ਭਗਤ ਰਵਿਦਾਸ ਜੀ ਭਗਤੀ-ਕਾਲ ਵਿੱਚ ਇੱਕ ਸ੍ਰੇਸ਼ਟ ਭਗਤ ਹੋ ਗੁਜ਼ਰੇ ਹਨ, ਜਿਨ੍ਹਾਂ ਨੇ ਅਖੌਤੀ ਨੀਵੀਂ ਜ਼ਾਤ ਵਿੱਚ ਜਨਮ ਲੈ ਕੇ ਪਰਮਾਤਮਾ ਦੀ ਭਗਤੀ ਕਰਨ ਕਰਕੇ ਸਨਮਾਨਯੋਗ ਸਥਾਨ ਪ੍ਰਾਪਤ ਕੀਤਾ। ਆਪਣੇ ਜੀਵਨ-ਕਾਲ ਵਿੱਚ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਗੁਰੂ ਨਾਨਕ ਦੇਵ ਜੀ ਨੇ ਆਪਣੀਆਂ ਉਦਾਸੀਆਂ ਦੌਰਾਨ ਉਨ੍ਹਾਂ ਦੀ ਰਚਨਾ ਨੂੰ ਇਕੱਤਰ ਕੀਤਾ ਅਤੇ ਗੁਰੂ ਅਰਜਨ ਦੇਵ ਜੀ ਨੇ ਗੁਰੂ ਗ੍ਰੰਥ ਸਾਹਿਬ ਦਾ ਸੰਪਾਦਨ (1604 ਈ.) ਕਰਦੇ ਸਮੇਂ ਇਸ ਰਚਨਾ ਨੂੰ ਯਥਾਯੋਗ ਸਥਾਨ ਦੇ ਕੇ ਹਮੇਸ਼ਾ ਲਈ ਅਮਰ ਕਰ ਦਿੱਤਾ। ਭਗਤ ਜੀ ਦੀ ਬਾਣੀ ਆਦਿ ਗ੍ਰੰਥ ਵਿੱਚ 16 ਰਾਗਾਂ (ਸਿਰੀ ਰਾਗ 1, ਗਉੜੀ 5, ਆਸਾ 6, ਗੂਜਰੀ 1, ਸੋਰਠਿ 7, ਧਨਾਸਰੀ 3 , ਜੈਤਸਰੀ 1, ਸੂਹੀ 3, ਬਿਲਾਵਲ 2, ਗੋਂਡ 2, ਰਾਮਕਲੀ 1, ਮਾਰੂ 2, ਕੇਦਾਰਾ 1, ਭੈਰਉ 1, ਬਸੰਤ 1, ਮਲਾਰ 3) ਅਧੀਨ ਦਰਜ ਹੈ, ਜਿਨ੍ਹਾਂ ਵਿੱਚ ਆਪ ਦੇ ਕੁੱਲ 40 ਸ਼ਬਦ ਹਨ।
ਰੀਵਿਊ ਅਧੀਨ ਪੁਸਤਕ (ਭਗਤ ਰਵਿਦਾਸ ਜੀ : ਦਰਸ਼ਨ ਤੇ ਵਿਚਾਰਧਾਰਾ; ਸੰਪਾਦਕ : ਡਾ. ਗੁਰਨਾਮ ਸਿੰਘ; ਪ੍ਰਕਾਸ਼ਕ : ਰੀਥਿੰਕ ਬੁਕਸ, ਸੰਗਰੂਰ; ਪੰਨੇ : 112; ਮੁੱਲ : 245/-) ਵਿੱਚ 11 ਵਿਦਵਾਨਾਂ ਦੇ ਲੇਖ ਦਰਜ ਹਨ, ਜਿਸ ਵਿੱਚ ਸੰਪਾਦਕ (ਡਾ. ਗੁਰਨਾਮ ਸਿੰਘ) ਤੋਂ ਬਿਨਾਂ 10 ਹੋਰ ਲੇਖਕ ਵੀ ਸ਼ਾਮਲ ਹਨ।
ਪਹਿਲੇ ਲੇਖ ‘ਰਵਿਦਾਸ ਬਾਣੀ ਵਿੱਚ ਚਿੰਤਨ ਤੋਂ ਮੰਥਨ ਦਾ ਪ੍ਰਵਚਨ’ (ਪੰਨੇ 10-19) ਵਿੱਚ ਡਾ. ਗੁਰਨਾਮ ਸਿੰਘ ਨੇ ਭਗਤ ਰਵਿਦਾਸ ਬਾਣੀ ਵਿੱਚੋਂ ਪ੍ਰਮਾਣ ਦੇ ਕੇ ‘ਤੋਹੀ ਮੋਹੀ’ (ਬ੍ਰਹਮ ਅਤੇ ਜੀਵ) ਅਤੇ ਸਰਗੁਣ ਨਿਰਗੁਣ ਦਾ ਗੰਭੀਰ ਵਿਸ਼ਲੇਸ਼ਣ ਕੀਤਾ ਹੈ। ਵਿਦਵਾਨ ਲੇਖਕ ਨੇ ਭਗਤ ਜੀ ਦੀ ਰਚਨਾ ਦਾ ਮੁਲਾਂਕਣ ਕਰਦਿਆਂ ਵੇਦਾਂਤ/ਉਪਨਿਸ਼ਦਾਂ ਦੇ ਹਵਾਲਿਆਂ ਨਾਲ ਆਪਣੇ ਮਤਿ ਦਾ ਪ੍ਰਤਿਪਾਦਨ ਕੀਤਾ ਹੈ। ਲੇਖਕ ਨੇ ਭਗਤ ਜੀ ਦੇ ਮਲਾਰ, ਸਿਰੀ, ਸੋਰਠਿ, ਆਸਾ, ਸੂਹੀ, ਜੈਤਸਰੀ ਵਿੱਚ ਸ਼ਾਮਲ ਵੱਖ ਵੱਖ ਸ਼ਬਦਾਂ ਨੂੰ ਦਾਰਸ਼ਨਿਕ ਦ੍ਰਿਸ਼ਟੀ ਤੋਂ ਅਧਿਐਨ ਦਾ ਵਿਸ਼ਾ ਬਣਾਇਆ ਹੈ।
ਪੁਸਤਕ ਦੇ ਦੂਜੇ ਨਿਬੰਧ ‘ਰਵਿਦਾਸ ਬਾਣੀ ਦਾ ਪ੍ਰਵਚਨ ਅਤੇ ਸਮਕਾਲੀਨ ਸੰਦਰਭ’ ਵਿੱਚ ਡਾ. ਲਖਬੀਰ ਸਿੰਘ ਨੇ ਰਵਿਦਾਸ ਬਾਣੀ ਨੂੰ ਸੁੱਤਿਆਂ ਨੂੰ ਜਗਾਉਣ ਵਾਲੀ ਅਤੇ ਜਗਾ ਕੇ ਸਿੱਧੇ ਰਾਹ ਪਾਉਣ ਵਾਲੀ ਸਿੱਧ ਕੀਤਾ ਹੈ। ਉਹਨੇ ਸਪਸ਼ਟ ਕੀਤਾ ਹੈ ਕਿ ਇਸ ਬਾਣੀ ਦੀ ਪ੍ਰਾਸੰਗਿਕਤਾ ਭਾਰਤ ਵਰਗੇ ਬਹੁ-ਧਰਮੀ, ਬਹੁ-ਭਾਸ਼ਾਈ, ਬਹੁ-ਜਾਤੀ, ਬਹੁ-ਖੇਤਰੀ ਦੇਸ਼ ਵਿੱਚ ਤਾਂ ਹਮੇਸ਼ਾ ਬਣੀ ਹੀ ਰਹੇਗੀ, ਨਾਲ-ਨਾਲ ਇਹ ਵਿਸ਼ਵ-ਲੋਕਾਈ ਦਾ ਮਾਰਗ-ਦਰਸ਼ਨ ਕਰਨ ਦੀ ਸਮਰੱਥਾ ਵੀ ਰੱਖਦੀ ਹੈ।
ਡਾ. ਅਮਨਦੀਪ ਕੌਰ ਦਾ ਨਿਬੰਧ ‘ਭਗਤ ਰਵਿਦਾਸ ਜੀ ਦੇ ਜੀਵਨ ਉੱਤੇ ਆਧਾਰਿਤ ਫਿਲਮਾਂ ਦਾ ਤੁਲਨਾਤਮਕ ਅਧਿਐਨ’ ਨਵੇਂ ਪਰਿਪੇਖ ਤੋਂ ਲਿਖਿਆ ਗਿਆ ਹੈ। ਇਸ ਵਿੱਚ ਖੋਜਕਾਰ ਨੇ ਭਗਤ ਜੀ ਦੇ ਜੀਵਨ ਤੇ ਬਣੀਆਂ ਹਿੰਦੀ, ਪੰਜਾਬੀ ਫਿਲਮਾਂ ਦਾ ਤੁਲਨਾਤਮਕ ਅਧਿਐਨ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਆਲੇਖ ਵਿੱਚ ਖੋਜਕਰਤਾ ਨੇ ਪ੍ਰਿਸ਼ਟਭੂਮੀ ਵਿੱਚ ਭਗਤ ਜੀ ਦੇ ਜੀਵਨ ਤੇ ਸੰਖਿਪਤ ਝਾਤ ਪੁਆਈ ਹੈ ਅਤੇ ਨਾਲ ਨਾਲ ਖੇਤਰੀ ਫਿਲਮਾਂ ਦੇ ਮੁੱਢਲੇ ਦੌਰ, ਖਾਸ ਤੌਰ ਤੇ ਧਾਰਮਕ ਫਿਲਮਾਂ ਨੂੰ ਰੇਖਾਂਕਿਤ ਕੀਤਾ ਹੈ। ਲੇਖਕਾ ਨੇ ‘ਰੱਬੀ ਨੂਰ ਗੁਰੂ ਰਵਿਦਾਸ’ (ਪੰਜਾਬੀ, 2019) ਅਤੇ ਸੰਤ ਰਵਿਦਾਸ ਕੀ ਅਮਰ ਕਹਾਨੀ’ (ਹਿੰਦੀ, 1983) ਨੂੰ ਆਧਾਰ ਬਣਾ ਕੇ ਭਗਤ ਜੀ ਦੇ ਜੀਵਨ ਨੂੰ ਪ੍ਰਸਤੁਤ ਕੀਤਾ ਹੈ। ਪੰਜਾਬੀ ਫਿਲਮ ਵਿੱਚ ਸਾਖੀਆਂ, ਕਰਾਮਾਤਾਂ ਨੂੰ ਆਧਾਰ ਬਣਾਇਆ ਗਿਆ ਹੈ,ਜਦਕਿ ਹਿੰਦੀ ਫਿਲਮ ਦਾ ਕਥਾਨਕ ਭਗਤ ਜੀ ਅਤੇ ਉਨ੍ਹਾਂ ਦੀ ਪਤਨੀ ਦੇ ਆਲੇ-ਦੁਆਲੇ ਘੁੰਮਦਾ ਹੈ। ਫਿਲਮਾਂ ਵਿੱਚ ਕਲਪਨਾ ਦੇ ਅੰਸ਼ ਹੋਣ ਕਰਕੇ ਕਿਤੇ ਕਿਤੇ ਇਹ ਗੈਰ-ਯਥਾਰਥਕ ਵੀ ਲੱਗਦੀਆਂ ਹਨ। ਲੇਖਕਾ ਦਾ ਮਤਿ ਹੈ ਕਿ ਫਿਲਮ ਦੇ ਮਾਧਿਅਮ ਰਾਹੀਂ ਭਗਤ ਜੀ ਦਾ ਹਿੰਦੂਕਰਨ ਕੀਤਾ ਗਿਆ ਹੈ, ਜਦਕਿ ਕੋਈ ਵੀ ਸੰਤ, ਪੀਰ, ਗੁਰੂ ਸਿਰਫ ਮਾਨਵਵਾਦੀ ਹੁੰਦੇ ਹਨ, ਕਿਸੇ ਧਰਮ ਵਿਸ਼ੇਸ਼ ਦੇ ਨਹੀਂ।
ਡਾ. ਸੰਦੀਪ ਰਾਣਾ ਨੇ ਆਪਣੇ ਨਿਬੰਧ ‘ਗੁਰੂ ਰਵਿਦਾਸ ਬਾਣੀ ਵਿੱਚ ਨੈਤਿਕ ਕਦਰਾਂ ਕੀਮਤਾਂ’ ਵਿੱਚ ਭਗਤ ਜੀ ਨੂੰ ਵਧੇਰੇ ਕਰਕੇ ‘ਗੁਰੂ’ ਕਹਿ ਕੇ ਸੰਬੋਧਿਤ ਕੀਤਾ ਹੈ। ਇਸ ਆਲੇਖ ਵਿੱਚ ਲੇਖਕਾ ਨੇ ਭਗਤ ਜੀ ਦੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਬਾਣੀ ਦੇ ਨਾਲ ਨਾਲ ਪਦਿਆਂ, ਸਾਖੀ ਭਾਗ, ਸਲੋਕਾਂ ਆਦਿ ਨੂੰ ਵੀ ਉਧ੍ਰਿਤ ਕੀਤਾ ਹੈ। ਪਰ ਇਨ੍ਹਾਂ ਦੇ ਸਰੋਤ ਬਾਰੇ ਕਿਧਰੇ ਕੋਈ ਜ਼ਿਕਰ ਨਹੀਂ ਕੀਤਾ ਗਿਆ। ਇਸ ਅਧਿਐਨ ਦਾ ਨਿਸ਼ਕਰਸ਼ ਇਹ ਕੱਢਿਆ ਹੈ ਕਿ ਭਗਤ ਜੀ ਨੇ ਉਸ ਸਮੇਂ ਦੇ ਸਮਾਜ ਵਿੱਚ ਫੈਲੀਆਂ ਕੁਰੀਤੀਆਂ, ਅਨੈਤਿਕਤਾ, ਬੁਰਾਈਆਂ ਆਦਿ ਨੂੰ ਦੂਰ ਕਰਨ ਲਈ ਸਿਰਜਣਾਤਮਕ ਯੋਗਦਾਨ ਪਾਇਆ। ਲੇਖਕਾ ਨੇ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਭਗਤ ਜੀ ਦੀ ਬਾਣੀ ਅੱਜ ਵੀ ਉਨੀ ਹੀ ਸਾਰਥਕ ਹੈ।
ਪੰਜਵੇਂ ਨਿਬੰਧ ਵਿੱਚ ਡਾ. ਮਨਪ੍ਰੀਤ ਬਾਵਾ ਨੇ ਭਗਤ ਜੀ ਦੀ ਬਾਣੀ ਦਾ ਦਲਿਤ ਚੇਤਨਾ ਦੇ ਪ੍ਰਸੰਗ ਵਿੱਚ ਅਧਿਐਨ ਕੀਤਾ ਹੈ। ਇਸ ਲੇਖ ਵਿੱਚ ਖੋਜਕਰਤਾ ਨੇ ਇੱਕ ਥਾਂ ਲਿਖਿਆ ਹੈ- “ਭਗਤ ਰਵਿਦਾਸ ਜੀ ਨੇ ਆਪਣੀ ਅਖਾਉਤੀ ਬਾਣੀ ਵਿੱਚ…” (ਪੰਨਾ 54)। ਮੈਨੂੰ ਜਾਪਦਾ ਹੈ ਕਿ ਇੱਥੇ ‘ਅਖਾਉਤੀ’ ਸ਼ਬਦ ਗਲਤੀ ਨਾਲ ਲਿਖਿਆ ਗਿਆ ਹੈ, ਕਿਉਂਕਿ ਭਗਤ ਜੀ ਦੀ ਬਾਣੀ ‘ਅਖਾਉਤੀ’ ਨਾ ਹੋ ਕੇ ਵਾਸਤਵਿਕ ਹੈ। ਖੋਜਕਾਰ ਨੇ ਦਲਿਤ ਅਤੇ ਦਲਿਤ ਚੇਤਨਾ ਦੇ ਅਰਥਾਂ ਨੂੰ ਵੀ ਸਪਸ਼ਟ ਨਹੀਂ ਕੀਤਾ। ਇਸ ਨਿਬੰਧ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਹਵਾਲਿਆਂ ਤੋਂ ਬਿਨਾਂ ਆਚਾਰੀਆ ਪ੍ਰਿਥਵੀ ਸਿੰਘ ਆਜ਼ਾਦ ਰਚਿਤ ਪੁਸਤਕ ‘ਰਵਿਦਾਸ ਦਰਸ਼ਨ’ ਵਿੱਚੋਂ ਵੀ ਪ੍ਰਮਾਣ ਦੇ ਕੇ ਆਪਣੀ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।
‘ਰਵਿਦਾਸ ਬਾਣੀ ਦੀ ਭਾਸ਼ਾਈ ਵੰਨ ਸੁਵੰਨਤਾ’ ਡਾ. ਹਰਿਸਿਮਰਨ ਸਿੰਘ ਦਾ ਲਿਖਿਆ ਹੋਇਆ ਹੈ। ਖੋਜਕਰਤਾ ਨੇ ਸਪਸ਼ਟ ਕੀਤਾ ਹੈ ਕਿ ਭਗਤ ਜੀ ਦੀ ਬਾਣੀ ਵਿੱਚ ਅਰਬੀ, ਫ਼ਾਰਸੀ, ਉਰਦੂ, ਸੰਸਕ੍ਰਿਤ, ਪੰਜਾਬੀ, ਮਰਾਠੀ, ਰਾਜਸਥਾਨੀ, ਭੋਜਪੁਰੀ, ਅਵਧੀ ਤੇ ਖੜੀ ਬੋਲੀ ਦੇ ਸ਼ਬਦ ਤਤਸਮ ਤੇ ਤਦਭਵ ਦੋਹਾਂ ਰੂਪਾਂ ਵਿੱਚ ਮਿਲਦੇ ਹਨ। ਲੇਖਕ ਨੇ ਹਵਾਲੇ ਅਤੇ ਟਿੱਪਣੀਆਂ ਦੇ ਨਾਲ ਨਾਲ ਪੁਸਤਕ ਸੂਚੀ ਦੇ ਕੇ ਆਪਣੇ ਪਰਚੇ ਨੂੰ ਪੂਰਨ ਤੌਰ ਤੇ ਖੋਜ-ਨਿਯਮਾਂ ਮੁਤਾਬਕ ਲਿਖਿਆ ਹੈ। ਲੇਖਕ ਦੀ ਚਰਚਾ ਦਾ ਸਾਰਾਂਸ਼ ਇਹ ਹੈ ਕਿ ਭਗਤ ਜੀ ਨੇ ਆਪਣੇ ਸਿੱਧਾਂਤ ਨੂੰ ਪ੍ਰਚਾਰਨ ਤੇ ਪ੍ਰਸਾਰਨ ਹਿਤ ਤਤਕਾਲੀ ਪ੍ਰਚੱਲਿਤ ਭਾਰਤੀ ਤੇ ਵਿਦੇਸ਼ੀ ਸ਼ਬਦਾਵਲੀ ਨੂੰ ਮਿਸ਼ਰਿਤ ਰੂਪ ਵਿੱਚ ਵਰਤਿਆ ਹੈ। ਖੋਜਕਰਤਾ ਮੁਤਾਬਕ ਇਹ ਭਾਸ਼ਾਈ ਮਿਸ਼ਰਣ ਹੀ ਭਗਤ ਜੀ ਦੇ ਕਾਵਿ-ਕੌਸ਼ਲ ਦਾ ਉਤਕ੍ਰਿਸ਼ਟ ਦਰਪਣ ਹੈ।
ਡਾ. ਜਸਵਿੰਦਰ ਸਿੰਘ ਨੇ ਸੀਐੱਲ ਨਾਰੰਗ ਦੁਆਰਾ ਲਿਖੇ ਕਾਵਿ-ਨਾਟਕ ‘ਗੁਰੂ ਰਵਿਦਾਸ’ ਨੂੰ ਸਮਕਾਲੀ ਸਮਾਜ ਦੇ ਚਿੱਤਰਣ ਵਜੋਂ ਆਧਾਰ ਬਣਾਇਆ ਹੈ। ਇਸ ਕਾਵਿ-ਨਾਟਕ ਵਿੱਚ ਭਗਤ ਜੀ ਦੇ ਜਨਮ ਤੋਂ ਲੈ ਕੇ ਵਿਜੇ ਰੱਥ ਨੂੰ ਗੱਦੀ ਦੇਣ ਤੱਕ ਦੀਆਂ ਘਟਨਾਵਾਂ ਦੀ ਪੇਸ਼ਕਾਰੀ ਹੋਈ ਹੈ। ਖੋਜਕਾਰ ਨੇ ਨਾਟਕ ਵਿੱਚ ਪ੍ਰਸਤੁਤ ਭਗਤ ਜੀ ਦੇ ਸਮੇਂ ਦੇ ਸਮਾਜਕ ਹਾਲਾਤ, ਵਿਦਿਅਕ ਢਾਂਚਾ, ਔਰਤ ਦੀ ਸਥਿਤੀ, ਧਾਰਮਕ ਹਾਲਾਤ, ਰਾਜਨੀਤਕ ਹਾਲਾਤ ਆਦਿ ਦਾ ਨਿਕਟਤਮ ਅਵਲੋਕਨ ਕੀਤਾ ਹੈ। ਖੋਜਕਰਤਾ ਨੇ ਕਿਉਂਕਿ ਆਪਣਾ ਪੀਐਚਡੀ ਦਾ ਖੋਜਕਾਰਜ ਪੰਜਾਬੀ ਕਾਵਿ-ਨਾਟਕ ਤੇ ਕੀਤਾ ਹੈ, ਇਸਲਈ ਉਹਨੂੰ ਇਸ ਵਿਸ਼ੇ ਤੇ ਡੂੰਘੀ ਪਕੜ ਹੈ। ਖੋਜਕਰਤਾ ਨੇ ਸਪਸ਼ਟ ਕੀਤਾ ਹੈ ਕਿ ਇਸ ਕਾਵਿ-ਨਾਟਕ ਵਿੱਚ ਭਗਤ ਜੀ ਦੇ ਸਮਕਾਲੀ ਸਮੇਂ ਦਾ ਹਰ ਪੱਖੋਂ ਬਿਹਤਰ ਚਿੱਤਰਣ ਮਿਲਦਾ ਹੈ।
ਅੱਠਵਾਂ ਨਿਬੰਧ ਰਵਿਦਾਸ ਬਾਣੀ ਦੇ ਮਨੋਵਿਗਿਆਨਕ ਵਿਸ਼ਲੇਸ਼ਣ ਵੱਲ ਰੁਚਿਤ ਹੈ। ਖੋਜਕਰਤਾ ਸਤਵਿੰਦਰ ਕੌਰ ਨੇ ਸਪਸ਼ਟ ਕੀਤਾ ਹੈ ਕਿ ਮਨੋਵਿਗਿਆਨ ਇੱਕ ਕ੍ਰਿਆਤਮਕ ਵਿਸ਼ਾ ਹੈ, ਜਿਸ ਵਿੱਚ ਧਿਆਨ, ਯਾਦ, ਚਿੰਤਨ, ਭੁੱਲਣਾ, ਸਿੱਖਣਾ, ਕਲਪਨਾ ਕਰਨਾ ਆਦਿ ਕ੍ਰਿਆਵਾਂ ਦਾ ਅਧਿਐਨ ਕੀਤਾ ਜਾਂਦਾ ਹੈ। ਆਪਣੇ ਨਿਬੰਧ ਵਿੱਚ ਲੇਖਕਾ ਨੇ ਨਿਸ਼ਕਰਸ਼ ਸਥਾਪਤ ਕੀਤਾ ਹੈ ਕਿ ਭਗਤ ਜੀ ਦੀ ਬਾਣੀ ਰਾਹੀਂ ਉਨ੍ਹਾਂ ਦੀ ਸਹਿਜ ਅਵਸਥਾ ਤੋਂ ਜਾਣੂ ਹੋਇਆ ਜਾ ਸਕਦਾ ਹੈ। ਉਨ੍ਹਾਂ ਦੀ ਜਾਗਰੂਕ ਅਵਸਥਾ ਭਾਵ ਹਰੇਕ ਸਥਿਤੀ ਵਿੱਚ ਚੇਤੰਨ ਹੋਣਾ ਅਤੇ ਆਪਣੀ ਅਖੌਤੀ ਨੀਵੀਂ ਜ਼ਾਤ ਨੂੰ ਮਾਣ ਨਾਲ ਸਵੀਕਾਰ ਕਰਨਾ, ਕਿਤੇ ਵੀ ਦਲਿਤ ਹੋਣ ਦੀ ਹੀਣ ਭਾਵਨਾ ਪੈਦਾ ਨਾ ਹੋਣ ਦੇਣਾ ਹੀ ਉਨ੍ਹਾਂ ਦੀ ਬਾਣੀ ਵਿੱਚ ਮਨੋਵਿਗਿਆਨਕ ਅੰਸ਼ਾਂ ਨੂੰ ਪ੍ਰਗਟ ਕਰਦਾ ਹੈ। ਇਸ ਲਿਖਤ ਵਿੱਚ ਲੇਖਕਾ ਨੇ ‘ਐਵੋਲੂਸ਼ਨ ਆਫ਼ ਇੰਡੀਅਨ ਕਲਚਰ’ ਪੁਸਤਕ ਦਾ ਹਵਾਲਾ ਦਿੱਤਾ ਹੈ, ਪਰ ਇਹਦੇ ਲੇਖਕ/ਪ੍ਰਕਾਸ਼ਨ ਬਾਰੇ ਜਾਣਕਾਰੀ ਨਹੀਂ ਦਿੱਤੀ।
ਦੀਦਾਰ ਸਿੰਘ ਨੇ ਭਗਤ ਰਵਿਦਾਸ ਦੀ ਆਤਮਕ ਅਵਸਥਾ ਦੇ ਵਿਭਿੰਨ ਪੱਖਾਂ ਨੂੰ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ ਹੈ। ਲੇਖਕ ਦੱਸਦਾ ਹੈ ਕਿ ਭਗਤ ਜੀ ਨੇ ਆਪਣੀ ਘਰੇਲੂ ਤੇ ਸਮਾਜਕ ਜ਼ਿੰਦਗੀ ਬਾਰੇ ਪਰਮਾਤਮਾ ਨੂੰ ਅਵਗਤ ਕਰਵਾਇਆ। ਉਨ੍ਹਾਂ ਦੀ ਬਾਣੀ ਵਿੱਚ ਗੁਰੂ ਦੇ ਗਿਆਨ ਤੇ ਅੰਤਰੀਵੀ ਸੂਝ ਨਾਲ ਸੱਚੀ ਭਗਤੀ ਵੱਲ ਕੇਂਦਰਿਤ ਹੋਣ ਅਤੇ ਡਰ, ਚਿੰਤਾ, ਗ਼ਮ, ਪੰਜ ਵਿਕਾਰਾਂ ਤੋਂ ਮੁਕਤ ਹੋਣ ਦਾ ਵੇਰਵਾ ਮਿਲਦਾ ਹੈ। ਲੇਖਕ ਨੇ ਇਹ ਵੀ ਦ੍ਰਿੜ ਕਰਵਾਇਆ ਹੈ ਕਿ ਅਜਿਹੀਆਂ ਅਵਸਥਾਵਾਂ ਨੂੰ ਇੱਕ-ਦੂਜੇ ਤੋਂ ਨਿਖੇੜਨਾ ਮੁਸ਼ਕਿਲ ਕਾਰਜ ਹੈ।
‘ਰਵਿਦਾਸ ਬਾਣੀ ਦਾ ਪਾਰਗਾਮੀ ਅਨੁਭਵ’ ਦਾ ਕਰਤਾ ਬਲਰਾਜ ਸਿੰਘ ਕੋਕਰੀ ਹੈ। ਲੇਖਕ ਨੇ ਪਾਰਗਾਮੀ ਦੇ ਸ਼ਾਬਦਿਕ ਅਰਥਾਂ ਨੂੰ ਵਿਸਤਾਰ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਉਹ ਅਨੁਭਵ ਹੈ ਜਿਸ ਵਿੱਚ ਅਧਿਆਤਮਕ, ਗ਼ੈਰ-ਭੌਤਿਕ, ਧਾਰਮਕ ਪਹਿਲੂ ਸ਼ਾਮਲ ਹੋ ਸਕਦੇ ਹਨ ਜੋ ਦੈਨਿਕ ਜੀਵਨ ਤੋਂ ਪਾਰ ਸਮਝੇ ਜਾਂਦੇ ਹਨ। ਪਾਰਗਾਮੀ ਅਨੁਭਵ ਬ੍ਰਹਮ ਜਾਂ ਪਰਮ-ਪੁਰਖ ਨਾਲ ਡੂੰਘੇ ਸੰਬੰਧ ਹੁੰਦੇ ਹਨ। ਲੇਖਕ ਨੇ ਸਪਸ਼ਟ ਕੀਤਾ ਹੈ ਕਿ ਭਗਤ ਜੀ ਦੀ ਬਾਣੀ ਵਿੱਚ ਪਾਰਗਾਮੀ/ਅਗੰਮੀ ਅਨੁਭਵਾਂ ਨੂੰ ਭਾਵਨਾਤਮਕ ਪ੍ਰਤੀਕ੍ਰਿਆਵਾਂ ਦੁਆਰਾ ਦਰਸਾਇਆ ਗਿਆ ਹੈ।
ਪੁਸਤਕ ਦਾ ਅੰਤਿਮ ਨਿਬੰਧ ਭਗਤ ਰਵਿਦਾਸ ਦੀ ਬਾਣੀ ਵਿੱਚ ਮਾਇਆ ਦੇ ਸੰਕਲਪ ਬਾਰੇ ਹੈ। ਲੇਖਕਾ ਤਰਨਦੀਪ ਕੌਰ ਮੁਤਾਬਕ ਮਾਇਆ ਦੇ ਵਿਭਿੰਨ ਰੂਪਾਂ ਵਿੱਚ ਧਨ ਦੌਲਤ, ਜ਼ਮੀਨ ਜਾਇਦਾਦ, ਘਰ ਪਰਿਵਾਰ, ਪਦਾਰਥ ਤੇ ਦੁਨੀਆਂ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। ਲੇਖਕਾ ਨੇ ਆਪਣੇ ਨਿਬੰਧ ਵਿੱਚ ਮਾਇਆ ਦੀ ਪਰਿਭਾਸ਼ਾ, ਭਾਰਤੀ ਸੰਸਕ੍ਰਿਤੀ ਤੇ ਗੁਰਬਾਣੀ ਵਿੱਚ ਮਾਇਆ ਦੇ ਬਿੰਬ ਅਤੇ ਫਿਰ ਭਗਤ ਜੀ ਦੀ ਬਾਣੀ ਵਿੱਚ ਮਾਇਆ ਦੇ ਸੰਕਲਪ ਨੂੰ ਸੌਖੇ ਢੰਗ ਨਾਲ ਸਮਝਾਇਆ ਹੈ। ਲੇਖਕਾ ਨੇ ਸਿੱਟਾ ਕੱਢਿਆ ਹੈ ਕਿ ਮਾਇਆ ਸਾਰੇ ਦੁਖਾਂ ਦਾ ਕਾਰਨ ਹੈ ਤੇ ਭਗਤ ਰਵਿਦਾਸ ਜੀ ਨੇ ਇਸਤੋਂ ਬਚਣ ਲਈ ਪਰਮਾਤਮਾ ਦੀ ਬੰਦਗੀ ਕਰਨ ਦਾ ਰਾਹ ਸੁਝਾਇਆ ਹੈ।
ਇਸ ਤਰ੍ਹਾਂ ਡਾ. ਗੁਰਨਾਮ ਸਿੰਘ ਦੀ ਸੁਚੱਜੀ ਸੰਪਾਦਨਾ ਵਾਲੀ ਇਹ ਪੁਸਤਕ ਭਗਤ ਰਵਿਦਾਸ ਜੀ ਦੇ ਦਰਸ਼ਨ ਤੇ ਵਿਚਾਰਧਾਰਾ ਨੂੰ ਸਮਝਣ ਤੇ ਸਮਝਾਉਣ ਦਾ ਉਤਕ੍ਰਿਸ਼ਟ ਉਪਰਾਲਾ ਹੈ। ਇਸ ਵਿੱਚ ਸ਼ਾਮਲ ਸਾਰੇ ਹੀ ਖੋਜਕਰਤਾਵਾਂ ਨੇ ਵੱਖੋ ਵੱਖਰੀ ਦ੍ਰਿਸ਼ਟੀ ਤੋਂ ਭਗਤ ਜੀ ਦੀ ਬਾਣੀ ਨੂੰ ਅਧਿਐਨ ਦਾ ਕੇਂਦਰ ਬਣਾਇਆ ਹੈ। ਲੇਖਕਾਂ ਬਾਰੇ ਜਾਣਕਾਰੀ ਬਹੁਤ ਸੰਖਿਪਤ ਦਿੱਤੀ ਗਈ ਹੈ। ਮੇਰੀ ਜਾਚੇ, ਇੱਥੇ ਪਰਿਸ਼ਿਸ਼ਟ/ਅੰਤਿਕਾ ਵਜੋਂ ਲੇਖਕਾਂ ਦੇ ਪਰਿਚੈ ਵਾਲੇ ਭਾਗ ਵਿੱਚ ਉਹਦੇ ਕਾਰਜ ਖੇਤਰ/ਕਾਰਜ ਸਥਾਨ ਬਾਰੇ ਵੀ ਦੱਸ ਦਿੱਤਾ ਜਾਂਦਾ, ਤਾਂ ਚੰਗੇਰਾ ਹੋਣਾ ਸੀ। ਮਾਮੂਲੀ ਸ਼ਾਬਦਿਕ ਤਰੁਟੀਆਂ ਦੇ ਬਾਵਜੂਦ ਪੁਸਤਕ ਆਪਣੇ ਆਕਰਸ਼ਕ ਸਰਵਰਕ ਪੱਖੋਂ ਪ੍ਰਭਾਵਿਤ ਕਰਦੀ ਹੈ। ਸਾਲ 2025 ਵਿੱਚ ਪ੍ਰਕਾਸ਼ਿਤ ਇਸ ਕਿਤਾਬ ਦਾ ਮੈਂ ਖ਼ੈਰ-ਮਕਦਮ ਕਰਦਾ ਹਾਂ।

~ ਪ੍ਰੋ. ਨਵ ਸੰਗੀਤ ਸਿੰਘ
# 1, ਲਤਾ ਗਰੀਨ ਐਨਕਲੇਵ, ਪਟਿਆਲਾ-147002.
9417692015.
