ਇਹ ਗੱਲ ਅਸੀਂ ਅਕਸਰ ਹੀ ਹਰ ਇੱਕ ਦੇ ਮੂੰਹ ਵਿੱਚੋਂ ਸੁਣ ਹੀ ਲੈਂਦੇ ਹਾਂ ਆਂਡਿਆਂ ਵਾਲੀ ਨਹੀਂ ਜਾਂ ਭਾਂਡਿਆਂ ਵਾਲੀ ਨਹੀਂ ਜਾਂ ਫਿਰ ਭਾਂਡਿਆਂ ਵਾਲੀ ਨਹੀਂ ਜਾਂ ਟਾਂਡਿਆਂ ਵਾਲੀ ਨਹੀਂ ਪਰ ਬਹੁਤ ਹੀ ਘੱਟ ਲੋਕ ਜਾਣਦੇ ਹੋਣਗੇ ਕਿ ਇਹ ਗੱਲ ਕਿਵੇਂ ਬਣੀ।
ਪੁਰਾਣੇ ਸਮਿਆਂ ਦੀ ਗੱਲ ਹੈ ਕਿ ਇੱਕ ਘੁਮਿਆਰ ਦੀਆਂ ਦੋ ਕੁੜੀਆਂ ਸਨ।ਦੋਵੇਂ ਹੀ ਬਹੁਤ ਸੋਹਣੀਆਂ ਸਨ। ਜਦੋਂ ਵੱਡੀਆਂ ਹੋਈਆਂ ਤਾਂ ਦੋਹਾਂ ਦਾ ਵਿਆਹ ਕਰ ਦਿੱਤਾ। ਇੱਕ ਕੁੜੀ ਦੇ ਸਹੁਰੇ ਖੇਤੀਬਾੜੀ ਦਾ ਕੰਮ ਕਰਦੇ ਸਨ ਤੇ ਦੂਜੀ ਦੇ ਘੁਮਿਆਰ ਪੁਣੇ ਦਾ ਹੀ ਮੇਰਾ ਮਤਲਬ ਭਾਂਡੇ ਬਣਾਉਂਦੇ ਸਨ।
“ਭਾਗਵਾਨੇ ਮੈਂ ਕਹਿੰਦਾ ਸੀ ਕਈ ਮਹੀਨੇ ਹੋ ਗਏ ਕੁੜੀਆਂ ਨੂੰ ਆਏ ਜੇ ਤੂੰ ਆਖੇ ਤਾਂ ਮੈਂ ਕੁੜੀਆਂ ਨੂੰ ਸਹੁਰੇ ਜਾਕੇ ਹੀ ਮਿਲ ਆਵਾਂ, ਨਾਲੇ ਉਹਨਾਂ ਦੀ ਸੁੱਖ ਸਾਂਦ ਦਾ ਪਤਾ ਚੱਲ ਜਾਵੇਗਾ।”ਜਦੋਂ ਕੁੜੀਆਂ ਨੂੰ ਮਿਲਣ ਆਏ ਕਈ ਮਹੀਨੇ ਹੋ ਗਏ ਤਾਂ ਘੁਮਿਆਰ ਨੇ ਆਪਣੇ ਦਿਲ ਦੀ ਗੱਲ ਆਪਣੀ ਪਤਨੀ ਨਾਲ ਸਾਂਝੀ ਕੀਤੀ।
” ਤੁਸੀਂ ਤਾਂ ਮੇਰੇ ਦਿਲ ਦੀ ਗੱਲ ਕਰ ਦਿੱਤੀ ਜੀ , ਮੈਂ ਤਾਂ ਤੁਹਾਨੂੰ ਆਪ ਇਹ ਹੀ ਗੱਲ ਆਖਣ ਵਾਲੀ ਸੀ। “
“ਚੱਲ ਠੀਕ ਹੈ ਫ਼ੇਰ ਮੈਂ ਕੱਲ੍ਹ ਹੀ ਮਿਲਕੇ ਆਉਂਦਾ ਹਾਂ। ” ਘੁਮਿਆਰ ਅਗਲੇ ਦਿਨ ਸਵੇਰੇ ਹੀ ਤੁਰ ਪਿਆ।
“ਰਾਮ ਰਾਮ ਪਾਪਾ ਜੀ ਸੁਣਾਉ ਸਭ ਠੀਕ ਠਾਕ ਹੈ। ਉਹ ਪਹਿਲੀ ਕੁੜੀ ਦੇ ਘਰ ਪਹੁੰਚ ਗਿਆ।
“ਸਭ ਵਧੀਆ ਹੈ ਪੁੱਤ ਤੂੰ ਸੁਣਾ ਕਿਵੇਂ ਚੱਲ ਰਹੀ ਹੈ ਤੁਹਾਡੀ ਖੇਤੀਬਾੜੀ? “
“ਬਹੁਤ ਵਧੀਆ ਪਾਪਾ ਜੀ ਸੁੱਖ ਨਾਲ ਇਸ ਵਾਰ ਤਾਂ ਤੁਹਾਡੇ ਜਵਾਈ ਨੇ ਵੀਹ ਏਕੜ ਜਮੀਨ ਠੇਕੇ ਉੱਤੇ ਵੀ ਲਈ ਹੋਈ ਹੈ। ਬਸ ਪ੍ਰਮਾਤਮਾ ਦੀ ਮਿਹਰ ਰਹੀ ਤੇ ਇਸ ਵਾਰ ਮੀਂਹ ਚੰਗੇ ਪੈ ਗਏ ਤਾਂ ਫਸਲ ਬਹੁਤ ਵਧੀਆਂ ਹੋ ਜਾਣੀ ਹੈ। ਬਸ ਫ਼ੇਰ ਤੁਹਾਡੀ ਧੀ ਰਾਜ਼ ਕਰੇਗੀ ਰਾਜ।ਤੁਸੀਂ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰੋ ਕਿ ਇਸ ਵਾਰੀ ਖੁੱਲ੍ਹੇ ਮੀਂਹ ਪੈਣ। “
“ਬਹੁਤ ਵਧੀਆਂ ਪੁੱਤ ਪ੍ਰਮਾਤਮਾ ਤੁਹਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰਨ ਤੇ ਸਭ ਕੁਝ ਤੁਹਾਡੇ ਸੋਚਣ ਮੁਤਾਬਿਕ ਹੀ ਹੋਵੇ।ਪੁੱਤ ਹੁਣ ਮੈਂ ਚੱਲਦਾ ਹਾਂ।ਛੋਟੀ ਨੂੰ ਮਿਲਕੇ ਵਾਪਸ ਪਿੰਡ ਵੀ ਜਾਣਾ ਹੈ।”ਆਖ ਘੁਮਿਆਰ ਦੂਜੀ ਕੁੜੀ ਨੂੰ ਮਿਲਣ ਲਈ ਚੱਲ ਪਿਆ।
” ਪਾਪਾ ਜੀ ਰਾਮ ਰਾਮ ਜੀ। “
” ਰਾਮ ਰਾਮ ਪੁੱਤ ਸੁਣਾਉ ਸਭ ਠੀਕ ਠਾਕ ਹੈ। “
” ਹਾਂ ਜੀ ਪਾਪਾ ਜੀ ਬਹੁਤ ਹੀ ਵਧੀਆਂ ਜੀ। “
“ਹੋਰ ਕਾਰੋਬਾਰ ਕਿਵੇਂ ਚੱਲ ਰਿਹਾ ਹੈ? “
“ਕਾਰੋਬਾਰ ਵਧੀਆ ਹੈ ਜੀ। ਇਸ ਵਾਰ ਤੁਹਾਡੇ ਜਵਾਈ ਸਾਹਿਬ ਨੇ ਰਾਜਸਥਾਨ ਵਿੱਚੋਂ ਸਪੈਸ਼ਲ ਮਿੱਟੀ ਮੰਗਵਾਈ ਹੈ ਭਾਂਡੇ ਬਨਵਾਉਣ ਲਈ। ਬਸ ਪ੍ਰਮਾਤਮਾ ਮਿਹਰ ਰੱਖੇ ਤੇ ਜਿਆਦਾ ਮੀਂਹ ਨਾ ਪੈਣ, ਨਹੀਂ ਤਾਂ ਬਹੁਤ ਨੁਕਸਾਨ ਹੋ ਜਾਣਾ ਹੈ ਜੀ।ਤੁਸੀਂ ਵੀ ਪ੍ਰਾਰਥਨਾ ਕਰੋ ਕਿ ਇਸ ਵਾਰ ਮੀਂਹ ਘੱਟ ਹੀ ਪੈਣ। “
“ਬਹੁਤ ਵਧੀਆਂ ਪੁੱਤ ਪ੍ਰਮਾਤਮਾ ਤੁਹਾਡੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰਨ ਤੇ ਸਭ ਕੁਝ ਤੁਹਾਡੇ ਸੋਚਣ ਮੁਤਾਬਿਕ ਹੀ ਹੋਵੇ।ਪੁੱਤ ਹੁਣ ਮੈਂ ਚੱਲਦਾ ਹਾਂ।ਤੇਰੀ ਮਾਂ ਘਰੇ ਮੇਰਾਵਇੰਤਜ਼ਾਰ ਕਰ ਰਹੀ ਹੋਵੇਗੀ।”ਆਖ ਘੁਮਿਆਰ ਆਪਣੇ ਘਰ ਵੱਲ ਤੁਰ ਪਿਆ।
ਰਾਤ ਨੂੰ ਜਦੋਂ ਘਰੇ ਪਹੁੰਚਿਆ ਤਾਂ ਪਤਨੀ ਨੇ ਕੁੜੀਆਂ ਦੇ ਬਾਰੇ ਵਿੱਚ ਪੁੱਛਿਆ,”ਹਾਂ ਜੀ ਦੱਸੋ ਕਿਵੇਂ ਹਨ ਮੇਰੀਆਂ ਧੀਆਂ ,ਸਭ ਠੀਕ ਠਾਕ ਹੈ। “
“ਦੋਵੇਂ ਅੱਜ ਦੀ ਘੜੀ ਬਹੁਤ ਵਧੀਆਂ ਹਨ । “
” ਪ੍ਰਮਾਤਮਾ ਇੰਝ ਹੀ ਮਿਹਰ ਬਣਾਈ ਰੱਖੇ।ਦੋਹਾਂ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਹੋਣ। “
“ਭਾਗਵਾਨੇ ਇੱਛਾ ਤਾਂ ਇੱਕ ਦੀ ਹੀ ਪੂਰੀ ਹੋਵੇਗੀ। ਜੇ ਭਾਂਡਿਆਂ ਵਾਲੀ ਦੀ ਪੂਰੀ ਹੋ ਗਈ ਤਾਂ ਟਾਂਡਿਆਂ ਵਾਲੀ ਹੈ ਨਹੀਂ ਤੇ ਜੇ ਟਾਂਡਿਆਂ ਵਾਲੀ ਦੀ ਪੂਰੀ ਹੋ ਗਈ ਤਾਂ ਭਾਂਡਿਆਂ ਨੀਲਾ ਹੈ ਨਹੀਂ।” ਘੁਮਿਆਰ ਨੇ ਦੁੱਖੀ ਮਨ ਨਾਲ ਜਵਾਬ ਦਿੱਤਾ।
ਸੰਦੀਪ ਦਿਉੜਾ
8437556667