ਜਾਤੀਪਾਤੀ ਅਣਖ ਦੀਆਂ ਜ਼ੰਜੀਰਾਂ ਤੋੜਣਗੇ ਬੱਚੇ।
ਮਿਆਨਾਂ ਦੇ ਵਿਚ ਬੰਦ ਪਈਆਂ ਸ਼ਮਸ਼ੀਰਾਂ ਤੋੜਣਗੇ ਬੱਚੇ।
ਮਿਹਨਤ ਵਿਦਿਆ ਉਦਮ ਸ਼ਕਤੀ ਸੰਜਮ ਅੰਤਰ ਦ੍ਰਿਸ਼ਟੀ ਨਾਲ,
ਹੱਥ ’ਚ ਉਗੀਆਂ ਲੀਕਾਂ ’ਚੋਂ ਤਕਦੀਰਾਂ ਤੋੜਣਗੇ ਬੱਚੇ।
ਮਜ਼ਦੂਰਾਂ ਦੇ ਹੱਥਾਂ ਵਿਚ ਸੱਤਾ ਦਾ ਪਰਚਮ ਲਹਿਰਾਊ,
ਨਾਲ ਪਸੀਨੇ ਤਨ ’ਤੇ ਫਟੀਆਂ ਲੀਰਾਂ ਤੋੜਣਗੇ ਬੱਚੇ।
ਤਿੜਕੇ ਹੋਏ ਸ਼ੀਸ਼ੇ ਵਾਗੂੰ ਇੱਕ ਪਿਆਸੇ ਮਾਰੂਥਲ ਦੇ,
ਮੱਥੇ ਉਗੀਆਂ ਗੁੰਝਲਦਾਰ ਲਕੀਰਾਂ ਤੋੜਣਗੇ ਬੱਚੇ।
ਹਾਕਮ ਜੇ ਤੂੰ ਬਾਝ ਨਾ ਆਇਆ ਹੋਰ ਤਸ਼ੱਦਦ ਕਰਨੇ ਤੋਂ,
ਉਲਟ ਦਿਸ਼ਾਵਾਂ ਦੇ ਵਿਚ ਫੇਰ ਵਹੀਰਾਂ ਤੋੜਣਗੇ ਬੱਚੇ,
ਜੇਕਰ ਅੰਬਰ ਬਾਝ ਨਾ ਆਇਆ ਸਾਰੇ ਤਾਰੇ ਡੇਗਣ ਤੋਂ,
ਸੂਰਜ ਬਣ ਕੇ ਨੇਰ੍ਹੇ ’ਚੋਂ ਤਦਬੀਰਾਂ ਤੋੜਣਗੇ ਬੱਚੇ,
ਵਹਿੰਦੇ ਹੋਏ ਦਰਿਆਵਾਂ ਨੂੰ, ਫ਼ਿਰ ਕਿੱਦਾਂ ਮੋੜ ਲਵੋਗੇ।
ਹਾਲਾਤਾਂ ਦੇ ਪੈਰਾਂ ’ਚੋਂ ਜ਼ੰਜ਼ੀਰ ਤੋੜਣਗੇ ਬੱਚੇ।
ਨਵ ਇਤਿਹਾਸ ’ਚ ਸਿਰਜ਼ਨਤਾ ਦੀ ਫ਼ਿਰ ਹੋਂਦ ਸਥਾਪਿਤ ਕਰਕੇ,
ਅਲਮਾਰੀ ਵਿਚ ਬੰਦ ਪਈਆਂ ਤਸਵੀਰਾਂ ਤੋੜਣਗੇ ਬੱਚੇ,
ਹਾਲਾਤਾਂ ਵਿਚ ਬਾਲਮ ਬੁੱਧੀ ਹੱਕ ਦੀ ਪਹਿਰੇਦਾਰ ਬਣੂ,
ਬੇਇਨਸਾਫੀ ਵਿੱਚ ਵੱਡੀਆਂ ਜਾਗੀਰਾਂ ਤੋੜਣਗੇ ਬੱਚੇ।
ਬਲਵਿੰਦਰ ਬਾਲਮ ਗੁਰਦਾਸਪੁਰ
ਓੁਂਕਾਰ ਨਗਰ ਗੁਰਦਾਸਪੁਰ ਪੰਜਾਬ
ਮੋ. 98156-25409