(ਫੇਸਬੁੱਕ ਉੱਤੇ ‘ਸਾਡਾ ਡਾਕਟਰ Saada-Our Doctor’ ਨਾਮ ਦਾ ਪੇਜ ਸਮਾਜਿਕ ਸਰੋਕਾਰਾਂ ਵਾਲੇ ਡਾਕਟਰਾਂ ਦਾ ਇੱਕ ਅਜਿਹਾ ਮੰਚ ਹੈ, ਜਿਸਦਾ ਉਦੇਸ਼ ਹੈ : ਆਮ ਲੋਕਾਂ ਨਾਲ ਸਰਲ ਭਾਸ਼ਾ ਵਿੱਚ ਬਿਮਾਰੀਆਂ ਦੇ ਕਾਰਣਾਂ ਅਤੇ ਇਲਾਜ ਬਾਰੇ ਜਾਣਕਾਰੀ ਸਾਂਝੀ ਕਰਨੀ, ਬਿਮਾਰੀਆਂ ਦੇ ਕਾਰਨਾਂ ਅਤੇ ਇਲਾਜ ਨਾਲ ਜੁੜੀਆਂ ਮਿੱਥਾਂ ਅਤੇ ਵਹਿਮਾਂ ਬਾਰੇ ਸੁਚੇਤ ਕਰਨਾ, ਇਲਾਜ ਦੇ ਵਿਗਿਆਨਕ ਤੌਰ ਤਰੀਕਿਆਂ ਬਾਰੇ ਜਾਣਕਾਰੀ ਦੇਣਾ, ਸਿਹਤ ਸਬੰਧੀ ਆਮ ਸਵਾਲਾਂ ਅਤੇ ਸਿਹਤ ਢਾਂਚੇ ਬਾਰੇ ਵਿਚਾਰਾਂ ਸਾਂਝੇ ਕਰਨੇ। ਸਿਹਤ ਸਬੰਧੀ ਬਹੁਤ ਜਿਆਦਾ ਭਰਮ ਫੈਲਾਏ ਜਾਂਦੇ ਹਨ, ਉਨ੍ਹਾਂ ਸਬੰਧੀ ਲੋਕਾਂ ਨੂੰ ਸੁਚੇਤ ਕਰਨਾ ਬਹੁਤ ਜਰੂਰੀ ਹੈ ਸੋ ਇਸ ਕਾਰਜ ਲਈ ਅਸੀਂ ਡਾਕਟਰਾਂ ਦੇ ਇਸ ਗਰੁੱਪ ਦੀ ਸ਼ਲਾਘਾ ਕਰਦੇ ਹਾਂ। ਜੋ ਪਾਠਕ ਉਨ੍ਹਾਂ ਨਾਲ ਸੰਪਰਕ ਕਰਨਾ ਚਾਹੁਣ ਉਹ ਉਕਤ ਫੇਸਬੁੱਕ ਪੇਜ ਉੱਤੇ ਜਾਂ saadadoctor@gmail.com ‘ਤੇ ਮੇਲ ਕਰਕੇ ਆਪਣੇ ਵਿਚਾਰ ਸਾਂਝੇ ਕਰ ਸਕਦੇ ਹਨ।)
1) ਬ੍ਰਾਂਡਡ ਦਵਾਈ – ਜਦੋਂ ਕੋਈ ਕੰਪਨੀ ਦਵਾਈ ਦੀ ਖੋਜ ਕਰਕੇ ਮੰਡੀ ਵਿੱਚ ਵੇਚਣ ਲਈ ਲੈਕੇ ਆਉਂਦੀ ਹੈ ਤਾਂ ਉਸ ਕੰਪਨੀ ਵੱਲੋਂ ਰੱਖੇ ਦਵਾਈ ਦੇ ਨਾਮ ਨੂੰ “ਬਰਾਂਡ”ਕਿਹਾ ਜਾਂਦਾ ਹੈ ਅਤੇ ਇਹ ਕੰਪਨੀ ਦਵਾਈ ਵੇਚਣ ਦੇ ਏਕਾਧਿਕਾਰ (ਪੇਟੈਂਟ) ਨੂੰ ਕਈ ਸਾਲਾਂ ਤੱਕ ਆਪਣੇ ਕੋਲ? ਰੱਖਦੀ ਹੈ ਤਾਂ ਕਿ ਉਹ ਉੱਚੀ ਕੀਮਤ ਰੱਖ ਕੇ ਆਪਣੇ “ਖਰਚੇ” ਪੂਰੇ ਕਰ ਸਕੇ, ਸਿੱਧਾ ਕਿਹਾ ਜਾਵੇ ਤਾਂ ਉਹ ਵੱਧ ਤੋਂ ਵੱਧ ਮੁਨਾਫਾ ਕਮਾ ਲੈਣਾ ਚਾਹੁੰਦੀ ਹੈ।
ਬ੍ਰਾਂਡਡ ਜੈਨੇਰਿਕ ਦਵਾਈ – “ਪੇਟੈਂਟ”ਦਾ ਸਮਾਂ ਖਤਮ ਹੋਣ ਤੋਂ ਬਾਅਦ ਦੂਜੀਆਂ ਕੰਪਨੀਆਂ ਵੀ ਉਸ ਦਵਾਈ ਨੂੰ ਬਣਾਉਣ-ਵੇਚਣ ਲੱਗਦੀਆਂ ਹਨ, ਉਹ ਜਿਹੜੇ ਨਾਮ ਹੇਠ ਦਵਾਈ ਵੇਚਦੀਆਂ ਹਨ, ਉਹਨਾਂ ਨੂੰ ਬ੍ਰਾਂਡਡ ਜੈਨੇਰਿਕ ਦਵਾਈ ਕਹਿੰਦੇ ਹਨ। ਭਾਵੇਂ ਇਹ ਦਵਾਈਆਂ ਸਸਤੀਆਂ ਹੋਣੀਆਂ ਚਾਹੀਦੀਆਂ ਹਨ, ਪਰ ਅਜਿਹਾ ਅਕਸਰ ਹੁੰਦਾ ਨਹੀਂ ਹੈ।
ਜੈਨੇਰਿਕ ਦਵਾਈ ਜਦੋਂ ਦਵਾਈ ਨੂੰ ਸਿੱਧਾ ਉਸਦੇ ਸਾਲਟ (ਰਸਾਇਣਿਕ ਨਾਮ) ਦੇ ਨਾਮ ਹੇਠ ਹੀ ਵੇਚਿਆ ਜਾਂਦਾ ਹੈ, ਤਾਂ ਉਸ ਨੂੰ ਜੈਨੇਰਿਕ ਦਵਾਈ ਕਿਹਾ ਜਾਂਦਾ ਹੈ।
ਭਾਰਤ ਵਿੱਚ ਵਿਕਦੀਆਂ ਦਵਾਈਆਂ ਵਿੱਚੋਂ 80-85% ਬ੍ਰਾਂਡਡ-ਜੈਨੇਰਿਕ ਦਵਾਈਆਂ ਹਨ, ਜੈਨੇਰਿਕ ਦਵਾਈਆਂ ਮੁਸ਼ਕਿਲ ਨਾਲ਼ 10% ਹਨ ਅਤੇ ਬਾਕੀ ਬ੍ਰਾਂਡਡ ਦਵਾਈਆਂ ਹਨ। ਮੁਨਾਫ਼ੇ ਦਾ ‘ਮਾਰਜਨ’ ਸਭ ਤੋਂ ਘੱਟ ਬ੍ਰਾਂਡਡ ਦਵਾਈ ਵਿੱਚ ਹੁੰਦਾ ਹੈ, ਜੈਨੇਰਿਕ/ਬ੍ਰਾਂਡਡ-ਜੈਨੇਰਿਕ ਦਵਾਈ ਵਿੱਚ ਮੁਨਾਫ਼ੇ ਦਾ ਮਾਰਜਨ ਆਮ ਕਰਕੇ ਉੱਚਾ ਹੁੰਦਾ ਹੈ। ਦਵਾਈਆਂ ਦੀ ਗੁਣਵੱਤਾ ਦਾ ਨਿਯੰਤ੍ਰਿਨ ਭਾਰਤ ਵਿੱਚ ਬੁਰੇ ਹਾਲੀਂ ਹੈ, ਸਭ ਤੋਂ ਬੁਰਾ ਹਾਲ ਜੈਨੇਰਿਕ/ਬ੍ਰਾਂਡਡ ਜੈਨੇਰਿਕ ਦਵਾਈਆਂ ਦੇ ਮਾਮਲੇ ਵਿੱਚ ਹੈ।
2) ਅਕਸਰ ਸਾਡੇ ਆਲੇ ਦੁਆਲੇ ਬ੍ਰਾਂਡ/ਜੈਨੇਰਿਕ ਦਾ ਰਾਮ-ਰੌਲਾ ਪੈਂਦਾ ਰਹਿੰਦਾ ਹੈ, ਸਰਕਾਰੀ ਪ੍ਰਚਾਰ ਤੰਤਰ ਹਰ ਸਾਲ-ਛਿਮਾਹੀ ਡਾਕਟਰਾਂ ਨੂੰ ਦਵਾਈਆਂ ਦੇ ਰਸਾਇਣਿਕ ਨਾਮ ਲਿਖਣ ਦੇ ਚਿੱਠੀ-ਪੱਤਰ ਭੇਜਦਾ ਰਹਿੰਦਾ ਹੈ, ਅਤੇ ਬਹੁਤ ਸਾਰੇ ਲੋਕ ਇਸ ਪ੍ਰਚਾਰ ਦਾ ਸ਼ਿਕਾਰ ਹੋ ਕੇ ਸਰਕਾਰਾਂ ਦੀਆਂ ਨਕਾਮੀਆਂ ਨੂੰ ਸਮਝਣ ਵਿੱਚ ਨਾਕਾਮਯਾਬ ਰਹਿੰਦੇ ਹਨ, ਅਤੇ ਕੁਝ ਵਿਅਕਤੀ “ਲੋਕ-ਪੱਖੀ” ਦਿੱਖਣ ਦੇ ਚੱਕਰ ਵਿੱਚ ਇਸੇ ਸਰਕਾਰੀ ਪ੍ਰਾਪੇਗੰਡੇ ਨੂੰ ਦੁਹਰਾਈ ਜਾਂਦੇ ਹਨ।
3) ਅਸਲ ਵਿੱਚ ਸੱਚਾਈ ਇਹ ਹੈ ਕਿ ਲੱਗਭਗ ਸਾਰੇ ਹੀ ਡਾਕਟਰ ਜੈਨੇਰਿਕ-ਬ੍ਰਾਂਡਡ ਦਵਾਈਆਂ (ਜੈਨੇਰਿਕ ਭਾਵ ਰਸਾਇਣਿਕ ਨਾਮ ਨਹੀਂ) ਹੀ ਲਿਖਦੇ ਹਨ, ਮੂਲ ਬ੍ਰਾਂਡ ਬਹੁਤ ਘੱਟ ਡਾਕਟਰ ਲਿਖਦੇ ਹਨ (ਅਤੇ ਮੂਲ ਬ੍ਰਾਂਡ ਮਿਲਦੇ ਵੀ ਘੱਟ ਹੀ ਹਨ)। ਅਸਲ ਵਿੱਚ ਬਹਿਸ ਦਾ ਮੁੱਦਾ ਹੀ ਇਹੀ ਹੈ ਕਿ ਡਾਕਟਰ ਰਸਾਇਣਿਕ ਨਾਮ ਲਿਖਣ, ਜਾਂ ਜੈਨੇਰਿਕ ਬ੍ਰਾਂਡ ਲਿਖਣ। ਇੱਥੇ ਡਾਕਟਰ ਦੀ ਭੂਮਿਕਾ ਅਹਿਮ ਹੁੰਦੀ ਹੈ, ਉਹ ਕਿਹੜੇ ਜੈਨੇਰਿਕ ਬ੍ਰਾਂਡ ਨੂੰ ਲਿਖਦਾ ਹੈ। ਇਹ ਹੱਕ ਡਾਕਟਰ ਕੋਲ਼ ਹੀ ਰਹਿਣਾ ਚਾਹੀਦਾ ਹੈ, ਖਾਸ ਕਰਕੇ ਭਾਰਤ ਜਿਹੇ ਦੇਸ਼ ਵਿੱਚ ਜਿੱਥੇ ਨਕਲੀ/ਸਬ-ਸਟੈਂਡਰਡ ਦਵਾਈਆਂ ਦੀ ਭਰਮਾਰ ਹੈ। ਹਾਂ, ਇਹ ਇੱਕ ਤਾਰਕਿਕ ਮੰਗ ਡਾਕਟਰਾਂ ਤੋਂ ਕੀਤੀ ਜਾਣੀ ਬਣਦੀ ਹੈ ਕਿ ਉਹ ਜਿੱਥੋਂ ਤੱਕ ਹੋ ਸਕੇ, ਸਹੀ ਗੁਣਵੱਤਾ ਤੇ ਘੱਟ ਕੀਮਤ ਵਾਲ਼ਾ ਜੈਨੇਰਿਕ ਬ੍ਰਾਂਡ ਲਿਖਣ।
4) ਮੰਨ ਲਵੋ, ਇੱਕ ਡਾਕਟਰ ਦਵਾਈ ਦਾ ਸਿਰਫ਼ ਰਸਾਇਣਿਕ ਨਾਮ ਲਿਖ ਦਿੰਦਾ ਹੈ, ਤਾਂ ਇਹ ਕੌਣ ਤਹਿ ਕਰੇਗਾ ਕਿ ਮਰੀਜ਼ ਨੂੰ ਸਹੀ ਗੁਣਵੱਤਾ ਦੀ ਦਵਾਈ ਮਿਲੇਗੀ, ਜਾਂ ਫ਼ਿਰ ਨਕਲੀ/ਸਬ-ਸਟੈਂਡਰਡ ਦਵਾਈ ਮਿਲੇਗੀ। ਸੁਭਾਵਿਕ ਹੀ ਅਜਿਹਾ ਪੂਰੀ ਤਰ੍ਹਾਂ ਦਵਾਈ ਦੇ ਪਰਚੂਨ ਵਿਕਰੇਤਾ ਉੱਤੇ ਨਿਰਭਰ ਰਹੇਗਾ। ਡਾਕਟਰ ਦੀ ਜਗ?ਹਾ ਦਵਾਈ ਵਿਕਰੇਤਾ ਨੰ ਦਵਾਈ ਦਾ ਬ੍ਰਾਂਡ ਚੁਣਨ ਦਾ ਹੱਕ ਦੇਣ ਨਾਲ਼ ਮਰੀਜ਼ ਨੂੰ ਕਿੰਨਾ ਕੁ ਫ਼ਾਇਦਾ ਹੋ ਸਕਦਾ ਹੈ, ਇਸ ਬਾਰੇ ਕੋਈ ਸਰਕਾਰੀ ਤੰਤਰ ਦਾ ਅਫਸਰ, ਲੀਡਰ, ਜਾਂ ਫ਼ਿਰ “ਲੋਕ-ਪੱਖੀ”ਪਤਵੰਤਾ ਗੱਲ ਨਹੀਂ ਕਰਦਾ। ਬ੍ਰਾਂਡਡ ਦਵਾਈਆਂ ਵੇਚਣ ਵਾਲੀਆਂ ਵੱਡੀਆਂ ਕੰਪਨੀਆਂ ਦੀਆਂ ਕਈ ਦਵਾਈਆਂ ਦੀ ਗੁਣਵੱਤਾ ਵੀ ਕਦੇ-ਕਦੇ ਸਵਾਲਾਂ ਦੇ ਘੇਰੇ ਵਿੱਚ ਆਈ ਹੈ, ਪਰ ਘੱਟੋ-ਘੱਟ ਇਹ ਜਾਣਕਾਰੀ ਲੋਕਾਂ ਤੱਕ ਪਹੁੰਚਦੀ ਤਾਂ ਹੈ, ਉੱਥੇ ਜੈਨੇਰਿਕ ਬ੍ਰਾਂਡ/ਜੈਨੇਰਿਕ ਦਵਾਈ ਦੀ ਗੁਣਵੱਤਾ ਦੀ ਗਰੰਟੀ ਕਿੱਥੇ ਮਿਲਣੀ ਹੈ? ਕੁਝ ਵੱਡੀਆਂ ਕੰਪਨੀਆਂ ਦੁਆਰਾ ਬਣਾਈਆਂ ਜੈਨੇਰਿਕ/ਜੈਨੇਰਿਕ ਬ੍ਰਾਂਡਡ ਦਵਾਈਆਂ ਨੂੰ ਛੱਡ ਕੇ ਬਹੁਤੀਆਂ ਜੈਨੇਰਿਕ/ਜੈਨੇਰਿਕ ਬ੍ਰਾਂਡਡ ਦਵਾਈਆਂ ਦੀ ਗੁਣਵੱਤਾ ਬਾਰੇ ਤਾਂ ਪੂਰਾ ਹਨੇਰਾ ਹੀ ਹਨੇਰਾ ਹੈ। ਦੂਜਾ, ਇਹ ਵੀ ਕੀ ਗਰੰਟੀ ਹੈ ਕਿ ਪਰਚੂਨ ਵਿਕਰੇਤਾ ਰਸਾਇਣਿਕ ਨਾਮ ਵਾਲ਼ੀ ਦਵਾਈ ਦਾ ਘੱਟ ਕੀਮਤ ਜੈਨੇਰਿਕ ਬ੍ਰਾਂਡ ਹੀ ਦੇਵੇਗਾ?
5) ਸਰਕਾਰੀ ਤੰਤਰ ਨੂੰ ਜੇ ਲੋਕਾਂ ਦੀ ਸਿਹਤ/ਆਰਥਿਕ ਨੁਕਸਾਨ ਦਾ ਇੰਨਾ ਹੀ ਫ਼ਿਕਰ ਹੈ ਤਾਂ ਸਰਕਾਰ ਦਵਾਈਆਂ ਦੀ ਕੀਮਤ/ਬ੍ਰਾਂਡ/ਜੈਨੇਰਿਕ ਦੇ ਇਸ ਰੌਲੇ-ਘਚੋਲੇ ਨੂੰ ਖਤਮ ਹੀ ਕਿਉਂ ਨਹੀਂ ਕਰਦੀ, ਸਰਕਾਰ ਕਿਉਂ ਇਸ ਤਰ੍ਹਾਂ ਦਾ “ਗੋਰਖ ਧੰਦਾ”ਹੋਣ ਦਿੰਦੀ ਹੈ, ਸਗੋਂ ਸਰਕਾਰਾਂ ਨੇ ਤਾਂ ਦਵਾਈਆਂ ਦੀਆਂ ਸਾਰੀਆਂ ਸਰਕਾਰੀ ਫੈਕਟਰੀਆਂ ਬੰਦ ਕਰ ਦਿੱਤੀਆਂ ਹਨ ਅਤੇ ਹੁਣ ਲੋਕਾਂ ਨੂੰ ਮੁਫ਼ਤ ਦਵਾਈਆਂ ਦੇਣ ਦੇ ਬਹਾਨੇ ਪ੍ਰਾਈਵੇਟ ਕੰਪਨੀਆਂ ਤੋਂ ਦਵਾਈਆਂ ਖਰੀਦ ਕੇ ਲੋਕਾਂ ਦਾ ਪੈਸਾ ਪ੍ਰਾਈਵੇਟ ਬੰਦਿਆਂ ਨੂੰ ਵੰਡ ਰਹੀਆਂ ਹਨ। ਸਰਕਾਰ ਡਾਕਟਰਾਂ ਨੂੰ ਚਿੱਠੀਆਂ ਕੱਢ ਕੇ, ਅਖਬਾਰਾਂ-ਮੀਡੀਆ ਵਿੱਚ ਬਿਆਨ ਦੇ ਕੇ ਖੇਖਣ ਕਰਨ ਦੀ ਥਾਂ ਦਵਾਈਆਂ ਦੀ ਮੰਡੀ ਵਿੱਚ ਇੱਕਸਾਰਤਾ ਲਿਆਵੇ, ਬ੍ਰਾਂਡ/ਜੈਨੇਰਿਕ ਬ੍ਰਾਂਡ ਦਵਾਈਆਂ ਵਿਕਣ ਉੱਤੇ ਪਾਬੰਦੀ ਲਗਾਵੇ ਅਤੇ ਸਿਰਫ਼ ਰਸਾਇਣਿਕ ਨਾਮ ਹੇਠ ਇੱਕ ਹੀ ਕੀਮਤ ਹੇਠ ਦਵਾਈਆਂ ਵਿਕਣ ਦੇਵੇ। ਸਭ ਤੋਂ ਉੱਤੇ, ਸਰਕਾਰ ਦਵਾਈਆਂ ਬਣਾਉਣ-ਸਪਲਾਈ ਕਰਨ ਦੇ ਕੰਮ ਨੂੰ ਖੁਦ ਆਪਣੇ ਹੱਥ ਵਿੱਚ ਲਵੇ, ਕਿਉਂਕਿ ਇਸ ਨੂੰ ਮੁਨਾਫ਼ਾਖੋਰੀ ਦੇ ਹਵਾਲੇ ਕੀਤਾ ਹੀ ਨਹੀਂ ਜਾਣਾ ਚਾਹੀਦਾ।
6) ਭਾਰਤ ਦੀ ਤਿੰਨ-ਚੌਥਾਈ ਆਬਾਦੀ ਨੂੰ ਤਾਂ ਢੰਗ ਨਾਲ਼ ਸਿਹਤ ਸੁਵਿਧਾਵਾਂ/ਦਵਾਈਆਂ ਮਿਲਦੀਆਂ ਹੀ ਨਹੀਂ, ਉਹਨਾਂ ਲਈ ਤਾਂ ਬ੍ਰਾਂਡ/ਜੈਨੇਰਿਕ ਬ੍ਰਾਂਡ/ਜੈਨੇਰਿਕ ਆਦਿ ਦੀ ਬਹਿਸ ਤਾਂ ਉੱਕਾ ਹੀ ਖੋਖਲੀ ਸ਼ਬਦ-ਜੁਗਾਲੀ ਹੈ, ਉਹਨਾਂ ਲਈ ਤਾਂ ਮੁਫ਼ਤ ਅਤੇ ਸਟੈਂਡਰਡ ਦੀ ਸਿਹਤ ਸੁਵਿਧਾ ਦੀ ਮੰਗ ਹੀ ਅਸਲ ਗੱਲ ਹੈ, ਬਾਕੀ ਸਭ ਕੁਝ ਜਾਭਾਂ ਦਾ ਭੇੜ ਹੈ।
ਇਹ ਹਨ ਸਵਾਲ ਜਿਹੜੇ ਉਹਨਾਂ ਸਾਰੇ ਲੋਕਾਂ ਵੱਲੋਂ ਸਰਕਾਰਾਂ ਨੂੰ ਕਰਨੇ ਚਾਹੀਦੇ ਹਨ, ਜਿਹੜੇ ਲੋਕਾਂ ਦੀ ਲੁੱਟ ਨੂੰ ਸੱਚਮੁੱਚ ਰੋਕਣਾ ਚਾਹੁੰਦੇ ਹਨ।
7) ਇੱਕ ਹੋਰ ਗੱਲ, ਦਵਾਈਆਂ ਉੱਤੇ ਹੋਣ ਵਾਲ਼ਾ ਖਰਚਾ ਇਸ ਕਰਕੇ ਹੀ ਨਹੀਂ ਵੱਧਦਾ ਕਿ ਦਵਾਈਆਂ ਮਹਿੰਗੀਆਂ ਹਨ, ਸਗੋਂ ਇਸ ਕਰਕੇ ਵੀ ਵੱਧਦਾ ਹੈ ਕਿ ਬਿਨਾਂ ਲੋੜੋਂ ਦਵਾਈਆਂ ਲਿਖੀਆਂ ਜਾਂਦੀਆਂ ਹਨ।
…. ਇਸ ਮਸਲੇ ਉਤੇ ਵਿਚਾਰ-ਸੰਵਾਦ ਜਾਰੀ ਰਹੇਗਾ, ਫ਼ਿਲਹਾਲ ਇੰਨਾ ਹੀ। ਸੁਆਲਾਂ-ਸੁਝਾਵਾਂ ਨੂੰ ਜੀ ਆਇਆਂ ਨੂੰ..
ਸਰੋਤ- ਤਰਕਸ਼ੀਲ ਮੈਗਜ਼ੀਨ
ਪੇਸ਼ਕਸ਼ – ਮਾਸਟਰ ਪਰਮ ਵੇਦ
ਤਰਕਸ਼ੀਲ ਆਗੂ
9417422349