ਬੜੀ ਮਿੱਠੀ ਆਵਾਜ਼ ਇੱਕ ਦਿਨ,
ਸਾਡੀ ਗਲੀ ਵਿੱਚੋਂ ਆਈ।
ਭਾਈ ਇੱਕ ਬੰਸਰੀਆਂ ਵਾਲਾ,
ਬੰਸਰੀ ਜਾਵੇ ਵਜਾਈ।
ਰੰਗ – ਬਰੰਗੀਆਂ ਕਈ ਬੰਸਰੀਆਂ,
ਟੋਕਰੀ ਦੇ ਵਿੱਚ ਪਾਈਆਂ।
ਹਰੇ, ਪੀਲੇ ਤੇ ਲਾਲ, ਉਨਾਭੀ,
ਰੰਗਾਂ ਵਿੱਚ ਸਜਾਈਆਂ।
ਇੱਕ ਫੁੱਟ ਹੁੰਦੀ ਬਾਂਸ ਦੀ ਪੋਰੀ,
ਮੋਰੀਆਂ ਉੱਤੇ ਕਰੀਆਂ।
ਤਿੱਖੇ ਮੂੰਹ ਨੂੰ, ਲਾ ਨਾਲ ਬੁੱਲਾਂ ਦੇ,
ਸੀ ਉਂਗਲਾਂ ਉੱਤੇ ਧਰੀਆਂ।
ਕਈ ਤਰ੍ਹਾਂ ਦੀਆਂ ਧੁੰਨਾਂ ਸੀ ਕੱਢਦਾ,
ਫੂਕਾਂ ਮਾਰ ਵਜਾਵੇ।
ਦੂਰ ਦੂਰ ਤੱਕ ਅਵਾਜ਼ ਸੀ ਜਾਂਦੀ,
ਹਰ ਕੋਈ ਉਧਰ ਨੂੰ ਆਵੇ।
ਇਹੀ ਮੁਰਲੀ ਸੀ ਕ੍ਰਿਸ਼ਨ ਵਜਾਈ,
ਗੋਕਲ ਦੇ ਵਿੱਚ ਰਹਿਕੇ।
ਜਾ ਬੇਲਿਆਂ ਵਿੱਚ ਵਜਾਈ ਵੰਝਲੀ,
ਸੀ ਰਾਂਝੇ ਨੇ ਬਹਿਕੇ।
ਵੱਜਦਾ ਮਿੱਠਾ ਸਾਜ਼ ਹੈ ,ਪੱਤੋ, ਧੂਹ,
ਅੰਦਰ ਤੱਕ ਪਾਉਂਦਾ।
ਅੱਜ ਇਸ ਦਾ ਰਿਵਾਜ ਘੱਟ ਗਿਆ,
ਵਿਰਲਾ ਕੋਈ ਵਜਾਉਂਦਾ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417