟਿੱਲਿਆਂ ਤੋਂ
ਇਸ ਨੇ ਆਪਣੀ ਹੋਂਦ ਬਣਾਈ,
ਗੁਰੂਆਂ ਇਸ ਨੂੰ ਮਾਂਜ ਸਵਾਰ ਕੇ
ਸੋਹਣੀ ਇਸਦੀ ਦਿੱਖ ਸਜਾਈ।
ਪੈਂਤੀ ਅੱਖਰੀ ਨਾਮ ਹੈ ਇਸਦਾ
ਗੁਰਮੁਖੀ ਲਿਪੀ ਵਿੱਚ ਸਮਾਈ,
ਮਾਂ ਬੋਲੀ ਦੀ ਜੋ ਸੇਵਾ ਕਰਦਾ
ਉਸ ਨੇ ਜਗ ਵਿੱਚ ਸੋਭਾ ਪਾਈ।
ਦੁੱਤ ਅੱਖਰ, ਮੁਹਾਰਨੀ ਅਤੇ ਲਗਾਖਰ
ਇਸਦਾ ਹਾਰ ਸ਼ਿੰਗਾਰ ਨੇ ਸਾਰੇ,
ਮਾਹੀਆ, ਟੱਪੇ ਅਤੇ ਅਖਾਉਤਾਂ
ਸਾਨੂੰ ਜਾਨੋ ਵੱਧ ਪਿਆਰੇ।
ਸਾਹਿਤਕਾਰ ਸਰਮਾਇਆ ਇਸਦਾ
ਕਵੀ ਨੇ ਇਸ ਦੀ ਜਿੰਦ ਤੇ ਜਾਨ,
ਬਾਣੀ ਅਨੁਸਾਰ ਜੀਵਨ ਚਲਦਾ
ਸੇਧ ਲੈਂਦਾ ਕੁੱਲ ਜਹਾਨ।
ਪੜ੍ਹੋ ਪੰਜਾਬੀ, ਲਿਖੋ ਪੰਜਾਬੀ, ਬੋਲੋ ਪੰਜਾਬੀ
ਸਾਡਾ ਸਭ ਦਾ ਇਹੋ ਨਾਅਰਾ,
ਬੋਲੀਆਂ ਦੇ ਵਿੱਚ ਇਹ ਰਹੇ ਚਮਕਦੀ
ਚਮਕੇ ਅਸਮਾਨੀ ਜਿਵੇਂ ਧਰੂ ਤਾਰਾ।
ਆਓ ਰਲ ਮਿਲ ਆਪਾਂ ਸਾਰੇ
ਅੱਜ ਦੇ ਦਿਨ ਪ੍ਰਣ ਇਹ ਕਰੀਏ,
ਧਰਮਿੰਦਰ ਦੇ ਨਾਲ ਮਿਲ ਕੇ ਸਾਰੇ
ਮਾਂ ਬੋਲੀ ਦਾ ਪ੍ਰਚਾਰ ਕਰੀਏ।
ਹਰ ਪੰਜਾਬੀ ਦੇ ਸਿਰ ‘ਤੇ ਹੱਥ ਹੈ ਰੱਖਣਾ
ਛੱਡਣਾ ਨਹੀਂ ਕੋਈ ਲਾਵਾਰਸ,
ਬੋਲੀ ਹੈ ਪੰਜਾਬੀ ਸਾਡੀ
ਅਸੀਂ ਹਾਂ ਇਸ ਦੇ ਵਾਰਸ
ਸਿੱਖ ਲੈਂਦਾ ਹੈ ਜੋ ਵੀ ਇਸ ਨੂੰ
ਬਣ ਜਾਂਦਾ ਹੈ ਪਾਰਸ।
ਧਰਮਿੰਦਰ ਸਿੰਘ
ਮੰਨਵੀ, ਮਲੇਰਕੋਟਲਾ
9592802122

