ਰੰਗਾਂ ਦਾ ਭੰਡਾਰ ਹੈ ਬਾਲਮ।
ਬਸ ਯਾਰਾਂ ਦਾ ਯਾਰ ਹੈ ਬਾਲਮ।
ਛਾਵਾਂ ਨਾਲ ਬਣਾ ਕੇ ਰਖਦਾ,
ਧੁੱਪਾਂ ਦਾ ਸ਼ਿੰਗਾਰ ਹੈ ਬਾਲਮ।
ਜਿੱਥੇ ਲੀਕਾਂ ਖਿੱਚ ਦਿੰਦਾ ਹੈ
ਫਿਰ ਪੱਕਾ ਇਕਰਾਰ ਹੈ ਬਾਲਮ।
ਦੁਸ਼ਮਣ ਵੀਂ ਤਾਰੀਫ਼ ਕਰੇਂਦੇ,
ਮਿਆਨ ’ਚ ਬੰਦ ਤਲਵਾਰ ਹੈ ਬਾਲਮ।
ਸ਼ੋਭਾ ਹੋਰ ਵਧਾ ਦਿੰਦਾ ਹੈ,
ਫੁੱਲਾਂ ਵਾਲਾ ਹਾਰ ਹੈ ਬਾਲਮ।
ਫੁੱਲਾਂ ਦੀ ਰਖਵਾਲੀ ਕਰਦਾ,
ਬੇਸ਼ਕ ਲਗਦਾ ਖਾਰ ਹੈ ਬਾਲਮ।
ਵੱਖੋ ਵਖਰੇ ਫੁਲ ਨੇ ਖਿੜ੍ਹਦੇ,
ਗ਼ਜ਼ਲਾਂ ਦਾ ਗੁਲਜ਼ਾਰ ਹੈ ਬਾਲਮ।
ਸੀਸ ਤਲੀ ਤੇ ਧਰ ਲੈਂਦਾ ਹੈ,
ਸੱਚਾ ਪਹਿਰੇਦਾਰ ਹੈ ਬਾਲਮ।
ਧਰਤੀ ਅੰਬਰ ਤਾਂ ਹੀ ਜਚਦੇ,
ਦੋਵਾਂ ਦੇ ਵਿਚਕਾਰ ਹੈ ਬਾਲਮ।
ਸੂਰਜ ਵਾਂਗੂੰ ਡੁਬਦਾ ਚੜ੍ਹਦਾ,
ਸਭ ਦਾ ਖ਼ਿਦਮਤਦਾਰ ਹੈ ਬਾਲਮ।
ਸੁੱਤੀ ਅਣਖ ਜਗਾ ਦਿੰਦਾ ਹੈ,
ਐਸੀ ਇਕ ਲਲਕਾਰ ਹੈ ਬਾਲਮ।
ਉਸ ਨਾਲ ਮਹਿਫ਼ਿਲ ਜੰਮ ਜਾਂਦੀ ਹੈ,
ਤਾਂਘਾਂ ਦਾ ਦਿਲਦਾਰ ਹੈ ਬਾਲਮ।
ਸਾਰੇ ਧਰਮਾਂ ਦਾ ਸੰਗ੍ਰਹਿ ਹੈ,
ਵੇਖਣ ਨੂੰ ਸਰਦਾਰ ਹੈ ਬਾਲਮ।
ਦੋ ਸਾਂਝਾਂ ਦੇ ਅੱਧ ਵਿਚਕਾਰੇ,
ਢਹਿ ਚੁੱਕੀ ਦੀਵਾਰ ਹੈ ਬਾਲਮ।
ਗ਼ਜ਼ਲ ਕਹਾਣੀ ਦੇ ਲਸ਼ਕਰ ਵਿਚ,
ਦੋ ਧਾਰੀ ਤਲਵਾਰ ਹੈ ਬਾਲਮ।
ਦਰਿਆ ਉਪਰ ਪੁੱਲ ਬਣਾਉਂਦਾ,
ਐਸਾ ਇਕ ਕਿਰਦਾਰ ਹੈ ਬਾਲਮ।
ਜਿਸ ਨੂੰ ਮਿਣਿਆਂ ਜਾ ਨਈਂ ਸਕਦਾ
ਧਰਤੀ ਦਾ ਆਕਾਰ ਹੈ ਬਾਲਮ।
ਗ਼ਜ਼ਲ ਸੁਣਾ ਕੇ ਮੋਹ ਲੈਂਦਾ ਹੈ,
ਬਾਲਮ ਆਖ਼ਿਰਕਾਰ ਹੈ ਬਾਲਮ।
ਬਲਵਿੰਦਰ ਬਾਲਮ ਗੁਰਦਾਸਪੁਰ
ਉਂਕਾਰ ਨਗਰ ਗੁਰਦਾਸਪੁਰ ਪੰਜਾਬ
ਮੋ. 98156-25409