ਪਰਿਵਾਰ ਬੱਚੇ ਦਾ ਪਹਿਲਾ ਸਕੂਲ ਅਤੇ ਮਾਂ ਬੱਚੇ ਦੀ ਪਹਿਲੀ ਅਧਿਆਪਕ ਹੁੰਦੀ ਹੈ। ਤੋਤਲੀ ਜੁਬਾਨ ਰਾਹੀਂ ਬੋਲਿਆ ਗਿਆ ਪਹਿਲਾਂ ਸ਼ਬਦ ਵੀ ਮਾਂ ਹੁੰਦਾ ਹੈ। ਮਾਂ ਨਾਲ ਬੱਚੇ ਦਾ ਰਿਸ਼ਤਾ ਕਿੰਨਾ ਗੂੜ੍ਹਾ ਅਤੇ ਗਹਿਰਾ ਹੈ ਇਸਦਾ ਅੰਦਾਜ਼ਾ ਸਾਡੇ ਸੱਭਿਆਚਾਰ ਵਿੱਚ ਬਾਖ਼ੂਬੀ ਨਜ਼ਰ ਆਉਂਦਾ ਹੈ। ਲੋਕ ਗੀਤਾਂ ਵਿੱਚ ਮਾਂ ਨੂੰ ਠੰਡੀ ਛਾਂ ਅਤੇ ਮਾਂ ਨੂੰ ਸਾਰਿਆਂ ਰਿਸ਼ਤਿਆਂ ਤੋਂ ਉੱਤਮ ਰੱਖ ਕੇ ਰੱਬ ਦਾ ਦਰਜਾ ਦੇ ਕੇ ਵਡਿਆਇਆ ਗਿਆ। ਇੱਕ ਮਾਂ ਦੀ ਕੁੱਖੋਂ ਜਨਮ ਲੈਣ ਵਾਲੇ ਕਿੰਨੇ ਵੀ ਲੜਨ ਝਗੜਨ ਪਰ ਉਹਨਾਂ ਵਿੱਚ ਮੋਹ ਦਾ ਇੱਕ ਅਜਿਹਾ ਰਿਸ਼ਤਾ ਬਣਿਆ ਹੁੰਦਾ ਹੈ ਜ਼ੋ ਉਹਨਾਂ ਨੂੰ ਹਮੇਸ਼ਾ ਆਪਣੇਪਣ ਦਾ ਅਹਿਸਾਸ ਕਰਵਾਉਂਦਾ ਰਹਿੰਦਾ ਹੈ। ਆਪਣਿਆਂ ਤੋਂ ਦੂਰ ਹੋ ਕੇ ਉਹਨਾਂ ਦੀ ਕ਼ੀਮਤ ਪਤਾ ਚੱਲਣ ਦੇ ਨਾਲ ਨਾਲ ਉਹਨਾਂ ਨੂੰ ਮਿਲ਼ਣ ਲਈ ਤਾਂਘ ਹਮੇਸ਼ਾ ਬਣੀ ਰਹਿੰਦੀ ਹੈ।ਭਰਾ, ਭਰਾਵਾਂ ਦੀਆਂ ਬਾਹਾਂ ਹੁੰਦੀਆਂ ਹਨ ਅਤੇ ਵੀਰਾਂ ਨਾਲ ਹੀ ਸਰਦਾਰੀ ਕਾਇਮ ਰਹਿੰਦੀ ਹੈ। ਔਖ਼ੇ ਵੇਲੇ ਭਰਾ ਹੀ ਭਰਾ ਦਾ ਸਹਾਰਾ ਬਣਦੇ ਹਨ। ਭਰਾਵਾਂ ਦੀ ਸਾਂਝ ਅਤੇ ਉਹਨਾਂ ਵਿਚਕਾਰ ਬਣੇ ਪਿਆਰ ਦੇ ਰਿਸ਼ਤੇ ਅਤੇ ਸਮੇਂ ਦੇ ਨਾਲ ਉਹਨਾਂ ਵਿੱਚ ਆ ਰਹੇ ਟਕਰਾਅ ਨੂੰ ਪੇਸ਼ ਕਰਦੀ ਹੈ ਫ਼ਿਲਮ ਮਾਂ ਜਾਏ ਜੋ ਕਿ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋ ਚੁੱਕੀ ਹੈ।
ਅਨਿਲ ਵਿਜ,ਜਿੰਮੀ ਸ਼ੇਰਗਿੱਲ, ਯੋਗਰਾਜ ਸਿੰਘ, ਅਨੀਤਾ ਮੀਤ ਅਤੇ ਰਹਿਮਤ ਰਤਨ ਦੀ ਅਦਾਕਾਰੀ ਨਾਲ ਭਰਪੂਰ ਫ਼ਿਲਮ ਮਾਂ ਜਾਏ ਨੂੰ ਇੰਦਰਪਾਲ ਦੁਆਰਾ ਲਿਖਿਆ,ਨਵਨਾਇਤ ਸਿੰਘ ਦੁਆਰਾ ਡਾਇਰੈਕਟ,ਡਾ ਅਮਰਜੀਤ ਸਿੰਘ ਦੁਆਰਾ ਪਰੋਡਿਊਜ ਕਰਕੇ ਦੇਸੀ ਮੈਲੌਡੀਜ ਦੇ ਬੈਨਰ ਹੇਠ ਪੇਸ਼ ਕੀਤਾ ਗਿਆ ਹੈ। ਪੰਜਾਬੀ ਦੇ ਨਾਲ ਨਾਲ ਹਿੰਦੀ ਫ਼ਿਲਮਾਂ ਵਿੱਚ ਵੀ ਆਪਣੀ ਅਦਾਕਾਰੀ ਦਾ ਲੋਹਾ ਮੰਨਵਾਉਣ ਵਾਲੇ ਜਿੰਮੀ ਸ਼ੇਰਗਿੱਲ ਅਤੇ ਮਾਨਵ ਵਿੱਜ ਨੇ ਬੀ ਬੀ ਸੀ ਇੰਟਰਵਿਊ ਦੌਰਾਨ ਦੱਸਿਆ ਕਿ ਪੰਜਾਬ ਵਿੱਚ ਬਹੁਤ ਸਾਰੀਆਂ ਅਜਿਹੀਆਂ ਕਹਾਣੀਆਂ ਹਨ ਜ਼ੋ ਹਕੀਕਤ ਵਿੱਚ ਵਾਪਰੀਆਂ। ਪੰਜਾਬ ਨੇ ਸੰਤਾਲੀ ,1966 ਦੀ ਪੰਜਾਬ ਵੰਡ ਅਤੇ ਉੱਨੀ ਸੌ ਚੁਰਾਸੀ ਜਿਹੇ ਹਾਲਾਤ ਹਢਾਏ। ਪੰਜਾਬ ਦੀ ਕਹਾਣੀਆਂ ਅਤੇ ਸੱਭਿਆਚਾਰ ਨੂੰ ਹੁਣ ਪੂਰੀ ਦੁਨੀਆਂ ਨੂੰ ਦਿਖਾਉਣ ਦਾ ਸਮਾਂ ਆ ਗਿਆ ਹੈ। ਆਪਣੀ ਗੱਲ ਨੂੰ ਅੱਗੇ ਤੋਰਦਿਆਂ ਜਿੰਮੀ ਸ਼ੇਰਗਿੱਲ ਨੇ ਕਿਹਾ ਕਿ ਉਹ ਲੰਮੇ ਸਮੇਂ ਤੋਂ ਪੰਜਾਬੀ ਸਿਨੇਮਾ ਵਿੱਚ ਕੁੱਝ ਵੱਖਰਾ ਕਰਨਾ ਸੋਚਦੇ ਸਨ ਅਤੇ ਫ਼ਿਲਮ ਮਾਂ ਜਾਏ ਕੁੱਝ ਵੱਖਰਾ ਕਰਨ ਦੀ ਸ਼ੁਰੂਆਤ ਹੈ।
ਫ਼ਿਲਮ ਦੇ ਟ੍ਰੇਲਰ ਅਤੇ ਗੀਤਾਂ ਨੂੰ ਦਰਸ਼ਕਾਂ ਵੱਲੋਂ ਪੂਰਾ ਪਿਆਰ ਮਿਲ ਰਿਹਾ ਹੈ।ਫ਼ਿਲਮ ਦੇ ਚਾਰੋਂ ਗੀਤਾਂ ਜਿਨ੍ਹਾਂ ਨੂੰ ਸੁਨਿਧੀ ਚੌਹਾਨ, ਹਿੰਮਤ ਸੰਧੂ, ਨਵੀਂ ਸਰਨ, ਰਣਜੀਤ ਬਾਵਾ,ਰੋਮੀ ਮਾਨ ਅਤੇ ਦਵਿੰਦਰ ਪਾਲ ਸਿੰਘ ਨੇ ਆਵਾਜ਼ ਦਿੱਤੀ ਹੈ ਜਿਸ ਵਿੱਚ ਤੇਰੇ ਇਸ਼ਕ ਵਿੱਚ,ਟਾਈਟਲ ਗੀਤ, ਵੀਰਾਂ ਨਾਲ ਸਰਦਾਰੀ ਅਤੇ ਐਤੀ ਮਾਰ ਪਏ ਕੁਰਲਾਨੇ ਨੂੰ ਦਰਸ਼ਕਾਂ ਵੱਲੋਂ ਭਰਪੂਰ ਹੁੰਗਾਰਾ ਦਿੱਤਾ ਜਾ ਰਿਹਾ ਹੈ।ਪਿਆਰ,ਕਾਮੇਡੀ, ਐਕਸ਼ਨ ਤੋਂ ਬਾਅਦ ਪੌਲੀਵੁੱਡ ਸਿਨੇਮਾ ਵੀ ਲਗਾਤਾਰ ਸਮਾਜ਼, ਪਰਿਵਾਰ ਅਤੇ ਜ਼ਿੰਦਗੀ ਦੀ ਤਲਖ਼ ਹਕੀਕਤਾਂ ਨੂੰ ਬਿਆਨ ਕਰਕੇ ਜ਼ਿੰਦਗੀ ਨੂੰ ਸੇਧ ਦੇਣ ਵਾਲੀਆਂ ਫ਼ਿਲਮਾਂ ਦੇ ਰਿਹਾ ਹੈ ਜੋ ਅਸ਼ਲੀਲਤਾ ਤੋਂ ਕੋਹਾਂ ਦੂਰ ਅਤੇ ਜਿਨ੍ਹਾਂ ਪਰਿਵਾਰ ਵਿੱਚ ਬੈਠ ਕੇ ਦੇਖਿਆ ਜਾ ਸਕਦਾ ਹੈ। ਨੌਜਵਾਨ ਪੀੜ੍ਹੀ ਜ਼ੋ ਸ਼ੋਸ਼ਲ ਮੀਡੀਏ ਅਤੇ ਪੈਸੇ ਦੀ ਦੌੜ ਵਿੱਚ ਰਿਸ਼ਤਿਆਂ ਨੂੰ ਵਿਸਾਰ ਰਹੀ ਹੈ ਉਹਨਾਂ ਨੂੰ ਆਪਣਿਆਂ ਦੀ ਕੀਮਤ ਸਮਝਾਉਣ ਵਿੱਚ ਫ਼ਿਲਮ ਮਾਂ ਜਾਏ ਅਹਿਮ ਭੂਮਿਕਾ ਨਿਭਾਵੇਗੀ।
ਰਜਵਿੰਦਰ ਪਾਲ ਸ਼ਰਮਾ
ਪਿੰਡ ਕਾਲਝਰਾਣੀ
ਡਾਕਖਾਨਾ ਚੱਕ ਅਤਰ ਸਿੰਘ ਵਾਲਾ
ਤਹਿ ਅਤੇ ਜ਼ਿਲ੍ਹਾ ਬਠਿੰਡਾ
7087367969