ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸੰਸਾਰ ਦੇ ਇਤਿਹਾਸ ਵਿੱਚ ਉਹ ਮਹਾਨ ਹਸਤੀ ਹੋਏ ਹਨ, ਜਿਨ੍ਹਾਂ ਦੀਆਂ ਦੇਸ਼, ਧਰਮ ਤੇ ਕੌਮ ਦੀ ਖਾਤਰ ਕੀਤੀਆਂ ਲਾਸਾਨੀ ਕੁਰਬਾਨੀਆਂ ਸੂਰਜਵਤ ਰੌਸ਼ਨ ਹਨ। ਆਪ ਜੀ ਦਾ ਜਨਮ ਗੁਰੂ ਤੇਗ਼ ਬਹਾਦਰ ‘ਹਿੰਦ ਦੀ ਚਾਦਰ’ ਦੇ ਘਰ ਮਾਤਾ ਗੁਜਰੀ ਜੀ ਦੀ ਕੁੱਖੋਂ ਪਟਨਾ ਸ਼ਹਿਰ ਵਿਖੇ 26 ਦਸੰਬਰ 1666 ਈ. ਨੂੰ ਹੋਇਆ।
ਬਾਲਾ-ਪ੍ਰੀਤਮ ਦੇ ਬਾਲਵਰੇਸ ਵਿੱਚ ਕੀਤੇ ਚਮਤਕਾਰਾਂ ਤੋਂ ਹੀ ਉਨ੍ਹਾਂ ਦੀ ਮਹਾਨਤਾ ਦੀ ਝਲਕ ਪੈਂਦੀ ਸੀ। ਬੱਚਿਆਂ ਦੀਆਂ ਨਕਲੀ ਲੜਾਈਆਂ ਤੋਂ ਪਤਾ ਚਲਦਾ ਸੀ ਕਿ ਉਹ ਆਗਾਮੀ ਜੀਵਨ ਵਿੱਚ ਇੱਕ ਨਿਧੜਕ ਜਰਨੈਲ ਤੇ ਮਹਾਨ ਤਲਵੱਰੀਏ ਬਣਨਗੇ। ਪੰਜ ਸਾਲ ਪਟਨਾ ਰਹਿਣ ਪਿੱਛੋਂ ਆਪ ਜੀ ਨੂੰ ਅਨੰਦਪੁਰ ਲਿਆਂਦਾ ਗਿਆ। ਹਿੰਦੀ, ਫ਼ਾਰਸੀ ਤੇ ਅੰਗਰੇਜ਼ੀ ਤੋਂ ਛੁੱਟ ਆਪ ਨੂੰ ਸ਼ਸਤਰ ਵਿਦਿਆ ਦੀ ਸਿੱਖਿਆ ਵੀ ਦਿੱਤੀ ਗਈ।
1675 ਵਿੱਚ 9 ਵਰਿਆਂ ਦੀ ਬਾਲ ਉਮਰੇ ਆਪ ਨੇ ਮੁਸਲਮਾਨੀ ਅੱਤਿਆਚਾਰਾਂ ਦੇ ਸਤਾਏ ਦੁਖੀਆਂ ਦੀ ਪੁਕਾਰ ਸੁਣ ਕੇ ਪਿਤਾ ਗੁਰੂ ਤੇਗ਼ ਬਹਾਦਰ ਜੀ ਨੂੰ ਦਿੱਲੀ ਵਿੱਚ ਸ਼ਹੀਦ ਹੋਣ ਲਈ ਤੋਰ ਦਿੱਤਾ। ਤਿਲਕ ਤੇ ਜੰਞੂ ਦੀ ਰੱਖਿਆ ਖਾਤਰ ਕੀਤਾ ਗੁਰੂ ਤੇਗ਼ ਬਹਾਦਰ ਜੀ ਦਾ ਬਲੀਦਾਨ ਕਲਯੁਗ ਅੰਦਰ ਇੱਕ ਮਹਾਨ ਸਾਕਾ ਸੀ। ਔਰੰਗਜ਼ੇਬੀ ਜ਼ੁਲਮਾਂ ਤੇ ਅੱਤਿਆਚਾਰਾਂ ਦੀ ਹੱਦ ਹੋ ਚੁੱਕੀ ਸੀ। ਮਰ ਚੁੱਕੀ ਕੌਮ ਅੰਦਰ ਜਾਗ੍ਰਿਤੀ ਲਿਆਉਣ ਲਈ ਗੁਰੂ ਜੀ ਨੇ ਬੀਰ ਰਸੀ ਕਵਿਤਾਵਾਂ ਤੇ ਵਾਰਾਂ ਦਾ ਹੜ੍ਹ ਵਗਾ ਦਿੱਤਾ। ਦੁਸ਼ਟ ਦਮਨ ਦਸ਼ਮੇਸ਼ ਗੁਰੂ ਨੇ ਸ਼ਸਤਰਾਂ ਦੀ ਸਰਦਾਰ ਤਲਵਾਰ ਨੂੰ ਯੁੱਧ ਦੀ ਦੇਵੀ ਚੰਡੀ ਕਹਿ ਕੇ ਨਮਸਕਾਰ ਕੀਤੀ :
ਯਹੀ ਚੰਡਕਾ ਦੰਡਕਾ ਦੁਸ਼ਟ ਦਮਨੀ।
ਹਰੇ ਦੁਸ਼ਟ ਦੋਖੀ ਯਹੀ ਜਵਾਲ ਬਮਨੀ।
ਰਹੇ ਮਿਆਨ ਮਧੰ ਸਮੇਂ ਦੁਸ਼ਟ ਘਾਵੈ।
ਯਹੀ ਆਦਿ ਸ਼ਕਤੀ ਭਵਾਨੀ ਕਹਾਵੈ।
ਇਸੇ ਭਗੌਤੀ ਦੀ ਜੈ-ਜੈਕਾਰ ਇਨ੍ਹਾਂ ਗੁੰਜਾਰ ਭਰੇ ਸ਼ਬਦਾਂ ਵਿੱਚ ਵਰਣਨ ਕੀਤੀ :
ਖਗ ਖੰਡ ਬਿਹੰਡੰ ਖਲ ਦਲ ਖੰਡੰ ਅਤ ਰਣ ਮੰਡੰ ਵਰਭੰਡੰ।
ਭੁਜ ਦੰਡ ਅਖੰਡੰ ਤੇਜ ਪ੍ਰਚੰਡੰ ਜੋਤ ਅਮੰਡੰ ਭਾਨ ਪ੍ਰਭੰ।
ਸੁਖ ਸੰਤਹ ਕਰਣੰ ਦੁਰਮਤ ਦਰਣੰ ਕਿਲਵਿਖ ਹਰਣੰ ਅਸ ਸਰਣੰ।
ਜੈ ਜੈ ਜਗ ਕਾਰਣ ਸ੍ਰਿਸ਼ਟ ਉਬਾਰਣ ਮਮ ਪ੍ਰਤਿਪਾਰਣ ਜੈ ਤੇਗ਼ੰ।
ਅਜਿਹੀਆਂ ਕਵਿਤਾਵਾਂ ਤੇ ਚੰਡੀ ਦੀ ਵਾਰ ਵਰਗੀਆਂ ਅਮਰ ਰਚਨਾਵਾਂ ਨਾਲ ਕਾਇਰ ਤੇ ਡਰਪੋਕ ਜਨਤਾ ਵਿੱਚ ਦੇਸ਼ ਪਿਆਰ ਤੇ ਸੂਰਬੀਰਤਾ ਦੇ ਭਾਂਬੜ ਮੱਚ ਉੱਠੇ।
ਅਨੰਦਪੁਰ ਦੀਆਂ ਪਹਾੜੀਆਂ ਰਣਜੀਤ ਨਗਾਰੇ ਦੀਆਂ ਚੋਟਾਂ ਨਾਲ ਗੂੰਜ ਉੱਠੀਆਂ। ਬਾਈਧਾਰ ਦੇ ਪਹਾੜੀ ਰਾਜਿਆਂ ਨੂੰ ਗੁਰੂ ਜੀ ਦੀਆਂ ਸ਼ਸਤਰ ਝੁਨਕਾਰਾਂ ਵਿੱਚੋਂ ਬਗਾਵਤ ਦੀ ਬੂ ਆ ਰਹੀ ਸੀ। ਉਨ੍ਹਾਂ ਨੇ ਅੱਤਿਆਚਾਰਾਂ ਤੋਂ ਨਿਜਾਤ ਦਿਵਾਉਣ ਵਾਲੇ ਮੁਕਤੀ-ਦਾਤੇ ਨਾਲ ਹੀ ਲੜਾਈ ਛੇੜ ਲਈ। ਭੰਗਾਣੀ ਦੇ ਸਥਾਨ ਤੇ ਦਸ਼ਮੇਸ਼ ਸੈਨਾ ਨੇ ਪਹਾੜੀਆਂ ਦੇ ਲਸ਼ਕਰ ਨੂੰ ਲੱਕ-ਤੋੜਵੀਂ ਹਾਰ ਦਿੱਤੀ।
ਗੁਰੂ ਜੀ ਮਾਨਵ ਧਰਮ ਦੇ ਰਾਖੇ ਸਨ। ਉਹ ਨਿਰਵੈਰ ਤਲਵੱਰੀਏ ਸਨ। ਇਸ ਰਾਜ਼ ਨੂੰ ਸਢੌਰੇ ਦਾ ਉੱਘਾ ਮੁਸਲਮਾਨ ਪੀਰ ਸੱਯਦ ਬੁੱਧੂ ਸ਼ਾਹ ਚੰਗੀ ਤਰ੍ਹਾਂ ਜਾਣਦਾ ਸੀ। ਇਸੇ ਲੜਾਈ ਵਿੱਚ ਉਸਨੇ ਆਪਣੇ ਦੋ ਪੁੱਤਰ ਗੁਰੂ ਜੀ ਦੀ ਹਮਾਇਤ ਕਰਦਿਆਂ ਸ਼ਹੀਦ ਕਰਵਾ ਕੇ ਆਖਿਆ :
ਅੱਜ ਸਪੂਤਾ ਹੋ ਗਿਆ, ਬੁੱਧੂ ਸ਼ਾਹ ਫ਼ਕੀਰ।
ਬੇਟੇ ਚਰਨੀਂ ਲਾ ਲਏ, ਕਲਗੀਆਂ ਵਾਲੇ ਪੀਰ।
1699 ਈ. ਨੂੰ ਵਿਸਾਖੀ ਦੇ ਸੁਭਾਗੇ ਪੁਰਬ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਸਿਰਲੱਥ ਤੇ ਸਰਫ਼ਰੋਸ਼ ਪਰਵਾਨਿਆਂ ਦੀ ਉਸ ਸੂਰਬੀਰ ਤੇ ਸਰਦਾਰ ਖਾਲਸਾ ਕੌਮ ਨੂੰ ਜਨਮ ਦਿੱਤਾ, ਜਿਸਨੇ ਮਜ਼ਲੂਮ ਤੇ ਪੀੜਤ ਜਨਤਾ ਲਈ ਜਿੰਦੜੀਆਂ ਵਾਰਨਾ ਆਪਣਾ ਮੁੱਖ ਉੱਦੇਸ਼ ਮਿਥ ਲਿਆ। ਕੇਸਗੜ੍ਹ ਦੀ ਉੱਚੀ ਪਹਾੜੀ ਤੋਂ ਸੀਸ ਭੇਟ ਮੰਗ ਰਿਹਾ ਗੁਰੂ ਮੌਤ ਤੋਂ ਜੀਵਨ ਦੇਣ ਦਾ ਅਨੋਖਾ ਨੁਸਖਾ ਦੱਸ ਰਿਹਾ ਸੀ। ਉਨ੍ਹਾਂ ਨੇ ਐਲਾਨ ਕੀਤਾ :
ਜਿਨਕੀ ਜ਼ਾਤ ਔਰ ਕੁੱਲ ਮਾਹੀਂ
ਸਰਦਾਰੀ ਨਹਿੰ ਭਈ ਕਦਾਹੀਂ।
ਉਨਹੀਂ ਕੋ ਸਰਦਾਰ ਬਣਾਵੋਂ
ਤਬੈ ਗੋਬਿੰਦ ਸਿੰਘ ਨਾਮ ਸਦਾਵੋਂ।
ਸਦੀਆਂ ਤੋਂ ਲਤਾੜੇ ਆ ਰਹੇ ਅਛੂਤਾਂ ਨੂੰ ਅੱਜ ਪਹਿਲੀ ਵੇਰ ਮਨੁੱਖ ਹੋਣ ਦਾ ਅਹਿਸਾਸ ਹੋਇਆ। ਇੱਕੋ ਬਾਟੇ ਵਿੱਚੋਂ ਸਦੀਵੀ ਜੀਵਨ ਦੇਣ ਵਾਲੇ ਅੰਮ੍ਰਿਤ ਨੂੰ ਛਕ ਕੇ ‘ਰੰਘਰੇਟੇ’ ਸੱਚਮੁੱਚ ‘ਗੁਰੂ ਕੇ ਬੇਟੇ’ ਬਣ ਗਏ। ਇਸ ਆਬੇ-ਹਯਾਤ ਨੇ ਚਿੜੀਆਂ ਤੋਂ ਬਾਜ਼ ਤੁੜਵਾਉਣ ਤੇ ਗਿੱਦੜਾਂ ਤੋਂ ਸ਼ੇਰ ਮਰਵਾਉਣ ਦੀ ਅਨੋਖੀ ਕਰਾਮਾਤ ਕਰ ਵਿਖਾਈ।
ਜਦੋਂ ਪੰਥ ਦਾ ਵਾਲੀ ਕੌਮ-ਨਿਰਮਾਤਾ ਹੋ ਕੇ ਆਪਣੇ ਹੀ ਚੇਲਿਆਂ ਅੱਗੇ ਅੰਮ੍ਰਿਤ-ਅਭਿਲਾਖੀ ਹੋਣ ਲਈ ਜੋਦੜੀ ਕਰ ਰਿਹਾ ਸੀ ਤਾਂ ਲੋਕਾਈ ਅਸ਼ ਅਸ਼ ਕਰ ਉੱਠੀ। ‘ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ’ ਦੀ ਧੁਨੀ ਨਾਲ ਧਰਤੀ-ਆਕਾਸ਼ ਗੂੰਜ ਉੱਠੇ।
ਹਰ ਸਾਫ਼ ਤੇ ਸਵੱਛ ਇਨਸਾਨ ਨੂੰ, ਹਰ ਸੱਚੇ ਤੇ ਸੁੱਚੇ ਹਿੰਦੂ ਮੁਸਲਮਾਨ ਨੂੰ ਗੁਰੂ ਗੋਬਿੰਦ ਸਿੰਘ ਸਾਖਿਆਤ ਰਾਮ ਤੇ ਰਹੀਮ ਵਿਖਾਈ ਦਿੰਦੇ ਸਨ। ਸੱਯਦ ਬੇਗ ਵਰਗੇ ਸੈਨਾਪਤੀ ਗੁਰੂ ਜੀ ਦੇ ਨੂਰਾਨੀ ਮੱਥੇ ਦੀ ਤਾਬ ਨਾ ਝੱਲ ਸਕੇ। ਗੁਰੂ ਜੀ ਨੂੰ ਮਾਰਨ ਲਈ ਆਏ ਸੈਦ ਖਾਂ ਦੇ ਕਦਮ ਡਗਮਗਾ ਗਏ, ਉਸਦੇ ਹੱਥ ਥਰਥਰਾ ਗਏ ਤੇ ਉਸਦਾ ਮੱਥਾ ਇਸ ਮਹਾਨ ਪੈਗ਼ੰਬਰ ਦੇ ਮੁਤਬੱਰਿਕ ਚਰਨ ਕੰਵਲਾਂ ਵਿੱਚ ਸਿਜਦੇ ਲਈ ਝੁਕ ਗਿਆ। ਤਲਵਾਰ ਦੀ ਧਾਰ ਦੇ ਵਾਰ ਨਾਲੋਂ ਗੁਰੂ ਜੀ ਦੇ ਪਿਆਰ ਦੀ ਮਾਰ ਕਿੰਨੀ ਪ੍ਰਬਲ ਸੀ। ਸੰਸਾਰ ਦਾ ਇਤਿਹਾਸ ਅਜਿਹੀ ਅਦੁਤੀ ਤੇ ਅਨੂਪਮ ਮਿਸਾਲ ਪੇਸ਼ ਕਰਨੋਂ ਅਸਮਰਥ ਰਿਹਾ ਹੈ।
ਗੁਰੂ ਜੀ ਦੀਆਂ ਲੜਾਈਆਂ ਜ਼ਰ, ਜ਼ੋਰੂ ਜਾਂ ਜ਼ਮੀਨ ਦੀ ਖਾਤਰ ਨਹੀਂ ਸਨ, ਸਗੋਂ ਉਹ ਤਾਂ ‘ਧਰਮ ਚਲਾਵਣ ਸੰਤ ਉਬਾਰਨ ਦੁਸ਼ਟ ਸਭਨ ਕੋ ਮੂਲ ਉਪਾਰਨ’ ਲਈ ਯੁੱਧ ਭੂਮੀ ਵਿੱਚ ਨਿੱਤਰੇ ਸਨ। ਮਜ਼ਲੂਮਾਂ ਦੀ ਰੱਖਿਆ ਖਾਤਰ ਉਹ ਜ਼ਾਲਮ ਦੇ ਵਿਰੁੱਧ ਡਟ ਜਾਂਦੇ ਸਨ। ਹਿੰਦੂ ਜਾਂ ਮੁਸਲਮਾਨ ਦਾ ਉਨ੍ਹਾਂ ਦੀ ਨਿਗਾਹ ਵਿੱਚ ਕੋਈ ਵਿਤਕਰਾ ਨਹੀਂ ਸੀ। ਉਨ੍ਹਾਂ ਦਾ ਫ਼ਰਮਾਨ ਤਾਂ ਸਾਫ਼ ਤੇ ਸਪਸ਼ਟ ਸੀ :
ਮਾਨਸ ਕੀ ਜਾਤ ਸਭੈ ਏਕੈ ਹੀ ਪਹਿਚਾਨਬੋ।
ਭਾਈ ਕਨੱਈਏ ਵਰਗੇ ਮਹਾਨ ਸਮਦਰਸ਼ੀ ਤੇ ਪੂਰਨ ਬ੍ਰਹਮ ਗਿਆਨੀ ਗੁਰੂ ਜੀ ਦੇ ਉੱਚ ਆਦਰਸ਼ ਨੂੰ ਭਲੀ ਭਾਂਤ ਸਮਝ ਚੁੱਕੇ ਸਨ। ਉਹ ਪੱਖਪਾਤ ਤੇ ਵਿਤਕਰੇ ਨੂੰ ਭੁਲਾ ਕੇ ਅਨੰਦਪੁਰ ਦੀ ਭਿਆਨਕ ਤੇ ਲਹੂ ਡੋਲ੍ਹਵੀਂ ਘਮਸਾਨ ਦੀ ਲੜਾਈ ਵਿੱਚ ਦੁਸ਼ਮਣਾਂ ਨੂੰ ਵੀ ਦੋਸਤ ਸਮਝ ਕੇ ਪਾਣੀ ਪਿਆ ਰਹੇ ਸਨ। ਭੁੱਲੜਾਂ ਨੇ ਸ਼ਿਕਾਇਤ ਕੀਤੀ। ਨਿਰਵੈਰ ਗੁਰੂ ਦੇ ਸਨਮੁਖ ਖਲੋਤੇ ਭਾਈ ਕਨੱਈਆ ਜੀ ਸਪਸ਼ਟ ਸ਼ਬਦਾਂ ਵਿੱਚ ਆਖ ਰਹੇ ਸਨ :
ਸੱਚੇ ਪਾਤਸ਼ਾਹ ਸਾਰੇ ਮੈਦਾਨ ਅੰਦਰ,
ਤੇਰੇ ਬਿਨਾਂ ਦੂਜਾ ਨਜ਼ਰ ਆਇਆ ਹੀ ਨਹੀਂ।
ਜਿੱਥੇ ਚੋਵਾਂ ਪਾਣੀ ਤੇਰਾ ਮੁੱਖ ਦਿੱਸੇ,
ਕਿਸੇ ਗੈਰ ਦੇ ਮੂੰਹ ਵਿੱਚ ਪਾਇਆ ਹੀ ਨਹੀਂ।
1704 ਈ. ਨੂੰ ਨੀਲੇ ਦਾ ਸ਼ਾਹ-ਅਸਵਾਰ ਅਨੰਦਪੁਰੀ ਨੂੰ ਛੱਡ ਕੇ ਕੁਰਬਾਨੀਆਂ ਦੇਣ ਲਈ ਨਿਕਲ ਤੁਰਿਆ। 22 ਦਸੰਬਰ ਨੂੰ ਆਪਣੀਆਂ ਅੱਖਾਂ ਸਾਹਵੇਂ ਵੱਡੇ ਪੁੱਤਰਾਂ (ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ) ਦੀ ਜੋੜੀ ਚਮਕੌਰ ਦੀ ਕਰਬਲਾ ਅੰਦਰ ਹੱਸ-ਹੱਸ ਕੇ ਸ਼ਹੀਦ ਕਰਵਾ ਦਿੱਤੀ। ਇਸਤੋਂ ਪੰਜ ਦਿਨ ਪਿੱਛੋਂ, 27 ਦਸੰਬਰ ਨੂੰ, ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫ਼ਤਹਿ ਸਿੰਘ ਵਜ਼ੀਰ ਖਾਂ ਸੂਬਾ ਸਰਹਿੰਦ ਦੇ ਹੁਕਮ ਨਾਲ ਨੀਹਾਂ ਵਿੱਚ ਚਿਣਵਾ ਕੇ ਸ਼ਹੀਦ ਕਰ ਦਿੱਤੇ ਗਏ। ਪੋਹ ਦੀਆਂ ਠੰਡੀਆਂ ਰਾਤਾਂ ਵਿੱਚ ਗੁਰੂ ਜੀ ਮਾਛੀਵਾੜੇ ਦੇ ਕੰਡਿਆਲੇ ਜੰਗਲਾਂ ਵਿੱਚ ਵਿਚਰ ਰਹੇ ਸਨ। ਉਨ੍ਹਾਂ ਦੇ ਪੈਰਾਂ ਵਿੱਚ ਛਾਲੇ ਹੀ ਛਾਲੇ ਸਨ। ਚੜ੍ਹਦੀ ਕਲਾ ਦੇ ਅਵਤਾਰ ਦੇ ਚਿਹਰੇ ਤੇ ਮੱਲਾਲ ਦੀ ਥਾਂ ਤੇ ਜੱਲਾਲ ਸੀ। ਉਨ੍ਹਾਂ ਦੇ ਬੁੱਲ੍ਹਾਂ ਤੇ ਸ਼ੁਕਰਾਨੇ ਦਾ ਮਧੁਰ ਸੰਗੀਤ ਸੀ। ਉਹ ਗਾ ਰਹੇ ਸਨ :
ਮਿਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ।
ਤੁਧ ਬਿਨ ਰੋਗ ਰਜਾਈਆਂ ਦਾ ਓਢਣ
ਨਾਗ ਨਿਵਾਸਾਂ ਦੇ ਰਹਿਣਾ।
ਸੂਲ ਸੁਰਾਹੀ ਖੰਜਰ ਪਿਆਲਾ
ਬਿੰਗ ਕਸਾਈਆਂ ਦਾ ਸਹਿਣਾ।
ਯਾਰੜੇ ਦਾ ਸਾਨੂੰ ਸੱਥਰ ਚੰਗਾ
ਭੱਠ ਖੇੜਿਆਂ ਦਾ ਰਹਿਣਾ।
ਇੱਥੇ ਗਨੀ ਖਾਂ ਤੇ ਨਬੀ ਖਾਂ ਨੇ ‘ਉੱਚ ਦੇ ਪੀਰ’ ਲਈ ਆਪਣੀਆਂ ਸੇਵਾਵਾਂ ਭੇਟ ਕੀਤੀਆਂ। ਰਾਇ ਕੱਲਾ ਇੱਕ ਹੋਰ ਸੱਚਾ ਮੁਸਲਮਾਨ ਸੀ, ਜਿਸਨੂੰ ਕਲਗੀਧਰ ਦੀ ਅਜ਼ਮਤ ਤੇ ਦ੍ਰਿੜ ਵਿਸ਼ਵਾਸ ਸੀ। ਦੀਨੇ ਪਿੰਡ ਤੋਂ ਸਰਬੰਸਦਾਨੀ ਤੇ ਮਹਾਨ ਸੈਨਾਨੀ ਸਤਿਗੁਰੂ ਨੇ ਦਿੱਲੀ ਦੇ ਬਾਦਸ਼ਾਹ ਔਰੰਗਜ਼ੇਬ ਆਲਮਗੀਰ ਨੂੰ ਇੱਕ ਇਤਿਹਾਸਕ ਪੱਤ੍ਰਿਕਾ ਲਿਖੀ। ਚਿੱਠੀ ਦਾ ਸਿਰਲੇਖ ਸੀ – ‘ਜ਼ਫ਼ਰਨਾਮਾ’। ਉਸ ਵਿੱਚ ਗੁਰੂ ਜੀ ਨੇ ਅੱਤਿਆਚਾਰੀ ਔਰੰਗਜ਼ੇਬ ਨੂੰ ਲਲਕਾਰ ਕੇ ਆਖਿਆ ਸੀ :
ਚਿਹਾ ਸ਼ੁਦ ਕਿ ਚੂੰ ਬਚੁੰਗਾ ਕੁਸ਼ਤਾ ਚਾਰ।
ਕਿ ਬਾਕੀ ਬਿਮਾਦਸਤ ਪੇਚੀਦਾ ਮਾਰ।
ਇਸੇ ਵਿਜੈ ਪੱਤਰ ਵਿੱਚ ਚੜ੍ਹਦੀ ਕਲਾ ਦੇ ਅਵਤਾਰ ਨੇ ਤਅੱਸਬੀ ਔਰੰਗਜ਼ੇਬ ਨੂੰ ਫਿਟਕਾਰ ਤੇ ਧਿਰਕਾਰ ਪਾਉਂਦਿਆਂ ਲਿਖਿਆ ਸੀ :
ਨਾਜ਼ੇਬਦ ਤੁਰਾ ਨਾਮ ਔਰੰਗਜ਼ੇਬ
ਕਿ ਔਰੰਗਜ਼ੇਬਾਂ ਨ ਬਾਇਦ ਫ਼ਰੇਬ।
ਚਿੱਠੀ ਦੇ ਜੋਸ਼ੀਲੇ ਤੇ ਭੜਕੀਲੇ ਸ਼ਬਦ ਪੜ੍ਹ ਕੇ ਔਰੰਗਜ਼ੇਬ ਵਰਗਾ ਪੱਥਰ ਦਿਲ ਇਨਸਾਨ ਵੀ ਪੰਘਰ ਗਿਆ।
1705 ਈ. ਵਿੱਚ ਮੁਕਤਸਰ ਦੇ ਅਸਥਾਨ ਤੇ ਸ਼ਾਹੀ ਸੈਨਾਵਾਂ ਨਾਲ ਗੁਰੂ ਜੀ ਦੀ ਅੰਤਿਮ ਲੜਾਈ ਹੋਈ। ਭਾਈ ਮਹਾਂ ਸਿੰਘ ਦੇ ਸਾਹਮਣੇ ਬੇਦਾਵੇ ਦਾ ਕਾਗਜ਼ ਪਾੜ ਕੇ ਗੁਰੂ ਜੀ ਲੱਖੀ ਜੰਗਲ ਵਿੱਚੋਂ ਦੀ ਹੁੰਦੇ ਹੋਏ ਚੌਧਰੀ ਡੱਲੇ ਦੀ ਤਲਵੰਡੀ ਜਾ ਬਿਰਾਜੇ। ਇਸ ਸੁਭਾਗੀ ਧਰਤੀ ਤੇ ਗੁਰੂ ਜੀ ਨੇ ਨੌਂ ਮਹੀਨੇ ਨੌਂ ਦਿਨ ਦਾ ਲੰਮਾ ਸਮਾਂ ਬਿਸਰਾਮ ਕੀਤਾ। ਇਸੇ ਪੁਨੀਤ ਤੇ ਪਵਿੱਤਰ ਭੂਮੀ ਤੇ ਗੁਰੂ ਜੀ ਨੇ ਭਾਈ ਮਨੀ ਸਿੰਘ ਦੇ ਹੱਥੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬੀੜ ਤਿਆਰ ਕਰਵਾਈ। ਲਿਖਣਸਰ ਦੇ ਸਰੋਵਰ ਵਿੱਚ ਗੁਰੂ ਜੀ ਕਲਮਾਂ ਘੜ ਘੜ ਕੇ ਸੁੱਟ ਰਹੇ ਸਨ ਤੇ ਇਸ ਧਰਮੱਗ ਧਰਤੀ ਨੂੰ ਆਪਣੀਆਂ ਸ਼ੁਭਕਾਮਨਾਵਾਂ ਨਾਲ ਵਰੋਸਾਉਂਦੇ ਹੋਏ ਆਖ ਰਹੇ ਸਨ :
ਇਹ ਹੈ ਪ੍ਰਗਟ ਹਮਾਰੀ ਕਾਸ਼ੀ
ਪੜ੍ਹ ਹੈਂ ਈਹਾਂ ਢੋਰ ਮਤਰਾਸੀ।
ਲੇਖਕ ਗੁਨੀ ਕਵਿੰਦ ਗਿਆਨੀ
ਬੁਧ ਸਿੱਧ ਹੈਂ ਹੈਂ ਇਤਿਆਨੀ।
ਤਿਨ ਕੇ ਕਾਰਨ ਕਲਮ ਗਢ
ਦੇਤ ਪ੍ਰਗਟ ਹਮ ਡਾਰ।
ਸਿਖ ਸਖਾ ਸਭ ਪੜ੍ਹੈਂਗੇ
ਹਮਰੇ ਕਈ ਹਜ਼ਾਰ।
ਇਸੇ ਸਰਜ਼ਮੀਨ ਤੇ ਗੁਰੂ ਜੀ ਦਾ ਦਰਬਾਰ ਸੁਸ਼ੋਭਿਤ ਸੀ, ਜਦੋਂ ਦਿੱਲੀ ਤੋਂ ਗੁਰੂ ਮਹਿਲ (ਮਾਤਾ ਸੁੰਦਰੀ ਤੇ ਮਾਤਾ ਸਾਹਿਬ ਦੇਵਾਂ) ਕਲਗੀਧਰ ਦੀ ਹਜ਼ੂਰੀ ਵਿੱਚ ਹਾਜ਼ਰ ਹੋਏ। ਮਾਤਾਵਾਂ ਨੇ ਪੁੱਤਰਾਂ ਬਾਰੇ ਪੁੱਛ ਕੀਤੀ ਤਾਂ ਗੁਰੂ ਜੀ ਨੇ ਭਰੀ ਹੋਈ ਖਾਲਸਾ ਸੰਗਤ ਵੱਲ ਸੰਕੇਤ ਕਰਕੇ ਫ਼ਰਮਾਇਆ :
ਇਨ ਪੁਤਰਨ ਕੇ ਸੀਸ ਪਰ, ਵਾਰ ਦੀਏ ਸੁਤ ਚਾਰ।
ਚਾਰ ਮੂਏ ਤੋ ਕਿਆ ਹੂਆ, ਜੀਵਤ ਕਈ ਹਜ਼ਾਰ।
ਅਖੀਰ ਸਿਰਲੱਥ ਸੂਰਬੀਰ ਬਾਬਾ ਦੀਪ ਸਿੰਘ ਨੂੰ ਦਮਦਮਾ ਸਾਹਿਬ, ਤਲਵੰਡੀ ਸਾਬੋ ਦੀ ਸੇਵਾ-ਸੰਭਾਲ ਸੌਂਪ ਕੇ ਆਪ ਬਹਾਦਰ ਸ਼ਾਹ ਦੇ ਸੱਦੇ ਤੇ ਦੱਖਣ ਵੱਲ ਚਲੇ ਗਏ। ਉੱਥੋਂ (ਨਦੇੜ, ਹਜ਼ੂਰ ਸਾਹਿਬ ਤੋਂ) ਹੀ ਮਾਧੋ ਦਾਸ ਬੈਰਾਗੀ ਨੂੰ ਬੰਦਾ ਸਿੰਘ ਬਹਾਦਰ ਵਜੋਂ ਸਿੰਘ ਸਜਾ ਕੇ ਜ਼ਾਲਮਾਂ ਨੂੰ ਸੋਧਣ ਲਈ ਪੰਜਾਬ ਤੋਰਿਆ ਤੇ ਆਪ ਗੋਦਾਵਰੀ ਨਦੀ ਦੇ ਕਿਨਾਰੇ ਅਬਚਲ ਨਗਰ ਹਜ਼ੂਰ ਸਾਹਿਬ ਵਿਖੇ 42 ਵਰ੍ਹੇ ਦੀ ਸੰਸਾਰ ਯਾਤਰਾ ਪੂਰੀ ਕਰਕੇ 1708 ਵਿੱਚ ਆਪਣੀ ਜੋਤ ਨੂੰ ਗੁਰੂ ਗ੍ਰੰਥ ਪੰਥ ਵਿੱਚ ਲੀਨ ਕਰਕੇ ਅੰਤਿਮ ਫ਼ਤਹਿ ਬੁਲਾ ਗਏ।
ਸੱਚਾਈ ਤੇ ਬੀਰਤਾ ਦੇ ਅਵਤਾਰ ਦਸ਼ਮੇਸ਼ ਪਿਤਾ ਜੀ ਇੱਕ ਮਹਾਨ ਇਨਕਲਾਬੀ ਯੋਧੇ ਸਨ। ਜੋ ਆਪਣੇ ਉੱਚ ਆਦਰਸ਼ ਤੇ ਮਹਾਨ ਲਕਸ਼ ਦੀ ਖਾਤਰ ਉਮਰ ਭਰ ਜ਼ੁਲਮ ਦੇ ਵਿਰੁੱਧ ਸੰਘਰਸ਼ ਕਰਦੇ ਰਹੇ। ਆਪ ਦੀ ਗੌਰਵਮਈ ਗਾਥਾ ਸਦਾ ਹਨੇਰੇ ਜੀਵਨਾਂ ਨੂੰ ਰੁਸ਼ਨਾਉਂਦੀ ਰਹੇਗੀ ਅਤੇ ਕਾਇਰ ਤੇ ਕਮਜ਼ੋਰ ਮਨਾਂ ਅੰਦਰ ਸੂਰਬੀਰਤਾ ਦਾ ਸੰਚਾਰ ਕਰਦੀ ਰਹੇਗੀ।
‘ਗੰਜ-ਏ-ਸ਼ਹੀਦਾਂ’ ਦੇ ਕਰਤਾ ਜੋਗੀ ਅੱਲਾ ਯਾਰ ਖਾਂ ਨੇ ਗੁਰੂ ਜੀ ਦੀ ਸਿਫ਼ਤੋ-ਸਾਲਾਹ ਕਰਦਿਆਂ ਲਿਖਿਆ ਹੈ :
ਕਰਤਾਰ ਕੀ ਸੌਗੰਦ ਹੈ, ਨਾਨਕ ਕੀ ਕਸਮ ਹੈ।
ਜਿਤਨੀ ਭੀ ਹੋ ਗੋਬਿੰਦ ਕੀ, ਤਾਰੀਫ਼ ਵੁਹ ਕਮ ਹੈ।
ਹਰਚੰਦ ਮੇਰੇ ਹਾਥ ਮੇਂ, ਪੁਰਜ਼ੋਰ ਕਲਮ ਹੈ।
ਸਤਿਗੁਰ ਕੇ ਲਿਖੂੰ ਵਸਫ਼, ਕਹਾਂ ਤਾਬੇ-ਰਕਮ ਹੈ।
ਐ ਸਤਿਗੁਰੂ ਗੋਬਿੰਦ ਤੂ ਵੁਹ ਅਬਰ-ਏ-ਕਰਮ ਹੈ।
ਐ ਸਤਿਗੁਰੂ ਗੋਬਿੰਦ ਤੂ ਵੁਹ ਆਲੀ-ਹਮਮ ਹੈ।
ਸਾਨੀ ਤੇਰਾ ਦਾਰਾ ਥਾ ਸਕੰਦਰ ਹੈ ਨਾ ਜਮ ਹੈ।
ਖਾਤਾ ਤੇਰਾ ਕਰਮੋਂ ਕੀ ਫ਼ਰੀਦੂੰ ਬੀ ਕਸਮ ਹੈ।
ਭਾਈ ਸੰਤੋਖ ਸਿੰਘ ‘ਚੂੜਾਮਣਿ’ ਨੇ ਗੁਰੂ ਜੀ ਦੇ ਆਗਮਨ ਬਾਰੇ ਕਿੰਨਾ ਸਹੀ ਲਿਖਿਆ ਹੈ :
ਛਾਇ ਜਾਤੀ ਏਕਤਾ ਅਨੇਕਤਾ ਬਿਲਾਇ ਜਾਤੀ
ਹੋਵਤੀ ਕੁਚੀਲਤਾ ਕਤੇਬਨ ਕੁਰਾਨ ਕੀ।
ਪਾਪ ਹੀ ਪ੍ਰਪੱਕ ਜਾਤੇ ਧਰਮ ਧਸੱਕ ਜਾਤੇ
ਬਰਨ ਗਰੱਕ ਜਾਤੇ ਸਹਿਤ ਬਿਧਾਨ ਕੀ।
ਦੇਵੀ ਦੇਵ ਦੇਹੁਰੇ ਸੰਤੋਖ ਸਿੰਘ ਦੂਰ ਹੋਤੇ
ਰੀਤ ਮਿਟ ਜਾਤੀ ਕਥਾ ਬੇਦਨ ਪੁਰਾਨ ਕੀ।
ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ
ਮੂਰਤਿ ਨਾ ਹੋਤੀ ਜੌ ਪੈ ਕਰੁਣਾ ਨਿਧਾਨ ਕੀ।

* ਪ੍ਰੋ. ਨਵ ਸੰਗੀਤ ਸਿੰਘ
# 1, ਲਤਾ ਗਰੀਨ ਐਨਕਲੇਵ, ਪਟਿਆਲਾ-147002.
9417692015.