ਅੱਜ ਦੇ ਸਮੇਂ ਵਿੱਚ ਜੇਕਰ ਉਪਰੋਕਤ ਵਿਸ਼ੇ ਵੱਲ ਝਾਤ ਮਾਰੀਏ ਤਾਂ ਸੱਚਮੁਚ ਹੀ ਇਹ ਇੱਕ ਵੱਡੀ ਸਮੱਸਿਆ ਬਣ ਚੁੱਕੀ ਹੈ। ਸਭ ਤੋਂ ਪਹਿਲਾਂ ਤਾਂ ਦਸਵੀਂ ਪਾਸ ਕਰਨ ਉਪਰੰਤ ਕਿਸ ਖੇਤਰ ਵੱਲ ਜਾਇਆ ਜਾਵੇ,ਇਹ ਹੀ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੈ।ਫਿਰ ਜੇਕਰ ਇਹ ਨਿਸ਼ਚਿਤ ਹੋ ਜਾਵੇ ਕਿ ਕਿਸ ਪਾਸੇ ਵੱਲ ਜਾਣਾ ਹੈ ਤਾਂ ਅੱਗੇ ਆਉਂਦੀ ਹੈ ਇੱਕ ਹੋਰ ਚੁਣੌਤੀ, ਕਿ ਉਸ ਕੋਰਸ ਵਿੱਚ ਦਾਖ਼ਲਾ ਲੈਣ ਲਈ ਤਿਆਰੀ ਕਿਸ ਪ੍ਰਕਾਰ ਕੀਤੀ ਜਾਵੇ । ਕਿਉਂਕਿ ਅੱਜ ਦੇ ਇਸ ਕੰਪਿਊਟਰ ਯੁੱਗ ਵਿੱਚ ਮੁਕਾਬਲਾ ਪ੍ਰੀਖਿਆਵਾਂ ਦੀ ਤਿਆਰੀ ਕਰਨਾ ਸੌਖਾ ਨਹੀਂ। ਜਿਸ ਮਰਜ਼ੀ ਖੇਤਰ ਵਿੱਚ ਚਲੇ ਜਾਓ, ਤੁਹਾਨੂੰ ਸ਼ਤ ਪ੍ਰਤੀਸ਼ਤ ਨੰਬਰ ਲੈਣ ਵਾਲੇ ਹਜ਼ਾਰਾਂ ਵਿਦਿਆਰਥੀ ਮਿਲ ਜਾਣਗੇ, ਜਿਸ ਕਾਰਨ ਦਿਨ ਬ ਦਿਨ ਇਹਨਾਂ ਮੁਕਾਬਲਾ ਪ੍ਰੀਖਿਆਵਾਂ/ ਟੈਸਟਾਂ ਨੂੰ ਪਾਸ ਕਰਨਾ ਔਖਾ ਹੁੰਦਾ ਜਾ ਰਿਹਾ ਹੈ। ਪਰ ਜੇਕਰ ਸਹੀ ਵਿਉਂਤਬੰਦੀ ਨਾਲ, ਸਹੀ ਸਮੇਂ ਦੌਰਾਨ ਤਿਆਰੀ ਕੀਤੀ ਜਾਵੇ ਤਾਂ ਫਿਰ ਕੁਝ ਵੀ ਔਖਾ ਨਹੀਂ ਹੁੰਦਾ। ਵਿਦਿਆਰਥੀ ਅਸਾਨੀ ਨਾਲ ਇਹ ਮੁਕਾਬਲੇ ਪਾਸ ਕਰ ਜਾਂਦੇ ਹਨ। ਜੇਕਰ ਥੋੜੀ ਜਿਹੀ ਯੋਜਨਾਬੰਦੀ ਤੋਂ ਕੰਮ ਲਿਆ ਜਾਵੇ ਤਾਂ ਔਖੇ ਤੋਂ ਔਖਾ ਮੁਕਾਬਲਾ ਵੀ ਜਿੱਤਿਆ। ਇਸ ਲਈ ਸਭ ਤੋਂ ਪਹਿਲੀ ਗੱਲ ਹੈ ਆਤਮ ਵਿਸ਼ਵਾਸ, ਜੇਕਰ ਅਸੀਂ ਆਪਣੇ ਅੰਦਰ ਇਹ ਭਾਵਨਾ ਭਰ ਲੈਦੇ ਹਾਂ ਕਿ ਮੈਂ ਇਹ ਕੰਮ ਕਰਨਾ ਹੀ ਹੈ ਭਾਵੇਂ ਉਹ ਕਿੰਨਾ ਹੀ ਔਖਾ ਕਿਉਂ ਨਾ ਹੋਵੇ ਤਾਂ ਵੀ ਅਸੀਂ ਉਸ ਵਿੱਚ ਸਫਲ ਹੋ ਜਾਂਦੇ ਹਾਂ।ਆਤਮ ਵਿਸ਼ਵਾਸ, ਹੌਂਸਲਾ ਅਤੇ ਸਮੇਂ ਦਾ ਸਦਉਪਯੋਗ ਜੇਕਰ ਅਸੀਂ ਇਹਨਾਂ ਤਿੰਨਾਂ ਦਾ ਸੁਮੇਲ ਬਣਾ ਕੇ ਮਿਹਨਤ ਕਰਦੇ ਜਾਂਦੇ ਹਾਂ ਤਾਂ ਸਾਨੂੰ ਸਫਲਤਾ ਜ਼ਰੂਰ ਮਿਲਦੀ ਹੈ। ਕੁਝ ਵਿਦਿਆਰਥੀ ਇੱਕ ਵਾਰ ਦੀ ਅਸਫਲਤਾ ਤੋਂ ਹੀ ਘਬਰਾ ਕੇ ਆਤਮ ਵਿਸ਼ਵਾਸ ਗਵਾ ਬੈਠਦੇ ਹਨ ਕਿ ਮੇਰੇ ਤੋਂ ਇਹ ਕੰਮ ਹੋ ਹੀ ਨਹੀਂ ਸਕਦਾ ਜਾਂ ਮੈਂ ਇਹ ਕਰ ਹੀ ਨਹੀਂ ਸਕਦਾ । ਜਦੋਂਕਿ ਅਜਿਹਾ ਕੁਝ ਵੀ ਨਹੀਂ ਹੁੰਦਾ, ਬੱਚਿਓ ਜੇਕਰ ਅਸੀਂ ਸਹੀ ਤਰੀਕੇ ਨਾਲ ਵਿਉਂਤ ਬੰਦੀ ਬਣਾ ਕੇ ਕਿਸੇ ਇੱਕ ਖੇਤਰ ਵੱਲ ਜਾਣ ਦਾ ਟੀਚਾ ਮਿੱਥ ਲਈਏ ਤਾਂ ਸਿਰਫ ਦੋ ਜਾਂ ਤਿੰਨ ਸਾਲ ਦੀ ਕੀਤੀ ਅਣਥੱਕ ਮਿਹਨਤ ਸਾਨੂੰ ਉਸ ਟੀਚੇ ਵੱਲ ਲੈ ਜਾਂਦੀ ਹੈ, ਫਿਰ ਸਾਰੀ ਜ਼ਿੰਦਗੀ ਹੀ ਸੁਖਦਾਇਕ ਹੋ ਜਾਦੀ ਹੈ । ਕੁਝ ਵੀ ਅਸੰਭਵ ਨਹੀਂ ਹੁੰਦਾ, ਕਿਉਂਕਿ ਅਸੰਭਵ ਸ਼ਬਦ ਨੂੰ ਜੇਕਰ ਅੰਗਰੇਜ਼ੀ ਵਿੱਚ ਲਿਖੀਏ ਤਾਂ Impossible ਹੁੰਦਾ ਹੈ ਜੋ ਕਿ ਖੁਦ ਹੀ ਕਹਿ ਰਿਹਾ ਹੈ ਕਿ I M Possible ਇਸ ਕਰਕੇ ਸਕਾਰਾਤਮਕ ਸੋਚ ਰੱਖ ਕੇ ਜੇਕਰ ਅਸੀਂ ਅੱਗੇ ਵਧਾਂਗੇ ਤਾਂ ਫਿਰ ਪ੍ਰਮਤਮਾ ਵੀ ਸਾਡਾ ਸਾਥ ਦਿੰਦਾ ਹੈ, ਹਿੰਮਤ-ਏ-ਮਰਦਾ,ਮਦਦ-ਏ -ਖ਼ੁਦਾ ਸਹੀ ਦਿਸ਼ਾ ਵੱਲ, ਸਹੀ ਸਮੇਂ ਤੇ ਕੀਤੀ ਗਈ ਮਿਹਨਤ ਸਾਰਥਕ ਨਤੀਜੇ ਲਿਆਉਂਦੀ ਹੈ। ਮੁਕਾਬਲਾ ਪ੍ਰੀਖਿਆਵਾਂ ਨੂੰ ਬੋਝ ਨਹੀਂ, ਸਗੋਂ ਚੁਣੌਤੀ ਮੰਨ ਕੇ ਤਿਆਰੀ ਕਰਨੀ ਚਾਹੀਦੀ ਹੈ।

ਪਰਮਿੰਦਰ ਕੌਰ,ਪੰਜਾਬੀ ਮਿਸਟ੍ਰੈਸ, ਸਰਕਾਰੀ ਹਾਈ ਸਕੂਲ, ਪਿੰਡੀ।ਜ਼ਿਲ੍ਹਾ-ਫਿਰੋਜ਼ਪੁਰ