ਭਾਰਤ ਦੀ ਚਿੱਤਰਕਲਾ ਦੇ ਇਤਿਹਾਸ ਵਿੱਚ 9 ਜੂਨ ਦਾ ਦਿਨ ਕਲਾ ਦੇ ਇਕ ਚਿਤੇਰੇ ਦੀ ਮੌਤ ਵਜੋਂ ਦਰਜ ਹੈ। ਅਸਲ ਵਿੱਚ ਭਾਰਤ ਵਿੱਚ ਆਧੁਨਿਕ ਚਿੱਤਰਕਲਾ ਦੇ ਪਰਿਆਇ ਵਜੋਂ ਜਾਣੇ ਜਾਂਦੇ ਐਮ ਐਫ ਹੁਸੈਨ ਨੇ 9 ਜੂਨ 2011 ਦੇ ਦਿਨ ਲੰਡਨ ਦੇ ਰਾਇਲ ਬ੍ਰਾਂਪਟਨ ਹਸਪਤਾਲ ਵਿਖੇ ਦੁਨੀਆਂ ਨੂੰ ਅਲਵਿਦਾ ਕਹੀ ਸੀ।
“ਭਾਰਤ ਦੇ ਪਿਕਾਸੋ” ਵਜੋਂ ਜਾਣੇ ਜਾਂਦੇ ਐਮ ਐਫ ਹੁਸੈਨ, ਜਿਸਦਾ ਪੂਰਾ ਨਾਂ ਮਕਬੂਲ ਫ਼ਿਦਾ ਹੁਸੈਨ ਸੀ, ਦਾ ਜਨਮ 17 ਸਤੰਬਰ 1915 ਨੂੰ ਮਹਾਰਾਸ਼ਟਰ ਦੇ ਇੱਕ ਛੋਟੇ ਜਿਹੇ ਕਸਬੇ ਪੰਡਰਪੁਰ ਵਿਖੇ ਹੋਇਆ। ਇਸ ਛੋਟੇ ਕਸਬੇ ਵਿੱਚ ਰਹਿ ਕੇ ਆਪਣੇ ਸੁਪਨਿਆਂ ਨੂੰ ਜਿਉਂਦਾ ਰੱਖਣਾ ਬੜਾ ਔਖਾ ਸੀ। ਅਜੇ ਉਹ ਦੋ ਸਾਲਾਂ ਦਾ ਹੀ ਸੀ ਕਿ ਉਸ ਦੀ ਮਾਂ ਦੀ ਮੌਤ ਹੋ ਗਈ। ਮਾਂ ਦੀ ਮੌਤ ਪਿੱਛੋਂ ਵੀ ਹੁਸੈਨ ਦੇ ਜੀਵਨ ਵਿਚ ਸੰਘਰਸ਼ ਦਾ ਦੌਰ ਜਾਰੀ ਰਿਹਾ। ਮਹਾਂਰਾਸ਼ਟਰ ਛੱਡ ਕੇ ਇੰਦੌਰ ਵਿੱਚ ਸ਼ਿਫਟ ਹੋਣ ਪਿੱਛੋਂ ਹੁਸੈਨ ਨੇ ਇਥੇ ਆਪਣੀ ਪੜ੍ਹਾਈ ਪੂਰੀ ਕੀਤੀ ਅਤੇ ਫਿਰ ਅਗਲੇਰੀ ਪੜ੍ਹਾਈ ਲਈ ਦੁਬਾਰਾ ਮੁੰਬਈ ਚਲਾ ਗਿਆ। 1935 ਵਿੱਚ ਉਸ ਨੇ ਸਰ ਜੇ.ਜੇ.ਸਕੂਲ ਆਫ ਆਰਟ ਮੁੰਬਈ ਵਿੱਚ ਦਾਖਲਾ ਲੈ ਲਿਆ।
ਆਪਣੇ ਕਰੀਅਰ ਦੇ ਮੁੱਢਲੇ ਦਿਨਾਂ ਵਿੱਚ ਹੁਸੈਨ ਨੇ ਕਈ ਪਾਪੜ ਵੇਲੇ। ਸੰਘਰਸ਼ ਦੇ ਦਿਨਾਂ ਵਿਚ ਉਹ ਫਿਲਮਾਂ ਲਈ ਬੈਨਰ, ਪੋਸਟਰ ਅਤੇ ਹੋਰਡਿੰਗ ਬਣਾਇਆ ਕਰਦਾ ਸੀ। ਪਰ ਇੱਕ ਸਮਾਂ ਅਜਿਹਾ ਵੀ ਆਇਆ, ਜਦੋਂ ਨਿਰਮਾਤਾ ਅਹਿਸਾਨ ਮੀਆਂ ਨੇ ਉਸਨੂੰ ਬਾਹਰ ਦਾ ਦਰਵਾਜ਼ਾ ਵਿਖਾ ਦਿੱਤਾ।
ਚਿਤਰਕਲਾ ਹੁਸੈਨ ਦਾ ਪਹਿਲਾ ਪਿਆਰ ਨਹੀਂ ਸੀ, ਸਗੋਂ ਉਹ ਤਾਂ ਸਿਨੇਮਾ ਦਾ ਹੀ ਦੀਵਾਨਾ ਸੀ। ਉਹ ਮੁਹੱਬਤ ਤਾਂ ਸਿਨੇਮਾ ਨੂੰ ਕਰਦਾ ਸੀ, ਪਰ ਇਸ਼ਕ ਦਾ ਇਜ਼ਹਾਰ ਉਸ ਨੇ ਚਿੱਤਰਕਾਰੀ ਨਾਲ਼ ਕੀਤਾ। ਉਹ ਮੁੰਬਈ ਵੀ ਇਸੇ ਲਈ ਰਹਿ ਰਿਹਾ ਸੀ, ਕਿਉਂਕਿ ਉਹ ਨਿਰਦੇਸ਼ਕ ਬਣਨਾ ਚਾਹੁੰਦਾ ਸੀ। ਸ਼ੁਰੂ ਵਿਚ ਮੁੰਬਈ ਵਿਚ ਆਪਣਾ ਖਰਚ ਚਲਾਉਣ ਲਈ ਉਹ ਬਿਲਬੋਰਡ ਬਣਾਉਣ ਦਾ ਕੰਮ ਕਰਦਾ ਸੀ। ਹੋਰਡਿੰਗ ਬਣਾਉਂਦੇ ਸਮੇਂ ਹੀ ਹੁਸੈਨ ਦਾ ਚਿੱਤਰਕਲਾ ਲਈ ਪਿਆਰ ਜਾਗਿਆ ਅਤੇ ਫੇਰ ਉਸ ਨੇ ਆਪਣਾ ਪੂਰਾ ਧਿਆਨ ਇਸ ਪਾਸੇ ਲਾ ਦਿੱਤਾ। 1940 ਵਿੱਚ ਉਸ ਨੂੰ ਆਪਣੇ ਬਣਾਏ ਚਿੱਤਰਾਂ ਕਰਕੇ ਕੌਮੀ ਪਹਿਚਾਣ ਮਿਲੀ। ਉਹਦੀ ਪਹਿਲੀ (ਇਕੱਲੇ ਦੀ) ਚਿੱਤਰ-ਪ੍ਰਦਰਸ਼ਨੀ 1952 ਵਿੱਚ ਜ਼ਿਊੂਰਿਖ਼ ਵਿੱਚ ਲੱਗੀ। ਇਸ ਤੋਂ ਬਾਅਦ ਯੂਰਪ ਅਤੇ ਅਮਰੀਕਾ ਵਿਚ ਉਸਦੀਆਂ ਕਲਾਕ੍ਰਿਤੀਆਂ ਦੀਆਂ ਬਹੁਤ ਸਾਰੀਆਂ ਪ੍ਰਦਰਸ਼ਨੀਆਂ ਲੱਗੀਆਂ। ਵੱਖਰੀ ਸ਼ੈਲੀ ਅਤੇ ਲੀਕ ਤੋਂ ਹਟ ਕੇ ਵੱਖ-ਵੱਖ ਵਿਸ਼ਿਆਂ ਤੇ ਚਿੱਤਰ ਬਣਾਉਣ ਵਾਲੇ ਐਮ ਐਫ ਹੁਸੈਨ ਨੇ ਜੀਵਨ ਵਿਚ ਕਦੇ ਪਿੱਛੇ ਮੁੜ ਕੇ ਨਹੀਂ ਵੇਖਿਆ। 1955 ਵਿੱਚ ਉਸ ਨੂੰ ਕਲਾ ਦੇ ਖੇਤਰ ਵਿਚ ਬਿਹਤਰੀਨ ਯੋਗਦਾਨ ਲਈ ‘ਪਦਮਸ੍ਰੀ’ ਦਾ ਪੁਰਸਕਾਰ ਪ੍ਰਦਾਨ ਕੀਤਾ ਗਿਆ।
1967 ਵਿੱਚ ਉਸ ਨੇ ਪਹਿਲੀ ਬਣਾਈ: “ਥਰੂ ਦ ਆਈਜ਼ ਆਫ ਏ ਪੇਂਟਰ”। ਇਸ ਨੂੰ ਬਰਲਿਨ ਫਿਲਮ ਮਹਾਉਤਸਵ ਵਿਚ ‘ਗੋਲਡਨ ਬੀਅਰ’ ਦਾ ਐਵਾਰਡ ਵੀ ਮਿਲਿਆ। 1971 ਵਿਚ ਉਸ ਨੂੰ ਵਿਸ਼ਵ ਪ੍ਰਸਿੱਧ ਚਿੱਤਰਕਾਰ ਪਾਬਲੋ ਪਿਕਾਸੋ ਵੱਲੋਂ ਇਕ ਪ੍ਰਦਰਸ਼ਨੀ ਵਿੱਚ ਮਿਲਣ ਦੀ ਪੇਸ਼ਕਸ਼ ਹੋਈ। ਪਾਬਲੋ ਪਿਕਾਸੋ ਨੂੰ ਦੁਨੀਆਂ ਦੇ ਮਹਾਨਤਮ ਚਿੱਤਰਕਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਸੀ ਅਤੇ ਕਿਹਾ ਜਾਂਦਾ ਹੈ ਕਿ ਐਮ ਐਫ ਹੁਸੈਨ ਅਤੇ ਪਾਬਲੋ ਪਿਕਾਸੋ ਦੀ ਸ਼ੈਲੀ ਵਿੱਚ ਕਾਫ਼ੀ ਸਮਾਨਤਾ ਹੈ।
1973 ਵਿੱਚ ਉਸ ਨੂੰ ‘ਪਦਮ ਭੂਸ਼ਨ’ ਅਤੇ 1991 ਵਿੱਚ ‘ਪਦਮ ਵਿਭੂਸ਼ਨ’ ਦੇ ਪੁਰਸਕਾਰ ਨਾਲ ਨਿਵਾਜਿਆ ਗਿਆ। 1986 ਵਿੱਚ ਕਲਾ ਦੇ ਖੇਤਰ ਵਿੱਚ ਵਿਸ਼ਿਸ਼ਟ ਕਾਰਜ ਲਈ ਉਹਨੂੰ ਰਾਜ ਸਭਾ ਲਈ ਵੀ ਨਾਮਜ਼ਦ ਕੀਤਾ ਗਿਆ। 92 ਸਾਲ ਦੀ ਉਮਰ ਵਿੱਚ ਉਸਨੂੰ ਕੇਰਲ ਸਰਕਾਰ ਨੇ ‘ਰਾਜਾ ਰਵੀ ਵਰਮਾ ਪੁਰਸਕਾਰ’ ਦੇ ਕੇ ਸਨਮਾਨਿਤ ਕੀਤਾ। ਕ੍ਰਿਸਟੀਜ਼ ਆਕਸ਼ਨ ਵਿਚ ਉਸ ਦੀ ਇੱਕ ਪੇਂਟਿੰਗ ਵੀਹ ਲੱਖ ਅਮਰੀਕੀ ਡਾਲਰ ਵਿਚ ਵਿਕੀ। ਇਸ ਦੇ ਨਾਲ ਹੀ ਉਹ ਭਾਰਤ ਦਾ ਸਭ ਤੋਂ ਮਹਿੰਗਾ ਪੇਂਟਰ ਬਣ ਗਿਆ। ਉਸ ਦੀਆਂ ਪ੍ਰਸਿੱਧ ਪੇਂਟਿੰਗਜ਼ ਵਿਚ ‘ਹੌਰਸਿਜ਼’, ‘ਮਦਰ ਇੰਡੀਆ’, ‘ਮਦਰ ਟਰੇਸਾ’, ‘ਗੰਗਾ ਐਂਡ ਜਮੁਨਾ’, ‘ਲੇਡੀ ਵਿਦ ਵੀਨਾ’, ‘ਸੈਲਫ ਪੋਰਟੇਟ’, ‘ਵੁਮੈਨ ਐਟ ਵਰਕ’, ‘ਬਲੈਕ ਹਿੱਲ’, ਪੋਸਟ ਕਾਰਡ’, ਰਾਜਸਥਾਨੀ ਵਿਮੈੱਨ’ ਆਦਿ ਕਾਫ਼ੀ ਚਰਚਿਤ ਹਨ। ਉਸਦੀ ਆਤਮ ਕਥਾ ਤੇ ਇਕ ਫਿਲਮ ਵੀ ਨਿਰਮਾਣ ਅਧੀਨ ਹੈ।
ਜਿਸਦੀ ਚਿੱਤਰਕਲਾ ਦੀ ਪੂਰੀ ਦੁਨੀਆਂ ਦੀਵਾਨੀ ਸੀ, ਉਹੀ ਐਮ ਐਫ ਹੁਸੈਨ “ਧਕ ਧਕ ਗਰਲ” ਮਾਧੁਰੀ ਦੀਕਸ਼ਿਤ ਦਾ ਦੀਵਾਨਾ ਸੀ। ਮਾਧੁਰੀ ਦੀ ਫ਼ਿਲਮ “ਹਮ ਆਪਕੇ ਹੈਂ ਕੌਨ’ ਉਸਨੇ 67 ਵਾਰ ਵੇਖੀ। ਇਸ ਫ਼ਿਲਮ ਨੂੰ ਵੇਖਣ ਪਿੱਛੋਂ ਹੁਸੈਨ ਨੇ ਉਹਦੇ ਤੇ ਪੇਂਟਿੰਗ ਦੀ ਇੱਕ ਪੂਰੀ ਸੀਰੀਜ਼ ਬਣਾ ਦਿੱਤੀ। ਹਾਲਾਂਕਿ ਜਦੋਂ ਹੁਸੈਨ 85 ਸਾਲ ਦਾ ਸੀ, ਉਦੋਂ ਉਸ ਨੇ ਆਪਣਾ ਨਿਰਦੇਸ਼ਕ ਬਣਨ ਦਾ ਸੁਪਨਾ ਵੀ ਪੂਰਾ ਕਰ ਲਿਆ ਅਤੇ ਨਾਲ ਹੀ ਆਪਣੀ ਪਸੰਦੀਦਾ ਐਕਟ੍ਰੈੱਸ ਮਾਧੁਰੀ ਦੀਕਸ਼ਤ ਨੂੰ ਵੀ ਆਪਣੀ ਫ਼ਿਲਮ ਵਿੱਚ ਕਾਸਟ ਕੀਤਾ। ਇਸ ਫ਼ਿਲਮ ਦਾ ਨਾਮ ਸੀ- ‘ਗਜਗਾਮਿਨੀ’।
ਹੁਸੈਨ ਦੀ ਦੀਵਾਨਗੀ ਦਾ ਆਲਮ ਸੱਤ ਸਾਲ ਪਿੱਛੋਂ ਉਸ ਵੇਲੇ ਵੀ ਕਾਇਮ ਰਿਹਾ, ਜਦੋਂ ਮਾਧੁਰੀ ਦੀਕਸ਼ਿਤ ਨੇ ‘ਆਜਾ ਨੱਚ ਲੇ’ ਨਾਲ ਬਾਲੀਵੁੱਡ ਵਿਚ ਦੁਬਾਰਾ ਐਂਟਰੀ ਦਿੱਤੀ। ਹੁਸੈਨ ਉਨ੍ਹੀਂ ਦਿਨੀਂ ਦੁਬਈ ਵਿਚ ਸੀ ਅਤੇ ਉਸ ਨੇ ਦੁਪਹਿਰ ਦੇ ਸ਼ੋਅ ਲੲੀ ਦੁਬੲੀ ਦੇ ਲੈਮਸੀ ਸਿਨੇਮਾ ਨੂੰ ਪੂਰੇ ਦਾ ਪੂਰਾ ਆਪਣੇ ਲਈ ਬੁੱਕ ਕਰਵਾ ਲਿਆ ਸੀ। ਮਾਧੁਰੀ ਤੋਂ ਬਿਨਾਂ ਹੁਸੈਨ ਤੱਬੂ, ਵਿਦਿਆ ਬਾਲਨ ਅਤੇ ਅੰਮ੍ਰਿਤਾ ਰਾਓ ਦਾ ਵੀ ਪ੍ਰਸ਼ੰਸਕ ਰਿਹਾ। ਉਸਨੇ ਤੱਬੂ ਨਾਲ ਵੀ ਫ਼ਿਲਮ ਬਣਾਈ, ਜਿਸ ਦਾ ਨਾਮ ਸੀ ‘ਮੀਨਾਕਸ਼ੀ: ਏ ਟੇਲ ਆਫ ਥ੍ਰੀ ਸਿਟੀਜ਼’। ਇਵੇਂ ਹੀ ਹੁਸੈਨ ਅੰਮ੍ਰਿਤਾ ਨੂੰ ‘ਵਿਵਾਹ’ ਵਿੱਚ ਵੇਖ ਕੇ ਫਿਦਾ ਹੋ ਗਿਆ। ਇਸ ਤੋਂ ਬਾਅਦ ਉਸਨੇ ਫ਼ੈਸਲਾ ਕੀਤਾ ਕਿ ਉਹ ਉਸ ਦੀਆਂ ਪੇਂਟਿੰਗਾਂ ਵੀ ਬਣਾਵੇਗਾ। ਇਹੋ ਨਹੀਂ ਅੰਮ੍ਰਿਤਾ ਦੇ ਜਨਮਦਿਨ ਤੇ ਹੁਸੈਨ ਨੇ ਉਸ ਨੂੰ ਤਿੰਨ ਪੇਂਟਿੰਗਾਂ ਤੋਹਫ਼ੇ ਵਜੋਂ ਦਿੱਤੀਆਂ, ਜਿਨ੍ਹਾਂ ਦੀ ਕੀਮਤ ਲਗਪਗ ਇੱਕ ਕਰੋੜ ਰੁਪਏ ਦੱਸੀ ਜਾਂਦੀ ਹੈ।
1990 ਤਕ ਹੁਸੈਨ ਨੂੰ ਭਾਰਤ ਦੇ ਸਭ ਤੋਂ ਮਹਿੰਗੇ ਚਿੱਤਰਕਾਰਾਂ ਵਿਚ ਗਿਣਿਆ ਜਾਣ ਲੱਗ ਪਿਆ, ਜਿਸ ਦੀ ਇੱਕ ਪੇਂਟਿੰਗ ਦੀ ਕੀਮਤ ਦੋ ਮਿਲੀਅਨ ਡਾਲਰ ਸੀ। ਪਰ ਇਸੇ ਦੌਰਾਨ ਉਸ ਨਾਲ ਕਾਫੀ ਵਿਵਾਦ ਵੀ ਸਾਹਮਣੇ ਆਏ: ਉਸ ਤੇ ਹਿੰਦੂ ਦੇਵੀ-ਦੇਵਤਿਆਂ ਦੀਆਂ ਅਸ਼ਲੀਲ ਅਤੇ ਨੰਗੀਆਂ ਪੇਂਟਿੰਗਾਂ ਬਣਾਉਣ ਦਾ ਮਾਮਲਾ ਸਾਹਮਣੇ ਆਇਆ। ਭਾਵੇਂ ਇਹ ਪੇਂਟਿੰਗਾਂ 1976 ਵਿੱਚ ਬਣਾਈਆਂ ਗਈਆਂ ਸਨ। ਉਸ ਉੱਤੇ 18 ਮਾਮਲੇ ਵੀ ਦਰਜ ਹੋਏ। ਫਿਰ 2006 ਵਿਚ ਇਕ ਹੋਰ ਮਾਮਲੇ ਵਿਚ ਉਸ ਨੂੰ ਹਿੰਦੂ ਦੇਵੀ- ਦੇਵਤਿਆਂ ਦਾ ਅਪਮਾਨ ਕਰਨ ਦਾ ਦੋਸ਼ੀ ਠਹਿਰਾਇਆ ਗਿਆ। ‘ਇੰਡੀਆ ਟੂਡੇ’ ਮੈਗਜ਼ੀਨ ਦੇ ਕਵਰ-ਪੇਜ ਤੇ ਭਾਰਤ ਮਾਤਾ ਦੀ ਤਸਵੀਰ ਬਣਾਉਣ ਨਾਲ ਉਸ ਦੀ ਕਾਫੀ ਆਲੋਚਨਾ ਹੋਈ। ਇਸ ਫੋਟੋ ਵਿੱਚ ਇਕ ਯੁਵਤੀ ਨੂੰ ਭਾਰਤ ਮਾਤਾ ਦੇ ਪ੍ਰਤੀਬਿੰਬ ਵਜੋਂ ਚਿਤਰਿਆ ਗਿਆ ਸੀ, ਜੋ ਅਲਫ਼ ਨੰਗੀ ਸੀ ਅਤੇ ਭਾਰਤ ਦੇ ਨਕਸ਼ੇ ਉੱਤੇ ਲੇਟੀ ਹੋਈ ਸੀ।
ਅਜਿਹੀਆਂ ਵਿਵਾਦਿਤ ਪੇਂਟਿੰਗਾਂ ਕਰਕੇ ਭਾਰਤ ਦੇ ਕਈ ਹਿੱਸਿਆਂ ਵਿਚ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਹੋਏ। ਸ਼ਿਵਸੈਨਾ ਅਤੇ ਆਰੀਆ ਸਮਾਜ ਨੇ ਇਸ ਦਾ ਸਭ ਤੋਂ ਜ਼ਿਆਦਾ ਵਿਰੋਧ ਕੀਤਾ। ਪਿੱਛੋਂ 2006 ਵਿੱਚ ਹੁਸੈਨ ਨੇ ਹਿੰਦੋਸਤਾਨ ਛੱਡ ਦਿੱਤਾ ਅਤੇ ਉਹ ਕਤਰ ਵਿਚ ਰਹਿਣ ਲੱਗ ਪਿਆ। ਕੁਝ ਸਮੇਂ ਬਾਅਦ ਉਸ ਨੇ ਲੰਡਨ ਨੂੰ ਆਪਣੀ ਰਿਹਾਇਸ਼ ਬਣਾ ਲਿਆ। ਇੱਥੇ ਹੀ ਜਲਾਵਤਨੀ ਦਾ ਜੀਵਨ ਬਿਤਾਉਂਦਿਆਂ 9 ਜੂਨ 2011 ਨੂੰ ਉਸ ਦਾ ਦੇਹਾਂਤ ਹੋ ਗਿਆ।
ਐਮ.ਐਫ.ਹੁਸੈਨ ਆਪਣੇ ਨਾਮ ਮੁਤਾਬਕ ‘ਮਕਬੂਲ’
(ਪ੍ਰਸਿੱਧ) ਵੀ ਸੀ ਅਤੇ ‘ਫਿਦਾ'(ਮਾਧੁਰੀ ਦੀਕਸ਼ਤ ਤੇ) ਵੀ। ਉਸ ਦੀ ਵੱਖਰੀ ਪਹਿਚਾਣ ਉਸਦਾ “ਨੰਗੇ ਪੈਰੀਂ” (bare-feet) ਰਹਿਣਾ ਸੀ। ਵਾਣੀ ਪ੍ਰਕਾਸ਼ਨ ਵੱਲੋਂ ਐਮ ਐਫ ਹੁਸੈਨ ਦੀ ਸਵੈਜੀਵਨੀ “ਐਮ ਐਫ ਹੁਸੈਨ ਕੀ ਕਹਾਨੀ ਅਪਨੀ ਜ਼ੁਬਾਨੀ” ਪ੍ਰਕਾਸ਼ਿਤ ਕੀਤੀ ਗਈ ਹੈ, ਜਿਸ ਰਾਹੀਂ ਉਸਦੀ ਨਿੱਜੀ ਜ਼ਿੰਦਗੀ ਬਾਰੇ ਹੋਰ ਵੀ ਨਜ਼ਦੀਕ ਤੋਂ ਜਾਣਿਆ ਜਾ ਸਕਦਾ ਹੈ। ਇਸੇ ਪ੍ਰਕਾਰ ਪ੍ਰਦੀਪ ਚੰਦ੍ਰ ਵੱਲੋਂ ਲਿਖੀ ਅਤੇ ਭੁਵੇਂਦਰ ਤਿਆਗੀ ਵੱਲੋਂ ਅਨੁਵਾਦ ਕੀਤੀ ਗਈ ਹਿੰਦੀ ਪੁਸਤਕ ‘ਐਮ ਐਫ ਹੁਸੈਨ: ਕਲਾ ਕਾ ਕਰਮਯੋਗੀ’ ਵਿੱਚੋਂ ਵੀ ਇਸ ਮਹਾਨ ਕਲਾਕਾਰ ਬਾਰੇ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।

~ ਪ੍ਰੋ. ਨਵ ਸੰਗੀਤ ਸਿੰਘ
# ਅਕਾਲ ਯੂਨੀਵਰਸਿਟੀ, ਤਲਵੰਡੀ ਸਾਬੋ-151302 (ਬਠਿੰਡਾ) 9417692015.