ਜਿੱਤ ਵਰਗੀ ਕੋਈ ਖੁਸ਼ੀ ਨਹੀਂ; ਹਾਰ ਵਰਗਾ ਕੋਈ ਸੋਗ ਨਹੀਂ। ਜਿੱਤ ਵਰਗੀ ਕੋਈ ਸੰਤੁਸ਼ਟੀ ਨਹੀਂ; ਹਾਰ ਵਰਗੀ ਕੋਈ ਅਸੰਤੁਸ਼ਟੀ ਨਹੀਂ। ਜੋ ਸੱਜਣ ਵੱਡੇ ਵਿਚਾਰਵਾਨ ਬਣ ਜਾਂਦੇ ਹਨ; ਉਹ ਸੁਖ-ਦੁੱਖ ਤੋਂ ਘੱਟ ਪ੍ਰਭਾਵਿਤ ਹੁੰਦੇ ਹਨ; ਜਦੋਂ ਕਿ ਇੱਕ ਸਧਾਰਨ ਮਨੁੱਖ ਨੂੰ: ਸੁਖ-ਦੁੱਖ ਬਹੁਤਾ ਪ੍ਰਭਾਵਿਤ ਕਰਦੇ ਹਨ।
ਕੁਝ ਮਹਾਂਪੁਰਖ ਉਪਦੇਸ਼ ਦਿੰਦੇ ਹਨ ਕਿ ਸਾਨੂੰ ਜਿੱਤ-ਹਾਰ ਤੋਂ ਬਿਲਕੁਲ ਹੀ ਸੁਖੀ ਜਾਂ ਦੁਖੀ ਨਹੀਂ ਹੋਣਾ ਚਾਹੀਦਾ। ਗੁਰਬਾਣੀ ਵਿੱਚ ਵੀ ਲਿਖਿਆ ਹੈ “ਦੁਖ ਸੁਖ ਦੋਊ ਸਮ ਕਰਿ ਜਾਨੈ ਬੁਰਾ ਭਲਾ ਸੰਸਾਰ” (ਮ. ੧)। ਭਾਰਤੀ ਸੰਸਕ੍ਰਿਤੀ ਦੇ ਸਾਰੇ ਧਾਰਮਿਕ ਗ੍ਰੰਥਾਂ ਵਿੱਚ ਵੀ ‘ਸੁਖ-ਦੁਖ ਵਿੱਚ ਸਮਾਨ ਰਹਿਣ’ ਦੀ ਅਵਸਥਾ ਨੂੰ ਸਰਵੋਤਮ ਮੰਨਿਆ ਗਿਆ ਹੈ। ਪਰੰਤੂ, ਜੀਵਨ ਦੀ ਸੱਚਾਈ ਇਹ ਹੈ ਕਿ ਜੇ ਅਸੀਂ ਜਿੱਤਣ ਜਾਂ ਹਾਰਨ ਤੋਂ ਸੁਖੀ ਜਾਂ ਦੁਖੀ ਨਹੀਂ ਹੁੰਦੇ, ਤਾਂ ਅਸੀਂ ਕੋਈ ਵਿਸ਼ੇਸ਼ ਉਪਲਬਧੀ ਪ੍ਰਾਪਤ ਕਰਨ ਲਈ ਕੋਈ ਸਖਤ ਮਿਹਨਤ ਵੀ ਨਹੀਂ ਕਰਾਂਗੇ ਅਤੇ ਬਹੁਤ ਜ਼ਿਆਦਾ ਤਰੱਕੀ ਵੀ ਨਹੀਂ ਕਰ ਸਕਾਂਗੇ। ਅਤਿਅੰਤ ਉੱਚਤਮ ਪ੍ਰਾਪਤੀਆਂ ਕਰਨ ਅਤੇ ਉੱਚਤਮ ਲਕਸ਼ ਤੱਕ ਪਹੁੰਚਣ ਲਈ; ਅਤਿਅੰਤ ਪ੍ਰਚੰਡ, ਪ੍ਰਬਲ, ਤੀਵਰ ਭਾਵਨਾਵਾਂ ਦੀ ਲੋੜ ਹੁੰਦੀ ਹੈ। ਅਤੇ, ਪ੍ਰਚੰਡ, ਤੀਵਰ ਭਾਵਨਾਵਾਂ ਵਾਲਾ ਵਿਅਕਤੀ: ਪ੍ਰਚੰਡ ਸੁਖ-ਦੁੱਖ ਵੀ ਅਨੁਭਵ ਕਰਦਾ ਹੈ।
ਇੱਕ ਸਧਾਰਨ ਜਿਹੀ ਗੱਲ ਹੈ। ਜਿਨ੍ਹਾਂ ਨੂੰ ਸੁਖ-ਦੁੱਖ ਘੱਟ ਅਨੁਭਵ ਹੁੰਦੇ ਹਨ, ਉਨ੍ਹਾਂ ਵਿੱਚ ਜਿੱਤ ਪ੍ਰਾਪਤ ਕਰਨ ਅਤੇ ਉੱਚਤਮ ਲਕਸ਼ ਤੱਕ ਪਹੁੰਚਣ ਦੀਆਂ ਪ੍ਰਚੰਡ, ਤੀਵਰ ਭਾਵਨਾਵਾਂ ਵੀ ਘੱਟ ਹੁੰਦੀਆਂ ਹਨ। ਕਿਉਂਕਿ, ਜਦੋਂ ਕੋਈ ਬਹੁਤ ਪ੍ਰਚੰਡ, ਤੀਵਰ ਭਾਵਨਾ ਹੋਵੇਗੀ; ਤਾਂ ਉਹ ਭਾਵਨਾ ਪੂਰੀ ਨਾ ਹੋਣ ਕਾਰਨ, ਕੋਈ ਵਿਅਕਤੀ ਤੀਵਰ ਦੁੱਖ ਮਹਿਸੂਸ ਕਰੇਗਾ ਜਾਂ ਉਸ ਦੀ ਪ੍ਰਾਪਤੀ ਕਾਰਨ ਤੀਵਰ ਸੁਖ/ਖੁਸ਼ੀ ਮਹਿਸੂਸ ਕਰੇਗਾ। ਓਲੰਪਿਕ ਵਰਗੀਆਂ ਵੱਡੀਆਂ ਖੇਡਾਂ ਵਿੱਚ ਜਿੱਤ ਪ੍ਰਾਪਤ ਕਰਨ ਲਈ, ਖਿਡਾਰੀ ਵਿੱਚ ਜਿੱਤ ਦੀ ਤੀਵਰ, ਪ੍ਰਚੰਡ ਭਾਵਨਾ ਦੀ ਲੋੜ ਹੁੰਦੀ ਹੈ। ਜਿੱਤਣ ਤੋਂ ਬਾਅਦ, ਖਿਡਾਰੀਆਂ ਨੂੰ ਬਹੁਤ ਖੁਸ਼ੀ ਅਤੇ ਸੰਤੁਸ਼ਟੀ ਹੁੰਦੀ ਹੈ ਅਤੇ ਪੂਰੀ ਦੁਨੀਆ ਵਿੱਚ ਉਨ੍ਹਾਂ ਦਾ ਨਾਮ ਵੀ ਹੁੰਦਾ ਹੈ; ਜਿਸ ਨਾਲ ਉਨ੍ਹਾਂ ਨੂੰ ਪੈਸਾ, ਪਦਵੀ ਅਤੇ ਸ਼ੋਭਾ ਮਿਲ ਕੇ, ਹਰ ਤਰ੍ਹਾਂ ਦੇ ਸੁਖ ਮਿਲਦੇ ਹਨ। ਜਦੋਂ ਕਿ, ਖੇਡ ਵਿੱਚ ਹਾਰ ਤੋਂ ਬਾਅਦ, ਉਨ੍ਹਾਂ ਨੂੰ ਬਹੁਤ ਦੁੱਖ ਹੁੰਦਾ ਹੈ।
ਭਾਰਤ ਦੇ ਪ੍ਰਾਚੀਨ ਗ੍ਰੰਥਾਂ ਤੋਂ ਅਤੇ ਮਹਾਪੁਰਖਾਂ ਤੋਂ ਸਿੱਖ ਕੇ, ਉਨ੍ਹਾਂ ਦਾ ਅਨੁਸਰਣ ਕਰਦਿਆਂ, ਕੁਝ ਵਿਦੇਸ਼ਾਂ ਵਿੱਚ; ਉੱਥੋਂ ਦੇ ਰਾਸ਼ਟਰੀ ਖਿਡਾਰੀਆਂ ਨੂੰ ਯੋਗ ਅਤੇ ਪ੍ਰਾਣਾਯਾਮ ਦੀ ਸਿੱਖਿਆ ਦਿੱਤੀ ਗਈ। ਨਾਲ ਹੀ ਉਹਨਾਂ ਨੂੰ ਸੁੱਖ-ਦੁੱਖ ਵਿੱਚ ਸਮਾਨ ਰਹਿਣ ਦੀ ਸਿੱਖਿਆ ਵੀ ਦਿੱਤੀ ਗਈ; ਜੋ ਸਿੱਖਿਆ ਯੋਗ ਅਤੇ ਪ੍ਰਾਣਾਯਾਮ ਦਾ ਇੱਕ ਅੰਗ ਹੈ। ਫਲ ਸਵਰੂਪ, ਉਨ੍ਹਾਂ ਉੱਚ-ਪੱਧਰ ਦੇ ਰਾਸ਼ਟਰੀ ਖਿਡਾਰੀਆਂ ਵਿੱਚ ਜਿੱਤ/ਹਾਰ ਤੋਂ ਹੋਣ ਵਾਲੇ ਸੁਖ-ਦੁੱਖ ਦਾ ਪ੍ਰਭਾਵ ਤਾਂ ਘਟ ਗਿਆ। ਪਰੰਤੂ, ਸੁਖ-ਦੁੱਖ ਵਿਚ ਸਮਾਨ ਰਹਿਣ ਵਾਲੀ ਉੱਤਮ ਬਿਰਤੀ ਰੱਖਣ ਕਾਰਣ: ਉਨ੍ਹਾਂ ਰਾਸ਼ਟਰੀ ਖਿਡਾਰੀਆਂ ਵਿਚ ਜਿੱਤ ਪ੍ਰਾਪਤ ਕਰਨ ਦੀ ਤੀਵਰ ਭਾਵਨਾ ਵੀ ਘੱਟ ਗਈ। ਜਿਸ ਕਾਰਣ: ਪ੍ਰਤੀਯੋਗਤਾ ਵਿੱਚ ਉਨ੍ਹਾਂ ਦੇ ਖੇਡ-ਪ੍ਰਦਰਸ਼ਨ ਦਾ ਪੱਧਰ ਵੀ ਹੇਠਾਂ ਆ ਗਿਆ। ਭਾਵ: ਜਿੱਥੇ ਉਹ ਰਾਸ਼ਟਰੀ ਖਿਡਾਰੀ ਪਹਿਲੋਂ ਬਹੁਤ ਸਾਰੇ ਤਗਮੇ ਜਿੱਤਦੇ ਸਨ; ਜਿੱਤਣ ਦੀ ਤੀਵਰ ਭਾਵਨਾ ਘਟਣ ਕਾਰਨ, ਉਹ ਤਗਮੇ ਨਾ ਜਿੱਤ ਸਕੇ।
ਇਸ ਤਰ੍ਹਾਂ, ਉੱਚਤਮ ਪ੍ਰਾਪਤੀਆਂ ਲਈ ਅਤੇ ਉੱਚੇ ਲਕਸ਼ ਤੱਕ ਪਹੁੰਚਣ ਲਈ, ਸੁਖ-ਦੁੱਖ ਤੋਂ ਪ੍ਰਭਾਵਿਤ ਹੋਣਾ ਸੁਭਾਵਿਕ ਹੈ। ਸੁਖ-ਦੁੱਖ ਤੋਂ ਪ੍ਰਭਾਵਿਤ ਹੋਣ ਵਾਲਾ ਮਨੁੱਖ ਹੀ, ਆਪਣੀ ਤੀਵਰ ਭਾਵਨਾ ਦੇ ਕਾਰਨ, ਉੱਚਤਮ ਪ੍ਰਾਪਤੀਆਂ ਕਰ ਸਕਦਾ ਹੈ ਅਤੇ ਉੱਚਤਮ ਟੀਚੇ ਤੱਕ ਪਹੁੰਚ ਸਕਦਾ ਹੈ। ਸੁਖ-ਦੁਖ ਤੋਂ ਘੱਟ ਪ੍ਰਭਾਵਿਤ ਹੋਣ ਵਾਲੇ ਜਾਂ ਬਿਲਕੁਲ ਵੀ ਪ੍ਰਭਾਵਿਤ ਨਾ ਹੋਣ ਵਾਲੇ ਵਿਅਕਤੀ ਵਾਸਤੇ; ਉੱਚਤਮ ਟੀਚੇ ਪ੍ਰਾਪਤ ਕਰਨੇ ਅਸੰਭਵ ਜੈਸਾ ਹੈ।
ਠਾਕੁਰ ਦਲੀਪ ਸਿੰਘ