ਬੜੀ ਪੁਰਾਣੀ ਗੱਲ ਹੈ ਬੱਚਿਓ!
ਥੋਨੂੰ ਅੱਜ ਸੁਣਾਵਾਂ।
ਕਈਆਂ ਵਿਰਸੇ ਸਭਿਆਚਾਰ ਦਾ
ਸਾਭ ਰੱਖਿਆ ਸਿਰਨਾਵਾਂ।
ਭਾਂਡੇ ਕਲੀ ਕਰਨ ਭਾਈ ਇੱਕ
ਸਾਡੀ ਗਲੀ ਸੀ ਆਉਂਦਾ।
ਭਾਂਡੇ ਕਲੀ ਕਰਾ ਲਓ ਦਾ ਫਿਰ
ਹੋਕਾ ਸੀ ਉਹ ਲਾਉਂਦਾ।
ਆਪਣਾ ਸਾਰਾ ਸਮਾਨ ਸੀ ਉਹ
ਸਾਈਕਲ ਤੇ ਲੱਦ ਲੈਂਦਾ।
ਜੇ ਕੋਈ ਉਹਨੂੰ ਆਵਾਜ਼ ਮਾਰਦਾ,
ਵਿੱਚ ਚੌਂਕ ਦੇ ਬਹਿੰਦਾ।
ਭੱਠੀ ਦੇ ਵਿੱਚ ਕੋਲ਼ੇ ਪਾ ਕੇ ,
ਪੱਖੀ ਤਾਂਈ ਘੁੰਮਾਉਂਦਾ।
ਭਾਂਡੇ ਨੂੰ ਪੂਰਾ ਸੀ ਗਰਮ ਕਰਕੇ,
ਚਿੱਟੀ ਕਲੀ ਵਿੱਚ ਪਾਉਂਦਾ।
ਫਿਰ ਲੋਗੜ ਦਾ ਟੁੱਕੜਾ ਫ਼ੜ ਕੇ,
ਉਸ ਦੇ ਵਿੱਚ ਘੁੰਮਾਂ ਦਿੰਦਾ।
ਸੋਨੇ ਰੰਗੇ ਭਾਂਡੇ ਅੰਦਰ,
ਚਾਂਦੀ ਦਾ ਵਰਕ ਚੜ੍ਹਾ ਦਿੰਦਾ।
ਪਰਾਤਾਂ ਦੇ ਸੀ ਪੌੜ ਵੀ ਲਾਉਂਦਾ,
ਟੁੱਟੇ ਭਾਂਡੇ ਜੋੜ ਦਿੰਦਾ।
ਬਹੁਤਾਂ ਚਿਬ ਖੜੀਬਾ ਭਾਂਡਾ ,
ਨਹੀਂ ਬਣਨਾ,ਉਹ ਮੋੜ ਦਿੰਦਾ।
ਅਸੀਂ ਚਾਹ ਫੜਾਉਣ ਬਹਾਨੇ
ਉਸ ਦੇ ਕੋਲੇ ਆ ਜਾਂਦੇ।
ਕਈ ਵਿਹਲੜ ਗੱਲਾਂ ਕਰਕੇ
ਆਪਣਾ ਡੰਗ ਟਪਾ ਜਾਂਦੇ।
‘ਪੱਤੋ’ ਆਖੇ ਉਹ ਵੇਲੇ ਲੱਦ ਗਏ
ਹੁਣ ਮੁੜ ਕੇ ਉਹ ਆਉਂਣੇ ਨਹੀਂ।
ਚਾਈਨਾ ਦੇ ਅੱਜ ਭਾਂਡੇ ਚੱਲ ਪਏ,
ਪਿੱਤਲ ਦੇ ਹੁਣ ਥਿਆਉਂਣੇ ਨਹੀਂ।
ਹਰਪ੍ਰੀਤ ਪੱਤੋ
ਪਿੰਡ ਪੱਤੋ ਹੀਰਾ ਸਿੰਘ (ਮੋਗਾ)
ਫੋਨ ਨੰਬਰ 94658-21417